ਇਲਮ ਦੇ ਕੇਂਦਰ ਵੱਲ ਪਰਤਦਿਆਂ - ਗੁਰਬਚਨ ਜਗਤ

ਇੰਟੈਲੀਜੈਂਸ ਬਿਊਰੋ ਤੋਂ ਸੇਵਾਮੁਕਤ ਹੋਏ ਮੇਰੇ ਇਕ ਮਿੱਤਰ ਨੇ ਮੈਨੂੰ ‘ਭਾਰਤ ਦੀ ਸੁਰੱਖਿਆ ਦੇ ਅੰਦਰੂਨੀ ਪਹਿਲੂਆਂ ਦਾ ਪ੍ਰਭਾਵ’ ਵਿਸ਼ੇ ’ਤੇ ਇਕ ਗੋਸ਼ਠੀ ਵਿਚ ਸ਼ਾਮਲ ਹੋਣ ਦਾ ਗ਼ੈਰ-ਰਸਮੀ ਸੱਦਾ ਦਿੱਤਾ। ਇਸ ਤੋਂ ਬਾਅਦ ਪੁਣੇ ਇੰਟਰਨੈਸ਼ਨਲ ਸੈਂਟਰ ਦੇ ਪ੍ਰਧਾਨ ਡਾ. ਮਸ਼ੇਲਕਰ, ਮੀਤ ਪ੍ਰਧਾਨ ਡਾ. ਕੇਲਕਰ ਅਤੇ ਕੋਆਰਡੀਨੇਟਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਪਟਨਕਰ ਦੀ ਤਰਫ਼ੋਂ ਇਕ ਰਸਮੀ ਸੱਦਾ ਪੱਤਰ ਵੀ ਮਿਲ ਗਿਆ। ਜਿਨ੍ਹਾਂ ਦਿਨਾਂ ਵਿਚ ਮੈਂ ਜੰਮੂ ਕਸ਼ਮੀਰ ਵਿਚ ਡੀਜੀਪੀ ਹੁੰਦਾ ਸੀ ਤਾਂ ਲੈਫ. ਜਨਰਲ ਪਤਨਕਰ ਉਦੋਂ ਡਿਵੀਜ਼ਨ ਕਮਾਂਡਰ ਹੁੰਦੇ ਸਨ ਅਤੇ ਉਹ ਮੇਰੇ ਸੰਪਰਕ ਵਿਚ ਆਉਣ ਵਾਲੇ ਬਿਹਤਰੀਨ ਅਫ਼ਸਰਾਂ ’ਚੋਂ ਆਉਂਦੇ ਸਨ ਜੋ ਬਹੁਤ ਹੀ ਪੇਸ਼ੇਵਰ ਤੇ ਭੱਦਰਪੁਰਸ਼ ਹਨ। ਸੇਵਾਮੁਕਤੀ ਤੋਂ ਬਾਅਦ ਮੈਂ ਟੀਵੀ ਚੈਨਲਾਂ ਦੇ ਬਹਿਸ ਮੁਬਾਹਸਿਆਂ ਜਾਂ ਸੈਮੀਨਾਰਾਂ ਵਿਚ ਹਿੱਸਾ ਨਾ ਲੈਣ ਦਾ ਪ੍ਰਣ ਲਿਆ ਸੀ। ਪਰ ਇਹ ਸੱਦਾ ਮੇਰੇ ਦਿਲ ਦੀਆਂ ਤਰਬਾਂ ਨੂੰ ਛੇੜ ਰਿਹਾ ਸੀ ਤੇ 1940ਵਿਆਂ ਦੇ ਅਖੀਰ ਅਤੇ 1950 ਦੀ ਸ਼ੁਰੂਆਤੀ ਸਾਲਾਂ ਵਿਚ ਮੇਰੀ ਜ਼ਿਆਦਾਤਰ ਸਕੂਲੀ ਪੜ੍ਹਾਈ ਪੁਣੇ ਵਿਚ ਹੀ ਹੋਈ ਸੀ। ਇਸ ਕਰਕੇ ਬਾਲਪਣ ਦੀ ਪੁਕਾਰ ਅਤੇ ਬਹਿਸ ਵਿਚ ਸ਼ਾਮਲ ਹੋਣ ਵਾਲੀਆਂ ਸ਼ਖ਼ਸੀਅਤਾਂ ਦੇ ਅਸਰ ਕਰਕੇ ਮਨ ਵਿਚ ਉੱਥੇ ਜਾਣ ਦੀ ਖ਼ਾਹਿਸ਼ ਜਾਗ ਪਈ।
ਉਂਝ, ਜਦੋਂ ਆਉਣ ਜਾਣ ਲਈ ਦਰਕਾਰ ਸਮੇਂ ਤੇ ਫਿਰ ਦਿੱਲੀ ਵਿਚ ਪੈਂਦੇ ਪੜਾਅ ਦਾ ਹਿਸਾਬ ਲਾਇਆ ਤਾਂ ਮੈਂ ਸੋਚੀਂ ਪੈ ਗਿਆ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਆਖ਼ਰ ਮੈਂ ਸੱਦਾ ਪ੍ਰਵਾਨ ਕਰ ਲਿਆ ਤੇ ਜਾਣ ਆਉਣ ਦੀਆਂ ਉਡਾਣਾਂ ਬੁੱਕ ਕਰ ਲਈਆਂ। ਮਿੱਥੇ ਦਿਨ ਮੈਂ ਤੇ ਮੇਰੀ ਪਤਨੀ ਕਿਰਨ ਉੱਥੇ ਪਹੁੰਚ ਗਏ। ਅਸੀਂ ਪੁਣੇ ਹਵਾਈ ਅੱਡੇ ’ਤੇ ਉੱਤਰ ਕੇ ਸਿੱਧੇ ਹੋਟਲ ਗਏ। ਸੜਕਾਂ ਦੀ ਹਾਲਤ, ਆਵਾਜਾਈ ਤੇ ਬਹੁ-ਮੰਜ਼ਿਲਾ ਇਮਾਰਤਾਂ ਨੂੰ ਦੇਖ-ਦੇਖ ਕਿਰਨ ਕੁਝ ਜ਼ਿਆਦਾ ਕੋਫ਼ਤ ਮਹਿਸੂਸ ਕਰ ਰਹੀ ਸੀ। ਬਹਰਹਾਲ, ਮੇਰੀ ਗੱਲ ਹੋਰ ਸੀ ਤੇ ਮੈਨੂੰ ਉੱਥੇ ਇੰਝ ਲੱਗ ਰਿਹਾ ਸੀ ਜਿਵੇਂ ਹਰ ਸਾਹ ਤੋਂ ਊਰਜਾ ਮਿਲ ਰਹੀ ਹੋਵੇ ਜਿਵੇਂ ਕਿ ਮਰਾਠੀ ਦਾ ਹਰ ਸ਼ਬਦ ਪੜ੍ਹ ਕੇ ਮਿਲਦੀ ਹੁੰਦੀ ਸੀ। ਮੇਰੀਆਂ ਅੱਖਾਂ ’ਤੇ ਬਚਪਨ ਦੇ ਬਿਤਾਏ ਦਿਨਾਂ ਦੀਆਂ ਯਾਦਾਂ ਦਾ ਚਸ਼ਮਾ ਚੜ੍ਹ ਗਿਆ ਸੀ ਜਿਸ ’ਚੋਂ ਨਵਾਂ ਪੁਰਾਣਾ, ਦੇਖਿਆ ਅਣਦੇਖਿਆ ਸਭ ਕੁਝ ਚੰਗਾ-ਚੰਗਾ ਲੱਗ ਰਿਹਾ ਸੀ।
       ਵਿਚਾਰ ਚਰਚਾ ਦਿਨ ਭਰ ਚਲਦੀ ਰਹੀ ਤੇ ਵੱਡੀ ਗੱਲ ਇਹ ਸੀ ਕਿ ਬੰਦਾ ਜ਼ਿਆਦਾਤਰ ਸਮਾਂ ਉਸ ਵਿਚ ਖੁੱਭਿਆ ਰਹਿੰਦਾ ਸੀ। ਇੰਟੈਲੀਜੈਂਸ, ਪੁਲੀਸ, ਫ਼ੌਜ, ਹਵਾਈ ਸੈਨਾ, ਵਿਦੇਸ਼ ਸੇਵਾ, ਪ੍ਰਾਈਵੇਟ ਖੇਤਰ ਤੇ ਗ਼ੈਰ ਸਰਕਾਰੀ ਸੰਗਠਨਾਂ ਆਦਿ ਵੱਖ ਵੱਖ ਖੇਤਰਾਂ ਤੋਂ ਲੋਕ ਇਸ ਵਿਚ ਹਿੱਸਾ ਲੈ ਰਹੇ ਸਨ। ਇਨ੍ਹਾਂ ਦੀ ਚੋਣ ਬਹੁਤ ਸੂਝ-ਬੂਝ ਨਾਲ ਕੀਤੀ ਗਈ ਅਤੇ ਪੇਸ਼ਕਾਰੀਆਂ ਵੀ ਵਾਹਵਾ ਸਾਰਥਕ ਸਨ। ਇਨ੍ਹਾਂ ਵਿਚ ਕੁਝ ਸਰਕਾਰੀ ਕਾਰਜਵਿਧੀਆਂ ਦੀ ਆਲੋਚਨਾ ਵੀ ਕੀਤੀ ਗਈ ਸੀ ਤੇ ਨਾਲ ਹੀ ਭਵਿੱਖ ਲਈ ਸੋਚ ਭਰਪੂਰ ਸੁਝਾਅ ਵੀ ਸ਼ਾਮਲ ਸਨ। ਸਵਾਲ ਜਵਾਬ ਦੇ ਸੈਸ਼ਨ ਕਾਫ਼ੀ ਦਿਲਕਸ਼ ਸਨ। ਫਿਲਹਾਲ, ਮੈਂ ਇਨ੍ਹਾਂ ਵਿਚਾਰ ਚਰਚਾਵਾਂ ਦੀ ਤਫ਼ਸੀਲ ਵਿਚ ਨਹੀਂ ਜਾਵਾਂਗਾ ਕਿਉਂਕਿ ਅੱਜ ਦਾ ਮੇਰਾ ਵਿਸ਼ਾ ਖ਼ੁਦ ਪੁਣੇ ਜਾਂ ਪੂਨਾ ਹੈ (ਜਿਵੇਂ ਕਿ ਮੈਂ ਇਸ ਨੂੰ ਯਾਦ ਕਰਦਾ ਹਾਂ)।
      ਅਖੀਰਲਾ ਦਿਨ ਲਗਭਗ ਖਾਲੀ ਸੀ ਤੇ ਅਸੀਂ ਸੇਂਟ ਵਿਨਸੈਂਟ’ਜ਼ ਹਾਈ ਸਕੂਲ ਪਹੁੰਚਣ ਲਈ ਕਤਾਰ ’ਚ ਖੜ੍ਹ ਗਏ ਜਿੱਥੋਂ ਮੈਂ ਨੌਵੀ ਦੀ ਪੜ੍ਹਾਈ ਮੁਕੰਮਲ ਕੀਤੀ ਸੀ (ਮੈਂ ਪ੍ਰਾਇਮਰੀ ਕਲਾਸਾਂ ਦੇ ਕੁਝ ਸਾਲ ਹਚਿੰਗ’ਜ਼ ਗਰਲਜ਼ ਸਕੂਲ ਵਿਚ ਬਿਤਾਏ ਸਨ, ਜੋ ਹੁਣ ਕੋ-ਐਜੂਕੇਸ਼ਨਲ ਹੈ)। ਸਾਡੀ ਕਾਰ ਜੀਪੀਐੱਸ ਦੇ ਇਸ਼ਾਰੇ ’ਤੇ ਅੱਗੇ ਵਧਦੀ ਜਾ ਰਹੀ ਸੀ ਤੇ ਮੇਰੀਆਂ ਨਜ਼ਰਾਂ ਸੜਕਾਂ ਦੇ ਆਲੇ-ਦੁਆਲੇ ਪੁਰਾਣੇ ਮੰਜ਼ਰ ਢੂੰਡ ਰਹੀਆਂ ਸਨ ਜਿੱਥੋਂ ਮੈਂ ਸਾਈਕਲ ਚਲਾਉਂਦਿਆਂ ਲੰਘਿਆ ਕਰਦਾ ਸਾਂ। ਕਾਫ਼ੀ ਖੌਝਲਣ ਤੋਂ ਬਾਅਦ ਮੈਂ ਕੁਝ ਮੋੜ-ਘੋੜ ਪਛਾਣ ਸਕਿਆ ਪਰ ਕੰਕਰੀਟ ਤੇ ਸਟੀਲ ਦੇ ਢਾਂਚਿਆਂ ਦੇ ਖਲਜਗਣ ਨੇ ਮੇਰੇ ਲਈ ਸਭ ਕੁਝ ਬੇਪਛਾਣ ਕਰ ਕੇ ਰੱਖ ਦਿੱਤਾ ਸੀ। ਹਿੰਦੁਸਤਾਨ ਬੁੱਕ ਸ਼ਾਪ ਤੇ ਬੋਹਰਾ ਸ਼ਾਪ ਜਿੱਥੋਂ ਅਸੀਂ ਸਟੇਸ਼ਨਰੀ ਤੇ ਕਿਤਾਬਾਂ ਖਰੀਦਦੇ ਸਾਂ, ਕਿਤੇ ਦਿਖਾਈ ਨਹੀਂ ਦਿੰਦੀਆਂ ਸਨ। ਪਥਰੀਲੀਆਂ ਟਾਈਲਾਂ ਦੀਆਂ ਛੱਤਾਂ ਵਾਲੇ ਛੋਟੇ ਛੋਟੇ ਘਰਾਂ ਦੀ ਥਾਂ ਫਲੈਟ ਹੀ ਫਲੈਟ ਉਸਰ ਗਏ ਸਨ। ਮੇਰਾ ਦਿਲ ਬਹਿ ਗਿਆ ਤੇ ਮੈਂ ਸੋਚਣ ਲੱਗਿਆ ਕਿ ਕਿਰਨ ਜੋ ਕੁਝ ਕਹਿ ਰਹੀ ਸੀ, ਠੀਕ ਹੀ ਹੈ।
      ਪਰ ਫਿਰ ਜਿਵੇਂ ਕੋਈ ਚਮਤਕਾਰ ਵਾਪਰਦਾ ਹੈ ਤੇ ਸਕੂਲ ਦੇ ਐਨ ਸਾਹਮਣੇ ਜਾ ਕੇ ਜਿਵੇਂ ਸਮਾਂ ਠਹਿਰ ਗਿਆ- ਸਕੂਲ ਦਾ ਉਹੀ ਮੱਥਾ ਤੇ ਪਾਸੇ ਦੀਆਂ ਇਮਾਰਤਾਂ ਨਜ਼ਰ ਆਈਆਂ ਜੋ 1956 ਵਿਚ ਮੇਰੇ ਸਕੂਲ ਛੱਡਣ ਵੇਲੇ ਮੌਜੂਦ ਸਨ। ਸ਼ਹਿਰ ਵਿਚ ਜੋ ਕੁਝ ਵੀ ਮੇਰਾ ਦੇਖਿਆ ਹੋਇਆ ਸੀ, ਉਸ ਸਭ ਕਾਸੇ ਵਿਚ ਇਕ ਸਥਾਈ ਚਾਨਣ ਮੁਨਾਰਾ ਸੀ ਜੋ ਤਾਉਮਰ ਚਾਨਣ ਦਾ ਸਰੋਤ ਬਣਿਆ ਰਿਹਾ ਹੈ। ਸਕੂਲ ਦੇ ਮੱਥੇ ਦੀ ਚੋਟੀ ’ਤੇ ਯਿਸੂ ਮਸੀਹ ਦੀ ਮੂਰਤੀ ਤੇ ਸਕੂਲ ਦਾ ਲੋਗੋ ਬਣਿਆ ਹੋਇਆ ਹੈ। ਮਨ ਵਿਚ ਧੂਹ ਪਈ ਕਿ ਇਸ ਪਵਿੱਤਰ ਜਗ੍ਹਾ ’ਤੇ ਸੀਸ ਨਿਵਾਵਾਂ। ਘਾਹ ਦੇ ਮੈਦਾਨ ਦੀ ਦਿੱਖ ਥੋੜ੍ਹੀ ਬਦਲੀ ਹੋਈ ਸੀ ਪਰ ਜਦੋਂ ਅਸੀਂ ਵਰਾਂਡੇ ਵਿਚ ਪੁੱਜੇ ਤੇ ਪੌੜੀਆਂ ਤੇ ਕਲਾਸਰੂਮ ਦੇਖੇ ਤਾਂ ਮੈਂ ਕਿਸੇ ਹੋਰ ਹੀ ਵਕਤ ਤੇ ਜਗ੍ਹਾ ਪਹੁੰਚ ਗਿਆ। ਐਤਵਾਰ ਹੋਣ ਕਰਕੇ ਖੁੱਲ੍ਹਾ ਲਾਅਨ, ਇਮਾਰਤਾਂ, ਖੇਡ ਮੈਦਾਨ ਸਾਰੇ ਖਾਲੀ ਪਏ ਸਨ ਤੇ ਉੱਥੇ ਇਕ ਚੌਕੀਦਾਰ ਮੌਜੂਦ ਸੀ ਤੇ ਜਦੋਂ ਮੇਰੇ ਮੂੰਹੋਂ ਨਿਕਲਿਆ ‘1956’ ਤਾਂ ਉਹ ਸਾਡੇ ਵੱਲ ਵੇਖਦਾ ਰਹਿ ਗਿਆ। ਮੈਨੂੰ ਯਾਦ ਸੀ ਕਿ ਜਦੋਂ ਸਕੂਲ ਖੁੱਲ੍ਹਾ ਹੁੰਦਾ ਤਾਂ ਸਕੂਲ ਵਿਚ ਕਲਾਸਰੂਮਾਂ ਦੇ ਬਾਹਰ ਵੀ ਉਸੇ ਤਰ੍ਹਾਂ ਦੀ ਖ਼ਾਮੋਸ਼ੀ ਹੁੰਦੀ ਸੀ।
      ਵਰਾਂਡਾ ਤੇ ਇਮਾਰਤਾਂ ਬਹੁਤ ਹੀ ਸਾਫ਼ ਸੁਥਰੇ ਸਨ। ਜਲਦੀ ਹੀ ਅਸੀਂ ਅੱਠਵੀਂ-ਬੀ ਦੇ ਕਲਾਸਰੂਮ ਸਾਹਮਣੇ ਪਹੁੰਚ ਗਏ। ਇਹ ਉਹੀ ਕਮਰਾ ਤੇ ਉਹੀ ਕਲਾਸ ਸੀ ਜਿੱਥੇ ਅਸੀਂ ਪੜ੍ਹਦੇ ਹੁੰਦੇ ਸਾਂ। ਹੋਰ ਹੈਰਾਨੀ ਹੋਈ ਕਿ ਡੈਸਕ ਤੇ ਦੋ ਸੀਟਾਂ ਵਾਲੇ ਬੈਂਚ ਵੀ ਉਹੀ ਸਨ ਜਿਨ੍ਹਾਂ ’ਤੇ ਕਾਫ਼ੀ ਕੁਝ ਲਿਖਿਆ ਹੋਇਆ ਸੀ। ਹੋ ਸਕਦਾ ਇਨ੍ਹਾਂ ਦੀ ਥੋੜ੍ਹੀ ਬਹੁਤ ਮੁਰੰਮਤ ਕਰਵਾਈ ਗਈ ਹੋਵੇ। ਇਸੇ ਮੌਕੇ ਮੈਨੂੰ ਇਸ ਕਮਰੇ ਨਾਲ ਜੁੜੀ ਇਕ ਘਟਨਾ ਦੀ ਯਾਦ ਆਈ। ਮਿਸਟਰ ਲੋਬੋ ਸਾਡੇ ਗਣਿਤ ਅਧਿਆਪਕ ਸਨ ਤੇ ਉਨ੍ਹਾਂ ਦਾ ਸੁਭਾਅ ਬਹੁਤ ਸੜੀਅਲ ਸੀ ਤੇ ਗੁੱਸਾ ਹਰ ਵੇਲੇ ਨੱਕ ’ਤੇ ਬੈਠਾ ਰਹਿੰਦਾ ਸੀ। ਕਲਾਸ ਵੱਲ ਪਿੱਠ ਕਰ ਕੇ ਉਹ ਬਲੈਕਬੋਰਡ ’ਤੇ ਕੁਝ ਲਿਖ ਰਹੇ ਸਨ ਕਿ ਕਿਸੇ ਸ਼ਰਾਰਤੀ ਨੇ ਨਾਲੀ ਨੁਮਾ ਕੋਈ ਚੀਜ਼ ਕੱਢ ਕੇ ਉਨ੍ਹਾਂ ਵੱਲ ਸੁੱਟੀ ਜੋ ਚੱਕਰ ਕੱਟ ਕੇ ਉਨ੍ਹਾਂ ਦੇ ਕੋਲ ਜਾ ਡਿੱਗੀ। ਉਹ ‘ਦੋਸ਼ੀ’ ਨੂੰ ਖੜ੍ਹਾ ਕਰ ਕੇ ਸਜ਼ਾ ਦੇਣੀ ਚਾਹੁੰਦੇ ਸਨ ਪਰ ਕੋਈ ਵੀ ਖੜ੍ਹਾ ਨਾ ਹੋਇਆ। ਉਹ ਚਾਹੁੰਦੇ ਸਨ ਕਿ ਦੂਜੇ ਬੱਚੇ ਉਸ ਦੀ ਪਛਾਣ ਕਰਨ ਪਰ ਸਾਰਿਆਂ ਨੇ ਚੁੱਪ ਵੱਟ ਲਈ। ਦਿਨ ਦੀ ਆਖ਼ਰੀ ਕਲਾਸ ਸੀ, ਜਿਸ ਤੋਂ ਬਾਅਦ ਖੇਡਾਂ ਦਾ ਜ਼ਰੂਰੀ ਪੀਰੀਅਡ ਸੀ। ਮਿਸਟਰ ਲੋਬੋ ਨੇ ਫ਼ੈਸਲਾ ਕੀਤਾ ਕਿ ਜਦੋਂ ਤੱਕ ਮਾਮਲਾ ਨਹੀਂ ਨਿਬੜਦਾ ਉਦੋਂ ਤੱਕ ਨਾ ਕੋਈ ਖੇਡਾਂ ਦੇ ਪੀਰੀਅਡ ਲਈ ਤੇ ਨਾ ਹੀ ਘਰ ਜਾ ਸਕੇਗਾ। ਦੋਵੇਂ ਧਿਰਾਂ ਟੱਸ ਤੋਂ ਮੱਸ ਹੋਣ ਲਈ ਤਿਆਰ ਨਹੀਂ ਸਨ। ਕੁਝ ਘੰਟੇ ਬੀਤਣ ਤੋਂ ਬਾਅਦ ਪ੍ਰਿੰਸੀਪਲ ਫਾਦਰ ਰਹਿਮ ਕਮਰੇ ਕੋਲੋਂ ਲੰਘਦੇ ਹੋਏ ਅੰਦਰ ਆ ਗਏ। ਜਦੋਂ ਉਨ੍ਹਾਂ ਨੂੰ ਮਾਮਲੇ ਬਾਰੇ ਦੱਸਿਆ ਗਿਆ ਤਾਂ ਉਹ ਵੀ ਆਪਣੇ ਰਾਹ ਚਲੇ ਗਏ। ਅਖੀਰ ਜਦੋਂ ਪ੍ਰੇਸ਼ਾਨਹਾਲ ਮਾਪਿਆਂ ਦੇ ਸਵਾਲ ਆਉਣ ਲੱਗੇ ਤਾਂ ਮਿਸਟਰ ਲੋਬੋ ਕਲਾਸ ਦੀ ਸੁੱਕੀ ਝਾੜਝੰਬ ਕਰਨ ਤੋਂ ਬਾਅਦ ਨਰਮ ਪੈ ਗਏ।
      ਅਸੀਂ ਅੱਠਵੀਂ-ਬੀ ਕਲਾਸ ਦੇ ਕਮਰੇ ਦੇ ਬਾਹਰ ਰੁਕੇ ਜਿੱਥੇ ਮੇਰੀ ਸਕੂਲ ਵਿਚ ਇਕੋ ਵਾਰ ਹੱਥੋਪਾਈ ਹੋਈ ਸੀ। ਮਿਸ ਫਰਨਾਡੇਜ਼ ਸਾਨੂੰ ਪੜ੍ਹਾਉਂਦੇ ਸਨ ਤੇ ਡੈਸਕ ’ਤੇ ਮੇਰੇ ਨਾਲ ਮੇਰਾ ਸਭ ਤੋਂ ਵਧੀਆ ਮਿੱਤਰ ਅਬਦੁਲ ਕਾਦਿਰ ਬੈਠਦਾ ਸੀ। ਉਹ ਖ਼ਲੀਲ ਨਾਂ ਦੇ ਇਕ ਹੋਰ ਲੜਕੇ ਨੂੰ ਪਸੰਦ ਨਹੀਂ ਕਰਦਾ ਸੀ ਤੇ ਉਹ ਕਾਦਿਰ ਨਾਲ ਪੰਗਾ ਲੈਣ ਲਈ ਮੈਨੂੰ ਘੂਰਦਾ ਰਹਿੰਦਾ ਸੀ। ਕਲਾਸ ਖ਼ਤਮ ਹੋਣ ਤੋਂ ਬਾਅਦ ਜਦੋਂ ਅਸੀਂ ਬਾਹਰ ਗਏ ਤਾਂ ਮੈਂ ਖ਼ਲੀਲ ਦੇ ਮੁੱਕਾ ਜੜ ਦਿੱਤਾ ਤੇ ਅਸੀਂ ਹੱਥੋਪਾਈ ਹੋ ਗਏ। ਮਿਸ ਫਰਨਾਡੇਜ਼ ਦੌੜ ਕੇ ਬਾਹਰ ਆਏ ਤੇ ਸਾਨੂੰ ਦੋਵਾਂ ਨੂੰ ਵੱਖ ਕੀਤਾ। ਮੇਰਾ ਇਹ ਰੂਪ ਦੇਖ ਕੇ ਉਹ ਵੀ ਦੰਗ ਰਹਿ ਗਏ ਕਿਉਂਕਿ ਉਨ੍ਹਾਂ ਨੂੰ ਮੈਥੋਂ ਅਜਿਹੀ ਬਿਲਕੁਲ ਵੀ ਉਮੀਦ ਨਹੀਂ ਸੀ। ਖ਼ੈਰ, ਉਨ੍ਹਾਂ ਮਾਮਲਾ ਪ੍ਰਿੰਸੀਪਲ ਕੋਲ ਨਾ ਭੇਜਿਆ ਤੇ ਮੇਰਾ ਡੰਡੇ ਪੈਣ ਤੋਂ ਬਚਾਅ ਹੋ ਗਿਆ।
       ਅਸੀਂ ਪੌੜੀਆਂ ਚੜ੍ਹ ਕੇ ਛੇਵੀਂ ਦਾ ਕਲਾਸਰੂਮ ਨਾ ਵੇਖ ਸਕੇ ਜਿੱਥੇ ਮਿਸ ਗੋਮਜ਼ ਸਾਨੂੰ ਪੜ੍ਹਾਉਂਦੇ ਹੁੰਦੇ ਸਨ। ਮੈਨੂੰ ਯਾਦ ਹੈ ਕਿ ਇਕ ਵਾਰ ਸਾਡੀ ਕਲਾਸ ਨੂੰ ਇਕ ਲੇਖ ਲਿਖਣ ਲਈ ਕਿਹਾ ਗਿਆ ਜਿਸ ਦਾ ਵਿਸ਼ਾ ਸੀ ‘ਗਿਆਨ ਤੇ ਅਕਲ’। ਤੁਸੀਂ ਇਸ ਨੂੰ ਮੇਰੀ ਸ਼ੇਖੀ ਆਖੋਗੇ ਪਰ ਮੇਰਾ ਲੇਖ ਕਲਾਸ ਵਿਚ ਪੜ੍ਹ ਕੇ ਸੁਣਾਇਆ ਗਿਆ ਸੀ। ਅਸੀਂ ਹੌਲੀ ਹੌਲੀ ਸਾਈਕਲ ਸਟੈਂਡ ਕੋਲੋਂ ਲੰਘਦੇ ਹੋਏ ਖਾਲੀ ਜਗ੍ਹਾ ’ਤੇ ਆ ਗਏ ਜਿੱਥੇ ਖਾਣ ਪੀਣ ਦੇ ਸਾਮਾਨ ਦੀ ਦੁਕਾਨ ਹੁੰਦੀ ਸੀ। ਖੇਡ ਮੈਦਾਨ ਦਾ ਵਧੀਆ ਰੱਖ ਰਖਾਓ ਕੀਤਾ ਗਿਆ ਸੀ ਤੇ ਇਕ ਨਵਾਂ ਸਟੇਡੀਅਮ ਵੀ ਬਣ ਗਿਆ ਸੀ। ਨਰਸਰੀ ਕਲਾਸਾਂ ਲਈ ਇਕ ਨਵੀਂ ਇਮਾਰਤ ਵੀ ਬਣ ਚੁੱਕੀ ਸੀ। ਰਿਹਾਇਸ਼ੀ ਕੁਆਰਟਰ ਬਿਲਕੁਲ ਉਵੇਂ ਦੇ ਉਵੇਂ ਸਨ ਜਿੱਥੇ ਫ਼ਾਦਰਜ਼ ਤੇ ਬ੍ਰਦਰਜ਼ ਰਿਹਾ ਕਰਦੇ ਸਨ ਤੇ ਇਨ੍ਹਾਂ ਵੱਲ ਕੋਈ ਬੱਚਾ ਨਹੀਂ ਜਾਂਦਾ ਸੀ।
      ਮੈਨੂੰ ਫਾਦਰ ਰਹਿਮ, ਫਾਦਰ ਹੈਫਲੀ, ਫਾਦਰ ਹੌਬਲਰ, ਫਾਦਰ ਕਲੀਮੈਂਟ ਦਾ ਚੇਤਾ ਆਉਂਦਾ ਹੈ। ਫਾਦਰ ਰਹਿਮ ਇਕ ਭਾਰਤੀ ਸਨ ਤੇ ਬਾਕੀ ਸਾਰੇ ਸਵਿਸ ਤੇ ਜਰਮਨ ਸਨ। ਇਕ ਵਾਰ ਪਿਕਨਿਕ ਮਨਾਉਣ ਲਈ ਅਸੀਂ ਝੀਲ ’ਤੇ ਗਏ ਸਾਂ ਤੇ ਫਾਦਰ ਹੌਬਲਰ ਨੇ ਤੈਰਾਕੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮੈਨੂੰ ਤੈਰਨ ਲਈ ਕਿਹਾ ਪਰ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਤੈਰਨਾ ਨਹੀਂ ਆਉਂਦਾ ਤਾਂ ਉਹ ਹੈਰਾਨ ਰਹਿ ਗਏ। ਅਧਿਆਪਕਾਂ ਦੀ ਲਗਨ ਦਾ ਹਾਲ ਇਹ ਸੀ ਕਿ ਅਗਲੇ ਦਿਨ ਉਹ ਸਾਈਕਲ ਲੈ ਕੇ ਮੇਰੇ ਨਾਲ ਇਕ ਨੇੜਲੇ ਤੈਰਾਕੀ ਤਲਾਅ ’ਤੇ ਪਹੁੰਚ ਗਏ। ਅਸੀਂ ਪੁਣੇ ਦੇ ਆਸ-ਪਾਸ ਸਾਰੇ ਮਰਾਠਾ ਕਿਲੇ ਘੁੰਮ ਕੇ ਦੇਖੇ ਹੋਏ ਸਨ। ਜਦੋਂ ਪਿੰਪਰੀ ਵਿਖੇ ਪਹਿਲੀ ਫੈਕਟਰੀ ਲੱਗੀ ਤਾਂ ਪਹਿਲੀ ਵਾਰ ਅਸੀਂ ਉਸ ਨੂੰ ਦੇਖਣ ਗਏ ਸਾਂ। ਹੁਣ ਪੁਣੇ ਦਾ ਬਹੁਤ ਜ਼ਿਆਦਾ ਸਨਅਤੀਕਰਨ ਹੋ ਚੁੱਕਿਆ ਹੈ। ਉਦੋਂ ਉੱਥੇ ਐਨਡੀਏ ਵਿਚ ਜਦੋਂ ਛੁੱਟੀ ਵਾਲੇ ਦਿਨ ਕੈਡੇਟਾਂ ਨੂੰ ਨੀਲੇ ਤੇ ਹਰੇ ਰੰਗ ਦੇ ਸੂਟ ਵਿਚ ਦੇਖਦੇ ਸਾਂ ਤਾਂ ਸਾਨੂੰ ਬੱਚਿਆਂ ਨੂੰ ਉਨ੍ਹਾਂ ’ਤੇ ਬਹੁਤ ਰਸ਼ਕ ਹੁੰਦਾ ਸੀ।
        ਇਕ ਗੱਲ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਜੋ ਕਿ ਅੱਜਕੱਲ੍ਹ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ- ਧਰਮ ਪਰਿਵਰਤਨ। ਸਕੂਲ ਵਿਚ ਜਿੰਨੇ ਸਾਲ ਵੀ ਅਸੀਂ ਰਹੇ ਕਦੇ ਵੀ ਕਿਸੇ ਨੇ ਸਾਨੂੰ ਸਕੂਲ ਵਿਚ ਸਥਿਤ ਗਿਰਜਾਘਰ ਜਾਣ ਲਈ ਨਹੀਂ ਕਿਹਾ ਗਿਆ ਤੇ ਸਵੇਰ ਵੇਲੇ ਆਮ ਪ੍ਰਾਰਥਨਾ ਸਭਾ ਹੁੰਦੀ ਸੀ। ਕਦੇ ਕਿਸੇ ਦੇ ਮਨ ਵਿਚ ਅਜਿਹਾ ਖ਼ਿਆਲ ਹੀ ਨਹੀਂ ਆਇਆ ਸੀ। ਮੇਰੀ ਪਤਨੀ ਵੀ ਲੋਰੈਟੋ ਕਾਨਵੈਂਟ, ਲਖਨਊ ਤੋਂ ਪੜ੍ਹੀ ਸੀ। ਹੋ ਸਕਦਾ ਹੈ ਕਿ ਉੱਤਰ ਪੂਰਬ ਜਾਂ ਕਿਸੇ ਆਦਿਵਾਸੀ ਖੇਤਰ ਵਿਚ ਕਿਤੇ ਕੁਝ ਹੋਇਆ ਹੋਵੇ ਪਰ ਸਾਡੇ ਕਾਨਵੈਂਟ ਸਕੂਲਾਂ ਵਿਚ ਕਦੇ ਅਜਿਹਾ ਕੁਝ ਨਹੀਂ ਵਾਪਰਿਆ।
       ਯਾਦਾਂ ਦੀ ਵਲਗਣ ’ਚੋਂ ਬਾਹਰ ਆਉਣ ਤੇ ਜਾਣ ਦਾ ਸਮਾਂ ਹੋ ਗਿਆ ਸੀ। ਇਹ ਉਹ ਸਕੂਲ ਸੀ ਜਿਸ ਨੇ ਮੈਨੂੰ ਗਿਆਨ ਦੇ ਔਜ਼ਾਰਾਂ ਨਾਲ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੁਨਰ ਸਿਖਾਇਆ ਸੀ। ਇਸ ਨੇ ਮੈਨੂੰ ਉਹ ਕਦਰਾਂ ਕੀਮਤਾਂ ਦਿੱਤੀਆਂ ਜੋ ਸਮਾਂ ਪਾ ਕੇ ਨਾ ਕੇਵਲ ਮਜ਼ਬੂਤ ਹੁੰਦੀਆਂ ਗਈਆਂ ਸਗੋਂ ਜ਼ਿੰਦਗੀ ਵਿਚ ਪਰਖ ਦੀਆਂ ਘੜੀਆਂ ਤੇ ਉਤਰਾਅ ਚੜ੍ਹਾਅ ਦੇ ਦੌਰਾਂ ਵਿਚ ਸਹਾਈ ਵੀ ਬਣੀਆਂ। ਚੜ੍ਹਤ ਜਾਂ ਬਦਹਵਾਸੀ ਦੇ ਦਿਨਾਂ ਵਿਚ ਇਹ ਸਭ ਤਰ੍ਹਾਂ ਦੇ ਹਮਲਿਆਂ ਤੋਂ ਢਾਲ ਦਾ ਕੰਮ ਦਿੰਦੀਆਂ ਰਹੀਆਂ। ਮੇਰੀ ਕਾਮਨਾ ਹੈ ਕਿ ਸੇਂਟ ਵਿਨਸੈਂਟ ’ਚੋਂ ਪਾਸ ਹੋਣ ਵਾਲੀਆਂ ਸਾਰੀਆਂ ਪੀੜ੍ਹੀਆਂ ਇਸ ਤਰ੍ਹਾਂ ਦੇ ਔਜ਼ਾਰਾਂ ਨਾਲ ਲੈਸ ਹੋ ਕੇ ਨਿਕਲਣ ਤੇ ਉਹ ਇਵੇਂ ਹੀ ਆਪਣੇ ਇਲਮ ਦੇ ਕੇਂਦਰ ਦੇ ਰਿਣੀ ਬਣੇ ਰਹਿਣ।
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।