ਮਖਿਆ ! ਟੂਬ ਨੀ ਜਗਦੀ... - ਹਰਦੇਵ ਚੌਹਾਨ

? ਮਖਿਆ ! ਟੂਬ ਨੀ ਜਗਦੀ ... ਕੋਈ ਬਿਧ ਬਣਾਓ ...
'  ਧੁੱਪੇ ਰੱਖੋ ... ਜਗ ਜੂ ...
?  ਮਾਲਕੋ ! ਸੂਰਜੀ ਊਰਜਾ ਵਾਲੀ ਨੀ ਹੈਗੀ ਟੂਬ...
'  ਸ਼ੈਕਲ ਦੀ ਆ ਤਾਂ ਪੈਂਚਰ ਲਵਾ ਲਓ ... ਚੱਲ ਜੂਗੀ ...
?  ਸ਼ੈਕਲ ਦੀ ਕਾਹਨੂੰ ... ਬਿਜਲੀ ਵਾਲੀ ਐ ...
'  ਹਲਾ, ਹਲਾ ! ਮਾਰਲੀ ਹੋਣੀ ਬਿਜਲੀ ਦੇ ਕੱਟਾਂ ਨੇ ...
?  ਜਨਾਬ ! ਮੰਤਰੀਆਂ, ਸੰਤਰੀਆਂ ਦੀ ਕਲੋਨੀ 'ਚ ਰਹੀਦਾ ... ਉਥੇ ਕੱਟ, ਵੱਟ ਨੀ ਲੱਗਦੇ ...
'  ਹਾਕਮ ਕਿਹੜੇ, ਬਿਜਲੀ ਬਾਹਰ ਜਾਣ ਦੇਂਦੇ ਨੇ ... ਬਿਜਲੀ ਨੂੰ ਉਨ੍ਹਾਂ ਦੇ ਗੀਜ਼ਰ, ਏਸੀਆਂ ਤੋਂ ਵਿਹਲ ਮਿਲੂ ਤਾਂ
     ਜਗ ਜੂਗੀ ਥੋਡੀ ਟੂਬ ...
?  ਹੈਰਾਨੀ ਵਾਲੀ ਗੱਲ ਤਾਂ ਇਹ ਐ ਕਿ ਸਾਡੀ ਟੂਬ ਦਿਨੇ ਵੀ ਨੀ ਜਗਦੀ ਤੇ ਰਾਤੀਂ ਵੀ ਨੀ ਜਗਦੀ ...
'  ਤਾਂ ਫਿਰ ਰਿਆਇਤੀ ਮੁੱਲ ਨਾਲ ਖਰੀਦੀ ਹੋਊ ?
?  ਪੈਸੇ ਤਾਂ ਹਮੇਸ਼ਾ ਛਾਪੇ ਵਾਲੇ ਦਈਦੇ ਨੇ ਜੀਐਸਟੀ ਸਮੇਤ ...
'  ਹਲਾ, ਹਲਾ ! ਪਾਰਟੀ, ਨਹੀਂ ਸੱਚ ਕੰਪਨੀ ਦਾ ਖਿਆਲ ਨੀ ਰੱਖਦੇ ਹੋਣੇ ?
?  ਮਾਲਕੋ ! ਖਾਨੇ ਨੀ ਪਿਆ ਕੁਝ ...
'  ਨਕਲੀ ਕੰਪਨੀਆਂ ਦੀਆਂ ਨਕਲੀ ਚੀਜਾਂ ਲੱਕ ਤੋੜ ਦੇਂਦੀਆਂ ਨੇ ... ਆਪਦੇ ਅਸਲੀ ਹਾਕਮਾਂ ਨੂੰ ਕਹੋ, ਇਨਾਂ ਨੂੰ ਨੱਥਾਂ
     ਪਾਉਣ ...
?  ਮਾਲਕੋ ! ਹਾਕਮ ਤੇ ਹਕੂਮਤਾਂ, ਕੰਪਨੀਆਂ ਕੋਲੋਂ ਆਪਦੇ ਲਾਟੂ ਜਗਵਾਉਂਦੀਆਂ ਨੇ ... ਰਾਣੀ ਨੂੰ ਅੱਗਾ ਢੱਕਣ ਲਈ ਕੌਣ
     ਕਹੂ ?
'  ਤਾਂ ਫਿਰ, ਨਕਲੀ ਚੀਜਾਂ ਤੋਂ ਬਚ ਕੇ ਰਿਹਾ ਕਰੋ ...
?  ਮਾਈ, ਬਾਪ ! ਬੰਦਾ ਕਿਹੜੀ, ਕਿਹੜੀ ਸ਼ੈਅ 'ਚ ਵੜ, ਵੜ ਵੇਖੇ ...
'  ਤੁਸੀਂ ਆਪਦੀ ਥਾਂ ਸੱਚੇ ਓ ...ਚਲੋ ਫਿਰ ਇੰਜ ਕਰੋ, ਆਪਦੀ ਟੂਬ ਨੂੰ ਘੁਮਾ, ਫਿਰਾ ਕੇ ਵੇਖੋ...ਸ਼ਾਇਦ ਚੱਲ ਹੀ ਪਏ ...
      ਉਸਦੀਆਂ ਮਾਸ-ਪੇਸ਼ੀਆਂ ਸੁੰਗੜ ਗਈਆਂ ਹੋਣੀਆਂ ...
?  ਉਹ ਤਾਂ ਵੇਖ ਹੀ ਰਹੇ ਹਾਂ ... ਪਰ ਮਾਲਕੋ ! ਗੱਲ ਤਾਂ ਟੂਬ ਦੀ ਹੋ ਰਹੀ ਐ ... ਉਹ ਕੋਈ ਸ਼ੂਗਰ ਦੀ ਮਰੀਜ ਥੋੜੈ ਜਿਸਨੂੰ
     ਸੈਰ ਸਪਾਟੇ ਦੀ ਲੋੜ ਹੋਵੇ ...
'  ਗਰਮ ਕਾਸਨੂੰ ਹੁੰਦੇ ਓ ? ਆਪਦੀ ਟੂਬ ਵਿਖਾਓ ... ਕਿਥੇ ਐ ?
?  ਓਹ ਸਾਮ੍ਹਣੀ ਕੰਧ ਵੇਖੋ ...
'  ਕੰਧ ਤਾਂ ਦਿਸਦੀ ਐ ... ਟੂਬ ਕਿੱਥੇ ਐ ?
?  ਹੰਢਣਸਾਰ ਮਿਲੇ ਤਾਂ ਖਰੀਦੀਏ ... ਉਂਝ ਨਕਲੀ ਸ਼ੈ ਖਰੀਦਣ ਦਾ ਕੀ ਫਾਇਦਾ ...?
'  ਜਨਾਬ ! ਥੋਨੂੰ ਕੰਧਾਂ ਵਾਲੀਆਂ ਟੂਬਾਂ ਦੀ ਥਾਂ ਪਹਿਲਾਂ ਆਪਦੇ ਡਮਾਗ ਵਾਲੀਆਂ ਟੂਬਾਂ ਜਗਵਾਉਣ ਦੀ ਲੋੜ ਐ ...
?  ਸਾਈਂ ! ਕੁਝ ਵੀ ਪੱਲੇ ਨੀ ਪਿਆ ...
'  ਤੁਸੀਂ ਲੋਕ, ਲੱਖ ਟੂਬਾਂ ਜਗਾ ਲਾਓ ... ਫੇਰ ਵੀ ਥੋਡੀ ਅਗਿਆਨਤਾ ਵਾਲਾ ਨੇਰਾ ਦੂਰ ਨੀ ਹੋਣ ਵਾਲਾ ...
?  ਭਾਈਜਾਨ ! ਸਰਾਪ ਨਾ ਦਿਓ... ਵਰ ਦਿਓ ਕੋਈ ...
'  ਪਹਿਲਾਂ ਟੂਬਾਂ ਲਾਓ ... ਫੇਰ ਵੇਖਾਂਗੇ ...