ਰਿਐਲਟਰ ਦੀ ਕਲਮ ਤੋਂ- ਕਨੇਡਾ ਦੀ ਰੀਅਲ ਇਸਟੇਟ ਇੰਡਸਟਰੀ ਵਿਚ ਫਰਾਡ ਦੀ ਇਹ ਵੀ ਅਜੀਬ ਕਿਸਮ ਹੈ? - ਬਲਜਿੰਦਰ ਸੰਘਾ

ਦੁਨੀਆਂ ਵਿਚ ਇਮਦਾਨਦਾਰ ਇਨਸਾਨਾਂ ਦੀ ਕਮੀ ਨਹੀਂ ਹੈ ਨਾਲ ਹੀ ਦੁਨੀਆਂ ਬੇਈਮਾਨਾਂ ਨਾਲ ਵੀ ਭਰੀ ਪਈ ਹੈ। ਹਰ ਰੋਜ਼ ਧੋਖੇ ਤੇ ਠੱਗੀਆਂ ਹੋਣ ਦੀਆਂ ਖਬਰਾਂ ਆਪਾ ਸਭ ਪੜ੍ਹਦੇ ਤੇ ਸੁਣਦੇ ਰਹਿੰਦੇ ਹਾਂ। ਪਰ ਕਨੇਡਾ ਦੇ ਰੀਅਲ ਇਸਟੇਟ ਖੇਤਰ ਵਿਚ ਇਕ ਵੱਖਰੀ ਕਿਸਮ ਦਾ ਧੋਖਾ ਵੀ ਹੈ। ਵੱਖਰੀ ਕਿਸਮ ਦਾ ਇਸ ਕਰਕੇ ਕਿ ਲੁੱਟਿਆ ਜਾਣ ਵਾਲਾ ਵਿਆਕਤੀ ਇਸਤੇ ਮਾਣ ਮਹਿਸੂਸ ਕਰਦਾ ਹੈ ਤੇ ਕਈ ਵਾਰ ਦਹਾਕੇ ਤੱਕ ਲੁੱਟ ਵੀ ਹੋਈ ਜਾਂਦਾ ਹੈ ਧੋਖਾ ਕਰਨ ਵਾਲਿਆਂ ਨਾਲ ਸਗੋਂ ਹੋਰ ਚੰਗਾ ਮੋਹ-ਮਿਲਾਪ ਕਰਨ ਲੱਗ ਜਾਂਦਾ ਹੈ। ਭਾਵ ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਉਸਨੂੰ ਬੇਈਮਾਨੀ ਵਿਚ ਭਰਗੀਦਾਰ ਬਣਾ ਲਿਆ ਗਿਆ ਹੈ। ਮੈਂ ਇਸ ਧੋਖੇ ਬਾਰੇ ਥੋੜਾ ਵਿਸਥਾਰ ਨਾਲ ਲਿਖਣ ਦਾ ਮਨ ਤਾਂ ਬਣਾਇਆ ਕਿਉਂਕਿ ਮੈਂ ਫੇਸਬੁੱਕ ਤੇ ਇਕ ਨਿੱਕੀ ਪੋਸਟ ਵਿਚ ਲਿਖਿਆ ਸੀ ਕਿ ਕਨੇਡਾ ਵਿਚ ਵੀ ਅਹਿਜੇ ਪੰਜਾਬੀ ਲੋਕ ਹਨ ਜੋ ਤੁਹਾਨੂੰ ਬੇੲਮਾਨੀ ਵਿਚ ਭਾਗੀਦਾਰ ਬਣਾ ਲੈਂਦੇ ਹਨ ‘ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਪੋਸਟ ਦੀ ਇਸ ਲਾਈਨ ਬਾਰੇ ਕਈ ਦੋਸਤਾਂ ਨੇ ਪੁੱਛਿਆ ਕਿ ਇਹ ਕਿਸ ਤਰਾਂ ਹੁੰਦਾ ਹੈ ਤਾਂ ਮੈਂ ਇਸਨੂੰ ਵਿਸਥਾਰ ਵਿਚ ਲਿਖਣ ਬਾਰੇ ਸੋਚਿਆ।

                       ਰੀਅਲ ਇਸਟੇਟ ਇੰਡਸਟਰੀ ਵਿਚ ਇਹ ਇਕ ਅਜਿਹਾ ਅਜੀਬ ਕਿਸਮ ਦਾ ਧੋਖਾ (ਫਰਾਡ) ਹੈ ਜੋ ਤੁਹਾਡੇ ਬਹੁਤ ਨੇੜੇ ਦੇ ਭਰੋਸੇ ਯੋਗ ਰਿਐਲਟ ਵੱਲੋਂ ਆਪਣੀ ਗੁਰਗਾ ਟੀਮ ਨਾਲ ਮਿਲਕੇ ਕੀਤਾ ਜਾਂਦਾ ਹੈ। ਕਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿਚ ਇਹ ਧੋਖਾ 2002-2009 ਵਿਚ ਬਹੁਤ ਜੋਰਾਂ ਤੇ ਰਿਹਾ। ਇਸ ਵਿਚ ਰਿਐਲਟਰ, ਵਕੀਲ, ਮੌਰਟਗੇਜ਼ ਸਪੈਸਲਿਸ਼ਟ ਕਈ ਵਾਰ ਇਕੱਲੇ ਰਿਐਲਟਰ ਸ਼ਾਮਿਲ ਹੁੰਦੇ ਹਨ। ਇਸ ਵਿਚ ਕੀ ਹੁੰਦਾ ਹੈ ਕਿ ਪ੍ਰਪਾਰਟੀ ਰਿਐਲਟਰ ਆਪ ਲੈ ਲੈ਼ਦੇ ਹਨ ਜਾਂ ਨਾਲ ਗਾਹਕ ਬਣਾਕੇ ਰਲਾਏ ਆਪਣੇ ਗੁਰਗੇ ਦੇ ਨਾਮ ਤੇ ਲੈਂਦੇ ਹਨ ਤੇ ਆਪਣੇ ਹੀ ਕਿਸੇ ਰਿਸ਼ਤੇਦਾਰ, ਨੇੜੇ ਦੇ ਦੋਸਤ ਜਾਂ ਫਿਰ ਉਹਨਾਂ ਦੇ ਗੁਰਗੇ ਜੋ ਫੈਕਟਰੀਆਂ ਵਿਚ ਕੰਮ ਕਰਦੇ ਹਨ ਉਹ ਆਪਣੇ ਕਿਸੇ ਨਾਲ ਦੇ ਵਰਕਰ ਨੂੰ ਇਹ ਕਹਿੰਦੇ ਕਿ ਇਕ ਘਰ ਹੈ ਮੇਰੇ ਦੋਸਤ ਰਿਐਲਟਰ ਕੋਲ ਹੈ ਵਿਚ ਮੇਰਾ ਵੀ ਹਿੱਸਾ ਹੈ। ਪਰ ਮੁਸ਼ਕਿਲ ਇਹ ਹੈ ਕਿ ਅਸੀਂ ਥੋੜਾ ਕੰਮ-ਕਾਜ ਦਾ ਮੰਦਾ ਕਰਕੇ ਆਪਣੇ ਨਾਮ ਤੇ ਉਸਦੀ ਮੌਰਟਗੇਜ ਰੀਨਿਉ ਨਹੀਂ ਕਰਵਾ ਸਕਦੇ, ਅਸੀਂ ਨਹੀਂ ਚਾਹੁੰਦੇ ਕਿ ਮਿਹਨਤ ਨਾਲ ਬਣਾਈ ਲੱਖਾਂ ਡਾਲਰਾਂ ਦੀ ਪ੍ਰਪਾਰਟੀ ਭੰਗ ਦੇ ਭਾਣੇ ਚਲੀ ਜਾਵੇ।

                                ਇਸ ਤੋਂ ਬਾਅਦ ਅਗਲੇ ਨੂੰ ਹੋਰ ਪਿਆਰ ਦੇ ਦਾਣੇ ਪਾਉਂਦਿਆ ਕਿਹਾ ਜਾਂਦਾ ਹੈ ਕਿ ਡਾਲਰਾਂ ਦਾ ਮਸਲਾ ਹੈ ਸੋ ਬਾਈ ਜੀ- ਵੀਰੇ - ਭਾਜੀ ਅਸੀਂ ਹਰ ਕਿਸੇ ਤੇ ਵਿਸ਼ਵਾਸ਼ ਵੀ ਨਹੀ ਕਰ ਸਕਦੇ, ਤੂੰ ਕਿੰਨਾ ਇਮਾਨਦਾਰ ਹੈ ਲੋਕਾਂ ਵਿਚ ਤੇਰੀ ਕਿੰਨੀ ਇੱਜ਼ਤ ਹੈ, ਤੁਹਾਡਾ ਤਾਂ ਸਾਰਾ ਖਾਨਦਾਨ ਹੀ ਬਹੁਤ ਇਮਾਨਦਾਰ ਹੈ। ਬਾਕੀ ਤੇਰੇ ਨਾਮ ਤੇ ਮੋਰਟਗੇਜ਼ ਵੀ ਹੋ ਜਾਣੀ ਹੈ ਇਹ ਸਾਰਾ ਕੰਮ ਤੇ ਪੇਪਰ ਵਰਕ ਅਸੀਂ ਕਰਵਾ ਦੇਣਾ ਤੇਰਾ ਭੋਰਾ ਵੀ ਸਮਾਂ ਬਰਬਾਦ ਨਹੀ ਕਰਨਾ, ਨਾ ਅਸੀਂ ਕਹਿਣਾ ਹੈ ਕਿ ਕੰਮ ਤੋਂ ਛੁੱਟੀ ਕਰਕੇ ਸਾਡੇ ਨਾਲ ਚੱਲ, ਨਾ ਮਾਰਟਗੇਜ ਦੇ ਸਾਈਨ ਕਰਨ ਜਾਣ ਦੇਣਾ, ਨਾ ਤੈਂਨੂੰ ਵਕੀਲ ਦੇ ਦਫਤਰ ਜਾਣ ਦੀ ਲੋੜ ਹੈ, ਬੱਸ ਅਸੀਂ ਘਰ ਆਕੇ ਹੀ ਸਾਈਨ ਕਰਵਾ ਲੈਣੇ ਹਨ, ਹਾਂ ਜੇ ਕਿਤੇ ਜਾਣਾ ਪੈ ਗਿਆ ਤਾਂ ਆਪਾ ਆਏ ਕਰਦੇ ਕਿਉਂ ਤੂੰ ਸਾਡੀ ਇੰਨੀ ਮਦਦ ਕਰ ਰਿਹਾ ਅਸੀਂ ਤੈਂਨੂੰ ਤਿੰਨ ਹਜ਼ਾਰ ਡਾਲਰ ਵੀ ਦੇ ਦਿੰਨੇ ਆ, ਹਾਂ ਸੱਚ ਫਿਰ ਘਰ ਅਸੀਂ ਕਿਰਾਏ ਤੇ ਦੇ ਦੇਣਾ ਤੇ ਜਿੰਨਾ ਚਿਰ ਤੇਰੇ ਨਾਮ ਤੇ ਰਹੇਗਾ ਅਸੀਂ ਤੈਂਨੂੰ ਕਿਰਾਏ ਵਿਚ ਵੀ ਸੋ ਡਾਲਰ ਮਹੀਨੇ ਦਾ ਕੈਸ ਦੇ ਦਿਆਂ ਕਰਾਗੇ ਜਾਂ ਆਏ ਕਰਦੇ ਹਾਂ ਕਿ ਕਿਉਂਕਿ ਘਰ ਤੇਰੇ ਨਾਮ ਹੈ ਤੇ ਤੇਰੇ ਬੈਕ ਅਕਾਉਂਟ ਤੋਂ ਕਿਸ਼ਤ ਜਾਣੀ ਹੈ ਕਿਸ਼ਤ ਤਾਂ ਦੋ ਹਜ਼ਾਰ ਮਹੀਨਾ ਹੈ ਪਰ ਅਸੀਂ ਹਰ ਮਹੀਨੇ ਇੱਕੀ ਸੋ ਡਾਲਰ ਦੇ ਦਿਆ ਕਰਾਗੇ।

                                   ਹੁਣ ਉਹ ਬੰਦਾ ਸੋਚਦਾ ਹੈ ਬਈ ਕਿੰਨਾ ਵਿਸ਼ਵਾਸ਼ ਹੈ ਇਹਨਾਂ ਨੂੰ ਮੇਰੇ ਤੇ,  ਨਾਲੇ ਤਾਂ ਆਪਣੇ ਘਰ ਦਾ ਟਾਈਟਲ ਮੇਰੇ ਨਾਮ ਕਰਕੇ ਆਪਣੇ ਹੱਥ ਵਢਾ ਰਹੇ ਹਨ ਤੇ ਨਾਲੇ ਮੈਂਨੂੰ ਡਾਲਰ ਵੀ ਦੇ ਰਹੇ ਹਨ, ਚਲੋ ਕਨੇਡਾ ਵਿਚ ਆਕੇ ਤਾਂ ਸਾਡੇ ਖਾਨਦਾਨ ਦੀ ਇਮਾਨਾਦਰੀ ਦਾ ਮੁੱਲ ਪੈ ਹੀ ਗਿਆ, ਇਹਨਾਂ ਨੇ ਕੀਤੀ ਹੈ ਮੇਰੇ ਵਰਗੇ ਹੀਰੇ ਦੀ ਅਸਲੀ ਪਛਾਣ। ਘਰ ਆਪਣੇ ਨਾਮ ਕਰਵਾਉਣ ਵਾਲਾ ਬੰਦਾ ਸੋਚਦਾ ਹੈ ਕਿ ਹੁਣ ‘ਰਾਜੇ ਦੀ ਜਾਨ ਤੋਤੇ ਵਿਚ’ ਵਾਲੀ ਕਹਾਣੀ ਵਾਂਗ ਇਹਨਾਂ ਦੀ ਜਾਨ ਮੇਰੇ ਹੱਥ ਹੈ, ਮੈਂ ਇਹਨਾਂ ਦਾ ਘਰ ਜਿਉਂ ਆਪਣੇ ਨਾਮ ਕਰਾਈ ਬੈਠਾ ਹੈ।

                                                         ਉਹ ਸੋਚਦਾ ਹੈ ਕਿ ਇਹੋ ਜਿਹੇ ਰਿਐਲਟਰ ਤਾਂ ਰੱਬ ਦਾ ਰੂਪ ਹਨ। ਇੱਥੋਂ ਤੱਕ ਇਹ ਹੈ ਕਿ ਧੋਖਾ ਤਾਂ ਹੋ ਗਿਆ ਪਰ ਪਤਾ ਨਹੀਂ ਲੱਗਾ। ਘਰ ਉਸਦੇ ਨਾਮ ਕਰਨ ਲੱਗਿਆ ਜੇਕਰ ਉਹ ਇੱਕ ਵਾਰ ਪਹਿਲਾ ਫਲਿੱਪ ਕਰਕੇ ਮਾਰਕੀਟ ਮੁੱਲ ਤੋਂ ਤੀਹ ਤੋਂ ਪੰਜਾਹ ਹਜ਼ਾਰ ਡਾਲਰ ਤੱਕ ਵੱਧ ਦਾ ਹੈ ਤਾਂ ਉਸਦੇ ਨਾਮ ਸੇਲ ਕਰਨ ਲੱਗਿਆ ਇੰਨਾ ਕੁ ਹੋਰ ਵਧਾ ਦਿੱਤਾ ਜਾਂਦਾ ਹੈ। ਇੱਕ-ਦੋ ਸਾਲ ਤੱਕ ਰੈਂਟ ਤੇ ਦੇਕੇ ਥੋੜੀ ਤੋਂ ਥੋੜੀ ਕਿਸ਼ਤ ਬਣਾਕੇ ਕੁਝ ਕੁ ਹਜ਼ਾਰ ਮੌਰਟਗੇਜ ਉਤਾਰੀ ਜਾਂਦੀ ਹੈ, ਫਿਰ ਜੋ ਮਹੀਨਾ ਵਾਰ ਡਾਲਰ ਜਿਵੇਂ ਕਿ ਉੱਪਰ ਇੱਕੀ ਸੋ ਲਿਖਿਆ ਸੀ ਉਹ ਉਸਨੂੰ ਦੇਣੇ ਬੰਦ ਕਰ ਦਿੱਤੇ ਜਾਂਦੇ ਹਨ ਜਿਸ ਦੇ ਨਾਮ ਘਰ ਦਾ ਟਾਈਟਲ ਕੀਤਾ ਗਿਆ ਸੀ। ਹੁਣ ਉਹੀ ਜੋ ਘਰ ਨਾਮ ਕਰਵਾੳਣ ਵਾਲਾ ਇਹ ਸੋਚਦਾ ਸੀ ਕਿ ਮੇਰੇ ਨਾਮ ਘਰ ਹੈ ਤੇ ਉਹਨਾਂ ਦੀ ਨਬਜ਼ ਮੇਰੇ ਹੱਥ ਹੈ ਹੁਣ ਕੰਮ ਉਲਟਾ ਹੋ ਜਾਂਦਾ ਹੈ ਉਹ ਫੋਨ ਕਰ ਕਰ ਕਹਿੰਦਾ ਰਹਿੰਦਾ ਹੈ ਕਿ ਮੇਰੇ ਅਕਾਉਟ ਵਿਚੋਂ ਤੁਹਾਡੇ ਘਰ ਦੀ ਕਿਸ਼ਤ ਜਾਈ ਜਾਂਦੀ ਹੈ ਤੇ ਜੇ ਮੈਂ ਕਿਸ਼ਤ ਦੇਣੀ ਬੰਦ ਕਰਾਉਣਾ ਤਾਂ ਮੇਰਾ ਰਿਕਾਰਡ ਖਰਾਬ ਹੁੰਦਾ ਹੈ, ਤੁਸੀਂ ਆਪਣੇ ਘਰ ਦੀ ਕਿਸ਼ਤ ਕਿੳਂ ਨਹੀ ਭੇਜਦੇ ਮੈਂਨੂੰ। ਅਖੀਰ ਨੂੰ ਖੱਜਲ-ਖੁਆਰ ਹੋਕੇ ਉਹ ਇਸ ਸਿੱਟੇ ਤੇ ਪਹੁੰਦਾ ਹੈ ਕਿ ਘਰ ਤਾਂ ਮੇਰੇ ਹੀ ਨਾਮ ਹੈ ਕਿਸ਼ਤ ਤਾਂ ਮੈਂਨੂੰ ਹੀ ਦੇਣੀ ਪੈਣੀ ਹੈ। ਘਰ ਦਾ ਮੁੱਲ ਤਾਂ ਮਾਰਕੀਟ ਅਨੁਸਾਰ ਚਾਰ ਲੱਖ ਹੀ ਹੈ ਪਰ ਮੇਰੇ ਨਾਮ ਤਾਂ ਚਾਰ ਲੱਖ ਸੱਠ ਹਜ਼ਾਰ ਦਾ ਹੋਇਆ ਹੈ ਤੇ ਕਿਸ਼ਤਾ ਅਜੇ ਚਾਰ ਲੱਖ ਚਾਲੀ ਹਜ਼ਾਰ ਦੀਆਂ ਰਹਿੰਦੀਆਂ ਨੇ, ਤਾਂ ਇਥੇ ਆਕੇ ਉਸਨੂੰ ਪਤਾ ਲੱਗਦਾ ਹੈ ਕਿ ਮੇਰੇ ਨਾਲ ਧੋਖਾ ਹੋ ਗਿਆ ਹੈ, ਪਰ ਹੁਣ ਹੋ ਕੁਝ ਨਹੀਂ ਸਕਦਾ, ਕਾਰਨ ਇਹ ਕਿ ਕਾਨੂੰਨੀ ਤੌਰ ਤੇ ਇਹ ਆਈਡੀ ਫਰਾਡ ਵੀ ਨਹੀਂ ਬਣਦਾ ਹੈ ਤੇ ਕਿਸੇ ਹੋਰ ਘੇਰੇ ਵਿਚ ਵੀ ਨਹੀਂ ਆਉਂਦਾ।

                                             ਇਸ ਵਿਚ ਅੱਗੇ ਹੋਰ ਵੀ ਬਹੁਤ ਕੁਝ ਹੈ ਤੇ ਜੰਗਲ ਵਾਂਗ ਹੈ, ਕਈ ਵਾਰ ਇਹ ਸਿਲਸਿਲਾ ਅੱਗੇ ਤੱਕ ਚੱਲਦਾ ਹੈ ਤੇ ਇਹੀ ਘਰ ਫਿਰ ਹੋਰ ਨੂੰ ਵੇਚਣ ਜਾਂ ਉਸ ਉੱਤੇ ਹੋਰ ਕਈ ਤਰਾਂ ਦੇ ਕਰਜ਼ੇ ਚੱਕ ਲਏ ਜਾਂਦੇ ਹਨ ਤੇ ਘਰ ਨਾਮ ਕਰਵਾਉਣ ਵਾਲੇ ਤੋਂ ਘਰ ਨਾਮ ਕਰਨ ਸਮੇਂ ਜਾਂ ਕਿੳਂਕਿ ਉਹ ਪੂਰੇ ਵਿਸ਼ਵਾਸ਼ ਵਿਚ ਹੋਣ ਕਰਕੇ ਇਸ ਸੋਚ ਵਿਚ ਹੁੰਦਾ ਕਿ ਘਰ ਤਾਂ ਇਹਨਾਂ ਦਾ ਹੀ ਹੈ ਤੇ ਉਹਦੇ ਸਾਈਨ ਕਰਵਾਕੇ ਘਰ ਤੇ ਸੈਕਿੰਡ ਮਾਰਟਗੇਜ ਜਾਂ ਹੋਮ ਕਰੈਡਿੰਟ ਲਾਇਨ ਜਾਂ ਪਰਾਈਵੇਟ ਕਰਜੇ਼ ਲੈ ਲਏ ਜਾਂਦੇ ਹਨ। ਇਹੋ ਜਿਹੇ ਇਕ ਘਰ ਵਿਚੋਂ ਨਿੱਟ ਪੰਜਾਹ ਹਜ਼ਾਰ ਡਾਲਰ ਤੋਂ ਇਕ ਲੱਖ ਤੱਕ ਲਾਭ ਕਮਾਕੇ ਰਿਐਲਟਰ ਫੋਨ ਚੁੱਕਣਾ ਬੰਦ ਕਰ ਦਿੰਦੇ ਹਨ। ਸੋਚੋ ਜੇ ਇਹੋ ਜਿਹੇ ਦਸ ਮੁਰਗੇ ਵੀ ਫਸਾਏ ਤਾਂ ਇਕ ਮਿਲੀਅਨ ਡਾਲਰ ਤਾਂ ਕਾਗਜਾਂ ਦੇ ਹੇਰ-ਫੇਰ ਨਾਲ ਹੀ ਕਮਾ ਲਿਆ ਤੇ ਜਿਸ ਤੋਂ ਕਮਾਏ ਉਹ ਜਾਣਦਾ ਹੀ ਨਹੀਂ ਤੇ ਜਾਣ ਵੀ ਗਿਆ ਤਾਂ ਖੁਦ ਕੀਤੇ ਸਾਈਨ, ਆਵਦੇ ਹੀ ਖਾਤੇ ਵਿਚੋਂ ਜਾਦੀ ਕਿਸ਼ਤ ਨੂੰ ਆਪਣੇ ਨਾਲ ਹੋਇਆ ਧੋਖਾ (ਫਰਾਡ) ਕਿਵੇਂ ਸਿੱਧ ਕਰੇ।

                                                   ਫਿਰ ਇਹੋ ਬੰਦੇ ਆਪਣੇ ਪਿੰਡਾ ਵਿਚ ਜਾਕੇ ਵੱਡੇ-ਵੱਡੇ ਕਬੱਡੀ ਕੱਪ ਕਰਾਉਂਦੇ ਹਨ ਤੇ ਦਸ=ਦਸ ਮੋਟਰ ਸਾਈਕਲ, ਜੀਪਾਂ, ਪੰਜ-ਪੰਜ ਲੱਖ ਰੁਪਏ ਪਹਿਲਾ ਇਨਾਮ ਰੱਖਦੇ ਹਨ ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਟੂਰਨਾਮੈਂਟ ਜਾਂ ਹੋਰ ਮੇਲੇ ਇਹੋ ਲੋਕ ਕਰਵਾਉਂਦੇ ਹਨ, ਬਹੁਤ ਸਾਰੇ ਇਮਾਨਦਾਰੀ ਨਾਲ ਕਮਾਈ ਕਰਨ ਵਾਲੇ ਦਾਨੀਆਂ ਦੀ ਵੀ ਘਾਟ ਨਹੀਂ ਹੈ। ਪਰ ਇਹਨਾਂ ਦੇ ਪਿੰਡੋਂ, ਸ਼ਹਿਰੋਂ ਜਾਂ ਨਾਲ ਦੇ ਕਸਬੇ ਵਿਚੋਂ ਕਨੇਡਾ ਆਏ ਆਪਣੇ ਲੜਕੇ ਨੂੰ ਮਾਪੇ ਜਾਂ ਪਿੰਡ ਦੇ ਲੋਕ ਜਰੂਰ ਤਾਹਨੇ ਮਾਰਦੇ ਰਹਿੰਦੇ ਹਨ ਕਿ ਫਾਲਣੇ ਦਾ ਮੁੰਡਾ ਤਾਂ ਲੱਖਾ ਰੁਪਏ ਏਧਰ ਟੂਰਨਾਮੈਟਾਂ ਤੇ ਹੀ ਲਾਈ ਜਾਂਦਾ ਤੂੰ ਕਨੇਡਾ ਜਾਕੇ ਵੀ ਰੋਈ ਜਾਨਾ ਕਿ ਬਣਦਾ ਕੁਝ ਨਹੀਂ ਤੇ ਪੰਜੀ-ਪੰਜੀ ਸਾਲੀ ਘਰ ਲਾਏ ਗੇੜੇ ਤੇ ਵੀ ਰੋਈ ਜਾਨਾਂ ਕਿ ਟਿਕਟ ਬਹੁਤ ਮਹਿੰਗੀ ਆ ਤੇ ਮਹਿੰਗਾਈ ਵੀ ਬਹੁਤ ਆ।

                                                                   ਸੋ ਧੋਖੇ ਤਾਂ ਇੰਨੇ ਤਰ੍ਹਾਂ ਦੇ ਹਨ ਕਿ ਸਮਾਂ ਮਿਲਿਆ ਤਾਂ ਲਿਖਦਾ ਰਹਾਂਗਾ, ਕਿਉਂ ਕਿ ਜੋ ਅਨਭੋਲ ਲੁੱਟੇ ਜਾਂਦੇ ਹਨ ਉਹਨਾਂ ਦੀ ਕਨੇਡਾ ਵਿਚ ਲੱਗ-ਭੱਗ ਅੱਧੀ ਕਮਾਈ ਇਹਨਾਂ ਧੋਖੇਬਾਜਾਂ ਦੇ ਲੇਖੇ ਲੱਗ ਜਾਂਦੀ ਹੈ। ਪਰ ਬਣਦਾ ਕੁਝ ਨਹੀਂ ਕਿੳਂਕਿ ਇਹ ਧੋਖਾ ਸਭ ਤੋਂ ਵੱਡਾ ਧੋਖਾ ਹੋਕੇ ਵੀ ਕਾਨੂੰਨ ਦੀ ਨਜ਼ਰ ਵਿਚ ਧੋਖਾ ਨਹੀਂ ਹੈ।

                                                        ਬੇਨਤੀ ਹੈ ਕਿ ਆਪਣੇ ਨੇੜੇ-ਤੇੜੇ ਨਵੇਂ ਆਏ ਵਿਦਿਆਰਥੀ ਬੱਚਿਆਂ ਤੇ ਇੰਮੀੰਗਰਾਂਟਸ ਨੂੰ ਦੱਸਦੇ ਰਹੋ ਕਿ ਕਿਸੇ ਨਾਲ ਵੀ ਪ੍ਰਪਰਾਟੀ ਡੀਲ ਕਰਨ ਤੋਂ ਪਹਿਲਾ ਉਸ ਰਿਐਲਟਰ, ਜਾਂ ਕਿਸੇ ਵੀ ਹੋਰ ਦਾ ਰਿਕਾਰਡ ਜਰੂਰ ਫੋਲਾ-ਫਾਲੀ ਕਰ ਲਿਆ ਕਰੋ। ਹੁਣ ਤਾਂ ਸੋਸ਼ਲ ਮੀਡੀਏ ਦਾ ਜ਼ਮਾਨਾ ਹੈ। ਖਾਸ ਕਰਕੇ ਕਿ ਉਸ ਬੰਦੇ ਦੀ ਆਪਣੇ ਲੋਕਾਂ ਵਿਚ ਕੀ ਦਿੱਖ ਹੈ। ਬਾਕੀ ਸਰਕਾਰਾਂ ਤੇ ਹਰ ਅਦਾਰੇ ਦੇ ਨਿਯਮ ਵੀ ਸਮੇਂ-ਸਮੇਂ ਜਦੋਂ ਅਜਿਹੇ ਧੋਖੇ ਹੁੰਦੇ ਹਨ ਸਖਤ ਹੋ ਜਾਂਦੇ ਤੇ ਇਸ ਧੋਖੇ ਕਰਕੇ ਹੀ ਹੁਣ ਬੈਕ ਪਰੈਕਟੀਕਲ ਅਪਰੇਜ਼ਲ ਜਰੂਰ ਕਰਵਾਉਦੇ ਹਨ, ਕਰਜਾਂ ਲੈਣ ਦੇ ਕਾਨੂੰਨ ਸਖ਼ਤ ਹਨ, ਪਰ ਸ਼ੈਤਾਨ ਲੋਕ ਹੋਰ ਰਾਹ ਲੱਭ ਲੈਂਦੇ ਹਨ।

                           ਬੇਸ਼ਕ ਬੇਈਮਾਨੀ ਨਾਲ ਕਮਾਏ ਤੇ ਕਿਸੇ ਦੀਆਂ ਉਮਰ ਭਰ ਬਦ-ਦੁਆਵਾਂ ਲੈਣ ਨਾਲ ਬਣਾਈ ਜਾਇਦਾਦ ਜਿਵੇਂ ਆਉਂਦੀ ਹੈ ਪਹਿਲੀ ਨਹੀਂ ਤਾਂ ਦੂਸਰੀ ਪੀੜ੍ਹੀ, ਬਾਹਲਾ ਨਹੀਂ ਤਾਂ ਤੀਸਰੀ ਪੀੜ੍ਹੀ ਆਉਣ ਤੱਕ ਉਵੇਂ ਹੀ ਚਲੀ ਹੀ ਜਾਂਦੀ ਹੈ। ਚਾਹੇ ਕੋਈ ਰੱਬ ਨੂੰ ਮੰਨਣ ਵਾਲਾ ਹੈ ਜਾਂ ਨਹੀਂ ਪਰ ਬਦ-ਦੁਆ ਤਾਂ ਹਮੇਸ਼ਾਂ ਅਸਰ ਕਰਦੀ ਹੈ ਇਸਦਾ ਆਸਤਿਕ ਜਾਂ ਨਾਸਤਿਕ ਹੋਣ ਨਾਲ ਕੋਈ ਸਬੰਧ ਨਹੀਂ। ਸੋ ਆਪਣੇ ਤੇ ਪੂਰੀ ਕਮਿਉਨਟੀ ਦੇ ਨਰੋਏ ਹੋਣ ਨਾਲ ਹੀ ਸਮਾਜ ਨਰੋਆ ਹੁੰਦਾ ਹੈ ਤੇ ਸਾਨੂੰ ਬੇਈਮਾਨੀ ਦੇ ਇਕ ਲੱਖ ਨਾਲੋ ਇਮਾਨਦਾਰੀ ਦੇ ਇੱਕ ਰੁਪਏ ਤੇ ਵੱਧ ਯਕੀਨ ਕਰਨਾ ਚਾਹੀਦਾ ਹੈ। ਪਰ ਕਮਿਉਨਟੀ ਦੇ ਗੰਦੇ ਕੀੜੇ ਤਾਂ ਗੰਦੇ ਹੀ ਰਹਿੰਦੇ ਹਨ। ਆਪਣੀ ਤੇ ਆਪਣਿਆਂ ਦੀ ਮਿਹਨਤ ਦੀ ਕਮਾਈ ਅਜਾਈ ਨਾ ਜਾਵੇ ਇਸ ਕਰਕੇ ਇਸ ਲੇਖ ਨੂੰ ਸਭ ਤੱਕ ਜਰੂਰ ਭੇਜੋ ਜੀ, ਕਿਉਂਕਿ ਧੋਖੇ ਕਰਨ ਵਾਲੇ ਸ਼ੈਤਾਨ ਹਰ ਦੇਸ਼ ਹਰ ਸਾ਼ਹਿਰ ਹਨ। ਇਸ ਲੇਖ ਦਾ ਉਦੇਸ਼ ਸਮਾਜ ਨੂੰ ਹੋਰ ਜਾਗਰੂਕ ਕਰਨਾ ਹੈ। ਧੰਨਵਾਦ

ਬਲਜਿੰਦਰ ਸੰਘਾ
ਫੋਨ : 403-680-3212