ਪਾਕਿਸਤਾਨੀ ਫ਼ੌਜੀ ਅਫਸਰਾਂ ਦਾ ਸ਼ੁਗਲ - ਜੀ ਪਾਰਥਾਸਾਰਥੀ

ਛਾਉਣੀ ਖੇਤਰਾਂ ਵਿਚ ਸ਼ਾਨਦਾਰ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਜ਼ਰੀਏ ਧਨ ਕਮਾਉਣਾ ਪਾਕਿਸਤਾਨੀ ਫ਼ੌਜ ਦੇ ਵੱਡੇ ਅਫਸਰਾਂ ਦਾ ਪਸੰਦੀਦਾ ਸ਼ੁਗਲ ਰਿਹਾ ਹੈ। ਪਾਕਿਸਤਾਨੀ ਦਾਅਵਤਾਂ ਵਿਚ ਅਕਸਰ ਫ਼ੌਜੀ ਅਫਸਰਾਂ ਵਲੋਂ ‘ਪਲਾਟਾਂ ਦੀਆਂ ਵਿਉਂਤਾਂ’ ਦੇ ਚੁਟਕਲੇ ਸੁਣਨ ਨੂੰ ਮਿਲਦੇ ਰਹਿੰਦੇ ਹਨ। ਲੋਕ ਤਾਂ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਫ਼ੌਜੀ ਅਫਸਰ ਜਾਇਦਾਦਾਂ ਦੇ ਸੌਦੇ ਕਰਨ ਵਿਚ ਇੰਨੇ ਮਸ਼ਗੂਲ ਹਨ ਕਿ ਦੇਸ਼ ਦੀ ਰੱਖਿਆ ਦੇ ਜ਼ਿੰਮੇ ਦਾ ਅਹਿਸਾਸ ਕਿਤੇ ਪਿਛਾਂਹ ਰਹਿ ਗਿਆ ਹੈ। ਸਾਰੇ ਵੱਡੇ ਜਰਨੈਲ ਸੇਵਾਮੁਕਤੀ ਤੋਂ ਬਾਅਦ ਮਹਿਲਨੁਮਾ ਬੰਗਲਿਆਂ ਵਿਚ ਰਹਿੰਦੇ ਹਨ। ਪਾਕਿਸਤਾਨੀ ਫ਼ੌਜ ਦੁਨੀਆ ਦੀ ਇਕਲੌਤੀ ਅਜਿਹੀ ਫ਼ੌਜ ਹੈ ਜਿਸ ਦੇ ਲਗਾਤਾਰ ਦੋ ਥਲ ਸੈਨਾ ਮੁਖੀ ਜਨਰਲ ਪਰਵੇਜ਼ ਮੁਸ਼ੱਰਫ਼ ਅਤੇ ਅਸ਼ਫ਼ਾਕ ਪਰਵੇਜ਼ ਕਿਆਨੀ ਨੇ ਸੇਵਾਮੁਕਤੀ ਤੋਂ ਤੁਰੰਤ ਬਾਅਦ ਕਈ ਸਾਲ ਵਿਦੇਸ਼ ਵਿਚ ਐਸ਼ੋ-ਆਰਾਮ ਦੀ ਜ਼ਿੰਦਗੀ ਬਿਤਾਈ ਹੈ। ਜਨਰਲ ਮੁਸ਼ੱਰਫ਼ ਨੇ ਸੇਵਾਮੁਕਤੀ ਤੋਂ ਬਾਅਦ ਲੰਡਨ ਅਤੇ ਦੁਬਈ ਵਿਚ ਬਿਤਾਏ ਸਨ ਜਦਕਿ ਜਨਰਲ ਕਿਆਨੀ ਨੇ ਸਿਡਨੀ (ਆਸਟਰੇਲੀਆ) ਵਿਚ ਸਮਾਂ ਬਿਤਾਇਆ।
ਕਾਰਗਿਲ ਜੰਗ ਤੋਂ ਬਾਅਦ ਮੁਸ਼ੱਰਫ਼ ਦੇ ਸੁਰ ਮੱਠੇ ਪੈ ਗਏ ਸਨ। ਉਸ ਤੋਂ ਬਾਅਦ ਜਨਰਲ ਕਿਆਨੀ ਨੂੰ ਢੀਠਤਾਈ ਦੀ ਆਦਤ ਪੈ ਗਈ ; ਜਿਵੇਂ 2 ਮਈ, 2011 ਨੂੰ ਅਮਰੀਕੀ ਸੈਨਾ ਦੇ ਵਿਸ਼ੇਸ਼ ਦਸਤਿਆਂ ਨੇ ਐਬਟਾਬਾਦ ਦੇ ਛਾਉਣੀ ਖੇਤਰ ਵਿਚ ਧਾਵਾ ਬੋਲਿਆ ਜਿੱਥੇ ਆਈਐੱਸਆਈ ਨੇ ਉਸਾਮਾ ਬਿਨ-ਲਾਦਿਨ ਨੂੰ ਲਕੋ ਕੇ ਰੱਖਿਆ ਗਿਆ ਸੀ। ਉਸਾਮਾ ਦਾ ਟਿਕਾਣਾ ਪਾਕਿਸਤਾਨ ਮਿਲਟਰੀ ਅਕੈਡਮੀ ਦੇ ਨੇੜੇ ਪੈਂਦਾ ਸੀ। ਖੈਰ, ਪਾਕਿਸਤਾਨ ਦੇ ਸੇਵਾਮੁਕਤ ਜਰਨੈਲਾਂ ਤੋਂ ਕਦੇ ਕਿਸੇ ਨੇ ਨਹੀਂ ਪੁੱਛਿਆ ਕਿ ਉਨ੍ਹਾਂ ਕੋਲ ਵਿਦੇਸ਼ ਵਿਚ ਸ਼ਾਹਾਨਾ ਜ਼ਿੰਦਗੀ ਬਤੀਤ ਕਰਨ ਲਈ ਇੰਨਾ ਪੈਸਾ ਕਿੱਥੋਂ ਆਇਆ ਹੈ। ਕਾਰਗਿਲ ਦੀ ਨਾਕਾਮੀ ਤੋਂ ਬਾਅਦ ਜਨਰਲ ਮੁਸ਼ੱਰਫ਼ ਨੇ ਭਾਰਤ ਨਾਲ ਸੰਬੰਧਾਂ ਪ੍ਰਤੀ ਤਰਕਸੰਗਤ ਰੁਖ਼ ਅਪਣਾ ਲਿਆ ਸੀ ਤੇ ਇੰਝ ਦਹਿਸ਼ਤਗਰਦ ਹਮਲਿਆਂ ’ਤੇ ਰੋਕ ਲੱਗ ਗਈ ਸੀ। ਉਨ੍ਹਾਂ ਜੰਮੂ ਕਸ਼ਮੀਰ ਮਸਲੇ ਬਾਰੇ ਭਾਰਤ ਨਾਲ ਗੁਪਤ ਵਾਰਤਾ ਦੇ ਰਾਹ ਵੀ ਖੋਲ੍ਹ ਦਿੱਤੇ ਸਨ ਪਰ ਜਨਰਲ ਕਿਆਨੀ ਨੇ ਆਪਣੀ ਕੱਟੜ ਵਿਚਾਰਧਾਰਾ ’ਤੇ ਪਹਿਰਾ ਦਿੱਤਾ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਜਨਰਲ ਰਹੀਲ ਸ਼ਰੀਫ਼ ਵੀ ਇਸੇ ਲੀਹ ’ਤੇ ਚਲਦੇ ਰਹੇ। ਜਨਰਲ ਸ਼ਰੀਫ਼ ਨੂੰ ਬੀਬੀਸੀ ਨੇ ਅਜਿਹਾ ਸੈਨਾਪਤੀ ਕਰਾਰ ਦਿੱਤਾ ਸੀ ‘ਜੋ ਰਾਜਪਲਟਾ ਕੀਤੇ ਬਗ਼ੈਰ ਸ਼ਾਸਨ ਚਲਾਉਂਦੇ ਰਹੇ ਸਨ’। ਅਜੇ ਤੱਕ ਉਨ੍ਹਾਂ ਦੀਆਂ ਕਾਰਵਾਈਆ ਬਾਰੇ ਬਹੁਤੇ ਖੁਲਾਸੇ ਨਹੀਂ ਹੋ ਸਕੇ ਕਿਉਂਕਿ ਉਨ੍ਹਾਂ ਜ਼ਿਆਦਾਤਰ ਸਮਾਂ 41 ਮੈਂਬਰੀ ‘ਇਸਲਾਮਿਕ ਮਿਲਟਰੀ ਫੋਰਸ’ ਦੀ ਅਗਵਾਈ ਕਰਦਿਆਂ ਸਾਊਦੀ ਅਰਬ ਵਿਚ ਬਿਤਾਇਆ ਹੈ।
     ਪਾਕਿਸਤਾਨ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਜਨਰਲ ਕਮਰ ਜਾਵੇਦ ਬਾਜਵਾ ਦੇ ਜਾਨਸ਼ੀਨ ਦੀ ਤਲਾਸ਼ ਕਰਨ ਵਿਚ ਖੁੱਭਿਆ ਰਿਹਾ ਹੈ। ਜਨਰਲ ਬਾਜਵਾ ਆਪਣੇ ਪੂਰਬਲੇ ਜਰਨੈਲਾਂ ਦੇ ਮੁਕਾਬਲੇ ਪਾਕਿਸਤਾਨ ਦੀ ਵਿਦੇਸ਼ੀ ਨੀਤੀ ’ਤੇ ਕੰਟਰੋਲ ਹਾਸਲ ਕਰਨ ਵਿਚ ਕਿਤੇ ਅਗਾਂਹ ਚਲਾ ਗਿਆ ਸੀ। ਉਹਨੇ ਇਸ ਮਾਮਲੇ ਵਿਚ ਕਾਫ਼ੀ ਸਰਗਰਮ ਭੂਮਿਕਾ ਨਿਭਾਈ ਹੈ। ਉਹਨੇ ਜ਼ਿੱਦੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪ੍ਰਤੀ ਕਾਫ਼ੀ ਸਖ਼ਤੀ ਦਿਖਾਈ ਸੀ ਅਤੇ ਅਜਿਹੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਆਈਐੱਸਆਈ ਨੇ ਇਮਰਾਨ ਖ਼ਾਨ ਸਰਕਾਰ ਖਿਲਾਫ਼ ਨਵੀਂ ਕੁਲੀਸ਼ਨ ਕਾਇਮ ਕਰਨ ਵਿਚ ਕਾਫ਼ੀ ਭੱਜ-ਨੱਠ ਕੀਤੀ ਸੀ। ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਇਸ ਨਵੇਂ ਗੱਠਜੋੜ ਦੀ ਅਗਵਾਈ ਸ਼ਾਹਬਾਜ਼ ਸ਼ਰੀਫ਼ ਦੇ ਹੱਥ ਵਿਚ ਦਿੱਤੀ ਗਈ ਜੋ ਜ਼ਾਹਰਾ ਤੌਰ ’ਤੇ ਫ਼ੌਜ ਦੇ ਇਸ਼ਾਰੇ ’ਤੇ ਚੱਲ ਰਹੇ ਸਨ। ਦੇਸ਼ ਦੇ ਅੰਦਰੂਨੀ ਅਤੇ ਵਿਦੇਸ਼ ਮਾਮਲਿਆਂ ਵਿਚ ਇਸ ਤਰ੍ਹਾਂ ਦੀ ਦਖ਼ਲਅੰਦਾਜ਼ੀ ਨੂੰ ਲੈ ਕੇ ਜਨਰਲ ਬਾਜਵਾ ਨੂੰ ਫ਼ੌਜ ਦੇ ਅੰਦਰੋਂ ਵੀ ਅਤੇ ਬਾਹਰੋਂ ਵੀ ਤਿੱਖੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ।
      ਹਕੀਕਤਪਸੰਦ ਲੋਕ ਇਹ ਮੰਨਦੇ ਹਨ ਕਿ ਪਾਕਿਸਤਾਨ ਨੂੰ ਆਪਣੀਆਂ ਆਰਥਿਕ ਦਿੱਕਤਾਂ, ਖ਼ਾਸਕਰ ਵਿਦੇਸ਼ੀ ਮੁਦਰਾ ਭੰਡਾਰ ਦੀ ਪਤਲੀ ਹਾਲਤ ਦੇ ਮੱਦੇਨਜ਼ਰ ਅਮਰੀਕੀ ਦੀਆਂ ਖਾਹਿਸ਼ਾਂ ਅੱਗੇ ਨਤਮਸਤਕ ਹੋਣਾ ਪਿਆ ਹੈ। ਇਸ ਤੋਂ ਇਲਾਵਾ ਸ਼ਾਹਬਾਜ਼ ਸ਼ਰੀਫ਼ ਨਾ ਇਮਰਾਨ ਖ਼ਾਨ ਵਰਗੇ ਜ਼ਾਤੀ ਕ੍ਰਿਸ਼ਮੇ ਦੇ ਮਾਲਕ ਵੀ ਨਹੀਂ ਹਨ ਤੇ ਨਾ ਹੀ ਉਨ੍ਹਾਂ ਕੋਲ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ਼ ਜਿੰਨਾ ਸਿਆਸੀ ਹੁਨਰ ਹੈ। ਨਵਾਜ਼ ਸ਼ਰੀਫ਼ ਨੂੰ ਅਜੇ ਤੱਕ ਕਈ ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦੀ ਵਤਨ ਵਾਪਸੀ ਲਈ ਇਨ੍ਹਾਂ ਦੋਸ਼ਾਂ ਦਾ ਪਰਛਾਵਾਂ ਹਟਣਾ ਬਹੁਤ ਜ਼ਰੂਰੀ ਹੈ। ਫ਼ੌਜ ਦੇ ਨਵੇਂ ਮੁਖੀ ਦੀ ਚੋਣ ਸਮੇਤ ਕੁਝ ਹੋਰ ਅਹਿਮ ਮੁੱਦਿਆਂ ’ਤੇ ਨਵਾਜ਼ ਸ਼ਰੀਫ਼ ਦੇ ਦਿਸ਼ਾ ਨਿਰਦੇਸ਼ ਲੈਣ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਲੰਡਨ ਜਾਣਾ ਪਿਆ ਸੀ। ਫ਼ੌਜ ਦੇ ਨਵੇਂ ਮੁਖੀ ਵਜੋਂ ਜਨਰਲ ਸੱਯਦ ਆਸਿਮ ਮੁਨੀਰ ਦੀ ਨਿਯੁਕਤੀ ’ਤੇ ਜਨਰਲ ਬਾਜਵਾ ਦੀ ਮੋਹਰ ਸਾਫ਼ ਨਜ਼ਰ ਆ ਰਹੀ ਹੈ। ਜਨਰਲ ਮੁਨੀਰ ਦਾ ਇਮਰਾਨ ਖ਼ਾਨ ਨਾਲ ਕੋਈ ਤਿਹ-ਮੋਹ ਦਿਖਾਈ ਨਹੀਂ ਦਿੰਦਾ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਆਪਣੇ ਚਹੇਤੇ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਨੂੰ ਆਈਐੱਸਆਈ ਦਾ ਮੁਖੀ ਲਾਉਣਾ ਚਾਹੁੰਦੇ ਸਨ। ਹੁਣ ਜਾਪਦਾ ਹੈ ਕਿ ਜਨਰਲ ਫ਼ੈਜ਼ ਹਮੀਦ ਸੇਵਾਮੁਕਤੀ ਤੋਂ ਬਾਅਦ ਅੱਖੋਂ ਓਝਲ ਹੋ ਜਾਣਗੇ। ਉਂਝ, ਇਸ ਵਿਚ ਕੋਈ ਸ਼ੱਕ ਨਹੀਂ ਕਿ ਫ਼ੈਜ਼ ਹਮੀਦ ਨੇ ਚੋਖੇ ਸ਼ਹਿਰੀ ਅਸਾਸੇ ਇਕੱਤਰ ਕੀਤੇ ਹੋਏ ਹਨ ਜਿਨ੍ਹਾਂ ਦੇ ਆਸਰੇ ਉਹ ਆਉਣ ਵਾਲੇ ਕਈ ਸਾਲਾਂ ਤੱਕ ਐਸ਼ੋ-ਆਰਾਮ ਨਾਲ ਬਿਤਾ ਸਕਦੇ ਹਨ।
      ਸ਼ਾਹਬਾਜ਼ ਸ਼ਰੀਫ਼ ਸਿਆਸੀ ਤੌਰ ’ਤੇ ਕਮਜ਼ੋਰ ਆਗੂ ਹਨ ਅਤੇ ਜਦੋਂ ਤੋਂ ਉਨ੍ਹਾਂ ਫ਼ੌਜ ਦੀ ਮਦਦ ਨਾਲ ਇਮਰਾਨ ਖ਼ਾਨ ਦੀ ਸੱਤਾ ਪਲਟ ਕੇ ਸਰਕਾਰ ਦੀ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਹੀ ਇਹ ਕਨਸੋਆਂ ਆ ਰਹੀਆਂ ਹਨ ਕਿ ਇਸ ਰੱਦੋਬਦਲ ਵਿਚ ਅਮਰੀਕਾ ਦਾ ‘ਵੱਡਾ ਹੱਥ’ ਹੈ। ਹਾਲੀਆ ਮਹੀਨਿਆਂ ਵਿਚ ਅਮਰੀਕਾ-ਪਾਕਿਸਤਾਨ ਸੰਬੰਧਾਂ ਵਿਚ ਕਾਫ਼ੀ ਅਹਿਮ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ। ਇਸ ਵਿਚ ਕਾਫ਼ੀ ਹੱਦ ਤੱਕ ਜਨਰਲ ਬਾਜਵਾ ਦਾ ਦਖ਼ਲ ਦਿਖਾਈ ਦਿੱਤਾ ਹੈ। ਇਨ੍ਹਾਂ ਦੀ ਕੜੀ ਵਜੋਂ ਹੀ ਇਮਰਾਨ ਖ਼ਾਨ ਦੀ ਛੁੱਟੀ ਹੋਈ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਅਮਰੀਕਾ ਦੀ ਸਪੱਸ਼ਟ ਹਮਾਇਤ ਹਾਸਲ ਸੀ। ਦੂਜੀ ਇਹ ਕਿ ਜਨਰਲ ਬਾਜਵਾ ਦੇ ਨਾ ਕੇਵਲ ਪੈਂਟਾਗਨ ਸਗੋਂ ਸਮੁੱਚੇ ਰੂਪ ਵਿਚ ਬਾਇਡਨ ਪ੍ਰਸ਼ਾਸਨ ਨਾਲ ਨਿੱਘੇ ਸੰਬੰਧ ਕਾਇਮ ਹੋ ਗਏ। ਪਾਕਿਸਤਾਨ ਲਈ ਆਈਐੱਮਐੱਫ ਤੋਂ ਕਰਜ਼ਾ ਮਨਜ਼ੂਰ ਕਰਾਉਣ ਵਿਚ ਵੀ ਜਨਰਲ ਬਾਜਵਾ ਦੀ ਅਹਿਮ ਭੂਮਿਕਾ ਰਹੀ ਹੈ ਤਾਂ ਕਿ ਪਾਕਿਸਤਾਨ ਆਪਣੀਆਂ ਕਰਜ਼ ਦੀਆਂ ਲੋੜਾਂ ਦੀ ਫੌਰੀ ਭਰਪਾਈ ਕਰ ਸਕੇ। ਇਸ ਦੇ ਨਾਲ ਹੀ ਅਮਰੀਕਾ ਨੇ ਪਾਕਿਸਤਾਨ ਨੂੰ 45 ਕਰੋੜ ਡਾਲਰ ਦੀ ਫ਼ੌਜੀ ਇਮਦਾਦ ਜਾਰੀ ਕੀਤੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਪਾਕਿਸਤਾਨ ਨੇ ਯੂਕਰੇਨ ਨੂੰ ਫ਼ੌਜੀ ਸਾਜ਼ੋ-ਸਾਮਾਨ ਤੇ ਅਸਲ੍ਹਾ ਮੁਹੱਈਆ ਕਰਵਾਇਆ ਹੈ। ਅਮਰੀਕਾ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਅਹਿਮ ਮਾਮਲਿਆਂ ਵਿਚ ਜਨਰਲ ਬਾਜਵਾ ਅਸਲ ਸਾਲਸਕਾਰ ਹਨ ਨਾ ਕਿ ਸ਼ਾਹਬਾਜ਼ ਸ਼ਰੀਫ਼।
      ਹਾਲਾਂਕਿ ਕੌਮਾਂਤਰੀ ਪੱਧਰ ’ਤੇ ਇਹ ਪਹਿਲੂ ਬਹੁਤ ਅਹਿਮ ਹਨ ਪਰ ਪਾਕਿਸਤਾਨੀ ਸਿਆਸਤ ਵਿਚ ਉਸ ਰਿਪੋਰਟ ਦੀ ਬਹੁਤ ਚਰਚਾ ਛਿੜੀ ਹੋਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਨਰਲ ਬਾਜਵਾ ਦੇ ਕਾਰਜ ਕਾਲ ਦੌਰਾਨ ਉਹਨੇ ਅਤੇ ਉਹਦੇ ਪਰਿਵਾਰ ਨੇ ਬੇਸ਼ੁਮਾਰ ਦੌਲਤ ਇਕੱਠੀ ਕੀਤੀ ਹੈ। ਇਸ ਭਰੋਸੇਮੰਦ ਰਿਪੋਰਟ ਵਿਚ ਕਿਹਾ ਗਿਆ ਹੈ: “ਜਨਰਲ ਦੀ ਪਤਨੀ ਆਇਸ਼ਾ ਅਰਬਾਂ ਰੁਪਏ ਦੀ ਮਾਲਕਣ ਹੈ ਜਿਸ ਦੇ ਨਾਂ ’ਤੇ ਇਸਲਾਮਾਬਾਦ ਦੀ ਗੁਲਬਰਗ ਗ੍ਰੀਨਜ਼ ਤੇ ਕਰਾਚੀ ਵਿਚ ਵੱਡੇ ਫਾਰਮ ਹਾਊਸ, ਲਾਹੌਰ ਵਿਚ ਡੀਐੱਚਏ ਸਕੀਮ ਤਹਿਤ ਬਹੁਤ ਸਾਰੇ ਰਿਹਾਇਸ਼ੀ ਪਲਾਟ ਤੇ ਪਲਾਜ਼ਾ ਬੋਲਦੇ ਹਨ। ਬਾਜਵਾ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਸਾਂਝਾ ਕੌਮਾਂਤਰੀ ਕਾਰੋਬਾਰ ਵੀ ਹੈ ਜੋ ਵਿਦੇਸ਼ ਵਿਚ ਪੂੰਜੀ ਤਬਦੀਲ ਕਰਨ ਅਤੇ ਵਿਦੇਸ਼ਾਂ ਵਿਚ ਜਾਇਦਾਦਾਂ ਖਰੀਦਣ ਵੇਚਣ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ ਹੈ। ਇਸੇ ਦੌਰਾਨ ਲਾਹੌਰ ਦੀ ਇਕ ਮੁਟਿਆਰ ਇਕ ਕੋਰ ਕਮਾਂਡਰ ਦੀ ਨੂੰਹ ਬਣਨ ਤੋਂ ਨੌਂ ਦਿਨਾਂ ਦੇ ਅੰਦਰ ਅੰਦਰ ਹੀ ਅਰਬਾਂ ਰੁਪਏ ਦੀ ਮਾਲਕਣ ਬਣ ਗਈ।” ਇਸ ਰਿਪੋਰਟ ਵਿਚ ਹੋਰ ਵੀ ਬਹੁਤ ਸਾਰੇ ਖੁਲਾਸੇ ਕੀਤੇ ਗਏ ਹਨ ਤੇ ਇਸ ਦੀ ਬਹੁਤ ਚਰਚਾ ਛਿੜੀ ਹੋਈ ਹੈ ਪਰ ਹੁਣ ਇਸ ਨੂੰ ਹਟਾ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਦੀ ਸਿਆਸਤ ਵਿਚ ਇਸ ਰਿਪੋਰਟ ਦੀਆਂ ਗੂੰਜਾਂ ਸੁਣਾਈ ਦੇਣਗੀਆਂ। ਜਨਰਲ ਬਾਜਵਾ ਦੇ ਹੱਕ ਵਿਚ ਇਹ ਗੱਲ ਕਹੀ ਜਾ ਸਕਦੀ ਹੈ ਕਿ ਉਹਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜੋ ਪੂਰਬਲੇ ਜਰਨੈਲਾਂ ਨੇ ਨਾ ਕੀਤਾ ਹੋਵੇ, ਖ਼ਾਸਕਰ ਸ਼ਹਿਰੀ ਖੇਤਰਾਂ ਵਿਚ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿਚ। ਅਹਿਮ ਗੱਲ ਇਹ ਹੈ ਕਿ ਭਾਰਤ ਨਾਲ ਸੰਬੰਧਾਂ ਨੂੰ ਲੈ ਕੇ ਜਨਰਲ ਬਾਜਵਾ ਦੀ ਸੁਰ ਹਮੇਸ਼ਾ ਦੋਸਤਾਨਾ ਅਤੇ ਮੱਧ ਮਾਰਗੀ ਰਹੀ ਹੈ।
      ਭਾਰਤ ਨੇ ਪਾਕਿਸਤਾਨ ਦੀਆਂ ਅੰਦਰੂਨੀ ਘਟਨਾਵਾਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਹੈ ਜੋ ਸਿਆਣੀ ਗੱਲ ਹੈ। ਚੀਨ ਦੇ ਸਹਿਯੋਗ ਅਤੇ ਬਾਇਡਨ ਪ੍ਰਸ਼ਾਸਨ ਨਾਲ ਨਿੱਘੇ ਸੰਬੰਧਾਂ ਦੀ ਬਦੌਲਤ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ’ਤੇ ਲਾਈਆਂ ਪਾਬੰਦੀਆਂ ਹਟਾ ਲਈਆਂ ਹਨ। ਇਸ ਕਰ ਕੇ ਪਾਕਿਸਤਾਨ ਜੰਮੂ ਕਸ਼ਮੀਰ ਅਤੇ ਭਾਰਤ ਵਿਚ ਹੋਰ ਥਾਵਾਂ ’ਤੇ ਦਹਿਸ਼ਤੀ ਹਮਲਿਆਂ ਵਿਚ ਤੇਜ਼ੀ ਲਿਆ ਸਕਦਾ ਹੈ। ਹਾਲਾਂਕਿ ਪਾਕਿਸਤਾਨ ਦੇ ਸਿਆਣੇ ਲੋਕਾਂ ਨੂੰ ਪਤਾ ਹੈ ਕਿ ਪਾਕਿਸਤਾਨ ਨੂੰ ਬਲੋਚ ਕੌਮਪ੍ਰਸਤ ਗਰੁੱਪਾਂ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਹਮਲਿਆਂ ਵਿਚ ਤੇਜ਼ੀ ਆਉਣ ਦਾ ਖ਼ਤਰਾ ਵਧ ਰਿਹਾ ਹੈ। ਤਹਿਰੀਕ-ਏ-ਤਾਲਿਬਾਨ ਅਫ਼ਗਾਨਿਸਤਾਨ ਨਾਲ ਲਗਦੇ ਪਾਕਿਸਤਾਨ ਦੇ ਪਖਤੂਨ ਕੌਮਪ੍ਰਸਤ ਅਨਸਰਾਂ ਦੀ ਨੁਮਾਇੰਦਗੀ ਕਰਦੀ ਹੈ। ਇਸ ਤੋਂ ਇਲਾਵਾ ਖ਼ੈਬਰ ਪਖਤੂਨਖਵਾ ਸੂਬੇ ਅੰਦਰ ਵੀ ਤਣਾਅ ਵਧ ਰਿਹਾ ਹੈ। ਭਾਰਤ ਦੇ ਮਾਮਲੇ ਵਿਚ ਪਾਕਿਸਤਾਨ ਨੂੰ ਇਹੀ ਸਲਾਹ ਹੈ ਕਿ ‘ਸ਼ੀਸ਼ੇ ਦੇ ਘਰ ਵਿਚ ਰਹਿਣ ਵਾਲਿਆਂ ਨੂੰ ਦੂਜਿਆਂ ਦੇ ਘਰਾਂ ’ਤੇ ਪੱਥਰ ਨਹੀਂ ਸੁੱਟਣੇ ਚਾਹੀਦੇ।’
* ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।