ਮਿੰਨੀ ਕਹਾਣੀ : ਲਾਲਚ - ਰਾਜਿੰਦਰ ਬੈਂਸ   

ਕਿਸੇ ਜੰਗਲ ਵਿਚ ਇਕ ਸੋਨੇ ਦੀ ਚੱਟਾਨ ਪਈ ਸੀ। 2 ਘੋੜਸਵਾਰ ਉਥੇ ਪਹੁੰਚੇ। ਦੋਵੇਂ ਉਥੇ ਇਕੋ ਵੇਲੇ ਪਹੁੰਚੇ ਸਨ, ਇਸ ਲਈ ਦੋਵਾਂ ਨੇ ਉਸ ਚੱਟਾਨ 'ਤੇ ਆਪਣਾ-ਆਪਣਾ ਹੱਕ ਜਤਾਇਆ। ਪਹਿਲਾਂ ਵਾਕ-ਯੁੱਧ ਹੋਇਆ ਅਤੇ ਅਖੀਰ ਵਿਚ ਤਲਵਾਰਾਂ ਖਿੱਚੀਆਂ ਗਈਆਂ। ਥੋੜ੍ਹੀ ਦੇਰ 'ਚ ਹੀ ਤਲਵਾਰਾਂ ਇਕ-ਦੂਜੇ ਦੇ ਆਰ-ਪਾਰ ਹੋ ਗਈਆਂ। ਦੋਵੇਂ ਨੌਜਵਾਨ ਉਥੇ ਹੀ ਢੇਰੀ ਹੋ ਗਏ।ਕੁਝ ਦੇਰ ਬਾਅਦ ਉਸੇ ਰਸਤੇ 'ਤੇ ਇਕ ਮਹਾਤਮਾ ਆਏ। ਉਹ ਵੀ ਸੋਨੇ ਦੀ ਚੱਟਾਨ ਦੇਖ ਕੇ ਹੈਰਾਨ ਰਹਿ ਗਏ। ਭੁੱਲ ਗਏ ਕਿ ਉਹ ਤਿਆਗੀ-ਤਪੱਸਵੀ ਹਨ। ਸੋਨੇ ਦੀ ਚਮਕ ਵਿਚ ਉਨ੍ਹਾਂ ਨੂੰ ਨੌਜਵਾਨਾਂ ਦੀਆਂ ਲਾਸ਼ਾਂ ਵੀ ਦਿਖਾਈ ਨਾ ਦਿੱਤੀਆਂ। ਉਹ ਸਕੀਮ ਬਣਾਉਣ ਲੱਗੇ ਕਿ ਕਿਵੇਂ ਉਸ ਚੱਟਾਨ ਨੂੰ ਚੁੱਕ ਕੇ ਆਪਣੀ ਝੌਂਪੜੀ ਵਿਚ ਪਹੁੰਚਾਉਣ। ਉਸੇ ਵੇਲੇ ਉਥੇ 6 ਚੋਰ ਆ ਗਏ। ਮਹਾਤਮਾ ਨੇ ਚੋਰਾਂ ਨੂੰ ਕਿਹਾ ਕਿ ਉਹ ਚੱਟਾਨ ਉਸ ਦੀ ਝੌਂਪੜੀ ਵਿਚ ਪਹੁੰਚਾ ਦੇਣ ਤਾਂ ਉਹ ਉਨ੍ਹਾਂ ਨੂੰ ਕਾਫੀ ਪੈਸਾ ਦੇਣਗੇ। ਚੋਰ ਹੱਸੇ ਅਤੇ ਬੋਲੇ,''ਅਸੀਂ ਤੈਨੂੰ ਹੀ ਉੱਪਰ ਪਹੁੰਚਾ ਦਿੰਦੇ ਹਾਂ, ਫਿਰ ਸਾਰਾ ਪੈਸਾ ਸਾਡਾ ਹੀ ਹੋਵੇਗਾ।'' ਚੋਰਾਂ ਨੇ ਅਜਿਹਾ ਹੀ ਕੀਤਾ।ਫਿਰ ਚੋਰਾਂ ਨੇ ਫੈਸਲਾ ਕੀਤਾ ਕਿ ਉਹ ਉਸ ਚੱਟਾਨ ਦੇ 6 ਹਿੱਸੇ ਕਰਕੇ ਵੰਡ ਲੈਣਗੇ ਪਰ ਸਮੱਸਿਆ ਇਹ ਸੀ ਕਿ ਚੱਟਾਨ ਦੇ 6 ਹਿੱਸੇ ਕੀਤੇ ਕਿਵੇਂ ਜਾਣ? ਅਖੀਰ 'ਚ ਉਹ ਇਕ ਸੁਨਿਆਰੇ ਕੋਲ ਗਏ। ਸੁਨਿਆਰੇ ਨੂੰ ਉਨ੍ਹਾਂ ਕਿਹਾ ਕਿ ਉਹ ਉਸ ਚੱਟਾਨ ਦੇ 6 ਹਿੱਸੇ ਕਰ ਦੇਵੇ। ਇਸ ਦੇ ਬਦਲੇ ਉਸ ਨੂੰ ਢੁਕਵਾਂ ਮਿਹਨਤਾਨਾ ਦਿੱਤਾ ਜਾਵੇਗਾ।ਚੋਰਾਂ ਦੀ ਗੱਲ ਸੁਣ ਕੇ ਸੁਨਿਆਰੇ ਦੇ ਮਨ ਵਿਚ ਲਾਲਚ ਆ ਗਿਆ। ਉਹ ਪੂਰੀ ਚੱਟਾਨ ਹੀ ਹਜ਼ਮ ਕਰਨ ਬਾਰੇ ਸੋਚਣ ਲੱਗਾ। ਉਸ ਨੇ ਤੁਰਨ ਤੋਂ ਪਹਿਲਾਂ 6 ਲੱਡੂ ਤਿਆਰ ਕੀਤੇ ਅਤੇ ਉਨ੍ਹਾਂ ਵਿਚ ਜ਼ਹਿਰ ਮਿਲਾ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਲੱਡੂਆਂ ਨੂੰ ਨਾਲ ਲੈ ਕੇ ਉਹ ਚੋਰਾਂ ਨਾਲ ਜੰਗਲ ਵਿਚ ਪਹੁੰਚਿਆ। ਉਸ ਨੇ ਕਿਹਾ,''ਭਰਾਓ! ਪਹਿਲਾਂ ਕੁਝ ਖਾ ਲਵੋ, ਕੰਮ ਬਾਅਦ 'ਚ ਕਰਾਂਗੇ।''ਚੋਰਾਂ ਨੇ ਕਿਹਾ,''ਪਹਿਲਾਂ ਕੰਮ ਹੋ ਜਾਵੇ।''ਆਖਿਰ ਸੁਨਿਆਰੇ ਨੇ ਸੋਨੇ ਦੀ ਚੱਟਾਨ ਦੇ 6 ਹਿੱਸੇ ਕਰ ਦਿੱਤੇ। ਚੋਰਾਂ ਨੇ ਇਕ-ਇਕ ਹਿੱਸਾ ਲੈ ਲਿਆ। ਸੁਨਿਆਰੇ ਨੇ ਮਿਹਨਤਾਨਾ ਮੰਗਿਆ ਤਾਂ ਚੋਰਾਂ ਨੇ ਉਸ ਨੂੰ ਮਾਰ ਦਿੱਤਾ। ਫਿਰ ਚੋਰਾਂ ਨੇ ਸੋਚਿਆ ਕਿ ਜਾਣ ਤੋਂ ਪਹਿਲਾਂ ਕੁਝ ਖਾ ਲਿਆ ਜਾਵੇ। ਉਨ੍ਹਾਂ ਸੁਨਿਆਰੇ ਵਲੋਂ ਲਿਆਂਦੇ ਗਏ ਲੱਡੂ ਖਾ ਲਏ। ਲੱਡੂ ਖਾਂਦਿਆਂ ਹੀ ਉਨ੍ਹਾਂ ਦੀ ਵੀ ਉਹੀ ਹਾਲਤ ਹੋਈ ਜੋ ਪਹਿਲੇ ਨੌਜਵਾਨਾਂ, ਮਹਾਤਮਾ ਤੇ ਸੁਨਿਆਰੇ ਦੀ ਹੋਈ ਸੀ। ਸੋਨੇ ਦੀ ਚੱਟਾਨ ਲਾਲਚ ਦੀ ਪ੍ਰਤੀਕ ਹੈ, ਜਿਸ ਨੇ ਵੀ ਉਸ ਨੂੰ ਆਪਣਾ ਬਣਾਉਣਾ ਚਾਹਿਆ, ਉਹੀ ਚੱਲ ਵਸਿਆ। ਜਿਥੇ ਲਾਲਚ ਪੈਦਾ ਹੁੰਦਾ ਹੈ, ਉਥੇ ਤਬਾਹੀ ਫੈਲ ਜਾਂਦੀ ਹੈ।


ਰਾਜਿੰਦਰ ਬੈਂਸ   
ਲੁਧਿਆਣਾ
 MOB.098765-16603    
rajinderbains1970@gmail.com