ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

20 ਨਵੰਬਰ 2022

ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਮੁੜ ਸਿਰ ਜੋੜ ਕੇ ਬੈਠੇ- ਇਕ ਖ਼ਬਰ

ਸਉਣ ਵੀਰ ਕਰੇ ‘ਕੱਠੀਆਂ, ਭਾਦੋਂ ਚੰਦਰੀ ਵਿਛੋੜੇ ਪਾਵੇ।

ਸ਼੍ਰੋਮਣੀ ਅਕਾਲੀ ਦਲ ਥੱਕ ਹਾਰ ਕੇ ਬੀ.ਜੇ.ਪੀ. ਨਾਲ ਗੱਠਜੋੜ ਲਈ ਉਤਾਵਲਾ- ਇਕ ਖ਼ਬਰ

ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।

ਬਾਈਡੇਨ ਨੇ ਜੀ-20 ਸੰਮੇਲਨ ਤੋਂ ਬਾਅਦ ਚੀਨੀ ਹਮਰੁਤਬਾ ਨਾਲ ਕੀਤੀ ਵੱਖ ਮੁਲਾਕਾਤ-ਇਕ ਖ਼ਬਰ

ਇਕ ਤੈਨੂੰ ਗੱਲ ਪੁੱਛਣੀ, ਪਰ ਪੁੱਛਣੀ ਮੈਂ ਓਹਲੇ ਹੋ ਕੇ।

ਦਾਦੂਵਾਲ ਨੂੰ ਹਰਿਆਣਾ ਕਮੇਟੀ ਦੀ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ-ਇਕ ਖ਼ਬਰ

ਕਾਲ਼ੇ ਕੋਲ ਮੰਜਾ ਨਹੀਂ ਡਾਹੁਣਾ, ਲਿਸ਼ਕੇ ਤਾਂ ਪੈ ਜੂ ਬਿਜਲੀ।

ਭਾਜਪਾ ਨਾਲ ਸਮਝੌਤੇ ਬਿਨਾਂ ਸਾਡੀਆਂ ਬਾਹਵਾਂ ਨਹੀਂ ਆਕੜੀਆਂ- ਮਲੂਕਾ

ਘੜਾ ਚੁੱਕ ਲਊਂ ਪੱਟਾਂ ’ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਸਿੱਖ ਧਰਮ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਮੁਲਾਜ਼ਮ ਹਿੱਸਾ ਪਾਉਣ- ਧਾਮੀ

ਦਾਲ਼ ਮੰਗੇਂ ਛੜਿਆਂ ਤੋਂ, ਨਾ ਸ਼ਰਮ ਗੁਆਂਢਣੇ ਆਵੇ।

ਪੰਜਾਬ ‘ਚ ਬੀ.ਜੇ.ਪੀ. ਤੇ ਅਕਾਲੀ ਦਲ ਦੇ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ- ਅਸ਼ਵਨੀ ਸ਼ਰਮਾ

ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।

ਬੰਗਾਲ ਤੇ ਟੀ.ਐਮ.ਸੀ. ਖ਼ਿਲਾਫ਼ ਘੜੀ ਜਾ ਰਹੀ ਹੈ ਸਾਜ਼ਿਸ਼- ਮਮਤਾ ਬੈਨਰਜੀ

ਪੂਣੀਆਂ ਮੈਂ ਤਿੰਨ ਕੱਤੀਆਂ, ਟੁੱਟ ਪੈਣੇ ਦਾ ਤੇਰ੍ਹਵਾਂ ਗੇੜਾ।

ਡੋਨਾਲਡ ਟਰੰਪ ਵਲੋਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ- ਇਕ ਖ਼ਬਰ

ਮੂੰਹ ਉਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।

ਕੇਂਦਰ ਦੀਆਂ ਨੀਤੀਆਂ ਨੇ ਅਰਥਿਕਤਾ ਤਬਾਹ ਕੀਤੀ, ਕਿਸਾਨੀ ਦਾ ਲੱਕ ਤੋੜਿਆ- ਰਾਹੁਲ ਗਾਂਧੀ

ਬਾਣੀਆ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।

ਜੇ ਕੇਂਦਰ ਰਾਜਾਂ ਦੇ ਬਕਾਏ ਨਹੀਂ ਦਿੰਦਾ ਤਾਂ ਅਸੀਂ ਵੀ ਜੀ.ਐਸ.ਟੀ. ਰੋਕ ਸਕਦੇ ਹਾਂ-ਮਮਤਾ

ਕੁਰਸੀ ‘ਤੇ ਬੈਠਦੀ ਲਗਾ ਕੇ ਮੇਜ਼ ਜੀ, ਬੀਬੀ ਦਾ ਸਰੂਪ ਬਿਜਲੀ ਤੋਂ ਤੇਜ਼ ਜੀ।

ਵੀਹ ਵੀਹ ਲੱਖ ‘ਚ ਵਿਕੀਆਂ ਨਾਇਬ ਤਹਿਸੀਲਦਾਰੀਆਂ- ਇਕ ਖ਼ਬਰ

ਟੁੱਟ ਪੈਣੇ ਦਰਜ਼ੀ ਨੇ, ਮੇਰੀ ਰੱਖ ਲਈ ਸੁੱਥਣ ‘ਚੋਂ ਟਾਕੀ।

ਏ.ਟੀ.ਐਮ. ਤੋੜਨ ਵਾਲਾ ਨਿਕਲਿਆ ਭਾਜਪਾ ਨੇਤਾ ਦਾ ਪੁੱਤਰ- ਇਕ ਖ਼ਬਰ

ਤੇਲੀ ਕਰ ਕੇ ਰੁੱਖਾ ਖਾਈਏ, ਇਹ ਨਹੀਂ ਸਾਥੋਂ ਹੋਣਾ।

ਬੀਮੇ ਦੇ ਦਸ ਲੱਖ ਰੁਪਏ ਲੈਣ ਲਈ ਪੁੱਤਰ ਨੇ ਸੁਪਾਰੀ ਦੇ ਕੇ ਮਰਵਾਇਆ ਪਿਉ- ਇਕ ਖ਼ਬਰ

ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ।

ਭਾਜਪਾ ਨਾਲ ਗੱਠਜੋੜ ਹੋਣ ‘ਤੇ ਅਕਾਲੀ ਦਲ ਹੋਵੇਗਾ ਵੱਡਾ ਭਰਾ- ਮਲੂਕਾ

ਉਹ ਕਹੇ ਦੇਹ ਚੋਪੜੀਆਂ, ਉਹ ਕਹੇ ਹੋ ਬੂਹਿਓਂ ਬਾਹਰ।

ਪੰਜਾਬ ਦਾ ਖ਼ਜ਼ਾਨਾ ਲੁਟਾ ਰਹੀ ਹੈ ‘ਆਪ’ ਸਰਕਾਰ- ਪ੍ਰਨੀਤ ਕੌਰ

ਹਾਂ ਜੀ ਬੀਬੀ ਜੀ ਠੀਕ ਫੁਰਮਾਇਆ ਤੁਸੀਂ, ਕੁਝ ਲੁੱਟਦੇ ਐ ਤੇ ਕੁਝ ਲੁਟਾਉਂਦੇ ਐ।

ਆਰ.ਐਸ.ਐਸ. ਤੇ ਭਾਜਪਾ ਸਿੱਖ ਮਾਮਲਿਆਂ ਵਿਚ ਦਖ਼ਲ ਨਾ ਦੇਣ- ਸ਼੍ਰੋਮਣੀ ਕਮੇਟੀ

ਓ ਭਾਈ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਪਹਿਲਾਂ ‘ਮਾਲਕਾਂ’ ਨਾਲ ਤਾਂ ਸਲਾਹ ਕਰ ਲਿਆ ਕਰੋ।

ਸੰਯੁਕਤ ਕਿਸਾਨ ਮੋਰਚੇ ਵਲੋਂ ਸਰਕਾਰ ਖ਼ਿਲਾਫ਼ ਪੱਕੇ ਮੋਰਚੇ ਸ਼ੁਰੂ- ਇਕ ਖ਼ਬਰ

ਹਾਜੀ ਲੋਕ ਮੱਕੇ ਵਲ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ।