ਦਲੀਪ ਸਿੰਘ ਉੱਪਲ ਦੀ ਸਵੈ-ਜੀਵਨੀ ਜਦੋਜਹਿਦ ਤੇ ਸਫਲਤਾ ਲਈ ਪ੍ਰੇਰਨਾ ਸ੍ਰੋਤ -   ਉਜਾਗਰ ਸਿੰਘ

ਦਲੀਪ ਸਿੰਘ ਉੱਪਲ ਇਕ ਸਾਧਾਰਨ ਕਿਸਾਨ ਪਰਿਵਾਰ ਦੇ ਘਰ ਜਨਮ ਲੈ ਕੇ ਸਮਾਜਿਕ ਰੁਤਬਿਆਂ ਦੀਆਂ ਬੁਲੰਦੀਆਂ 'ਤੇ ਪਹੁੰਚਣ ਵਾਲਾ ਹਿੰਮਤੀ ਇਨਸਾਨ ਹੈ। ਇੱਕ ਆਮ ਵਿਅਕਤੀ ਲਈ ਆਪਣੀ ਮੰਜ਼ਲ ਸਰ ਕਰਨਾ ਵੀ ਵੱਡੀ ਉਪਲਭਦੀ ਹੁੰਦੀ ਹੈ, ਪ੍ਰੰਤੂ ਦੂਜਿਆਂ ਦੀ ਮਦਦ ਲਈ ਤੱਤਪਰ ਰਹਿਣਾ ਅਤੇ ਉਨ੍ਹਾਂ ਦੇ ਭਵਿਖ ਦੀ ਚਿੰਤਾ ਕਰਨਾ ਇਨਸਾਨ ਦਾ ਵਿਲੱਖਣ ਗੁਣ ਹੁੰਦਾ ਹੈ। ਦਲੀਪ ਸਿੰਘ ਉੱਪਲ ਇਸ ਗੁਣ ਦਾ ਮਾਲਕ ਹੈ। ਉਸ ਦੀ 'ਹਿੰਮਤ ਦੇ ਹਾਸਲ' (ਸਵੈ-ਜੀਵਨੀ) ਪੜ੍ਹਕੇ ਦਲੀਪ ਸਿੰਘ ਉੱਪਲ ਦੀ ਜ਼ਿੰਦਗੀ ਦੀਆਂ ਕਈ ਅਜਿਹੀਆਂ ਪਰਤਾਂ ਖੁਲ੍ਹੀਆਂ, ਜਿਨ੍ਹਾਂ ਨੂੰ ਇਨਸਾਨ ਲੋਕਾਂ ਨੂੰ ਦੱਸਣ ਤੋਂ ਗੁਰੇਜ਼ ਕਰਦਾ ਹੈ। ਉਸ ਨੇ ਸਵੈ-ਜੀਵਨੀ ਨੂੰ ਛੋਟੇ-ਛੋਟੇ ਪ੍ਰੰਤੂ ਦਿਲਚਸਪ 43 ਲੇਖਾਂ ਵਿੱਚ ਵੰਡਿਆ ਹੈ। ਸਵੈ-ਜੀਵਨੀਆਂ ਵਿੱਚ ਆਮ ਤੌਰ ਤੇ ਆਪਣੇ ਪ੍ਰਾਪਤ ਕੀਤੇ ਉੱਚੇ ਰੁਤਬਿਆਂ ਜਾਂ ਮਾਰੇ ਮਾਅਰਕਿਆਂ ਦਾ ਹੀ ਜ਼ਿਕਰ ਹੁੰਦਾ ਹੈ। ਆਪਣੇ ਪਰਿਵਾਰਾਂ ਦੇ ਨਿੱਜੀ ਰੁਤਬੇ ਜੇਕਰ ਵੱਡੇ ਨਾ ਹੋਣ ਤਾਂ ਉਨ੍ਹਾਂ ਨੂੰ ਲਕੋਇਆ ਜਾਂਦਾ ਹੈ। ਪ੍ਰੰਤੂ ਲੇਖਕ ਨੇ ਆਪਣੀ ਸਵੈ-ਜੀਵਨੀ ਵਿੱਚ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਦਾ ਜ਼ਿਕਰ ਕਰਦਿਆਂ ਆਪਣੇ ਪਰਿਵਾਰ ਨੂੰ ਬੱਕਰੀਆਂ ਚਾਰਨ ਵਾਲਾ ਪਰਿਵਾਰ ਲਿਖਿਆ ਹੈ। ਉਨ੍ਹਾਂ ਆਪਣੇ ਨਿੱਜੀ ਪਰਿਵਾਰਿਕ ਮਸਲੇ ਵੀ ਲਿਖੇ ਹਨ, ਜਿਹੜੇ ਵਾਧੂ ਲਗਦੇ ਹਨ। ਜਿਨ੍ਹਾਂ ਵਿੱਚ ਮਾਤਾ ਪਿਤਾ ਦੀ ਲੜਾਈ ਅਤੇ ਉਸ ਵਿੱਚ ਦਲੀਪ ਸਿੰਘ ਉੱਪਲ ਦੀ ਦਖ਼ਲਅੰਦਾਜ਼ੀ ਬਹੁਤੀ ਜਾਇਜ਼ ਨਹੀਂ ਲੱਗਦੀ। ਮਾਂ ਦੇ ਹੱਕ ਵਿੱਚ ਖਲੋਣਾ ਔਲਾਦ ਦਾ ਫ਼ਰਜ਼ ਬਣਦਾ ਹੈ ਪਰੰਤੂ ਬਾਪ ਨਾਲ ਦੁਰਵਿਵਹਾਰ ਸ਼ੋਭਾ ਨਹੀਂ ਦਿੰਦਾ। ਹਰ ਘਰ ਵਿੱਚ ਵਿਚਾਰਾਂ ਦਾ ਮਤਭੇਦ ਹੁੰਦਾ ਹੈ। ਉਸ ਨੂੰ ਉਸੇ ਤਰ੍ਹਾਂ ਲਿਖਣਾ ਵੀ ਦਲੀਪ ਸਿੰਘ ਉਪੱਲ ਦਾ ਹੀ ਹੌਸਲਾ ਤੇ ਵਰਤਾਰਾ ਹੈ। ਉਨ੍ਹਾਂ ਲਿਖਿਆ ਹੈ ਕਿ ਮਾਪਿਆਂ ਦੀ ਆਰਥਿਕ ਕਮਜ਼ੋਰੀ ਕਰਕੇ ਬਹੁਤੀ ਪੜ੍ਹਾਈ ਕਠਨਾਤਿਮਿਕ ਸਥਿਤੀਆਂ ਦੌਰਾਨ ਹੀ ਹੋਈ। ਕਈ ਮੀਲ ਸਕੂਲ ਪੈਦਲ ਜਾਣਾ ਪੈਂਦਾ ਸੀ। ਸਾਈਕਲ ਵੀ ਨਸੀਬ ਨਹੀਂ ਹੁੰਦਾ ਸੀ। ਸਰਦੀਆਂ ਵਿੱਚ ਪਾਉਣ ਲਈ ਗਰਮ ਕਪੜੇ ਨਹੀਂ ਮਿਲਦੇ ਸਨ। ਇਕ ਵਾਰ ਪੜ੍ਹਾਈ ਅੱਧ ਵਿਚਕਾਰ ਛੱਡਣੀ ਵੀ ਪਈ। ਆਪਣੀ ਪੜ੍ਹਾਈ ਜ਼ਾਰੀ ਰੱਖਣ ਲਈ ਮਦਦ ਕਰਨ ਵਾਲੇ ਪਰਿਵਾਰ ਦੀ ਮੱਝ ਲਈ ਪੱਠੇ ਵੱਢ ਕੇ ਲਿਆਉਣੇ। ਕਿਰਾਏ ਦੇ ਮਕਾਨ ਵਿੱਚ ਹੀਰ ਵਾਰਿਸ ਗਾਉਣ ਕਰਕੇ ਮਾਲਕ ਮਕਾਨ ਦਾ ਝਿੜਕਣਾ ਆਦਿ। ਦਸਵੀਂ ਤੋਂ ਬਾਅਦ ਬੀ.ਏ. ਪ੍ਰਾਈਵੇਟ ਪਾਸ ਕੀਤੀ। ਐਮ.ਏ. ਅਤੇ ਐਲ.ਐਲ.ਬੀ. ਦੀਆਂ ਡਿਗਰੀਆਂ ਨੌਕਰੀ ਦੌਰਾਨ ਸ਼ਾਮ ਦੀਆਂ ਕਲਾਸਾਂ ਵਿੱਚ ਪੜ੍ਹਕੇ ਪ੍ਰਾਪਤ ਕੀਤੀਆਂ। ਇਨ੍ਹਾਂ ਗੱਲਾਂ ਤੋਂ ਪੜ੍ਹਾਈ ਅਤੇ ਆਪਣੇ ਕੈਰੀਅਰ ਬਾਰੇ ਉਨ੍ਹਾਂ ਦੇ ਸੁਚੇਤ ਹੋਣ ਦਾ ਪ੍ਰਗਟਾਵਾ ਹੁੰਦਾ ਹੈ। ਥੋੜ੍ਹੀ ਆਮਦਨ ਦੇ ਬਾਵਜੂਦ ਭਰਾ ਦੀ ਬਿਮਾਰੀ ਦਾ ਇਲਾਜ ਵੀ ਔਖਿਆਂ ਸੌਖਿਆਂ ਕਰਵਾਇਆ। ਕਈ ਲੋੜਬੰਦਾਂ ਦੀ ਆਰਥਿਕ ਮਦਦ ਕੀਤੀ ਅਤੇ ਕਈਆਂ ਨੂੰ ਆਪਣੇ ਕੋਲ ਰੱਖਕੇ ਪੜ੍ਹਾਇਆ। ਆਪਣੇ ਪੈਰਾਂ 'ਤੇ ਖੜ੍ਹੇ ਹੋਣ ਤੋਂ ਬਾਅਦ ਅੰਤਰਜਾਤੀ ਵਿਆਹ ਵੀ ਸਾਧਾਰਨ ਢੰਗ ਨਾਲ ਕਰਵਾਇਆ। ਉਸ ਸਮੇਂ ਅੰਤਰਜ਼ਾਤੀ ਵਿਆਹ ਕਰਵਾਉਣਾ ਕੋਈ ਸੌਖਾ ਕਾਰਜ਼ ਨਹੀਂ ਸੀ। ਬੇਲਦਾਰ ਤੋਂ ਨੌਕਰੀ ਸ਼ੁਰੂ ਕਰਕੇ ਪੌੜੀ-ਦਰ-ਪੌੜੀ ਟਾਈਪਿਸਟ, ਜੂਨੀਅਰ ਸਕੇਲ ਸਟੈਨੋ ਗ੍ਰਾਫਰ, ਸੀਨੀਅਰ ਸਕੇਲ ਸਟੈਨੋ ਗ੍ਰਾਫਰ, ਮੰਤਰੀ ਦੇ ਨਿੱਜੀ ਸਹਾਇਕ, ਪ੍ਰਬੰਧ ਅਧਿਕਾਰੀ, ਡਿਪਟੀ ਰਜਿਸਟਰਾਰ ਅਤੇ ਅਖ਼ੀਰ ਪੰਜਾਬੀ ਯੂਨੀਵਰਸਿਟੀ ਦੇ ਵਿਤ ਅਧਿਕਾਰੀ ਸੇਵਾ ਮੁਕਤ ਹੋਏ। ਇਹ ਸਾਰੀਆਂ ਸਫਲਤਾਵਾਂ, ਮਿਹਨਤ, ਲਗਨ, ਦ੍ਰਿੜ੍ਹਤਾ, ਨਮਰਤਾ, ਸਹਿਯੋਗ ਅਤੇ ਮਿਲਵਰਤਨ ਦੀ ਪ੍ਰਵਿਰਤੀ ਕਰਕੇ ਰੰਗ ਲਿਆਈਆਂ ਸਨ। ਇਹ ਸਵੈ-ਜੀਵਨੀ ਪਿੰਡਾਂ ਦੇ ਲੋਕਾਂ ਖਾਸ ਤੌਰ ਤੇ ਜੱਟਾਂ ਦੇ ਸ਼ਰੀਕਿਆਂ ਦੇ ਰਿਸ਼ਤਿਆਂ ਅਤੇ ਸੁਭਾਆ ਦੀ ਤਰਜਮਾਨੀ ਵੀ ਕਰਦੀ ਹੈ। ਕਿਵੇਂ ਉਹ ਆਪਣੇ ਖ਼ੂਨ ਦੇ ਸੰਬੰਧੀਆਂ ਨਾਲ ਵੀ ਖਹਿਬਾਜ਼ੀ ਵਿੱਚ ਪੈ ਜਾਂਦੇ ਹਨ? ਆਮ ਤੌਰ 'ਤੇ ਜੱਟਾਂ ਦੇ ਮੁੰਡਿਆਂ ਨੂੰ ਗਵਾਰ ਸਮਝਿਆ ਜਾਂਦਾ ਸੀ। ਲੇਖਕ ਨੇ ਆਪਣੇ ਆਪ ਨੂੰ ਸਹਿਜ, ਸ਼ਹਿਣਸ਼ੀਲਤਾ ਅਤੇ ਸਬਰ ਸੰਤੋਖ ਦਾ ਪੁਤਲਾ ਦਰਸਾ ਕੇ ਜੱਟ ਦੇ ਗਵਾਰ ਹੋਣ ਦੇ ਭੁਲੇਖੇ ਨੂੰ ਦੂਰ ਕਰ ਦਿੱਤਾ ਹੈ। ਇਸ ਸਵੈ-ਜੀਵਨੀ ਤੋਂ ਸਮਾਜ ਲਈ ਇੱਕ ਗੱਲ ਸਿੱਖਣ ਵਾਲੀ ਹੈ ਕਿ ਨਮਰਤਾ ਦੇ ਗਹਿਣੇ ਨਾਲ ਵੱਡੇ ਤੋਂ ਵੱਡੇ ਵਿਅਕਤੀ ਨੂੰ ਵੀ ਮਿਹਰਵਾਨ ਬਣਾਇਆ ਜਾ ਸਕਦਾ ਹੈ। ਫਿਰ ਉਹ ਹਮੇਸ਼ਾ ਦੁੱਖ-ਸੁੱਖ ਵਿੱਚ ਸਾਥ ਦੇ ਸਕਦੇ ਹਨ। ਨਮਰਤਾ ਦਾ ਗਹਿਣਾ ਇਨਸਾਨ ਦੇ ਸਮੁੱਚੇ ਜੀਵਨ ਵਿੱਚ ਵਰਦਾਨ ਸਾਬਤ ਹੁੰਦਾ ਹੈ।
  ਦਲੀਪ ਸਿੰਘ ਉਪਲ ਦਾ ਉਸ ਜ਼ਮਾਨੇ ਵਿੱਚ ਅੰਤਰਜ਼ਾਤੀ ਵਿਆਹ ਕਰਵਾ ਕੇ ਪਰੰਪਰਾਤਮਿਕ ਪਰੰਪਰਾਵਾਂ ਨੂੰ ਵੰਗਾਰਨਾ ਇਕ ਵਿਲੱਖਣ ਤੇ ਦਲੇਰੀ ਭਰਿਆ ਕਦਮ ਸੀ। ਅੱਜ ਤੱਕ ਵੀ ਅੰਤਰਜ਼ਾਤੀ ਵਿਆਹ ਕਰਨ ਵਾਲਿਆਂ ਦੇ ਕਤਲ ਹੋ ਜਾਂਦੇ ਹਨ। ਖਾਸ ਤੌਰ 'ਤੇ ਜੱਟ ਪਰਿਵਾਰ ਦੇ ਲੜਕੇ ਲਈ ਤਾਂ ਹੋਰ ਵੀ ਜੋਖ਼ਮ ਭਰਿਆ ਕੰਮ ਹੁੰਦਾ ਹੈ। ਏਥੇ ਹੀ ਦਲੀਪ ਸਿੰਘ ਉਪਲ ਨੇ ਇਹ ਵੀ ਦੱਸਿਆ ਹੈ ਕਿ ਜ਼ਾਤ ਕਈ ਵਾਰ ਨੌਕਰੀ ਵਿੱਚ ਨਿਯੁਕਤੀਆਂ ਅਤੇ ਤਰੱਕੀਆਂ ਦਾ ਰਸਤਾ ਵੀ ਰੋਕ ਲੈਂਦੀ ਹੈ ਅਤੇ ਕਈ ਵਾਰ ਜ਼ਾਤ ਬਰਾਦਰੀ ਲਾਭਦਾਇਕ ਵੀ ਬਣਦੀ ਹੈ। ਸਿਆਸਤਦਾਨਾ ਖਾਸ ਤੌਰ ਤੇ ਮੰਤਰੀਆਂ ਵਿੱਚ ਭਰਿਸ਼ਟਾਚਾਰ ਦੀ ਲਲਕ ਅਤੇ ਲਾਲਸਾ ਦਾ ਪ੍ਰਗਟਾਵਾ ਕਰਨਾ ਤੇ ਆਪ ਇਮਾਨਦਾਰੀ ਦਾ ਪੱਲਾ ਨਾ ਛੱਡਣਾ ਵੀ ਦਲੀਪ ਸਿੰਘ ਉੱਪਲ ਦੀ ਦਲੇਰੀ ਦਾ ਹਾਸਲ ਹੈ। ਮੰਤਰੀਆਂ ਦੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਿੱਜੀ ਸਟਾਫ ਨੂੰ ਭਰਿਸ਼ਟ ਕਰਨ ਦਾ ਪਰਦਾ ਵੀ ਫਾਸ਼ ਕੀਤਾ ਗਿਆ ਹੈ। ਇਹ ਗੱਲਾਂ ਸਾਡੇ ਪਰਜਾਤੰਤਰ ਦੀਆਂ ਕਮਜ਼ੋਰੀਆਂ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਦਲੀਪ ਸਿੰਘ ਉੱਪਲ ਦੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਤੋਂ ਇਲਾਵਾ ਸੰਬੰਧਤ ਅਧਿਕਾਰੀਆਂ ਨਾਲ ਸਦਭਾਵਨਾ ਦਾ ਵਰਤਾਰਾ ਵੀ ਸਹਾਈ ਹੁੰਦਾ ਹੈ।  ਉਨ੍ਹਾਂ ਦੱਸਿਆ ਹੈ ਕਿ ਦਫ਼ਤਰਾਂ ਵਿੱਚ ਸਫਲ ਅਧਿਕਰੀ ਹੋਣ ਲਈ ਵਿਭਾਗੀ ਨਿਯਮਾਂ ਦੀ ਜਾਣਕਾਰੀ ਅਤਿਅੰਤ ਜ਼ਰੂਰੀ ਹੈ। ਫਿਰ ਨਿਧੱੜਕ ਹੋ ਕੇ ਆਪਣੇ ਫ਼ਰਜ਼ ਨਿਭਾਏ ਜਾ ਸਕਦੇ ਹਨ। ਜਿਸ ਕਰਕੇ ਕੋਈ ਗ਼ਲਤ ਕੰਮ ਨਹੀਂ ਹੋ ਸਕਦਾ ਅਤੇ ਫਿਰ ਅਧਿਕਾਰੀ ਖੁਦ ਹੀ ਗ਼ਲਤ ਕੰਮ ਕਰਨ ਤੋਂ ਕਤਰਾਉਂਦਾ ਹੈ। ਜੇਕਰ ਗ਼ਲਤ ਕੰਮ ਕਰੋਗੀ ਤਾਂ ਤੁਹਾਡੀ ਜ਼ਮੀਰ ਤੁਹਾਨੂੰ ਜਲੀਲ ਕਰੇਗੀ। ਹਰ ਇਨਸਾਨ ਨੂੰ ਜੇਕਰ ਚੰਗੇ ਗੁਣ ਸਿੱਖਣ ਦਾ ਮੌਕਾ ਮਿਲੇ ਤਾਂ ਅਜਾਈਂ ਨਹੀਂ ਗੁਆਉਣੇ ਚਾਹੀਦੇ। ਫਿਰ ਉਹ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ। ਦਲੀਪ ਸਿੰਘ ਉੱਪਲ ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ਉੱਪਲ ਨੂੰ ਜ਼ਿੰਦਗੀ ਵਿੱਚ ਸਫਲਤਾਵਾਂ ਪ੍ਰਾਪਤ ਕਰਨ ਲਈ ਕਈ ਵੇਲਣ ਵੇਲਣੇ ਪਏ। ਪੜ੍ਹਾਈ ਕਰਨ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰੰਤੂ ਇਸ ਗੱਲ ਦਾ ਉਨ੍ਹਾਂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਨੇ ਆਪ ਵੀ ਉਚੇਰੀ ਪੜ੍ਹਾਈ ਕੀਤੀ ਅਤੇ ਆਪਣੇ ਦੋਵੇਂ ਬੱਚੇ ਲੜਕੀ ਡਾ.ਨਿਵੇਦਤਾ ਸਿੰਘ ਅਤੇ ਲੜਕਾ ਡਾ.ਅਲੰਕਾਰ ਸਿੰਘ ਨੂੰ ਉਚ ਪੜ੍ਹਾਈ ਕਰਵਾਈ, ਜਿਸ ਕਰਕੇ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਦੋਵੇਂ ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਆਪਣੇ ਪਿੰਡ ਦੇ ਸਕੂਲ ਵਿੱਚ ਇਕ ਲਾਇਬਰੇਰੀ ਵੀ ਸਥਾਪਤ ਕੀਤੀ ਹੋਈ ਹੈ, ਜਿਸ ਵਿੱਚ 5000 ਤੋਂ ਵੱਧ ਪੁਸਤਕਾਂ ਹਨ ਤਾਂ ਜੋ ਪਿੰਡ ਦੇ ਬੱਚੇ ਵਿਦਿਅਕ ਚਾਨਣ ਦਾ ਫੈਲਾ ਕਰ ਸਕਣ।
ਦਲੀਪ ਸਿੰਘ ਉੱਪਲ ਦਾ ਜਨਮ ਉਨ੍ਹਾਂ ਦੀ ਮਾਤਾ ਦੇ ਨਾਨਕੇ ਪਿੰਡ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਪੱਛਵੀਂ ਪਾਕਿਸਤਾਨ ਦੇ ਲਾਇਲਪੁਰ (ਸੈਫ਼ਦਾਵਾਦ) ਜਿਲ੍ਹੇ ਦੀ ਜੜ੍ਹਾਂਵਾਲਾ ਤਹਿਸੀਲ ਦੇ ਪਿੰਡ ਚੱਕ ਨੰਬਰ 31 ਵਿਚ 11 ਜੂਨ 1938 ਨੂੰ ਹੋਇਆ। ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਤੋਂ ਅਤੇ ਅੱਠਵੀਂ ਤੱਕ ਦੀ ਖਾਲਸਾ ਹਾਈ ਸਕੂਲ  ਨੰਗਲ ਅੰਬੀਆਂ ਤੋਂ ਪ੍ਰਾਪਤ ਕੀਤੀ। ਪੜ੍ਹਾਈ ਲਈ ਉਨ੍ਹਾਂ ਨੂੰ ਬੜੇ ਵੇਲਣ ਵੇਲਣੇ ਪਏ। ਉਨ੍ਹਾਂ ਦਾ ਜੱਦੀ ਪਿੰਡ ਸ਼ਾਹਕੋਟ ਨੇੜੇ ਲਸੂੜੀ ਜਿਲ੍ਹਾ ਜਲੰਧਰ ਵਿੱਚ ਹੈ। ਦਲੀਪ ਸਿੰਘ ਉੱਪਲ ਦੀਆਂ ਇਕ ਦਰਜਨ ਤੋਂ ਉਪਰ ਅਨੁਵਾਦ ਅਤੇ ਮੌਲਿਕ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਸਵੈ-ਜੀਵਨੀ ਤੋਂ ਇਕ ਗੱਲ ਹੋਰ ਸ਼ਪਸ਼ਟ ਹੁੰਦੀ ਹੈ ਕਿ ਹਰ ਵਿਅਕਤੀ ਨੂੰ ਆਪਣਾ ਕੋਈ ਨਾ ਕੋਈ ਨਿਸ਼ਾਨਾ ਨਿਸਚਤ ਕਰਨਾ ਚਾਹੀਦਾ ਹੈ ਫਿਰ ਪ੍ਰਾਪਤੀ ਲਈ ਜਦੋਜਹਿਦ ਕੀਤੀ ਜਾ ਸਕਦੀ ਹੈ।
  236 ਪੰਨਿਆਂ, 295 ਰੁਪਏ ਕੀਮਤ ਵਾਲੀ 'ਹਿੰਮਤ ਦੇ ਹਾਸਲ' ਪੁਸਤਕ ਸੰਗਮ ਪਬਲੀਕੇਸ਼ਨਜ਼, ਸਮਾਣਾ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com