ਇਸ ਸਾਲ 8 ਹਜ਼ਾਰ ਕਰੋੜਪਤੀ ਦੇਸ਼ ਛੱਡ ਗਏ - ਚੰਦ ਫਤਿਹਪੁਰੀ

ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਦੂਜੇ ਦੇਸ਼ਾਂ ਵੱਲ ਪਰਵਾਸ ਇੱਕ ਆਮ ਵਰਤਾਰਾ ਹੈ । ਬੇਰੁਜ਼ਗਾਰੀ ਦੀ ਸਮੱਸਿਆ ਨੇ ਇਸ ਨੂੰ ਹੋਰ ਤੇਜ਼ ਕੀਤਾ ਹੈ । ਇਸ ਸਮੇਂ ਦੁਨੀਆ ਪੱਧਰ ਉੱਤੇ ਪੂੰਜੀਵਾਦ ਆਪਣੀ ਸਿਖਰਲੀ ਹੱਦ ਤੱਕ ਪੁੱਜ ਚੁੱਕਾ ਹੈ । ਅਮੀਰ ਹੋਰ ਅਮੀਰ ਹੋ ਰਹੇ ਹਨ ਤੇ ਆਮ ਆਦਮੀ ਗਰੀਬ ਤੋਂ ਹੋਰ ਗਰੀਬ ਹੁੰਦਾ ਜਾ ਰਿਹਾ ਹੈ ।ਸਾਡਾ ਦੇਸ਼ ਭੁੱਖਮਰੀ ਸੂਚਕ ਅੰਕ ਵਿੱਚ 191 ਦੇਸ਼ਾਂ ਵਿੱਚੋਂ 132ਵੇਂ ਸਥਾਨ ਉੱਤੇ ਪੁੱਜ ਚੁੱਕਾ ਹੈ । ਬੇਰੁਜ਼ਗਾਰੀ ਤੇ ਭੁੱਖਮਰੀ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਇਸ ਲਈ ਕੋਰੋਨਾ ਮਹਾਂਮਾਰੀ, ਵਿਸ਼ਵ-ਵਿਆਪੀ ਮੰਦੀ ਤੇ ਰੂਸ-ਯੂਕਰੇਨ ਯੁੱਧ ਸਿਰ ਭਾਂਡਾ ਭੰਨ ਦਿੱਤਾ ਜਾਂਦਾ ਹੈ, ਪਰ ਇਹ ਕੋਈ ਨਹੀਂ ਦੱਸਦਾ ਕਿ ਇਨ੍ਹਾਂ ਹਾਲਤਾਂ ਵਿੱਚ ਧਨ-ਕੁਬੇਰਾਂ ਦੀ ਦੌਲਤ ਵਿੱਚ ਅਥਾਹ ਵਾਧਾ ਕਿਵੇਂ ਹੁੰਦਾ ਜਾ ਰਿਹਾ ਹੈ । ਅਸਲ ਵਿੱਚ ਪੂੰਜੀਵਾਦ ਕਦੇ ਵੀ ਗਰੀਬੀ ਦਾ ਹੱਲ ਨਹੀਂ ਕਰਦਾ । ਪੂੰਜੀਵਾਦ ਦੀ ਵਿਸ਼ੇਸ਼ਤਾ ਹੈ ਕਿ ਉਹ ਆਪਣਾ ਮੁਨਾਫ਼ਾ ਵਧਾਉਣ ਲਈ ਲਗਾਤਾਰ ਕਿਰਤ ਸ਼ਕਤੀ ਨੂੰ ਸਸਤਾ ਕਰਦਾ ਰਹਿੰਦਾ ਹੈ । ਅੱਜ ਦੇ ਦੌਰ ਵਿੱਚ ਜਦੋਂ ਪੂੰਜੀਵਾਦੀ ਸਰਕਾਰਾਂ ਵੀ ਦਿਹਾੜੀਦਾਰ ਕਾਮੇ ਭਰਤੀ ਕਰ ਰਹੀਆਂ ਹਨ, ਤਦ ਨਿੱਜੀ ਖੇਤਰ ਵਿਚਲੀ ਤਸਵੀਰ ਆਪੇ ਸਮਝ ਆ ਜਾਂਦੀ ਹੈ ।
      ਅਜਿਹੀ ਸਥਿਤੀ ਵਿੱਚ ਆਪਣੇ ਜੀਵਨ ਨੂੰ ਸੌਖਾਲਾ ਕਰਨ ਤੇ ਰੋਜ਼ੀ-ਰੋਟੀ ਕਮਾਉਣ ਲਈ ਭਾਰਤੀ ਕਿਰਤੀ ਰੁਜ਼ਗਾਰ ਦੀ ਭਾਲ ਵਿੱਚ ਦੂਜੇ ਦੇਸ਼ਾਂ ਵਿੱਚ ਜਾਂਦੇ ਰਹਿੰਦੇ ਹਨ । ਇਹ ਲੋਕ ਵਿਦੇਸ਼ਾਂ ਵਿੱਚ ਜਾ ਕੇ ਸਖ਼ਤ ਮਿਹਨਤ ਕਰਦੇ ਹਨ ਤੇ ਆਪਣੀ ਤੇ ਆਪਣੇ ਪਿਛਲੇ ਪਰਵਾਰ ਦੀ ਹਾਲਤ ਨੂੰ ਬੇਹਤਰ ਕਰਦੇ ਹਨ । ਇਸ ਦੇ ਨਾਲ ਹੀ ਉਹ ਵਿਦੇਸ਼ੀ ਮੁਦਰਾ ਦੇ ਰੂਪ ਵਿੱਚ ਧਨ ਲਿਆ ਕੇ ਸਾਡੀ ਅਰਥ ਵਿਵਸਥਾ ਨੂੰ ਵੀ ਮਜ਼ਬੂਤ ਕਰਦੇ ਹਨ । ਇਨ੍ਹਾਂ ਵਿੱਚੋਂ ਕੁਝ ਹਿੱਸਾ ਭਾਵੇਂ ਵਿਦੇਸ਼ਾਂ ਵਿੱਚ ਵਸ ਜਾਂਦਾ ਹੈ, ਪਰ ਇਸ ਦੇ ਬਾਵਜੂਦ ਉਹ ਦੇਸ਼ ਵਿਚਲੇ ਆਪਣੇ ਪਰਵਾਰਾਂ ਨਾਲ ਜੁੜਿਆ ਰਹਿੰਦਾ ਹੈ । ਇਸ ਪਰਵਾਸ ਨੂੰ ਅਸੀਂ ਜ਼ਰੂਰਤ ਦਾ ਪਰਵਾਸ ਕਹਿ ਸਕਦੇ ਹਾਂ । ਇਹ ਦੇਸ਼ ਤੇ ਸਮਾਜ ਦੀ ਸਿਹਤ ਲਈ ਵੀ ਫਾਇਦੇਮੰਦ ਹੈ ।
       ਇਸ ਤੋਂ ਇਲਾਵਾ ਇੱਕ ਹੋਰ ਪਰਵਾਸ ਵੀ ਹੈ, ਜਿਹੜਾ ਮੋਦੀ ਦੇ ਰਾਜ ਵਿੱਚ ਤੇਜ਼ ਹੋਇਆ ਹੈ । ਖਾਂਦਾ-ਪੀਂਦਾ ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਦਿਨ ਅਰਾਮਦਾਇਕ ਤਰੀਕੇ ਨਾਲ ਬਿਤਾਉਣਾ ਚਾਹੁੰਦਾ ਹੈ । ਪਿਛਲੇ ਕੁਝ ਸਾਲਾਂ ਦੌਰਾਨ ਸਾਡੇ ਸਮਾਜਕ ਭਾਈਚਾਰੇ ਦੀ ਹਾਲਤ ਵਿੱਚ ਬਹੁਤ ਸਾਰੇ ਵਿਗਾੜ ਆਏ ਹਨ । ਭਾਈਚਾਰਾ ਲੀਰੋ-ਲੀਰ ਹੋਇਆ ਹੈ । ਅਪਰਾਧ ਵਧੇ ਹਨ, ਗੁੰਡਾ ਗਰੋਹਾਂ ਤੇ ਗੈਂਗਸਟਰਾਂ ਨੇ ਕਤਲਾਂ, ਅਗਵਾ ਤੇ ਫਿਰੌਤੀਆਂ ਰਾਹੀਂ ਖਾਂਦੇ-ਪੀਂਦੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ । ਇਸ ਹਾਲਤ ਕਾਰਨ ਬਹੁਤ ਸਾਰੇ ਧਨੀ ਲੋਕਾਂ ਵਿੱਚ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਵਸ ਜਾਣ ਦਾ ਰੁਝਾਨ ਵਧਿਆ ਹੈ ।
     ‘ਹੇਨਲੇ ਐਂਡ ਪਾਰਟਨਰਜ਼’ ਵੱਲੋਂ ਦੁਨੀਆ ਭਰ ਦੇ ਉਨ੍ਹਾਂ ਅਮੀਰਾਂ ਬਾਰੇ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਵਿੱਚ ਅਮੀਰ ਲੋਕਾਂ ਦੇ ਪਰਵਾਸ ਦੇ ਅੰਕੜੇ ਪੇਸ਼ ਕੀਤੇ ਗਏ ਹਨ । ਇਸ ਰਿਪੋਰਟ ਮੁਤਾਬਕ ਇਸ ਸਮੇਂ ਸਾਡਾ ਦੇਸ਼ ਉਨ੍ਹਾਂ ਸਿਖਰਲੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੋਂ ਦੇ ਸਭ ਤੋਂ ਵੱਧ ਕਰੋੜਪਤੀ ਵਿਦੇਸ਼ਾਂ ਵਿੱਚ ਪਰਵਾਸ ਕਰ ਗਏ ਹਨ । ਰਿਪੋਰਟ ਅਨੁਸਾਰ ਚਾਲੂ ਸਾਲ 2022 ਵਿੱਚ ਹੁਣ ਤੱਕ 8 ਹਜ਼ਾਰ ਭਾਰਤੀ ਕਰੋੜਪਤੀ ਆਪਣੀ ਸਾਰੀ ਪੂੰਜੀ ਤੇ ਜਾਇਦਾਦਾਂ ਸਮੇਟ ਕੇ ਵਿਦੇਸ਼ਾਂ ਵਿੱਚ ਜਾ ਵਸੇ ਹਨ । ਇਹਨਾਂ ਕਰੋੜਪਤੀਆਂ ਨੇ ਦੁਬਈ, ਇਜ਼ਰਾਈਲ, ਅਮਰੀਕਾ, ਪੁਰਤਗਾਲ, ਕੈਨੇਡਾ, ਸਿੰਗਾਪੁਰ, ਆਸਟ੍ਰੇਲੀਆ, ਨਿਊਜ਼ੀਲੈਂਡ, ਗਰੀਸ ਤੇ ਸਵਿਟਜ਼ਰਲੈਂਡ ਵਿੱਚ ਸ਼ਰਨ ਲਈ ਹੈ । ਇਕੱਲੇ ਆਸਟ੍ਰੇਲੀਆ ਵਿੱਚ ਹੀ ਸਾਡੇ ਦੇਸ਼ ਦੇ 3500 ਕਰੋੜਪਤੀ ਇਸ ਸਾਲ ਜਾ ਵਸੇ ਹਨ । ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਕਾਰਨ ਕੁਝ ਸਮੇਂ ਲਈ ਇਸ ਪਰਵਾਸ ਦੀ ਰਫ਼ਤਾਰ ਮੱਧਮ ਹੋ ਗਈ ਸੀ, ਪਰ ਹੁਣ ਸਭ ਰਿਕਾਰਡ ਤੋੜ ਰਹੀ ਹੈ । ਇਨ੍ਹਾਂ ਵਿੱਚੋਂ ਕਿੰਨਿਆਂ ਸਿਰ ਸਾਡੇ ਬੈਂਕਾਂ ਦਾ ਕਰਜ਼ਾ ਹੈ, ਸੀ ਜਾਂ ਨਹੀਂ, ਇਸ ਦੇ ਅੰਕੜੇ ਤਾਂ ਸਰਕਾਰ ਨੂੰ ਪਤਾ ਹੋਣਗੇ, ਪਰ ਆਪਣੀ ਸਭ ਜਾਇਦਾਦ ਵੇਚ-ਵੱਟ ਕੇ ਦੂਜੇ ਦੇਸ਼ਾਂ ਨੂੰ ਇਨ੍ਹਾਂ ਜ਼ਰੂਰ ਭਾਗ ਲਾ ਦਿੱਤੇ ਹਨ । ਇਨ੍ਹਾਂ ਕਰੋੜਪਤੀ ਪਰਵਾਸੀਆਂ ਨੂੰ ਦੂਜੇ ਦੇਸ਼ਾਂ ਅੰਦਰ ਵਸਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ ਇਨ੍ਹਾਂ ਨੂੰ ਉਥੋਂ ਦੀ ਅਰਥ ਵਿਵਸਥਾ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ।
      ਭਾਰਤ ਵਿੱਚੋਂ ਕਰੋੜਪਤੀਆਂ ਦੀ ਏਨੀ ਵੱਡੀ ਪੱਧਰ ਉੱਤੇ ਹਿਜਰਤ ਦੇਸ਼ ਲਈ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਹੈ, ਪਰ ਇਸ ਉੱਤੇ ਕੋਈ ਬਹਿਸ ਨਹੀਂ ਹੋ ਰਹੀ । ਸਾਡਾ ਸਾਰਾ ਗੋਦੀ ਮੀਡੀਆ ਤੇ ਸਰਕਾਰ ਤਾਂ ਹਿੰਦੂ-ਮੁਸਲਮਾਨ, ਹਿੰਦ-ਪਾਕ, ਮੰਦਰ-ਮਸਜਿਦ ਨੇ ਸ਼ਮਸ਼ਾਨ-ਕਬਰਿਸਤਾਨ ਦੀਆਂ ਬਹਿਸਾਂ ਵਿੱਚ ਮਸਤ ਹਨ ।