‘‘ਗੁਰ ਤੀਰਥ ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਚਹਿਲ ਪਟਿਆਲਵੀ’’ ਪੁਸਤਕ ਪੜਚੋਲ - ਉਜਾਗਰ ਸਿੰਘ

ਭਾਈ ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਸੰਪਾਦਿਤ ਕੀਤੀ ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ : ਭਾਈ ਧੰਨਾ ਸਿੰਘ ਚਹਿਲ ਪਟਿਆਲਵੀ’ ਇਕ ਅਮੋਲਕ ਖ਼ਜਾਨਾ ਹੈ। ਇਹ ਪੁਸਤਕ ਇਕ ਅਣਥੱਕ ਸਿੱਖ ਇਤਿਹਾਸ ਦੇ ਖੋਜੀ ਵਿਦਿਆਰਥੀ ਭਾਈ ਧੰਨਾ ਸਿੰਘ ਚਹਿਲ ਦੀ ਸਿੱਖ ਸੰਗਤ ਲਈ ਵਿਲੱਖਣ ਦੇਣ ਹੈ। ਭਾਈ ਚੇਤਨ ਸਿੰਘ ਨੇ ਬੇਸ਼ਕੀਮਤੀ ਖ਼ਜਾਨਾ ਲੱਭ ਕੇ ਪੰਜਾਬੀਆਂ ਦੀ ਝੋਲੀ ਵਿੱਚ ਪਾਇਆ ਹੈ। ਸਿੱਖ ਇਤਿਹਾਸ ਦੇ ਵਿਦਵਾਨ ਇਤਿਹਾਸਕਾਰ ਅਨੇਕ ਅਣਗੌਲੇ ਧਾਰਮਿਕ ਗੁਰਮੁੱਖ ਵਿਅਕਤੀਆਂ ਦੀਆਂ ਕੁਰਬਾਨੀਆਂ ਨੂੰ ਅਣਡਿਠ ਕਰਦੇ ਆ ਰਹੇ ਹਨ। ਖਾਸ ਤੌਰ ‘ਤੇ ਵੱਡੇ ਵਿਅਕਤੀਆਂ ਬਾਰੇ ਤਾਂ ਭਾਵੇਂ ਲਿਖਿਆ ਹੋਵੇ ਪਰੰਤੂ ਸੱਚੇ ਗੁਰਸਿੱਖ ਸ਼ਰਧਾਲੂਆਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਗੁਰੂ ਦੇ ਲੇਖੇ ਲਾ ਦਿੱਤੀ ਹੋਵੇ। ਉਨ੍ਹਾਂ ਵਿੱਚ ਭਾਈ ਧੰਨਾ ਸਿੰਘ ਚਹਿਲ ਵੀ ਸ਼ਾਮਲ ਹੈ, ਜਿਹੜੇ 1930 ਤੋਂ 1934 ਤੱਕ 4 ਸਾਲ ਲਗਾਤਰ ਸਾਈਕਲ ‘ਤੇ ਸਵਾਰ ਹੋ ਕੇ ਸਿਦਕ ਦਿਲੀ ਨਾਲ ਭੁੱਖਣ ਭਾਣਾ 20,000 ਮੀਲ ਦੀ ਯਾਤਰਾ ਕਰਕੇ ਗੁਰ-ਅਸਥਾਨਾ ਬਾਰੇ ਜਾਣਕਾਰੀ ਇਕੱਠੀ ਕਰਦਾ ਰਿਹਾ। ਗੁਰ-ਅਸਥਾਨਾ ਦੀਆਂ ਤਸਵੀਰਾਂ ਖਿਚ ਕੇ ਸੰਭਾਲਦਾ ਗਿਆ ਤਾਂ ਜੋ ਅਣਗੌਲੇ ਗੁਰ-ਅਸਥਾਨਾ ਦੀ ਪੁਸਤਕ ਪ੍ਰਕਾਸ਼ਤ ਕਰਵਾਈ ਜਾ ਸਕੇ। ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਕਰਕੇ ਉਹ ਇਕ ਅਚਾਨਕ ਹੋਈ ਘਟਨਾ ਨਾਲ ਸਵਰਗ ਸਿਧਾਰ ਗਏ। ਪਰੰਤੂ ਇਨ੍ਹਾਂ ਚਾਰ ਸਾਲਾਂ ਵਿੱਚ ਜਿਹੜਾ ਕੰਮ ਭਾਈ ਧੰਨਾ ਸਿੰਘ ਨੇ ਕੀਤਾ ਹੈ, ਇਤਨਾ ਕੰਮ ਕੋਈ ਸੰਸਥਾ ਵੀ ਨਹੀਂ ਕਰ ਸਕਦੀ। ਭਾਈ ਧੰਨਾ ਸਿੰਘ ਚਹਿਲ ਲਗਨ ਅਤੇ ਦਿਲਚਸਪੀ ਨਾਲ ਕੰਮ ਕਰਦੇ ਰਹੇ। ਉਨ੍ਹਾਂ ਦੇ ਮਨ ਵਿੱਚ ਗੁਰੂ ਦਾ ਪਿਆਰ ਅਜਿਹਾ ਪੈਦਾ ਹੋਇਆ, ਜਿਸਨੇ ਉਸਨੂੰ ਹਿੰਮਤ, ਦਲੇਰੀ ਅਤੇ ਸਮੱਤ ਬਖ਼ਸ਼ੀ, ਜਿਸ ਕਰਕੇ ਉਹ ਲਗਾਤਾਰ ਅਨੇਕਾਂ ਮੁਸੀਬਤਾਂ ਦੇ ਹੁੰਦਿਆਂ ਵੀ ਗੁਰੂ ਘਰਾਂ ਦੀ ਯਾਤਰਾ ਕਰਦਾ ਰਿਹਾ। ਉਹ ਮਹਾਰਾਜਾ ਪਟਿਆਲਾ ਦੀ ਵਰਕਸ਼ਾਪ ਵਿੱਚ  ਡਰਾਈਵਰ ਸੀ ਪਰੰਤੂ ਨੌਕਰੀ ਤੋਂ ਅਸਤੀਫ਼ਾ ਦੇ ਕੇ ਬੇਸ਼ਕੀਮਤੀ ਜਾਣਕਾਰੀ ਇਕੱਤਰ ਕਰਨ ਵਿੱਚ ਜੁੱਟ ਗਿਆ। ਹਰ ਇਤਿਹਾਸਿਕ ਗੁਰੂ ਘਰ ਬਾਰੇ ਆਪਣੀ ਡਾਇਰੀ ਵਿੱਚ ਲਿਖਦਾ ਰਿਹਾ। 25 ਰੁਪਏ ਲੈ ਕੇ ਪਟਿਆਲਾ ਤੋਂ ਯਾਤਰਾ ਸ਼ੁਰੂ ਕੀਤੀ ਸੀ। ਗੁਰਸਿੱਖਾਂ ਦੀ ਮਦਦ ਨਾਲ ਕੈਮਰਾ ਖ਼ਰੀਦਿਆ ਅਤੇ ਕੁਲ 900 ਰੁਪਏ ਵਿੱਚ ਸਮੁੱਚੇ ਭਾਰਤ ਦੇ 29 ਵਿੱਚੋਂ 20 ਸੂਬਿਆਂ ਦੇ ਗੁਰੂ ਘਰਾਂ ਦੀ ਯਾਤਰਾ ਕੀਤੀ। ਉਸ ਸਮੇਂ ਭਾਰਤ ਦੇ 29 ਸੂਬੇ ਹੀ ਸਨ। ਇਹ ਰਾਸ਼ੀ ਵੀ ਗੁਰੂ ਘਰ ਦੇ ਸ਼ਰਧਾਲੂਆਂ ਨੇ ਹੀ ਉਸ ਨੂੰ ਦਿੱਤੀ ਸੀ। ਕਈ ਵਾਰ ਰਸਤੇ ਵਿੱਚ ਅਸੁਰੱਖਿਅਤ ਥਾਵਾਂ ‘ਤੇ ਭੁੱਖਣ ਭਾਣਾ ਹੀ ਸੌਣਾ ਪੈਂਦਾ ਸੀ। ਜੰਗਲਾਂ ਵਿੱਚ ਜੰਗਲੀ ਜਾਨਵਰਾਂ ਤੋਂ ਡਰਦਿਆਂ ਦਰਖਤਾਂ ‘ਤੇ ਚੜ੍ਹਕੇ ਰਾਤ ਕੱਟਣੀ ਪੈਂਦੀ, ਕਈ ਵਾਰੀ ਸਰਾਵਾਂ ਵਿੱਚ ਠਹਿਰਨ ਲਈ ਪੈਸੇ ਵੀ ਨਹੀਂ ਹੁੰਦੇ ਸਨ। ਇਕ ਵਾਰ ਨਦੀ ਪਾਰ ਕਰਦਾ ਡੁੱਬਣ ਵੀ ਲੱਗਿਆ ਸੀ। ਸਾਰੀ ਯਾਤਰਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਮੁਕੰਮਲ ਕੀਤੀ। ਹੈਰਾਨੀ ਦੀ ਗੱਲ ਹੈ, ਉਸਨੇ ਉਸ ਹਰ ਦਾਨੀ ਦਾ ਨਾਂ ਆਪਣੀਆਂ ਡਾਇਰੀਆਂ ਵਿੱਚ ਲਿਖਿਆ ਸੀ, ਜਿਸ ਨੇ ਉਸਦੀ ਮਦਦ ਕੀਤੀ। ਇਨ੍ਹਾਂ 4 ਸਾਲਾਂ ਵਿੱਚ ਉਹ ਟਿਕ ਕੇ ਨਹੀਂ ਬੈਠਿਆ। ਸਾਈਕਲ ਦੀ ਮੁਰੰਮਤ ਦਾ ਸਾਰਾ ਸਾਮਾਨ ਅਤੇ ਬੀਮਾਰੀ ਨਾਲ ਸੰਬੰਧਤ ਦਵਾਈਆਂ ਵੀ ਆਪਣੇ ਨਾਲ ਰੱਖਦਾ ਸੀ। ਉਹ ਵਿਆਹਿਆ ਹੋਇਆ ਨਹੀਂ ਸੀ। ਹਰ ਰੋਜ਼ ਕਿਤਨੇ ਮੀਲ ਸਫਰ ਕੀਤਾ, ਕਿਥੇ ਠਹਿਰੇ ਅਤੇ ਕਿਸਨੂੰ ਮਿਲੇ, ਡਾਇਰੀ ਵਿੱਚ ਲਿਖਦੇ ਸੀ। ਉਨ੍ਹਾਂ ਦੀ ਇਕ ਹੋਰ ਕਮਾਲ ਦੀ ਗੱਲ ਸੀ ਕਿ ਉਹ ਤੁਲਨਾਤਮਿਕ ਖੋਜ ਕਰਦੇ ਸਨ। ਸੁਣੀ ਸੁਣਾਈ ਗੱਲ ‘ਤੇ ਵਿਸ਼ਵਾਸ਼ ਨਹੀਂ ਕਰਦੇ ਸਨ। ਜੇਕਰ ਕਿਸੇ ਗੁਰੂ ਘਰ ਬਾਰੇ ਜਾਣਕਾਰੀ ‘ਤੇ ਉਸ ਨੂੰ ਸ਼ੱਕ ਹੁੰਦਾ ਤਾਂ ਉਹ ਇਤਿਹਾਸ ਦੀਆਂ ਪੁਸਤਕਾਂ ਪੜ੍ਹਕੇ, ਉਨ੍ਹਾਂ ਤੋਂ ਕਨਫਰਮ ਕਰਦੇ ਸਨ। ਉਸਨੇ 3259 ਪੰਨਿਆਂ ਦੀਆਂ 8 ਡਾਇਰੀਆਂ ਲਿਖੀਆਂ। ਜਦੋਂ ਕੋਈ ਯਾਤਰਾ ਪੂਰੀ ਕਰਕੇ ਆਉਂਦਾ ਸੀ ਤਾਂ ਉਹ ਡਾਇਰੀ ਅਤੇ ਤਸਵੀਰਾਂ ਦੇ ਪਿ੍ਰੰਟ ਕਢਵਾ ਕੇ ਭਾਈ ਗੁਰਬਖ਼ਸ਼ ਸਿੰਘ ਦੇ ਘਰ ਪਟਿਆਲਾ ਰੱਖ ਜਾਂਦਾ ਸੀ। ਪਹਿਲੀ ਯਾਤਰਾ ਦੀ ਡਾਇਰੀ 11 ਮਾਰਚ 1930 ਤੋਂ 4 ਜੂਨ 1931 ਦੌਰਾਨ , ਦੂਜੀ  5 ਜੂਨ ਤੋਂ 10 ਸਤੰਬਰ ਤੱਕ, ਤੀਜੀ 11 ਸਤੰਬਰ ਤੋਂ 6 ਨਵੰਬਰ, ਚੌਥੀ 7 ਨਵੰਬਰ 1931 ਤੋਂ ਮਾਰਚ 1932, ਪੰਜਵੀਂ 23 ਮਾਰਚ 1932 ਤੋਂ 4 ਜੁਲਾਈ ਤੱਕ, ਛੇਵੀਂ 5 ਜੁਲਾਈ ਤੋਂ 25 ਦਸੰਬਰ 1932 ਤੱਕ, ਸੱਤਵੀਂ 28 ਮਾਰਚ 1933 ਤੋਂ 13 ਜਨਵਰੀ 1934 ਤੱਕ ਅਤੇ ਅੱਠਵੀਂ ਆਖ਼ਰੀ ਯਾਤਰਾ ਪਹਾੜੀ ਇਲਾਕੇ ਦੀ ਹੋਣ ਕਰਕੇ ਪੈਦਲ 5 ਮਈ 1934 ਤੋਂ 26 ਜੂਨ 1934 ਤੱਕ ਕੀਤੀ ਸੀ। ਇਨ੍ਹਾਂ ਯਾਤਰਾਵਾਂ ਦੌਰਾਨ ਹਰ ਗੁਰੂ ਘਰ ਬਾਰੇ ਜਾਣਕਾਰੀ ਲਿਖੀ ਗਈ ਹੈ। ਇਹ ਜਾਣਕਾਰੀ ਅਤੇ ਤਸਵੀਰਾਂ ਲੈਣ ਸਮੇਂ ਕਈ ਥਾਵਾਂ ਤੇ ਪ੍ਰਬੰਧਕਾਂ ਅਤੇ ਲੋਕਾਂ ਨੇ ਝਗੜੇ ਵੀ ਕੀਤੇ। ਕਈ ਵਾਰ ਥਾਣੇ ਜਾਣਾ ਪਿਆ। ਕਈ ਗੁਰੂ ਘਰਾਂ ਵਿੱਚ ਪਈਆਂ ਪੁਰਾਤਨ ਬੀੜਾਂ ਦਾ ਵੀ, ਉਨ੍ਹਾਂ ਜ਼ਿਕਰ ਕੀਤਾ ਅਤੇ ਉਨ੍ਹਾਂ ਗੁਰੂ ਘਰਾਂ ਦੇ ਨਾਮ ਵੀ ਲਿਖੇ ਹਨ।  ਉਨ੍ਹਾਂ ਨੇ ਅੰਦਾਜ਼ਨ 1600 ਗੁਰੂ ਘਰਾਂ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਕਲਮਬੱਧ ਕੀਤੀ। ਉਸ ਦੀਆਂ ਡਾਇਰੀਆਂ ਲੱਭਣ ਅਤੇ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਭਾਈ ਚੇਤਨ ਸਿੰਘ ਨੇ ਨਿਭਾਈ ਅਤੇ ਇਨ੍ਹਾਂ ਸਾਰੀਆਂ ਡਾਇਰੀਆਂ ਨੂੰ ਸੰਪਾਦਿਤ ਕਰਕੇ ਪੁਸਤਕ ਦਾ ਰੂਪ ਦਿੱਤਾ। ਸੰਪਾਦਕ ਦਾ ਕੰਮ ਬਹੁਤ ਔਖਾ ਸੀ ਪਰੰਤੂ ਚੇਤਨ ਸਿੰਘ ਦੀ ਦਿ੍ਰੜ੍ਹਤਾ ਨੇ ਸਾਰਾ ਕਾਰਜ ਨੇਪਰੇ ਚਾੜ੍ਹਿਆ। ਗੁਰਬਖ਼ਸ ਸਿੰਘ ਦੇ ਸਪੁੱਤਰ ਜਬਰਜੰਗ ਸਿੰਘ ਦੀ ਦਾਦ ਦੇਣੀ ਬਣਦੀ ਹੈ, ਜਿਨ੍ਹਾਂ 80 ਸਾਲ ਇਹ ਡਾਇਰੀਆਂ ਅਤੇ ਤਸਵੀਰਾਂ ਸਾਂਭ ਕੇ ਰੱਖੀਆਂ। ਹੁਣ ਤੱਕ ਜਿਤਨਾ ਕੁਝ ਮੈਂ ਪੜ੍ਹਿਆ ਹੈ,  ਅੱਜ ਤੱਕ ਕਿਸੇ ਵੀ ਖੋਜੀ ਨੇ 1600 ਗੁਰੂ ਘਰਾਂ ਦੇ ਨਾ ਤਾਂ ਦਰਸ਼ਨ ਕੀਤੇ ਹਨ ਅਤੇ ਨਾ ਹੀ ਜਾਣਕਾਰੀ ਇਕ ਪੁਸਤਕ ਵਿੱਚ ਪ੍ਰਕਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਇਕ ਫੋਟੋਗ੍ਰਾਫਰ, ਪੱਤਰਕਾਰ, ਸਾਹਿਤਕਾਰ, ਮਕੈਨਿਕ ਅਤੇ ਇਤਿਹਾਸਕਾਰ ਸੀ। ਹਰ ਤਸਵੀਰ ਦੇ ਪਿਛੇ ਗੁਰੂ ਘਰ, ਸਥਾਨ, ਜਿਲ੍ਹਾ ਅਤੇ ਸੂਬੇ ਦਾ ਨਾਮ ਲਿਖਿਆ ਹੋਇਆ ਸੀ। ਪੁਸਤਕ ਵਿੱਚ ਜਿਸ ਤਾਰੀਖ ਨੂੰ ਪਹਿਲੀ ਯਾਤਰਾ ਸ਼ੁਰੂ ਕੀਤੀ ਹੈ ਤੋਂ ਅਖ਼ੀਰਲੀ ਯਾਤਰਾ ਤੱਕ ਹਰ ਰੋਜ ਜਿਹੜੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਦੀ ਸੂਚੀ ਅਤੇ ਸਫਲ ਮੀਲਾਂ ਵਿੱਚ ਲਿਖਿਆ ਹੋਇਆ ਹੈ। ਭਾਵ 1600 ਗੁਰੂ ਘਰਾਂ ਦੀ ਸੂਚੀ ਦਰਜ ਕੀਤੀ ਹੈ। ਹਰ ਰੋਜ ਵਾਪਰਨ ਵਾਲੀ ਹਰ ਘਟਨਾ ਵੀ ਦਰਜ ਕੀਤੀ ਹੈ। ਪੁਸਤਕ ਦੇ ਅਖ਼ੀਰ ਵਿੱਚ ਵੀ ਸਾਰੇ ਦਾਨੀ ਸੱਜਣਾ ਦੀ ਸੂਚੀ ਲਿਖੀ ਗਈ ਹੈ। ਇਹ ਸੂਚੀ ਸਥਾਨ ਮੁਤੱਲਕ ਹੈ। ਭਾਵ ਇਕ ਸਥਾਨ ‘ਤੇ ਜਿਤਨੇ ਦਾਨੀਆਂ ਨੇ ਮਦਦ ਕੀਤੀ ਹੈ, ਮਦਦ ਵਿੱਚ ਕਿਤਨੀ ਰਕਮ ਜਾਂ ਕੋਈ ਵਸਤੂ ਆਦਿ ਵੀ ਦਰਜ ਹਨ। ਸਾਰੇ ਗੁਰੂ ਘਰਾਂ ਦੀਆਂ ਤਸਵੀਰਾਂ ਨਹੀਂ ਲਗਾਈਆਂ ਗਈਆਂ ਕਿਉਂਕਿ ਕਈ ਗੁਰੂ ਘਰਾਂ ਦੀਆਂ ਇਮਾਰਤਾਂ ਚੰਗੀਆਂ ਨਹੀਂ ਸਨ। ਭਾਈ ਧੰਨਾ ਸਿੰਘ ਚਹਿਲ ਵੱਲੋਂ ਭਾਈ ਗੁਰਬਖ਼ਸ਼ ਸਿੰਘ ਨੂੰ ਲਿਖੀਆਂ ਗਈਆਂ ਚਿੱਠੀਆਂ ਵੀ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਕਈ ਤਸਵੀਰਾਂ ਦੇ ਨੈਗੇਟਿਵ ਵੀ ਮਿਲੇ ਸਨ।
ਭਾਈ ਧੰਨਾ ਸਿੰਘ ਦਾ ਜਨਮ 1905 ਵਿੱਚ ਹੋਇਆ ਸੀ। 3 ਮਾਰਚ 1935 ਨੂੰ 30 ਸਾਲਾਂ ਦੀ ਉਮਰ ਵਿੱਚ ਕਸ਼ਮੀਰ ਵਿੱਚ ਯਾਤਰਾ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ, ਫਿਰ ਉਨ੍ਹਾਂ ਨੂੰ ਮਹਾਰਾਜਾ ਪਟਿਆਲਾ ਦੇ ਯਤੀਮਖਾਨੇ ਵਿੱਚ ਭੇਜ ਦਿੱਤਾ ਗਿਆ। ਉਨ੍ਹਾਂ ਦਾ ਨਾਮ ਲਾਲ ਸਿੰਘ ਸੀ ਪਰੰਤੂ ਅੰਮਿ੍ਰਤ ਪਾਨ ਕਰਨ ਤੋਂ ਬਾਅਦ ਧੰਨਾ ਸਿੰਘ ਰੱਖਿਆ ਗਿਆ ਸੀ।
940 ਪੰਨਿਆਂ, ਰੰਗਦਾਰ ਤਸਵੀਰਾਂ ਅਤੇ 2000 ਰੁਪਏ ਭੇਟਾ ਵਾਲੀ ਇਹ ਪੁਸਤਕ ਯੂਰਪੀ ਪੰਜਾਬੀ ਸੱਥ ਵਾਲਸਾਲ ਬਤਾਨੀਆਂ ਨੇ ਪ੍ਰਕਾਸ਼ਤ ਕੀਤੀ ਹੈ।
 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
   ਮੋਬਾਈਲ-94178 13072
   ujagarsingh48@yahoo.com