ਆਰਥਿਕ ਮੰਦੀ ਅਤੇ ਰੁਜ਼ਗਾਰ ਦਾ ਸੰਕਟ - ਸੁਬੀਰ ਰਾਏ

ਦੁਨੀਆ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ- ਮੈਟਾ (ਫੇਸਬੁੱਕ), ਟਵਿਟਰ, ਅਲਫਾਬੈੱਟ (ਗੂਗਲ), ਐਮੇਜ਼ਨ, ਐਪਲ ਅਤੇ ਮਾਈਕ੍ਰੋਸਾਫਟ ਗੰਭੀਰ ਕਾਰੋਬਾਰੀ ਮੰਦੀ ਦੀ ਲਪੇਟ ਵਿਚ ਜਿਸ ਕਰ ਕੇ ਅਕਤੂਬਰ ਤੱਕ 50 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਾਰੋਬਾਰੀ ਮੰਦੀ ਜਾਂ ਘਾਟੇ ਦੇ ਪ੍ਰਭਾਵ ਦੇ ਸਨਮੁੱਖ ਤਕਨੀਕੀ ਹੁਨਰ ਦੀਆਂ ਮਾਲਕ ਇਨ੍ਹਾਂ ਕੰਪਨੀਆਂ ਦੇ ਵਿਹਾਰ ਵਿਚ ਕਾਰੋਬਾਰੀ ਜਗਤ ਦੀਆਂ ਹੋਰਨਾਂ ਕੰਪਨੀਆਂ ਨਾਲੋਂ ਕੋਈ ਬਹੁਤਾ ਫ਼ਰਕ ਨਹੀਂ ਹੈ। ਇਸ ਨਾਲ ਭਾਰਤ ਦੇ ਲੋਕਾਂ ’ਤੇ ਦੋ-ਤਰਫ਼ਾ ਅਸਰ ਪੈ ਰਿਹਾ ਹੈ। ਮਾਲੀਆ ਵਿਕਾਸ ਵਿਚ ਮੰਦੀ ਦੇ ਮੱਦੇਨਜ਼ਰ ਭਾਰਤੀ ਤਕਨੀਕੀ ਕੰਪਨੀਆਂ ਨੇ ਭਰਤੀਆਂ ਰੋਕ ਦਿੱਤੀਆਂ ਹਨ ਅਤੇ ਨਿਯੁਕਤੀ ਪੱਤਰ ਜਾਰੀ ਕਰਨ ਦਾ ਸਿਲਸਿਲਾ ਮੱਠਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਐਚ1ਬੀ ਵੀਜ਼ੇ ’ਤੇ ਗਏ ਪਰਵਾਸੀਆਂ ਨੂੰ ਨਿੱਜੀ ਤਰਾਸਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੇ ਪਹਿਲੀ ਨੌਕਰੀ ਛੁਟ ਜਾਣ ਦੇ 60 ਦਿਨਾਂ ਦੇ ਅੰਦਰ ਅੰਦਰ ਉਹ ਕੋਈ ਬਦਲਵੀਂ ਨੌਕਰੀ ਲੈਣ ਵਿਚ ਕਾਮਯਾਬ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਵਾਪਸ ਭਾਰਤ ਆਉਣ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਝ ਅਮਰੀਕਾ ਵਿਚ ਚੰਗੀ ਜ਼ਿੰਦਗੀ ਦੇ ਸੰਜੋਏ ਉਨ੍ਹਾਂ ਦੇ ਸੁਪਨਿਆਂ ’ਤੇ ਸੁਆਲੀਆ ਨਿਸ਼ਾਨ ਲੱਗ ਜਾਂਦਾ ਹੈ।
       ਮੰਦੀਆਂ ਖ਼ਬਰਾਂ ਹੋਰ ਪਾਸਿਓਂ ਵੀ ਆ ਰਹੀਆਂ ਹਨ। ਹੁਣ ਐਮੇਜ਼ਨ ਵੀ ਇਸੇ ਰਾਹ ’ਤੇ ਚੱਲ ਪਈ ਹੈ ਤੇ ਇਸ ਦੀ ਛਾਂਟੀ ਦੀ ਸੰਖਿਆ ਇਸ ਹਫ਼ਤੇ ਦੇ ਅੰਤ ਤੱਕ 10 ਹਜ਼ਾਰ ਤੱਕ ਪਹੁੰਚ ਜਾਵੇਗੀ। ਇਸ ਤੋਂ ਪਹਿਲਾਂ ਵੱਡੇ ਕਾਰੋਬਾਰੀ ਐਲਨ ਮਸਕ ਨੇ ਟਵਿੱਟਰ ਦਾ ਸੌਦਾ ਕਰਨ ਤੋਂ ਬਾਅਦ ਇਕ ਹਫ਼ਤੇ ਦੇ ਅੰਦਰ ਅੰਦਰ ਹਜ਼ਾਰਾਂ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਜਿਸ ਨਾਲ ਇਸ ਦੇ ਮੁਲਾਜ਼ਮਾਂ ਦੀ ਸੰਖਿਆ 50 ਫ਼ੀਸਦ ਰਹਿ ਗਈ ਹੈ। ਸਿਰਫ ਹੇਠਲੇ ਪੱਧਰ ਦੇ ਮੁਲਾਜ਼ਮ ਹੀ ਨਹੀਂ ਸਗੋਂ ਕੰਪਨੀ ਦੇ ਸਮੁੱਚੇ ਪ੍ਰਮੁੱਖ ਅਹਿਲਕਾਰਾਂ (ਸੀ-ਸੂਇਟ) ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਮੈਟਾ ਨੇ 11 ਹਜ਼ਾਰ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ ਜੋ ਇਸ ਦੀ ਕੁੱਲ ਕਿਰਤ ਸ਼ਕਤੀ ਦਾ 13 ਫ਼ੀਸਦ ਬਣਦਾ ਹੈ ਜਦਕਿ ਇਸ ਤੋਂ ਪਹਿਲਾਂ ਨੌਂ ਮਹੀਨਿਆਂ ਦੌਰਾਨ ਇਸ ਨੇ 28 ਹਜ਼ਾਰ ਮੁਲਾਜ਼ਮਾਂ ਦਾ ਵਾਧਾ ਕੀਤਾ ਸੀ।
       ਅਲਫਾਬੈੱਟ ਕੋਈ ਛਾਂਟੀ ਤਾਂ ਨਹੀਂ ਕਰ ਰਹੀ ਪਰ ਇਸ ਨੇ ਭਰਤੀ ਫਿਲਹਾਲ ਬੰਦ ਕਰ ਦਿੱਤੀ ਹੈ ਜੋ ਪਿਛਲੀ ਤਿਮਾਹੀ ਦੌਰਾਨ ਕਰੀਬ 13000 ਤੱਕ ਪਹੁੰਚ ਗਈ ਸੀ। ਮਾਈਕ੍ਰੋਸਾਫਟ ਨੇ ਵੀ ਭਾਵੇਂ ਸਟਾਫ ਦੀ ਕੋਈ ਛਾਂਟੀ ਨਹੀਂ ਕੀਤੀ ਪਰ ਭਰਤੀ ਦਾ ਸਿਲਸਿਲਾ ਮੱਠਾ ਕਰ ਦਿੱਤਾ ਹੈ। ਪਿਛਲੇ ਵਿੱਤੀ ਸਾਲ ਦੌਰਾਨ ਇਸ ਦੇ ਕੁੱਲ ਅਮਲੇ ਦੀ ਤਾਦਾਦ 2.2 ਲੱਖ ਸੀ ਜਿਸ ਵਿਚ 20 ਫ਼ੀਸਦ ਇਜ਼ਾਫ਼ਾ ਕੀਤਾ ਗਿਆ ਸੀ। ਵਡੇਰੇ ਆਰਥਿਕ ਮਾਹੌਲ ਵਿਚ ਬਣੀ ਬੇਯਕੀਨੀ ਦੇ ਮੱਦੇਨਜ਼ਰ ਇਸ਼ਤਿਹਾਰ ਦਾਤਿਆਂ ਵਲੋਂ ਖਰਚ ਨੂੰ ਲੈ ਕੇ ਮੁੜ ਵਿਚਾਰ ਕਰਨਾ ਪੈ ਰਿਹਾ ਹੈ ਜਿਸ ਕਰ ਕੇ ਵੱਡੀਆਂ ਤਕਨੀਕੀ ਕੰਪਨੀਆਂ ਸਾਹਮਣੇ ਮਾਲੀਏ ਦੀ ਚੁਣੌਤੀ ਖੜ੍ਹੀ ਹੋ ਗਈ ਹੈ। ਇਸ ਕਰ ਕੇ ਇਨ੍ਹਾਂ ਕੰਪਨੀਆਂ ਦੇ ਮਾਲੀਏ ’ਤੇ ਅਸਰ ਪੈ ਰਿਹਾ ਹੈ ਤੇ ਜੂਨ ਵਿਚ ਖਤਮ ਹੋਣ ਵਾਲੀ ਤਿਮਾਹੀ ਵਿਚ ਪੰਜ ਦੀਆਂ ਪੰਜ ਕੰਪਨੀਆਂ ਨੇ ਇਕ ਸਾਲ ਵਿਚ ਸਭ ਤੋਂ ਕਮਜ਼ੋਰ ਨਤੀਜੇ ਪੇਸ਼ ਕੀਤੇ ਹਨ।
      ਕਾਰੋਬਾਰੀ ਮਾਹੌਲ ਦੀ ਬਰਬਾਦੀ ਦਾ ਸਭ ਤੋਂ ਅਹਿਮ ਕਾਰਨ ਹੈ ਯੂਕਰੇਨ ਜੰਗ ਜਿਸ ਨੂੰ ਇਕ ਸਾਲ ਹੋਣ ਵਾਲਾ ਹੈ। ਜੰਗ ਕਰ ਕੇ ਊਰਜਾ ਦੀਆਂ ਆਲਮੀ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਜਿਸ ਕਾਰਨ ਦੁਨੀਆ ਭਰ ਵਿਚ ਮਹਿੰਗਾਈ ਦਰ ਉੱਚੀ ਹੋ ਗਈ ਹੈ। ਮਹਿੰਗਾਈ ਨੂੰ ਨੱਥ ਪਾਉਣ ਲਈ ਪਹਿਲਾਂ ਅਮਰੀਕੀ ਫੈਡਰਲ ਰਿਜ਼ਰਵ ਅਤੇ ਫਿਰ ਹੋਰ ਮੁੱਖ ਦੇਸ਼ਾਂ ਦੀਆਂ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ਵਿਚ ਵਾਧਾ ਕਰ ਦਿੱਤਾ ਹੈ।
      ਆਰਥਿਕ ਬੇਯਕੀਨੀ ਦੇ ਇਸ ਕਿਸਮ ਦੇ ਹਾਲਾਤ ਵਿਚ ਦੁਨੀਆ ਭਰ ਦੇ ਨਿਵੇਸ਼ ਫੰਡ ਅਮਰੀਕੀ ਸਿਸਟਮ ਦੀ ਸੁਰੱਖਿਆ ਹਾਸਲ ਕਰਨ ਲਈ ਕਤਾਰ ਵਿਚ ਲੱਗੇ ਹੋਏ ਹਨ। ਇਸ ਦੇ ਸਿੱਟੇ ਵਜੋਂ ਅਮਰੀਕੀ ਡਾਲਰ ਦੀ ਕੀਮਤ ਵਧ ਰਹੀ ਹੈ ਤੇ ਇੰਝ ਦਰਾਮਦਾਂ ਮਹਿੰਗੀਆਂ ਪੈਣ ਕਰ ਕੇ ਤੇਲ ਕੀਮਤਾਂ ਕਰ ਕੇ ਮਹਿੰਗਾਈ ਦਰ ’ਤੇ ਦਬਾਓ ਹੋਰ ਵਧ ਰਿਹਾ ਹੈ। ਇਸ ਸਮੇਂ ਆਲਮੀ ਅਰਥਚਾਰੇ ਦੇ ਵੱਡੇ ਹਿੱਸੇ ਖ਼ਾਸਕਰ ਯੂਰੋ ਖਿੱਤੇ ਨੂੰ ਸਾਹਮਣੇ ਮੰਦੀ ਨਜ਼ਰ ਆ ਰਹੀ ਹੈ।
     ਮਹਾਮਾਰੀ ਦੇ ਦੌਰ ਵਿਚ ਤਕਨੀਕੀ ਕੰਪਨੀਆਂ ਨੇ ਜ਼ਬਰਦਸਤ ਵਿਕਾਸ ਕੀਤਾ ਸੀ ਜਦੋਂ ਸਮੁੱਚਾ ਕਾਰੋਬਾਰੀ ਤਾਣਾ ‘ਵਰਕ ਫਰੌਮ ਹੋਮ’ ਦੇ ਸੰਕਲਪ ’ਤੇ ਆ ਗਿਆ ਸੀ ਤੇ ਖਪਤਕਾਰ ਉਤਪਾਦ ਕੰਪਨੀਆਂ ਨੇ ਘਰ (ਆਨਲਾਈਨ ਤਜਾਰਤ) ਤੋਂ ਆਰਡਰ ਲੈਣੇ ਸ਼ੁਰੂ ਕਰ ਦਿੱਤੇ ਸਨ ਜਿਸ ਕਰ ਕੇ ਮੰਦੀ ਦੇ ਇਸ ਦੌਰ ਨੂੰ ਇਸੇ ਪ੍ਰਸੰਗ ਵਿਚ ਦੇਖਣ ਦੀ ਲੋੜ ਹੈ। ਜੇ ਅਸੀਂ ਮਹਾਮਾਰੀ ਤੋਂ ਪਹਿਲਾਂ ਦੇ ਦਿਨਾਂ ’ਤੇ ਝਾਤ ਮਾਰੀਏ ਤਾਂ ਇਨ੍ਹਾਂ ਕੰਪਨੀਆਂ ਦਾ ਕਾਰੋਬਾਰ ਆਮ ਵਾਂਗ ਚਲਦਾ ਨਜ਼ਰ ਆਉਂਦਾ ਸੀ।
      ਵੱਡੀਆਂ ਤਕਨੀਕੀ ਕੰਪਨੀਆਂ ਦੀਆਂ ਮੁਸ਼ਕਿਲਾਂ ਇਸ ਗੱਲ ਨਾਲ ਵੀ ਜੁੜੀਆਂ ਹੋਈਆਂ ਹਨ ਕਿ ਇਨ੍ਹਾਂ ਦਾ ਆਕਾਰ ਨਿਸਬਤਨ ਬਹੁਤ ਤੇਜ਼ੀ ਨਾਲ ਵੱਡਾ ਹੋ ਰਿਹਾ ਹੈ। ਇਨ੍ਹਾਂ ਦਰਮਿਆਨ ਚੱਲ ਰਹੇ ਮੁਕਾਬਲੇ ਦਾ ਵੀ ਕੁਝ ਹੱਥ ਨਜ਼ਰ ਆ ਰਿਹਾ ਹੈ। ਤੇਜ਼ੀ ਨਾਲ ਬਦਲ ਰਹੇ ਮਾਹੌਲ ਵਿਚ ਇੰਨੀ ਤੇਜ਼ੀ ਨਾਲ ਵੱਡਾ ਹੋਣ ਕਰ ਕੇ ਹੁਣ ਦਰੁਸਤੀ ਦੇ ਹਾਲਾਤ ਪੈਦਾ ਹੋ ਗਏ ਹਨ ਤੇ ਕਮਜ਼ੋਰ ਮੰਗ ਦੇ ਪੇਸ਼ੇਨਜ਼ਰ ਬਚਾਓਵਾਦੀ ਪਹੁੰਚ ਅਪਣਾਉਣ ਤੇ ਨਕਦੀ ਬਚਾ ਕੇ ਰੱਖਣ ਦੀ ਖ਼ਾਹਿਸ਼ ਜ਼ੋਰ ਮਾਰ ਰਹੀ ਹੈ ਅਤੇ ਕੰਪਨੀਆਂ ਮੁਲਾਜ਼ਮਾਂ ਦੀ ਛਾਂਟੀ ਦੇ ਰਾਹ ਪੈ ਗਈਆਂ ਹਨ।
      ਧਰਵਾਸ ਦੀ ਗੱਲ ਇੰਨੀ ਕੁ ਹੈ ਕਿ ਇਕਮਾਤਰ ਮੈਟਾ ਦਾ ਮਾਲਕ ਮਾਰਕ ਜ਼ਕਰਬਰਗ ਹੀ ਹੈ ਜਿਸ ਨੇ ਛਾਂਟੀ ਦੇ ਅਮਲ ’ਤੇ ਮੁਆਫ਼ੀ ਮੰਗੀ ਹੈ। ਉਨ੍ਹਾਂ ਆਖਿਆ ਹੈ, “ਮੈਂ ਇਨ੍ਹਾਂ ਫ਼ੈਸਲਿਆਂ ਦੀ ਜ਼ਿੰਮੇਵਾਰੀ ਲੈਣਾ ਚਾਹੁੰਦਾ ਹਾਂ ਕਿ ਕਿਵੇਂ ਅਸੀਂ ਇਸ ਨੌਬਤ ’ਤੇ ਪਹੁੰਚੇ ਹਾਂ।” ਉਨ੍ਹਾਂ ਆਖਿਆ ਕਿ ਮਹਾਮਾਰੀ ਦੌਰਾਨ ਜਦੋਂ ਆਨਲਾਈਨ ਕਾਰੋਬਾਰ ਵਿਚ ਜ਼ਬਰਦਸਤ ਉਛਾਲ ਆਇਆ ਸੀ, ਕੰਪਨੀਆਂ ਦਾ ਆਕਾਰ ਤੇਜ਼ੀ ਨਾਲ ਵਧਿਆ ਸੀ ਪਰ ਹੁਣ ਨੌਕਰੀਆਂ ਵਿਚ ਕਟੌਤੀ ਕੀਤੀ ਜਾ ਰਹੀ ਹੈ ਕਿਉਂਕਿ ਮਾਲੀਏ ਵਿਚ ਕਮੀ ਆ ਰਹੀ ਹੈ। ਉਨ੍ਹਾਂ ਦਾ ਖਿਆਲ ਹੈ ਕਿ ਇਹ ਤਬਦੀਲੀ ਸਥਾਈ ਹੋ ਸਕਦੀ ਹੈ।
      ਬਹਰਹਾਲ, ਇਸ ਸਨਅਤ ਦੇ ਇਕ ਮੋਹਰੀ ਜੋ ਮੁਆਫ਼ੀ ਮੰਗਣ ਦੇ ਰੌਂਅ ਵਿਚ ਨਹੀਂ ਜਾਪ ਰਹੇ, ਉਹ ਹਨ ਐਲਨ ਮਸਕ ਜਿਨ੍ਹਾਂ ਨੇ ਹਾਲ ਹੀ ਵਿਚ ਟਵਿਟਰ ਖਰੀਦੀ ਹੈ ਤੇ ਕੰਪਨੀ ਦੇ ਅਮਲੇ ਵਿਚ ਛਾਂਟੀ ਦੇ ਅਮਲ ਦੀ ਨਿਗਰਾਨੀ ਕਰ ਰਹੇ ਹਨ। ਇਸ ਸਭ ਕਾਸੇ ਦੌਰਾਨ ਉਨ੍ਹਾਂ ਇਕ ਮੁਲਾਕਾਤ ਵਿਚ ਆਖਿਆ ਸੀ ਕਿ ਉਹ ਸਸਤੇ ਇਲੈਕਟ੍ਰੌਨਿਕ ਵਾਹਨ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਇਸ ਮੌਕੇ ਉਨ੍ਹਾਂ ਮੰਗਲ ਗ੍ਰਹਿ ’ਤੇ ਜਾਣ ਦੀ ਆਪਣੀ ਖਾਹਿਸ਼ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। ਜਦੋਂ ਟਵਿਟਰ ਦੇ ਸੌਦੇ ਨੂੰ ਲੈ ਕੇ ਪੈਦਾ ਹੋਈ ਨਮੋਸ਼ੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ, “ਮੈਂ ਇਸ ਸੌਦੇ ’ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਸੀ।”
      ਭਾਰਤ ਵਿਚ ਤਕਨੀਕੀ ਕੰਪਨੀਆਂ ਦੀ ਹਾਲਤ ਕੁਝ ਹੱਦ ਤੱਕ ਬਿਹਤਰ ਹੈ। ਨਵੀਂ ਭਰਤੀ ਦਾ ਅਮਲ 70-80 ਫ਼ੀਸਦ ਘਟ ਗਿਆ ਹੈ। ਉਂਝ, ਮੁਲਾਜ਼ਮਾਂ ਦੇ ਕੰਪਨੀਆਂ ਛੱਡ ਕੇ ਜਾਣ ਦਾ ਅਮਲ ਕਾਫ਼ੀ ਘਟ ਗਿਆ ਹੈ ਜਦਕਿ ਪਹਿਲਾਂ ਸਟਾਫ ਨੂੰ ਜੋੜੀ ਰੱਖਣ ਲਈ ਉਜਰਤਾਂ ਵਿਚ ਚੋਖਾ ਵਾਧਾ ਕਰਨਾ ਪੈਂਦਾ ਸੀ। ਨਵੇਂ ਸ਼ੁਰੂ ਹੋਣ ਵਾਲੇ ਉੱਦਮਾਂ ਵਿਚ ਹਿਲ-ਜੁਲ ਜ਼ਿਆਦਾ ਨਜ਼ਰ ਆ ਰਹੀ ਹੈ ਜਿਨ੍ਹਾਂ ਲਈ ਨਿਵੇਸ਼ ਦੇ ਨਵੇਂ ਸਰੋਤ ਮਿਲਣ ਵਿਚ ਦਿੱਕਤਾਂ ਆ ਰਹੀਆਂ ਹਨ। ਇਨ੍ਹਾਂ ਦਾ ਮੁੱਖ ਜ਼ੋਰ ਹੁਣ ਖਰਚਿਆਂ ਨੂੰ ਕੰਟਰੋਲ ਕਰ ਕੇ ਤੇ ਨਵੀਂ ਭਰਤੀ ਰੋਕ ਕੇ ਨਕਦੀ ਬਚਾਉਣ ’ਤੇ ਕੇਂਦਰਤ ਹੋ ਗਿਆ ਹੈ।
      ਵੱਡੇ ਪੱਧਰ ’ਤੇ ਛਾਂਟੀ ਹੋਣ ਕਰ ਕੇ ਬਹੁਤ ਜ਼ਿਆਦਾ ਮਾਨਵੀ ਲਾਗਤ ਤਾਰਨੀ ਪੈ ਰਹੀ ਹੈ। ਛਾਂਟੀ ਤੋਂ ਬਾਅਦ ਬਹੁਤੇ ਮੁਲਾਜ਼ਮ ਆਪੋ-ਆਪਣੇ ਨੈੱਟਵਰਕਾਂ ਵਿਚ ਵਾਪਸ ਜਾ ਕੇ ਨਵੀਆਂ ਨੌਕਰੀਆਂ ਤਲਾਸ਼ ਰਹੇ ਹਨ ਅਤੇ ਕੁਝ ਮੁਲਾਜ਼ਮਾਂ ਨੂੰ ਭਾਰਤੀ ਕੰਪਨੀਆਂ ਵਿਚ ਜਗ੍ਹਾ ਮਿਲ ਵੀ ਰਹੀ ਹੈ।
      ਵੀਜ਼ਾ ਨੇਮਾਂ ਵਿਚ ਬਦਲਾਓ ਕਰਨ ਵਾਸਤੇ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਸ਼ੁਰੂ ਕਰਨ ਦੇ ਸੁਝਾਅ ਵੀ ਦਿੱਤੇ ਜਾ ਰਹੇ ਹਨ ਤਾਂ ਕਿ ਇਸ ਤਰ੍ਹਾਂ ਦੇ ਗ਼ੈਰ-ਮਾਮੂਲੀ ਹਾਲਾਤ ਨੂੰ ਸੰਭਾਲਿਆ ਜਾ ਸਕੇ ਜਿਸ ਵਿਚ ਤਕਨੀਕੀ ਕੰਪਨੀਆਂ ਨੂੰ ਵੱਡੇ ਪੱਧਰ ’ਤੇ ਛਾਂਟੀ ਕਰਨੀ ਪੈ ਰਹੀ ਹੈ। ਅਮਰੀਕੀ ਅਧਿਕਾਰੀਆਂ ਸਾਹਮਣੇ ਇਹ ਦਲੀਲ ਪੇਸ਼ ਕੀਤੀ ਜਾ ਸਕਦੀ ਹੈ ਕਿ ਅਮਰੀਕਾ ਵਿਚ ਕੰਮ ਕਰਨ ਵਾਲੇ ਭਾਰਤੀ ਤਕਨੀਕੀ ਕਾਮੇ ਅਮਰੀਕਾ ਦੀਆਂ ਤਕਨੀਕੀ ਸਮਰੱਥਾਵਾਂ ਅਤੇ ਅਰਥਚਾਰੇ ਦੇ ਮੁਕਾਬਲੇ ਲਈ ਬਹੁਤ ਮੁੱਲਵਾਨ ਹਨ। ਜੇ ਇਨ੍ਹਾਂ ਤਕਨੀਕੀ ਕਾਮਿਆਂ ਨੂੰ ਵੱਡੀ ਤਾਦਾਦ ਵਿਚ ਭਾਰਤ ਪਰਤਣਾ ਪੈਂਦਾ ਹੈ ਤਾਂ ਦੇਸ਼ ਨੂੰ ਇਸ ਦਾ ਲਾਭ ਹੀ ਹੋਵੇਗਾ ਪਰ ਫਿਲਹਾਲ ਸੋਸ਼ਲ ਮੀਡੀਆ ’ਤੇ ਛਾਂਟੀ ਦੇ ਮਾਨਵੀ ਕੋਣ ਅਤੇ ਉਜਾੜੇ ਦੀ ਪਦਾਰਥਕ ਅਤੇ ਜਜ਼ਬਾਤੀ ਲਾਗਤ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ।
* ਲੇਖਕ ਸੀਨੀਅਰ ਆਰਥਿਕ ਵਿਸ਼ਲੇਸ਼ਕ ਹੈ।