ਦੁਸ਼ਮਣਾਂ ਵਰਗੇ ਦੋਸਤ - ਰਵਿੰਦਰ ਸਿੰਘ ਕੁੰਦਰਾ

ਇਹ ਵਰ ਹੈ ਜਾਂ ਸਰਾਪ ਹੈ, ਜਾਂ ਪਿਛਲੇ ਜਨਮਾਂ ਦਾ ਪਾਪ ਹੈ ?         
ਜਿਸ ਨੂੰ ਵੀ ਦੋਸਤ ਕਹਿ ਬੈਠਾਂ, ਉਹੀਓ ਹੁੰਦਾ ਮੇਰੇ ਖਿਲਾਫ ਹੈ।

ਕੋਈ ਧਰਮ ਦੇ ਨਾਂ ਤੇ ਲੜ ਪੈਂਦਾ, ਕੋਈ ਜ਼ਾਤ 'ਚ ਪਾਤ ਫਸਾ ਲੈਂਦਾ,
ਕੋਈ ਮੇਰੀ ਗੱਲ ਨੂੰ ਕੱਟਣ ਲਈ, ਬੱਸ ਐਵੇਂ ਟੰਗ ਅੜਾ ਬਹਿੰਦਾ।

ਕੋਈ ਮੈਥੋਂ ਬਹੁਤ ਸਿਆਣਾ ਹੈ, ਅੰਨ੍ਹਿਆਂ ਵਿੱਚ ਫਿਰਦਾ ਕਾਣਾ ਹੈ,
ਮੈਨੂੰ ਰਸਤਾ ਦੱਸਣ ਲੱਗ ਪੈਂਦਾ, ਖ਼ੁਦ ਪਤਾ ਨਹੀਂ ਕਿੱਧਰ ਜਾਣਾ ਹੈ।

ਕਈ ਮੂੰਹ 'ਤੇ ਮਿੱਠੇ ਬਣਦੇ ਨੇ, ਪਿੱਠ ਪਿੱਛੇ ਛੁਰੀਆਂ ਕੱਢਦੇ ਨੇ,
ਮੈਨੂੰ ਇਸ ਜਹਾਨੋਂ ਤੋਰਨ ਲਈ, ਅਰਦਾਸਾਂ ਨਿੱਤ ਦਿਨ ਕਰਦੇ ਨੇ।

ਮੇਰੀ ਸ਼ਕਲ ਨੂੰ ਨਫ਼ਰਤ ਕਰ ਕਰਕੇ, ਕਈ ਵਿੰਗੇ ਮੂੰਹ ਕਰਾ ਬੈਠੇ,
ਨਹੀਂ ਚੱਲਦਾ ਵੱਸ ਹੁਣ ਕਈਆਂ ਦਾ, ਬੱਸ ਆਪਣੇ ਮੂੰਹ ਦੀ ਖਾ ਬੈਠੇ।

ਮੈਨੂੰ ਖੁਸ਼ੀ ਉਦੋਂ ਰੱਜ ਕੇ ਹੁੰਦੀ, ਜਦੋਂ ਖੂਨ ਉਨ੍ਹਾਂ ਦਾ ਮਘਦਾ ਹੈ,
ਦਿਲ ਬਾਗ਼ ਬਾਗ਼ ਮੇਰਾ ਹੋ ਜਾਂਦਾ, ਦਿਨ ਸਫਲ ਹੋ ਗਿਆ ਲੱਗਦਾ ਹੈ।

ਰੱਬ ਕਰੇ ਕਿ ਜੀਂਦੇ ਰਹਿਣ ਸਦਾ, ਮੇਰਾ ਦਿਲ ਇਵੇਂ ਹੀ ਲਾ ਰੱਖਣ,
ਦੁਸ਼ਮਣੀ ਐਸੇ ਦੋਸਤਾਂ ਦੀ, ਮੈਨੂੰ ਲੱਗੇ ਬਣ ਕੇ ਘਿਓ ਮੱਖਣ।

ਅਨੋਖੀ ਜਿਹੀ ਇਹ ਦੋਸਤੀ ਵੀ, ਕੰਡਿਆਂ ਦੇ ਤਾਜ ਬਰਾਬਰ ਹੈ,
ਜਿਸਦਾ ਚੋਭ ਨਜ਼ਾਰਾ ਵੀ, ਖ਼ੁਸ਼ੀਆਂ ਦਾ ਭਰਿਆ ਸਾਗਰ ਹੈ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ