'ਜੇ' ਅਤੇ 'ਕਿਉਂ' ਵਿਚ ਉਲਝੀਆਂ ਜ਼ਿੰਦਗੀਆਂ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਜਦੋਂ ਅਸੀਂ ਕਿਸੇ ਮਨਮੋਹਕ ਕੁਦਰਤੀ ਦ੍ਰਿਸ਼ ਨੂੂੰ ਵੇਖਦੇ ਹਾਂ ਤਾਂ ਅਵਾਕ ਹੋ ਕੇ ਉਸੇ ਵਿਚ ਖੁੱਭ ਕੇ ਰਹਿ ਜਾਂਦੇ ਹਾਂ। ਉਸ ਦੀ ਤਾਰੀਫ਼ ਕਰਦਿਆਂ ਅਸੀਂ ਥੱਕਦੇ ਨਹੀਂ। ਅਜਿਹੇ ਕਈ ਦ੍ਰਿਸ਼ ਅਸੀਂ ਤਸਵੀਰਾਂ ਖਿੱਚ ਕੇ ਸਾਂਭ ਕੇ ਰੱਖਦੇ ਹਾਂ ਤੇ ਹੋਰਨਾਂ ਨੂੰ ਵਿਖਾ ਕੇ ਉੱਥੇ ਜਾਣ ਲਈ ਪ੍ਰੇਰਦੇ ਹਾਂ। ਕਈ ਦ੍ਰਿਸ਼ ਤਾਂ ਸਾਡੇ ਲਈ ਉਮਰ ਭਰ ਦੀ ਯਾਦ ਬਣ ਜਾਂਦੇ ਹਨ।
ਇਨ੍ਹਾਂ ਕੁਦਰਤੀ ਦ੍ਰਿਸ਼ਾਂ ਵਿਚ ਅਸੀਂ ਆਪਣੀ ਮਰਜ਼ੀ ਨਾਲ ਤਬਦੀਲੀ ਨਹੀਂ ਕਰ ਸਕਦੇ, ਯਾਨੀ ਨਾ ਬੱਦਲਾਂ ਦੀ ਸ਼ਕਲ ਬਦਲ ਸਕਦੇ ਹੁੰਦੇ ਹਾਂ, ਨਾ ਹੀ ਡੁੱਬਦੇ ਸੂਰਜ ਦਾ ਸਮੁੰਦਰ ਵਿਚ ਪੈਂਦਾ ਅਕਸ ਤੇ ਨਾ ਹੀ ਬਰਫ਼ ਨਾਲ ਕੱਜੇ ਪਹਾੜ ਜਾਂ ਡਿੱਗਦੇ ਝਰਨੇ ਦੀਆਂ ਉੱਡਦੀਆਂ ਛਿੱਟਾਂ! ਅਜਿਹਾ ਦ੍ਰਿਸ਼ ਜਿਉਂ ਦਾ ਤਿਉਂ ਤਸਵੀਰਾਂ ਵਿਚ ਜਾਂ ਅੱਖਾਂ ਵਿਚ ਵਸਾ ਲੈਂਦੇ ਹਾਂ।
ਸੋਚ ਕੇ ਵੇਖੀਏ ਕਿ ਕੀ ਅਸੀਂ ਕਦੇ ਕਹਿੰਦੇ ਹਾਂ-ਜੇ ਦਰਖਤ ਪਹਾੜ ਦੇ ਪਰਲੇ ਕੋਨੇ ਉੱਤੇ ਹੁੰਦਾ ਤਾਂ ਹੀ ਨਜ਼ਾਰਾ ਸੋਹਣਾ ਹੁੰਦਾ। ਜੇ ਕਿਤੇ ਡੁੱਬਦੇ ਸੂਰਜ ਦਾ ਪਰਛਾਵਾਂ ਸਮੁੰਦਰ ਦੇ ਪਰਲੇ ਕੋਨੇ ਉੱਤੇ ਪੈਂਦਾ, ਤਾਂ ਹੀ ਮੈਂ ਤਸਵੀਰ ਖਿੱਚਦਾ! ਇਹ ਦ੍ਰਿਸ਼ ਬਿਨਾਂ ਤਬਦੀਲੀ ਸਦਕਾ ਹੀ ਮਨਮੋਹਕ ਲੱਗਦੇ ਹਨ। ਜਿਉਂ ਹੀ ਅਸੀਂ ਆਪ ਕਿਸੇ ਥਾਂ ਜਾਂ ਮਨੁੱਖ ਵਿਚ ਤਬਦੀਲੀ ਭਾਲਦੇ ਹਾਂ ਤਾਂ ਸਾਡੇ ਮਨ ਅੰਦਰਲੀ ਅਤ੍ਰਿਪਤ ਉਮੰਗ ਸਾਹਮਣੇ ਆ ਖੜੀ ਹੁੰਦੀ ਹੈ। ਇਹੀ ਸਾਰੇ ਪੁਆੜੇ ਦੀ ਜੜ੍ਹ ਹੁੰਦੀ ਹੈ।
ਜ਼ਿੰਦਗੀ ਵਿਚਲੀਆਂ ਅਤ੍ਰਿਪਤ ਉਮੰਗਾਂ ਹੀ ਸਾਨੂੰ ਸੰਤੁਸ਼ਟ ਨਹੀਂ ਹੋਣ ਦਿੰਦੀਆਂ। 'ਜੇ' ਮੇਰੇ ਕੋਲ ਵੱਡੀ ਕਾਰ ਹੁੰਦੀ, 'ਜੇ' ਮੇਰੀ ਵਹੁਟੀ ਉਸ ਵਰਗੀ ਸੋਹਣੀ ਹੁੰਦੀ, 'ਜੇ' ਮੇਰਾ ਬੱਚਾ ਵੀ ਡਾਕਟਰ ਬਣ ਜਾਂਦਾ, 'ਜੇ' ਮੇਰੀ ਨੌਕਰੀ ਅਮਰੀਕਾ ਵਿਚ ਹੁੰਦੀ, 'ਜੇ' ਮੈਂ ਪ੍ਰਧਾਨ ਮੰਤਰੀ ਹੁੰਦਾ, ਮੇਰੇ ਨਾਲ ਹੀ ਸਭ ਕੁੱਝ ਮਾੜਾ 'ਕਿਉਂ' ਹੁੰਦਾ ਹੈ, ਆਦਿ ਸਾਨੂੰ ਆਪਣੇ ਅੱਜ ਤੋਂ ਖੁਸ਼ੀ ਮਹਿਸੂਸ ਕਰਨ ਜੋਗਾ ਛੱਡਦੇ ਹੀ ਨਹੀਂ। ਜੋ ਕੁੱਝ ਹਾਸਲ ਹੈ, ਉਹ ਇੱਕ ਪਾਸੇ ਛੱਡ ਕੇ, ਪੂਰਾ ਜ਼ੋਰ ਤਬਦੀਲੀ ਉੱਤੇ ਲਾਉਣ ਸਦਕਾ ਅਸੀਂ ਪਤੀ-ਪਤਨੀ ਜਾਂ ਹੋਰ ਘਰੇਲੂ ਰਿਸ਼ਤਿਆਂ ਵਿਚ ਤਰੇੜ ਪਾ ਲੈਂਦੇ ਹਾਂ।
ਇਕ ਸਾਈਕਲ ਵਾਲਾ ਸਕੂਟਰ ਲੈਣ ਦਾ ਸੁਫ਼ਨਾ ਵੇਖਦਾ ਹੈ ਤੇ ਸਕੂਟਰ ਵਾਲਾ ਕਾਰ, ਕਾਰ ਵਾਲਾ ਜਹਾਜ਼ ਤੇ ਜਹਾਜ਼ ਵਾਲਾ ਚੰਨ ਉੱਤੇ ਪਹੁੰਚਣ ਨੂੰ ਜ਼ੋਰ ਲਾਉਂਦਾ ਹੀ ਪੂਰੀ ਜ਼ਿੰਦਗੀ ਖ਼ਤਮ ਕਰ ਲੈਂਦਾ ਹੈ। ਜੋ ਅੱਜ ਹੈ ਤੇ ਜੋ ਚੰਗੀਆਂ ਗੱਲਾਂ ਅੱਜ ਮਾਣ ਰਹੇ ਹਾਂ ਉਹ ਸਾਡੀ 'ਜੇ' ਤੇ 'ਕਿਉਂ' ਵਿਚ ਰੁਲ ਜਾਂਦੀਆਂ ਹਨ ਤੇ ਅਸੀਂ ਉਸ ਖ਼ੁਸ਼ੀ ਤੋਂ ਵਾਂਝੇ ਰਹਿ ਜਾਂਦੇ ਹਾਂ। ਇਹੀ ਕਾਰਨ ਹੈ ਕਿ

ਜਿੰਨੇ ਵੀ ਕੈਂਸਰ ਨਾਲ ਜੂਝ ਰਹੇ ਬੰਦੇ ਆਖ਼ਰੀ ਘੜੀਆਂ ਗਿਣ ਰਹੇ ਹੋਣ, ਉਹ ਸਾਰੇ ਇੱਕੋ ਹੀ ਸ਼ਿਕਾਇਤ ਕਰਦੇ ਵੇਖੇ ਗਏ ਹਨ-'ਜ਼ਿੰਦਗੀ ਮਾਨਣ ਦਾ ਵਕਤ ਹੀ ਨਹੀਂ ਮਿਲਿਆ। ਪਤਾ ਹੀ ਨਹੀਂ ਲੱਗਿਆ ਕਦੋਂ ਕੰਮਾਂ ਕਾਰਾਂ ਵਿਚ ਲੰਘ ਗਈ।'
ਬਿਲਕੁਲ ਇੰਜ ਹੀ, ਜਿਸ ਦੀ ਨਜ਼ਰ ਅਚਾਨਕ ਚਲੀ ਜਾਏ, ਉਦੋਂ ਹੀ ਉਸ ਨੂੰ ਕਹਿੰਦੇ ਸੁਣਦੇ ਹਾਂ-'ਹਾਏ, ਹੁਣ ਪਤਾ ਲੱਗਿਆ, ਅੱਖਾਂ ਕੀ ਨੇਅਮਤ ਨੇ!'' ਜਦੋਂ ਸੁਜਾਖਾ ਸੀ, ਉਦੋਂ ਅੱਖਾਂ ਦੀ ਅਹਿਮੀਅਤ ਸਮਝੀ ਹੀ ਨਹੀਂ। ਬਿਲਕੁਲ ਏਸੇ ਤਰ੍ਹਾਂ ਤੁਰਦੇ ਫਿਰਦੇ ਇਹਸਾਸ ਹੀ ਨਹੀਂ ਹੁੰਦਾ ਕਿ ਕਰੋੜਾਂ ਬੰਦੇ ਤੁਰ ਫਿਰ ਨਹੀਂ ਸਕਦੇ, ਅਨੇਕ ਮੰਜਿਆਂ ਉੱਤੇ ਅਪਾਹਜ ਬਣ ਕੇ ਅੱਡੀਆਂ ਰਗੜ ਰਹੇ ਹਨ, ਉਨ੍ਹਾਂ ਬਾਰੇ ਖ਼ਿਆਲ ਕਰ ਕੇ ਸ਼ੁਕਰਾਨਾ ਕਰਦਿਆਂ ਆਨੰਦਿਤ ਮਹਿਸੂਸ ਕਰਨ ਦੀ ਥਾਂ ਬੇਲੋੜੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਚੱਕਰ ਵਿਚ ਤਣਾਓ ਸਹੇੜ ਕੇ ਜਾਨ ਗੁਆ ਬਹਿੰਦੇ ਹਾਂ ਜਾਂ ਸਰੀਰ ਰੋਗਾਂ ਦੀ ਪੰਡ ਬਣ ਕੇ ਰਹਿ ਜਾਂਦਾ ਹੈ।
ਸੰਤੁਸ਼ਟੀ ਸਿਰਫ਼ ਤਾਂ ਆਉਂਦੀ ਹੈ ਜਦੋਂ ਅਸੀਂ ਆਪਣੇ ਹਾਲਾਤ ਨੂੰ ਜਿਉਂ ਦਾ ਤਿਉਂ ਮੰਨ ਕੇ ਉਸ ਵਿੱਚੋਂ ਖ਼ੁਸ਼ੀ ਦਾ ਇਹਸਾਸ ਭਾਲੀਏ। ਉਸ ਵਿਚ ਹੋਰ ਤਬਦੀਲੀ ਲੱਭਦੇ ਲੱਭਦੇ ਜ਼ਿੰਦਗੀ ਦਾ ਅਨਮੋਲ ਸਮਾਂ ਅਜਾਈਂ ਗੁਆ ਲੈਂਦੇ ਹਾਂ।
ਮਿਸਾਲ ਦੇ ਕੇ ਗੱਲ ਕਰਨੀ ਚਾਹਾਂਗੀ। ਸਵੇਰੇ ਉੱਠਦੇ ਸਾਰ ਇਕ ਬੰਦਾ ਝੁੰਝਲਾਹਟ ਨਾਲ ਚੀਕਦਾ ਹੈ-''ਅੱਜ ਫੇਰ ਰੌਲਾ ਰੱਪਾ ਪਾ ਕੇ ਜਗਾ 'ਤਾ। ਇਨ੍ਹਾਂ ਨਿਆਣਿਆਂ ਨੇ ਜੀਣਾ ਹਰਾਮ ਕੀਤਾ ਹੋਇਆ ਹੈ। ਅੱਗੋਂ ਸਾਰਾ ਦਿਨ ਬੌਸ ਦੀ ਚੱਕ ਚੱਕ! ਜ਼ਿੰਦਗੀ ਨਰਕ ਬਣੀ ਪਈ ਹੈ!''
ਹੁਣ ਦੂਜਾ ਪਾਸਾ ਵੇਖੀਏ!
1.    ਸਵੇਰੇ ਉੱਠਣ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਲੱਖ ਲੋਕਾਂ ਵਿੱਚੋਂ ਨਹੀਂ ਹਾਂ ਜਿਨ੍ਹਾਂ ਨੇ ਅੱਜ ਦੀ ਸਵੇਰ ਨਹੀਂ ਵੇਖਣੀ ਤੇ ਮੌਤ ਦੇ ਮੂੰਹ ਵਿਚ ਚਲੇ ਜਾਣਾ ਹੈ!
2.    ਨਿਆਣਿਆਂ ਦੇ ਰੌਲੇ ਰੱਪੇ ਦਾ ਮਤਲਬ ਹੈ ਕਿ ਸਾਨੂੰ ਕੁਦਰਤ ਨੇ ਪਿਆਰੇ ਬੱਚੇ ਦਿੱਤੇ ਹਨ ਤੇ ਅਸੀਂ ਉਨ੍ਹਾਂ ਲੱਖਾਂ ਲੋਕਾਂ ਤੋਂ ਕਿਤੇ ਚੰਗੇ ਹਾਂ ਜਿਹੜੇ ਬੱਚਾ ਪੈਦਾ ਨਾ ਕਰ ਸਕਣ ਸਦਕਾ ਦੁਖੀ ਹਨ ਜਾਂ ਗੋਦ ਲੈਣ ਲਈ ਤਰਲੇ ਕਰਦੇ ਫ਼ਿਰਦੇ ਹਨ। ਅਸੀਂ ਨਿਆਣਿਆਂ ਵੱਲੋਂ ਬਿਰਧ ਆਸ਼ਰਮ ਵਿਚ ਵੀ ਨਹੀਂ ਧੱਕੇ ਹੋਏ!
3.    ਅਸੀਂ ਆਪਣੀਆਂ ਅੱਖਾਂ ਨਾਲ ਵੇਖ ਸਕ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਮੂੰਹ ਨਾਲ ਬੋਲ ਰਹੇ ਹਾਂ ਤੇ ਤੁਰ ਵੀ ਸਕਦੇ ਪਏ ਹਾਂ। ਯਾਨੀ ਲਕਵਾ ਨਹੀਂ ਮਾਰਿਆ ਹੋਇਆ ਤੇ ਕਰੋੜਾਂ ਉਨ੍ਹਾਂ ਲੋਕਾਂ ਤੋਂ ਵੱਧ ਸੁਖੀ ਹਾਂ ਜੋ ਵੇਖ ਸੁਣ ਜਾਂ ਬੋਲ ਨਹੀਂ ਸਕਦੇ ਜਾਂ ਤੁਰਨ ਫਿਰਨ ਤੋਂ ਅਸਮਰੱਥ ਹਨ।
4.    ਬੌਸ ਦੀ ਚੱਕ ਚੱਕ ਦਾ ਮਤਲਬ ਹੈ ਕਿ ਸਾਨੂੰ ਨੌਕਰੀ ਵੀ ਮਿਲੀ ਹੋਈ ਹੈ ਤੇ ਅਸੀਂ ਕਰੋੜਾਂ

ਤੋਂ ਚੰਗੇ ਹਾਂ ਜਿਹੜੇ ਬੇਰੁਜ਼ਗਾਰ ਹਨ ਜਾਂ ਭਾਰ ਢੋ ਕੇ ਮਸਾਂ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰ ਰਹੇ ਹਨ।
5.    ਘਰ ਅੰਦਰ ਜਾਗ ਖੁੱਲੀ ਹੈ ਤਾਂ ਮਤਲਬ ਹੈ ਸਿਰ ਉੱਤੇ ਛੱਤ ਵੀ ਹੈ ਜੋ ਕਰੋੜਾਂ ਨੂੰ ਨਸੀਬ ਨਹੀਂ ਹੈ!
6.    ਕੀ ਇਹ ਸਭ ਕੁੱਝ ਹੁੰਦਿਆਂ ਹਾਲੇ ਵੀ ਨਿਰਾ ਅਫਸੋਸ ਹੀ ਕਰਨਾ ਹੈ? ਇਸ ਦੀ ਬਜਾਏ ਜੇ ਇਹ ਸੋਚਿਆ ਜਾਏ-ਜਿਨ੍ਹਾਂ ਦੇ ਸਿਰਾਂ ਉੱਤੇ ਛੱਤ ਹੈ, ਚਲਾਉਣ ਨੂੰ ਕਾਰ ਸਕੂਟਰ ਹੈ, ਤਿੰਨ ਵੇਲੇ ਦੀ ਰੋਟੀ ਮਿਲ ਰਹੀ ਹੈ, ਜੇਬ ਵਿਚ ਪੈਸੇ ਹਨ, ਨੌਕਰੀ ਹੈ, ਬੈਂਕ ਬੈਲੈਂਸ ਹੈ, ਅੱਖਾਂ, ਕੰਨ, ਨੱਕ ਤੇ ਲੱਤਾਂ ਸਲਾਮਤ ਹਨ ਤੇ ਜੇਲ੍ਹ ਅੰਦਰ ਬੰਦ ਵੀ ਨਹੀਂ ਹਾਂ, ਤਾਂ ਅਸੀਂ ਦੁਨੀਆਂ ਭਰ ਦੇ ਲੋਕਾਂ ਵਿੱਚੋਂ ਚੋਟੀ ਦੇ 2 ਫੀਸਦੀ ਲੋਕਾਂ ਵਿਚ ਸ਼ਾਮਲ ਹਾਂ। ਕੀ ਇਹ ਸ਼ੁਕਰ ਤੇ ਖ਼ੁਸ਼ੀ ਮਨਾਉਣ ਵਾਲੀ ਗ਼ੱਲ ਨਹੀਂ ਹੈ?
    ਜੇ ਖਿੱਝ ਕੇ ਉੱਠਣ ਨਾਲੋਂ ਸਵੇਰੇ ਉੱਠ ਕੇ ਆਪਣੇ ਜ਼ਿੰਦਾ ਹੋਣ ਦਾ ਸ਼ੁਕਰ ਮਨਾ ਕੇ, ਆਪਣੇ ਬੱਚਿਆਂ ਨਾਲ ਹੱਸ ਖੇਡ ਕੇ ਉਸ ਦਿਨ ਦਾ ਭਰਪੂਰ ਆਨੰਦ ਮਾਣੀਏ ਤਾਂ ਜ਼ਿੰਦਗੀ ਬਹੁਤ ਖ਼ੂਬਸੂਰਤ ਜਾਪੇਗੀ। ਇਹ ਜਸ਼ਨ ਦਾ ਮਾਹੌਲ ਸਭ ਨੂੰ ਖ਼ੁਸ਼ੀ ਨਾਲ ਭਰ ਦੇਵੇਗਾ ਤੇ ਚੁਫ਼ੇਰਾ ਚੰਗਾ ਜਾਪਣ ਲੱਗ ਪਵੇਗਾ।
    ਯਾਨੀ, ਅਸੀਂ ਆਪਣੇ ਆਲੇ-ਦੁਆਲੇ ਨੂੰ ਵੀ ਕੁਦਰਤੀ ਦ੍ਰਿਸ਼ ਮੰਨ ਕੇ ਤਬਦੀਲੀ ਮੰਗਣ ਦੀ ਥਾਂ ਉਸ ਨੂੰ ਖ਼ੁਸ਼ੀ ਨਾਲ ਮਾਨਣ ਦਾ ਤਰੀਕਾ ਸਿੱਖ ਲਈਏ ਤਾਂ ਇੱਕ ਪਾਸੇ ਚੁਗਿਰਦਾ ਰੁਸ਼ਨਾ ਜਾਂਦਾ ਹੈ ਤੇ ਦੂਜੇ ਪਾਸੇ ਮਨ ਵੀ ਖੇੜੇ ਨਾਲ ਭਰ ਜਾਂਦਾ ਹੈ।
    ਜੀਵਨ ਸਾਥੀ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਨ ਨਾਲੋਂ ਉਸ ਦੀਆਂ ਚੰਗੀਆਂ ਆਦਤਾਂ ਤੇ ਕੋਈ ਚੰਗੀ ਗੱਲ ਦੀ ਸਰਾਹਣਾ ਕਰਦੇ ਸਾਰ ਰਿਸ਼ਤਿਆਂ ਵਿਚਲੀ ਕੁੜੱਤਣ ਖੁਰ ਖਾਂਦੀ ਹੈ! ਜੋ ਹੈ, ਉਸ ਵਿਚ ਸੰਤੁਸ਼ਟ ਹੋਣਾ ਸਿੱਖਣ ਦੀ ਲੋੜ ਹੈ। ਨਹੀਂ ਤਾਂ ਸਾਰੀ ਉਮਰ ਕੁੜ੍ਹਦੇ ਹੋਏ ਹੀ ਲੰਘ ਜਾਣੀ ਹੈ ਤੇ ਕਦੋਂ ਅੰਤ ਹੋ ਜਾਣਾ ਹੈ ਪਤਾ ਹੀ ਨਹੀਂ ਲੱਗਣਾ।
    ਅਸੀਂ ਆਮ ਹੀ ਆਪਣੇ ਆਲੇ-ਦੁਆਲੇ ਅਗਾਂਹ ਵਧ ਰਹੇ ਲੋਕਾਂ, ਰਿਸ਼ਤੇਦਾਰਾਂ ਤੇ ਆਪਣਿਆਂ ਤੋਂ ਖ਼ਾਰ ਖਾਂਦੇ ਰਹਿੰਦੇ ਹਾਂ। ਜਿਨ੍ਹਾਂ ਨੂੰ ਜਾਣਦੇ ਨਹੀਂ, ਉਨ੍ਹਾਂ ਦੇ ਅਗਾਂਹ ਵਧਣ ਬਾਰੇ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ।
    ਜੇ ਕਿਸੇ ਹੋਰ ਮੁਲਕ ਦਾ ਇੰਜੀਨੀਅਰ ਸਾਡੇ ਤੋਂ ਵੱਡੀ ਕੋਠੀ ਤੇ ਕਾਰ ਖ਼ਰੀਦ ਚੁੱਕਿਆ ਹੈ ਤਾਂ ਕੋਈ ਗੱਲ ਨਹੀਂ, ਪਰ ਜੇ ਗਲੀ ਵਿਚ ਰਹਿੰਦਾ ਇੰਜੀਨੀਅਰ ਜਾਂ ਟੱਬਰ ਵਿਚਲੇ ਕਿਸੇ ਇੰਜੀਨੀਅਰ ਨੇ ਖਰੀਦੇ ਹਨ ਤਾਂ ਸਾਡੀਆਂ ਅੱਖਾਂ ਵਿਚ ਰੜਕ ਪੈਦਾ ਹੋ ਜਾਂਦੀ ਹੈ।
    ਇਸੇ ਨੁਕਤੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹੋਰਨਾਂ ਦੀ ਖ਼ੁਸ਼ੀ ਤੋਂ ਅਸੀਂ ਵਧ ਦੁਖੀ ਹੁੰਦੇ ਹਾਂ

ਪਰ ਆਪਣੇ ਸੁਖ ਨੂੰ ਮਾਨਣ ਲਈ ਸਮਾਂ ਨਹੀਂ ਕੱਢਦੇ। ਸਾਡੇ ਦੁੱਖਾਂ ਦੀ ਜੜ੍ਹ ਸਾਡੇ ਹੀ ਮਨ ਅੰਦਰ ਹੈ। ਲੰਘ ਚੁੱਕੇ ਸਮੇਂ ਨੂੰ ਤੇ ਪੁਰਾਣੀਆਂ ਮਾੜੀਆਂ ਚੰਗੀਆਂ ਯਾਦਾਂ ਅਸੀਂ ਛੰਡਦੇ ਨਹੀਂ ਤੇ ਨਾਲੋ ਨਾਲ ਤੋਰੀ ਰੱਖਦੇ ਹਾਂ। ਆਉਣ ਵਾਲੇ ਸਮੇਂ ਨੂੰ ਵਧੀਆ ਬਣਾਉਣ ਲਈ ਅਸੀਂ ਹਰ ਰੋਜ਼ ਦੀ ਨਿੱਕੀ ਖ਼ੁਸ਼ੀ ਮਾਣਨ ਦਾ ਸਮਾਂ ਨਹੀਂ ਕੱਢ ਰਹੇ! ਫੇਰ ਭਲਾ ਜ਼ਿੰਦਗੀ ਨੂੰ ਜੀਣਾ ਕਦੋਂ ਹੈ? ਖ਼ੁਸ਼ੀਆਂ ਕਦੇ ਵੱਡੇ ਪੈੱਕੈਜ ਵਾਂਗ ਨਹੀਂ ਆਉਂਦੀਆਂ।
    ਆਪਣੇ ਬੱਚੇ ਦੀ ਪਹਿਲੀ ਨਿਕਲੀ ਦੰਦੀ,  ਪਹਿਲਾ ਪੁੱਟਿਆ ਕਦਮ, ਪਹਿਲੀ ਵਾਰ ਦਾ 'ਪਾਪਾ' ਕਹਿਣਾ, ਪਹਿਲੀ ਵਾਰ ਸਕੂਲ ਛੱਡ ਕੇ ਆਉਣਾ, ਪਹਿਲੀ ਜੱਫੀ, ਪਹਿਲਾ ਚੁੰਮਣ, ਰਾਤ ਭਰ ਰੋਂਦੇ ਨੂੰ ਚੁੱਕ ਕੇ ਘੁੰਮਣਾ ਤੇ ਸੁਆਉਣਾ, ਉਸ ਨੂੰ ਪਹਿਲਾ ਟੀਕਾ ਲੱਗਣ ਸਮੇਂ ਉਸ ਤੋਂ ਵੱਧ ਆਪ ਰੋਣਾ, ਆਦਿ ਕਿੰਨੀਆਂ ਪਿਆਰੀਆਂ ਯਾਦਾਂ ਨੇ ਜੋ ਧੜਕਦੀ ਜ਼ਿੰਦਗੀ ਦਾ ਸਬੂਤ ਹੁੰਦੀਆਂ ਹਨ ਤੇ ਇਸੇ ਨੂੰ ਜ਼ਿੰਦਗੀ ਮਾਨਣਾ ਕਿਹਾ ਜਾਂਦਾ ਹੈ।
    ਜਦੋਂ ਕਮਾਈ ਦਾ ਸਮਾਂ ਹੁੰਦਾ ਹੈ, ਉਦੋਂ ਇਹੀ ਪਲਾਂ ਨੂੰ ਜੀਣ ਲਈ ਮਿਹਨਤ ਕੀਤੀ ਜਾਂਦੀ ਹੈ। ਚੇਤੇ ਸਿਰਫ਼ ਇਹ ਰੱਖਣਾ ਹੈ ਕਿ ਕਿਤੇ ਮਿਹਨਤ ਦਾ ਸਮਾਂ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਹੜੱਪ ਨਾ ਜਾਏ। ਬੱਚਿਆਂ ਨਾਲ ਬੱਚੇ ਬਣ ਕੇ ਖੇਡਣਾ, ਰੱਜ ਕੇ ਹੱਸਣਾ, ਨੱਚਣਾ, ਟੱਪਣਾ, ਘੁੰਮਣਾ ਹੀ ਅਸਲ ਜ਼ਿੰਦਗੀ ਦੇ ਪਲ ਹੁੰਦੇ ਹਨ। ਆਪਣੀ 'ਮੈਂ', 'ਮੇਰਾ', 'ਜੇ', 'ਮੇਰੇ ਨਾਲ ਹੀ ਕਿਉਂ', ਆਦਿ ਛੱਡ ਕੇ ਅੱਜ ਦੀ ਧੜਕਦੀ ਜ਼ਿੰਦਗੀ ਜੇ ਅਸੀਂ ਜੀਅ ਸਕੇ ਹਾਂ, ਤਾਂ ਯਕੀਨਨ ਇਸ ਸਫਰ ਦੇ ਅੰਤ ਵਿਚ ਕੋਈ ਗਿਲਾ ਸ਼ਿਕਵਾ ਨਹੀਂ ਰਹੇਗਾ।
    ਹਾਲੇ ਵੀ ਵੇਲਾ ਹੈ! ਰੋਜ਼ ਦੋਸਤਾਂ ਮਿੱਤਰਾਂ ਨਾਲ ਖ਼ੁਸ਼ੀਆਂ ਵੰਡੀਏ। ਪਤਾ ਨਹੀਂ ਕਿਸ ਨੇ ਕਦੋਂ ਵਿਛੜ ਜਾਣਾ ਹੈ! ਰੋਜ਼ ਆਪਣੇ ਬੱਚਿਆਂ ਨਾਲ ਸਮਾਂ ਬਿਤਾਈਏ। ਪਤਾ ਹੀ ਨਹੀਂ ਲੱਗਣਾ ਕਦੋਂ ਉਨ੍ਹਾਂ ਝਟਪਟ ਜਵਾਨ ਹੋ ਕੇ ਘਰੋਂ ਬਾਹਰ ਆਪਣੇ ਕੰਮਾਂ ਵਿਚ ਰੁੱਝ ਕੇ ਦੂਰ ਤੁਰ ਜਾਣਾ ਹੈ। ਬੇਰਹਿਮ ਮੌਤ ਨੇ ਕਦੋਂ ਜੀਵਨ ਸਾਥੀ ਖੋਹ ਲੈਣਾ ਹੈ, ਇਸ ਤੋਂ ਵੀ ਅਸੀਂ ਬੇਖ਼ਬਰ ਹਾਂ। ਇਸੇ ਲਈ ਆਪਣਿਆਂ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਦਿਆਂ ਮਨ ਵਿਚ ਕੌੜ ਭਰਨ ਦੀ ਥਾਂ ਉਨ੍ਹਾਂ ਨੂੰ ਕੁਦਰਤੀ ਦ੍ਰਿਸ਼ਾਂ ਵਾਂਗ ਇੰਜ ਹੀ ਅਪਨਾ ਲਈਏ ਤਾਂ ਜ਼ਿੰਦਗੀ ਵਾਕਈ ਬਹੁਤ ਖ਼ੂਬਸੂਰਤ ਜਾਪਣ ਲੱਗ ਪੈਣੀ ਹੈ ਤੇ ਬੇਰੰਗ ਰਿਸ਼ਤਿਆਂ ਵਿਚ ਵਾਪਸ ਰੌਣਕ ਪਰਤ ਆਵੇਗੀ।
    ਸੰਪੂਰਨ ਸੰਤੁਸ਼ਟੀ ਕਿਸੇ ਨੂੰ ਹਾਸਲ ਨਹੀਂ ਹੁੰਦੀ। ਇਸੇ ਲਈ ਉਸ ਦੀ ਉਡੀਕ ਕਰਨੀ ਫਜ਼ੂਲ ਹੈ। ਸੂਟਾਂ ਵਾਲੀ ਦੁਕਾਨ ਬਦਲਣੀ, ਦਰਜੀ ਬਦਲਣਾ, ਡਾਕਟਰ ਬਦਲਣਾ, ਸਕੂਟਰ ਬਦਲਣਾ, ਸਬਜ਼ੀ ਵਾਲਾ ਭਾਈ ਬਦਲਣਾ, ਟੀ.ਵੀ. ਬਦਲਣਾ, ਸੋਫਾ ਬਦਲਣਾ, ਘਰ ਬਦਲਣਾ, ਆਦਿ ਸਾਡੀ ਰਗ ਰਗ ਵਿਚ ਵਸ ਚੁੱਕਿਆ ਹੈ।
    ਪਰ, ਫਿਰ ਵੀ ਮੇਰਾ ਸੁਣੇਹਾ ਤਾਂ ਹਰ ਕੋਸ਼ਿਸ਼ ਕਰਨ ਵਿਚ ਜੁਟੇ ਲਈ ਇਹੋ ਰਹਿਣਾ ਹੈ :-
    ''ਮੰਜ਼ਿਲਾਂ ਬੜੀਆਂ ਜ਼ਿੱਦੀ ਹੁੰਦੀਆਂ ਨੇ,
    ਹਾਸਲ ਕਿੱਥੇ ਸਾਰੀਆਂ ਹੁੰਦੀਆਂ ਨੇ।
    ਪਰ, ਤੂਫ਼ਾਨ ਵੀ ਉੱਥੇ ਹਾਰ ਮੰਨ ਲੈਂਦੇ ਨੇ,
    ਜਿੱਥੇ ਕਿਸ਼ਤੀਆਂ ਮੱਲਾਹ ਦੀ ਹਾਣੀ ਹੁੰਦੀਆਂ ਨੇ।''
   
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ, 28,
ਪ੍ਰੀਤ ਨਗਰ, ਲੋਅਰ ਮਾਲ,
 ਪਟਿਆਲਾ। ਫੋਨ ਨੰ: 0175-2216783

08 Oct. 2018