ਔਰਤਾਂ ਦੀ ਜਿੱਤ - ਸਵਰਾਜਬੀਰ

ਲਗਭਗ ਢਾਈ ਮਹੀਨੇ ਪਹਿਲਾਂ ਇਰਾਨੀ ਵਿਦਿਆਰਥਣ ਮਾਹਸਾ ਅਮੀਨੀ ਨੂੰ ਇਰਾਨ ਦੀ ਔਰਤਾਂ ਦੇ ਲਿਬਾਸ ਅਤੇ ਹੋਰ ਧਾਰਮਿਕ ਮਾਮਲਿਆਂ ਬਾਰੇ ਨਿਗਾਹਬਾਨੀ ਕਰਨ ਵਾਲੀ ਪੁਲੀਸ ‘ਗਸ਼ਤ-ਏ-ਇਰਸ਼ਾਦ’ ਨੇ ਹਿਜਾਬ ਨਾ ਪਹਿਨਣ ਕਾਰਨ ਗ੍ਰਿਫ਼ਤਾਰ ਕੀਤਾ ਅਤੇ ਪੁਲੀਸ ਹਿਰਾਸਤ ਵਿਚ ਉਸ ਦੀ ਮੌਤ ਹੋ ਗਈ। ਔਰਤਾਂ ਤੇ ਹੋਰ ਵਰਗਾਂ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਅਤੇ ਮੁਜ਼ਾਹਰਿਆਂ, ਧਰਨਿਆਂ, ਜਲੂਸਾਂ ਆਦਿ ਵਿਚ ਪੁਲੀਸ ਨਾਲ ਹੋਏ ਟਕਰਾਅ ਕਾਰਨ 300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ; ਹਜ਼ਾਰਾਂ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਇਰਾਨ ਸਰਕਾਰ ਨੇ ਪਹਿਲਾਂ ਤਾਂ ਇਹ ਕਿਹਾ ਸੀ ਕਿ ਇਹ ਮੁਜ਼ਾਹਰੇ ਦੇਸ਼ ਵਿਰੋਧੀ ਅਨਸਰਾਂ ਅਤੇ ਵਿਦੇਸ਼ੀ ਤਾਕਤਾਂ ਵੱਲੋਂ ਕਰਵਾਏ ਜਾ ਰਹੇ ਹਨ ਪਰ ਵਿਰੋਧ ਵਧਦਾ ਦੇਖ ਕੇ ਸਰਕਾਰ ਨੇ ‘ਗਸ਼ਤ-ਏ-ਇਰਸ਼ਾਦ’ ਨੂੰ ਭੰਗ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਨਾ ਤਾਂ ਇਹ ਹੈ ਕਿ ਔਰਤਾਂ ’ਤੇ ਪਾਬੰਦੀਆਂ ਲਗਾਉਣ ਵਾਲੇ ਕਾਨੂੰਨ ਖ਼ਤਮ ਹੋ ਗਏ ਹਨ ਅਤੇ ਨਾ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ‘ਗਸ਼ਤ-ਏ-ਇਰਸ਼ਾਦ’ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਰੂਪ ਵਿਚ ਚਲਾਇਆ ਜਾਵੇਗਾ। ਇਸ ਸਭ ਦੇ ਬਾਵਜੂਦ ਇਰਾਨ ਸਰਕਾਰ ਦਾ ਇਸ ਤਰ੍ਹਾਂ ਝੁਕਣਾ ਇਨ੍ਹਾਂ ਸਮਿਆਂ ਵਿਚ ਇਰਾਨੀ ਔਰਤਾਂ ਦੀ ਪਹਿਲੀ ਜਿੱਤ ਹੈ। ਸਰਕਾਰ ਨੇ ਇਹ ਸੰਕੇਤ ਵੀ ਦਿੱਤੇ ਹਨ ਕਿ ਉਹ ਔਰਤਾਂ ਦੇ ਪਹਿਰਾਵੇ ਬਾਰੇ ਬਣਾਏ ਗਏ ਨਿਯਮਾਂ ਵਿਚ ਤਬਦੀਲੀ ਕਰਨ ਬਾਰੇ ਵਿਚਾਰ ਕਰ ਸਕਦੀ ਹੈ।
‘ਗਸ਼ਤ-ਏ-ਇਰਸ਼ਾਦ’ 2006 ਵਿਚ ਰਾਸ਼ਟਰਪਤੀ ਮੁਹੰਮਦ ਅਹਿਮਦੀਨੇਜ਼ਾਦ ਦੇ ਸਮਿਆਂ ਵਿਚ ਸਥਾਪਿਤ ਕੀਤੀ ਗਈ ਸੀ। ਇਸ ਪੁਲੀਸ ਦੀਆਂ ਟੁਕੜੀਆਂ ਔਰਤਾਂ ਦੇ ਲਿਬਾਸ ਪਹਿਨਣ ਦੇ ਢੰਗ-ਤਰੀਕਿਆਂ ’ਤੇ ਸਖ਼ਤ ਨਜ਼ਰ ਰੱਖਦੀਆਂ ਅਤੇ ਯਕੀਨੀ ਬਣਾਉਂਦੀਆਂ ਹਨ ਕਿ ਔਰਤਾਂ ਢਿੱਲੇ ਅਤੇ ਲੰਮੇ ਲਿਬਾਸ ਪਹਿਨਣ ਅਤੇ ਸਿਰ ਢਕਣ ਲਈ ਹਿਜਾਬ ਦੀ ਵਰਤੋਂ ਕਰਨ। ਪਿਛਲੇ ਢਾਈ ਮਹੀਨਿਆਂ ’ਚ ਹੋਏ ਵਿਰੋਧ ਦੌਰਾਨ ਹਜ਼ਾਰਾਂ ਔਰਤਾਂ ਨੇ ਆਪਣੇ ਹਿਜਾਬ ਲਾਹੇ ਅਤੇ ਫੂਕੇ।
ਇਰਾਨ ਵਿਚ ਹਿਜਾਬ ਬਾਰੇ ਵਿਵਾਦ ਕਾਫ਼ੀ ਪੁਰਾਣਾ ਹੈ। 1936 ਵਿਚ ਇਰਾਨ ਦੇ ਤਤਕਾਲੀਨ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਨੇ ਹਿਜਾਬ ਅਤੇ ਸਰੀਰ ਢਕਣ ਵਾਲੇ ਹੋਰ ਧਾਰਮਿਕ ਲਿਬਾਸਾਂ ’ਤੇ ਪਾਬੰਦੀ ਲਗਾਉਣ ਵਾਲਾ ਹੁਕਮ ‘ਕਸ਼ਫ-ਏ-ਹਿਜਾਬ’ ਜਾਰੀ ਕੀਤਾ ਸੀ। ਉਦੋਂ ਇਰਾਨ ਦੀ ਪੁਲੀਸ ਨੇ ਬੁਰਕੇ ਤੇ ਹਿਜਾਬ ਪਹਿਨਣ ਵਾਲੀਆਂ ਔਰਤਾਂ ਵਿਰੁੱਧ ਕਾਰਵਾਈ ਕੀਤੀ ਸੀ। ਸਰਕਾਰੀ ਹੁਕਮਾਂ ਦੇ ਵਿਰੋਧ ਵਜੋਂ ਔਰਤਾਂ ਨੇ ਹਿਜਾਬ ਤੇ ਬੁਰਕੇ ਪਹਿਨਣ ਦੀ ਜ਼ਿੱਦ ਕੀਤੀ। ਉਸ ਸਮੇਂ ਤੋਂ ਹੀ ਔਰਤਾਂ ਦਾ ਲਿਬਾਸ ਇਰਾਨੀ ਸਿਆਸਤ ਦਾ ਹਿੱਸਾ ਬਣ ਗਿਆ ਹੈ।
ਦੂਸਰੀ ਆਲਮੀ ਜੰਗ ਦੌਰਾਨ ਸੋਵੀਅਤ ਯੂਨੀਅਨ ਅਤੇ ਇੰਗਲੈਂਡ ਦੀਆਂ ਫ਼ੌਜਾਂ ਨੇ ਇਰਾਨ ’ਤੇ ਹਮਲਾ ਕਰ ਕੇ ਰਜ਼ਾ ਸ਼ਾਹ ਨੂੰ ਗੱਦੀ ਤੋਂ ਲਾਹ ਕੇ ਉਸ ਦੇ ਪੁੱਤਰ ਮੁਹੰਮਦ ਰਜ਼ਾ ਸ਼ਾਹ ਨੂੰ ਗੱਦੀ ’ਤੇ ਬਿਠਾਇਆ। ਇਰਾਨ ਵਿਚ ਕੁਝ ਸਮੇਂ ਲਈ ਜਮਹੂਰੀਅਤ ਕਾਇਮ ਹੋਈ ਪਰ 1953 ਵਿਚ ਮੁਹੰਮਦ ਰਜ਼ਾ ਪਹਿਲਵੀ ਅਮਰੀਕਾ ਦੀ ਸਹਾਇਤਾ ਨਾਲ ਪੂਰੀ ਤਰ੍ਹਾਂ ਨਾਲ ਸੱਤਾ ’ਤੇ ਕਾਬਜ਼ ਹੋ ਗਿਆ।
1970ਵਿਆਂ ਵਿਚ ਔਰਤਾਂ ਨੇ ਮੁਹੰਮਦ ਰਜ਼ਾ ਸ਼ਾਹ ਪਹਿਲਵੀ ਦੀ ਹਕੂਮਤ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿਚ ਹਿਜਾਬ ਪਹਿਨਣਾ ਸ਼ੁਰੂ ਕੀਤਾ। ਰਜ਼ਾ ਸ਼ਾਹ ਪਹਿਲਵੀ ਇਰਾਨ ਦਾ ਪੱਛਮੀਕਰਨ ਕਰਨ ’ਤੇ ਤੁਲਿਆ ਹੋਇਆ ਸੀ। ਅਜਿਹੇ ਸਮਿਆਂ ਵਿਚ ਹਿਜਾਬ ਪਹਿਨਣਾ ਪੱਛਮੀਕਰਨ ਅਤੇ ਅਖੌਤੀ ਆਧੁਨਿਕੀਕਰਨ ਦੇ ਵਿਰੋਧ ਦਾ ਪ੍ਰਤੀਕ ਬਣ ਕੇ ਉੱਭਰਿਆ। ਇਰਾਨ ਵਿਚ ਇਸ ਪੱਛਮੀਕਰਨ ਨੂੰ ‘ਗ਼ਰਬਜ਼ਦਗੀ (ਜ਼ਹਿਰੀਲਾ ਪੱਛਮੀਕਰਨ)’ ਕਿਹਾ ਗਿਆ। 1978-79 ਦੇ ਇਸਲਾਮੀ ਇਨਕਲਾਬ ਦੌਰਾਨ ਮੁਹੰਮਦ ਰਜ਼ਾ ਸ਼ਾਹ ਪਹਿਲਵੀ ਦਾ ਤਖ਼ਤ ਪਲਟ ਦਿੱਤਾ ਗਿਆ ਅਤੇ ਆਇਤੁੱਲਾ ਖੋਮੈਨੀ ਦੀ ਅਗਵਾਈ ਵਿਚ ਇਸਲਾਮ ਆਧਾਰਿਤ ਰਿਆਸਤ/ਰਾਜ ਦੀ ਨੀਂਹ ਰੱਖੀ ਗਈ। ਇਸ ਹਕੂਮਤ ਨੇ ਫਰਵਰੀ 1979 ਵਿਚ ਹਿਜਾਬ ਤੇ ਬੁਰਕਾ ਪਹਿਨਣਾ ਲਾਜ਼ਮੀ ਕਰਾਰ ਦਿੱਤਾ। 8 ਮਾਰਚ 1979 ਨੂੰ ਮਹਿਲਾ ਦਿਵਸ ਦੇ ਮੌਕੇ ’ਤੇ ਹਜ਼ਾਰਾਂ ਔਰਤਾਂ ਨੇ ਜ਼ਬਰਦਸਤੀ ਹਿਜਾਬ ਪਹਿਨਾਉਣ ਵਿਰੁੱਧ ਜਲੂਸ ਕੱਢੇ ਅਤੇ ਹਕੂਮਤ ਨੇ ਪਾਬੰਦੀਆਂ ਕੁਝ ਘਟਾਈਆਂ ਜੋ 2006 ਤੋਂ ਫਿਰ ਵਧਾ ਦਿੱਤੀਆਂ ਗਈਆਂ।
ਇਰਾਨ ਵਿਚ ਰਵਾਇਤੀ ਸੱਭਿਆਚਾਰ ਅਤੇ ਆਧੁਨਿਕਤਾ ਵਿਚਕਾਰ ਲਗਾਤਾਰ ਯੁੱਧ ਚੱਲ ਰਿਹਾ ਹੈ। ਇਰਾਨ ਦੀ ਸੱਭਿਆਚਾਰਕ ਵਿਰਾਸਤ ਹਜ਼ਾਰਾਂ ਸਾਲ ਪੁਰਾਣੀ ਹੈ। ਇੱਥੇ ਇਸਲਾਮ ਦੀ ਆਮਦ 1500 ਸਾਲ ਪਹਿਲਾਂ ਸੱਤਵੀਂ ਸਦੀ ਵਿਚ ਹੋਈ ਅਤੇ ਪਾਰਸੀ ਧਰਮ ਖ਼ਤਮ ਹੋਣਾ ਸ਼ੁਰੂ ਹੋ ਗਿਆ। 9ਵੀਂ ਸਦੀ ਵਿਚ 40 ਫ਼ੀਸਦੀ ਇਰਾਨੀ ਮੁਸਲਮਾਨ ਸਨ ਜਦੋਂਕਿ ਗਿਆਰ੍ਹਵੀਂ ਸਦੀ ਤਕ ਇਹ ਗਿਣਤੀ 99 ਫ਼ੀਸਦੀ ਹੋ ਗਈ। ਇਰਾਨੀ ਪਹਿਲਾਂ ਸੁੰਨੀ ਸਨ ਪਰ 16ਵੀਂ ਸਦੀ ਤਕ ਇਸਲਾਮ ਦੀ ਸ਼ੀਆ ਸ਼ਾਖਾ ਇਰਾਨੀਆਂ ਦਾ ਪ੍ਰਮੁੱਖ ਧਾਰਮਿਕ ਅਕੀਦਾ ਬਣ ਗਈ। ਇਸ ਸਮੇਂ ਇਰਾਨ ਦੇ 90 ਫ਼ੀਸਦੀ ਲੋਕ ਸ਼ੀਆ ਮੁਸਲਮਾਨ ਹਨ ਅਤੇ 1979 ਦੇ ਸੰਵਿਧਾਨ ਅਨੁਸਾਰ ਸ਼ੀਆ ਇਸਲਾਮ ਦੇਸ਼ ਦਾ ਰਾਜ ਧਰਮ ਹੈ। ਸੰਵਿਧਾਨ ਅਨੁਸਾਰ ਇਸਲਾਮ ਦੀਆਂ ਦੂਸਰੀਆਂ ਸ਼ਾਖਾਵਾਂ ਨੂੰ ਇੱਜ਼ਤ ਦਿੱਤੀ ਜਾਂਦੀ ਹੈ ਅਤੇ ਪਾਰਸੀਆਂ, ਯਹੂਦੀਆਂ ਅਤੇ ਈਸਾਈਆਂ ਨੂੰ ਘੱਟਗਿਣਤੀ ਮੰਨਿਆ ਗਿਆ ਹੈ, ਬਹਾਈ ਫ਼ਿਰਕੇ ਨੂੰ ਮਾਨਤਾ ਨਹੀਂ ਦਿੱਤੀ ਗਈ।
ਇਰਾਨ ਵਿਚ ਔਰਤਾਂ ਨੇ ਆਪਣੇ ਅਧਿਕਾਰਾਂ ਲਈ ਲੰਮੀ ਲੜਾਈ ਲੜੀ ਹੈ। ਉਨ੍ਹਾਂ ਨੂੰ 1937 ਵਿਚ ਯੂਨੀਵਰਸਿਟੀਆਂ ਵਿਚ ਦਾਖ਼ਲ ਹੋਣ ਅਤੇ 1963 ਵਿਚ ਵੋਟ ਪਾਉਣ ਦੇ ਅਧਿਕਾਰ ਮਿਲੇ। ਧਰਮ-ਆਧਾਰਿਤ ਰਿਆਸਤਾਂ ਵਿਚ ਔਰਤਾਂ ’ਤੇ ਹਮੇਸ਼ਾ ਪਾਬੰਦੀਆਂ ਲਗਾਈਆਂ ਜਾਂਦੀਆਂ ਰਹੀਆਂ। ਸਾਊਦੀ ਅਰਬ ਨੇ 2012 ਵਿਚ ਔਰਤਾਂ ਨੂੰ ਉਲੰਪਿਕ ਖੇਡਾਂ ਵਿਚ ਸ਼ਾਮਲ ਹੋਣ ਅਤੇ 2015 ਵਿਚ ਸਥਾਨਕ ਸੰਸਥਾਵਾਂ ਵਿਚ ਵੋਟਾਂ ਪਾਉਣ ਦੀ ਇਜਾਜ਼ਤ ਦਿੱਤੀ ਸੀ। ਅਫ਼ਗ਼ਾਨਿਸਤਾਨ ਅਤੇ ਕਈ ਹੋਰ ਦੇਸ਼ਾਂ ਵਿਚ ਵੱਡੀ ਪੱਧਰ ’ਤੇ ਪਾਬੰਦੀਆਂ ਲਗਾਈਆਂ ਹਨ। ਕੁਝ ਹਫ਼ਤੇ ਪਹਿਲਾਂ ਅਫ਼ਗ਼ਾਨਿਸਤਾਨ ਵਿਚ ਔਰਤਾਂ ਨੂੰ ਕੋੜੇ ਮਾਰਨ ਦੀ ਸਜ਼ਾ ਦੇਣ ਦੀਆਂ ਖ਼ਬਰਾਂ ਵੀ ਆਈਆਂ ਸਨ।
ਧਰਮ ਮਰਦਾਂ ਅਤੇ ਔਰਤਾਂ ਦੀ ਬਰਾਬਰੀ ਸਵੀਕਾਰ ਕਰਦੇ ਹਨ ਪਰ ਧਰਮਾਂ ਦੀ ਵਿਆਖਿਆ ਕਰਨ ਵਾਲੇ, ਮਰਦ ਹੋਣ ਕਾਰਨ, ਮਰਦ-ਪ੍ਰਧਾਨ ਸੋਚ ਨੂੰ ਧਾਰਮਿਕ ਰੰਗਤ ਵਿਚ ਪੇਸ਼ ਕਰਨ ਵਿਚ ਸਫ਼ਲ ਹੁੰਦੇ ਆਏ ਹਨ। ਬਹੁਤ ਸਾਰੇ ਸਮਾਜਾਂ ਵਿਚ ਇਹ ਫ਼ੈਸਲਾ ਮਰਦ ਕਰਦੇ ਹਨ ਕਿ ਔਰਤਾਂ ਕਿਸ ਤਰ੍ਹਾਂ ਦੇ ਲਿਬਾਸ ਪਹਿਨਣ, ਕਿਸ ਤਰ੍ਹਾਂ ਦੀ ਪੜ੍ਹਾਈ ਕਰਨ ਅਤੇ ਕਦੋਂ ਤੇ ਕਿਸ ਨਾਲ ਵਿਆਹ ਕਰਨ।
ਇਰਾਨ ਦੀ ਉਦਾਹਰਨ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਜਦੋਂ ਹਿਜਾਬ ਪਹਿਨਣ ’ਤੇ ਪਾਬੰਦੀਆਂ ਲਗਾਈਆਂ ਗਈਆਂ ਤਾਂ ਔਰਤਾਂ ਨੇ ਹਿਜਾਬ ਪਹਿਨ ਕੇ ਉਨ੍ਹਾਂ ਹੁਕਮਾਂ ਦਾ ਵਿਰੋਧ ਕੀਤਾ ਅਤੇ ਜਦੋਂ ਉਨ੍ਹਾਂ ਨੂੰ ਹਿਜਾਬ ਪਹਿਨਣ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਨੇ ਹਿਜਾਬ ਪਹਿਨਣ ਤੋਂ ਇਨਕਾਰ ਕਰ ਦਿੱਤਾ। ਇਹ ਘਟਨਾਕ੍ਰਮ ਮਨੁੱਖੀ ਮਨ ਦੀ ਬੁਨਿਆਦੀ ਮਨੋਵਿਗਿਆਨਕ ਬਣਤਰ ਦੀਆਂ ਇਹ ਪਰਤਾਂ ਖੋਲ੍ਹਦਾ ਹੈ ਕਿ ਮਨੁੱਖ ਜਬਰੀ ਦਿੱਤੀਆਂ ਗਈਆਂ ਹਦਾਇਤਾਂ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੁੰਦਾ ਹੈ। ਸਰਕਾਰੀ ਜਾਂ ਧਾਰਮਿਕ ਆਦੇਸ਼ਾਂ ਅਨੁਸਾਰ ਮਨੁੱਖ ਅਜਿਹੇ ਆਦੇਸ਼ ਮੰਨਦੇ ਤਾਂ ਹਨ ਪਰ ਉਨ੍ਹਾਂ ਦੇ ਮਨ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦੇ ਅਤੇ ਮੌਕਾ ਮਿਲਣ ’ਤੇ ਬਾਗ਼ੀ ਸੁਰ ਉੱਚੇ ਹੋ ਜਾਂਦੇ ਹਨ।
ਇਰਾਨ ਦੇ ਬਹੁਤ ਸਾਰੇ ਲੋਕਾਂ ਦਾ ਪਿਛਲੇ 43 ਸਾਲਾਂ ਤੋਂ ਚੱਲ ਰਹੀ ਧਰਮ-ਆਧਾਰਿਤ ਸਿਆਸਤ ਤੋਂ ਭਰੋਸਾ ਖ਼ਤਮ ਹੋ ਚੁੱਕਾ ਹੈ। ਇਸ ਦੇ ਮੁੱਖ ਕਾਰਨ ਸਿਆਸੀ ਆਗੂਆਂ ਦਾ ਭ੍ਰਿਸ਼ਟਾਚਾਰ, ਸਰਕਾਰੀ ਜਬਰ, ਰਿਆਸਤ/ਸਟੇਟ ਤੇ ਧਾਰਮਿਕ ਆਗੂਆਂ ਵਿਚਲਾ ਗੱਠਜੋੜ, ਧਾਰਮਿਕ ਕੱਟੜਤਾ ਅਤੇ ਧਰਮ ਦੇ ਨਾਂ ਹੇਠ ਲਗਾਈਆਂ ਜਾ ਰਹੀਆਂ ਪਾਬੰਦੀਆਂ ਹਨ। ਇਹ ਗੱਠਜੋੜ ਸੱਤਾ ਵਿਚ ਰਹਿਣ ਲਈ ਲੋਕਾਂ ਨੂੰ ਧਰਮ ਦੇ ਨਾਂ ਹੇਠ ਦਬਾਉਂਦਾ ਹੈ।
ਔਰਤਾਂ ਦਾ ਹਿਜਾਬ ਵਿਰੋਧੀ ਅੰਦੋਲਨ ਧਰਮ-ਆਧਾਰਿਤ ਸਿਆਸਤ ਵਿਰੁੱਧ ਚੱਲ ਰਹੀ ਲਹਿਰ ਦਾ ਹਿੱਸਾ ਹੈ। ਜਨ-ਅੰਦੋਲਨਾਂ ਵਿਚ ਹਰ ਜਿੱਤ ਮਹੱਤਵਪੂਰਨ ਹੁੰਦੀ ਹੈ। ਇਰਾਨ ਦੀਆਂ ਔਰਤਾਂ ਦੀ ਇਹ ਜਿੱਤ ਉਨ੍ਹਾਂ ਦੇ ਆਪਣੇ ਅੰਦੋਲਨ ਅਤੇ ਲੋਕਾਂ ਵਿਚ ਸਰਕਾਰ ਵਿਰੁੱਧ ਪੈਦਾ ਹੋ ਰਹੀ ਸਮੂਹਿਕ ਰੋਹ ਦੀ ਲਹਿਰ ਵਿਚ ਅਹਿਮ ਮੁਕਾਮ ਰੱਖਦੀ ਹੈ।