ਰਾਹੁਲ ਦੀ ਭਾਰਤ ਜੋੜੋ ਯਾਤਰਾ ਦੇ ਅਸਰ - ਅਵਿਜੀਤ ਪਾਠਕ

ਹਰ ਪਾਸੇ ਛਾਈ ਹੋਈ ਤਕਨੀਕੀ ਤਰਜ਼ ਦੀ ਸਿਆਸਤ ਅਤੇ ਇਸ ਨਾਲ ਜੁੜੇ ਹੋਏ ਨਿਘਾਰ ਦੇ ਸੱਭਿਆਚਾਰ ਦੌਰਾਨ ਕਿਸੇ ਲਈ ਆਪਣੀਆਂ ਆਸਾਂ-ਉਮੀਦਾਂ ਨੂੰ ਕਾਇਮ ਰੱਖਣਾ ਸੌਖਾ ਨਹੀਂ। ਇਸ ਦੀ ਥਾਂ ਪ੍ਰਚਲਿਤ ਢੰਗ-ਤਰੀਕਿਆਂ ਨੂੰ ਆਮ ਬਣਾ ਦੇਣਾ ਆਸਾਨ ਹੈ ਜਿਵੇਂ ਸਿਆਸਤ ਨੂੰ ਬਿਲਕੁਲ ਹੇਠਾਂ ਡੇਗ ਕੇ ਮਹਿਜ਼ ਚੋਣ ਜਿੱਤਣ ਵਾਲੀ ਮਸ਼ੀਨਰੀ ਤੱਕ ਸੀਮਤ ਕਰ ਦੇਣਾ, ‘ਵਿਹਾਰਕ’ ਰਾਜਨੀਤੀ ਦੀ ਭਾਸ਼ਾ ਵਜੋਂ ਗ਼ੈਰ-ਚਿੰਤਨਸ਼ੀਲ ਤੇ ਗ਼ੈਰ-ਤਰਕਵਾਦੀ ਹਿੰਸਕ ਰੰਗ-ਢੰਗ ਨੂੰ ਮਕਬੂਲ ਬਣਾਉਣਾ, ਸੰਵਾਦ ਅਤੇ ਬਹਿਸ ਦੇ ਜਮਹੂਰੀ ਸਿਧਾਂਤ ਨੂੰ ਖੋਰਾ ਲਾਉਣਾ, ਜਾਤ-ਪਾਤ ਅਤੇ ਫਿਰਕਾਪ੍ਰਸਤੀ ਉਤੇ ਕੇਂਦਰਿਤ ਸਮੁੱਚੀਆਂ ਭਾਵਨਾਵਾਂ ਨੂੰ ਲਗਾਤਾਰ ਭੜਕਾਉਣਾ ਅਤੇ ਸਿਆਸੀ ਆਕਾਵਾਂ ਨੂੰ ਸਵਾਲ ਕਰਨ ਦੀ ਅਹਿਮ ਹਿੰਮਤ ਨੂੰ ਹੀ ਗੁਆ ਲੈਣਾ।
ਤਾਂ ਵੀ, ਭਾਗਵਾਦ (fatalism) ਦੀ ਇਹ ਭਾਵਨਾ ਜੀਵਨ-ਮਾਰੂ ਜਾਪਦੀ ਹੈ। ਇਸ ਲਈ ਉਪਚਾਰਕ ਕਾਰਵਾਈ ਵਜੋਂ ਨਵੀਂ ਕਿਸਮ ਦੀ ਸਿਆਸਤ ਦੀ ਮੁੜ ਕਲਪਨਾ ਕਰਨਾ ਤੇ ਉਸ ਲਈ ਕੋਸ਼ਿਸ਼ ਕਰਨਾ ਮਹੱਤਵਪੂਰਨ ਹੈ। ਇਸ ਲਈ ਸਾਡੇ ਵਿਚੋਂ ਕੁਝ ਜਣੇ ਇਹ ਦੇਖਣ ਲਈ ਉਤਸੁਕ ਹਾਂ ਕਿ ਭਾਰਤ ਜੋੜੋ ਯਾਤਰਾ ਦੀ ਪ੍ਰਕਿਰਿਆ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਕੀ ਸਿਆਸਤ ਦਾ ਨਵਾਂ ਮੁਹਾਵਰਾ ਘੜਨ ਦੀ ਹੀ ਕੋਸ਼ਿਸ਼ ਕਰ ਰਹੇ ਹਨ?
ਜਦੋਂ ਤੱਕ ਅਸੀਂ ਨਵੀਂ ਮੁਕਤੀ ਦੀ ਰਾਜਨੀਤੀ ਦੇ ਪੈਮਾਨਿਆਂ ਬਾਰੇ ਸਪਸ਼ਟ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਇਸ ਸਵਾਲ ਦਾ ਇਮਾਨਦਾਰੀ ਨਾਲ ਜਵਾਬ ਨਹੀਂ ਦੇ ਸਕਦੇ। ਇਸ ਪ੍ਰਸੰਗ ਵਿਚ ਮੈਂ ਇਸ ਸਿਆਸਤ ਦੇ ਤਿੰਨ ਪਹਿਲੂਆਂ ’ਤੇ ਜ਼ੋਰ ਦੇਣਾ ਚਾਹੁੰਦਾ ਹਾਂ। ਪਹਿਲਾ, ਮੁਕਤੀ ਦੀ ਰਾਜਨੀਤੀ (emancipatory politics) ਲਾਜ਼ਮੀ ਤੌਰ ’ਤੇ ਵੰਡਕਾਰੀ ਨਿਆਂ (distributive justice) ਅਤੇ ਮਨੁੱਖੀ ਸਨਮਾਨ ਦੀ ਭਾਵਨਾ ਨਾਲ ਵਡੇਰੇ ਸਮਾਜ ਦੇ ਲੋਕਤੰਤਰੀਕਰਨ ਦੇ ਉਚੇਰੇ ਟੀਚੇ ਵਾਲਾ ਅੰਦੋਲਨ ਹੈ। ਇਸ ਤਰ੍ਹਾਂ ਇਹ ਕਿਸੇ ਵੀ ਕੀਮਤ ’ਤੇ ਚੋਣਾਂ ਜਿੱਤਣ ਦੇ ਫੌਰੀ ਟੀਚੇ ਵਾਲਾ ਮਾਮਲਾ ਨਹੀਂ ਸਗੋਂ ਇਹ ਤਾਂ ਸੱਤਾ ਅਤੇ ਵਿਸ਼ੇਸ਼ ਅਧਿਕਾਰ ਦੇ ਆਭਾ-ਮੰਡਲ ਤੋਂ ਬਿਨਾ ਹੋਂਦ ਬਣਾਈ ਰੱਖਣ ਅਤੇ ਸਮੂਹਿਕ ਮੁਕਤੀ ਲਈ ਅੰਦੋਲਨ ਨੂੰ ਜਾਰੀ ਰੱਖਣ ਦੀ ਦਲੇਰੀ ਦੀ ਗੱਲ ਹੈ। ਮੋਹਨਦਾਸ ਕਰਮਚੰਦ ਗਾਂਧੀ ਦੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਇਕ ਤਰ੍ਹਾਂ ਦੀ ਸਾਧਨਾ ਹੈ। ਦੂਜਾ, ਇਹ ਸੰਵਾਦਮਈ ਹੈ ਕਿਉਂਕਿ ਕੋਈ ਸਿਆਸੀ ਅੰਦੋਲਨ ਸਿਰਫ਼ ਹਮਦਰਦੀ ਨਾਲ ਸੁਣਨ, ਭਾਵ ਗਰੀਬਾਂ ਅਤੇ ਹਾਸ਼ੀਏ ’ਤੇ ਪੁੱਜੇ ਲੋਕਾਂ, ਰਚਨਾਤਮਕ ਕਲਾਕਾਰਾਂ ਤੇ ਨੌਜਵਾਨ ਵਿਦਿਆਰਥੀਆਂ ਜਾਂ ਔਰਤਾਂ ਤੇ ਘੱਟ ਗਿਣਤੀਆਂ ਦੀਆਂ ਆਵਾਜ਼ਾਂ ਨੂੰ ਸੁਣਨਾ - ਦੇ ਤਰੀਕੇ ਰਾਹੀਂ ਹੀ ਅਸਲ ਵਿਚ ਲੋਕਤੰਤਰੀ ਅਤੇ ਸ਼ਮੂਲੀਅਤ ਵਾਲੀ ਬਣ ਸਕਦਾ ਹੈ। ਇਹ ਤਬਦੀਲੀ ਹੈ - ਇਕ ਤਾਨਾਸ਼ਾਹ ਆਗੂ ਦੇ ਹੰਕਾਰਵਾਦ ਤੋਂ ਲੋਕਾਂ ਦੀਆਂ ਆਵਾਜ਼ਾਂ ਵੱਲ। ਤੀਜਾ, ਸਾਡੇ ਵਰਗੇ ਮੁਲਕ ਵਿਚ ਭਾਰੀ ਬਹੁਲਤਾ, ਵੰਨ-ਸਵੰਨਤਾ ਅਤੇ ਸੱਭਿਆਚਾਰਕ ਵਖਰੇਵਿਆਂ ਦੇ ਮੱਦੇਨਜ਼ਰ ਸਿਆਸਤ ਨੂੰ ਏਕਤਾ ਦੀ ਮਾਲਾ ਵਿਚ ਪਰੋਣ ਵਾਲਾ ਇਕ ਸੱਭਿਅਤਾਵਾਦੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ। ਦੂਜੇ ਲਫ਼ਜ਼ਾਂ ਵਿਚ, ਇਸ ਨੂੰ ‘ਭਾਰਤੀਪੁਣੇ’ ਦੇ ਇਕਹਿਰੇ ਵਿਖਿਆਨ ਜੋ ‘ਰਾਸ਼ਟਰਵਾਦ’ ਦੀ ਬਹੁਗਿਣਤੀਵਾਦ ਵੱਲ ਵਧਦੀ ਹੋਈ ਕਿਸਮ ਹੈ, ਤੋਂ ਅਗਾਂਹ ਦੇਖਣਾ ਹੋਵੇਗਾ। ਇਸ ਨੂੰ ਸਾਂਝੇ ਧਰਮ ਨਿਰਪੱਖ ਸਰੋਕਾਰਾਂ ਜਿਵੇਂ ਸਿਹਤ, ਸਿੱਖਿਆ, ਰੁਜ਼ਗਾਰ, ਆਸਰਾ ਅਤੇ ਜਮਹੂਰੀ ਹੱਕਾਂ ਦੀ ਅਹਿਮੀਅਤ ’ਤੇ ਜ਼ੋਰ ਦੇਣਾ ਚਾਹੀਦਾ ਹੈ।
ਸਵਾਲ ਇਹ ਹੈ ਕਿ ਕੀ ਭਾਰਤ ਜੋੜੋ ਯਾਤਰਾ ਨੂੰ ਇਸ ਤਰ੍ਹਾਂ ਦੀ ਮੁਕਤੀ ਦੀ ਰਾਜਨੀਤੀ ਨਾਲ ਜੋੜਿਆ ਜਾ ਸਕਦਾ ਹੈ? ਖ਼ੈਰ, ਨਿੰਦਕ ਹੋਣਾ ਲੁਭਾਵਣਾ ਹੈ। ਦਲੀਲ ਦਿੱਤੀ ਜਾ ਸਕਦੀ ਹੈ ਕਿ ਇਹ ਯਾਤਰਾ ਨਾ ਤਾਂ ਅੰਤਾਂ ਦੀ ਤਾਕਤਵਰ ਭਾਜਪਾ ਨੂੰ ਚੋਣਾਂ ਵਿਚ ਹਰਾ ਸਕਦੀ ਹੈ ਅਤੇ ਨਾ ਹੀ ਇਹ ਮੋਦੀ ਦੀ ਮਕਬੂਲੀਅਤ ਘਟਾ ਸਕਦੀ ਹੈ। ਨਾਲ ਹੀ ਸਨਕੀ ਇਹ ਜੋੜ ਸਕਦੇ ਹਨ ਕਿ ਇਹ ਕਾਂਗਰਸ ਦੇ ਅੰਦਰੂਨੀ ਮਾਮਲੇ ਤੋਂ ਵੱਧ ਕੁਝ ਨਹੀਂ ਹੈ ਜੋ ਮਹਿਜ਼ ਬਿਲਕੁਲ ਢਹਿੰਦੀ ਕਲਾ ਵਿਚ ਜਾ ਚੁੱਕੀ ਇਸ ਪਾਰਟੀ ਨੂੰ ਨਵੇਂ ਸਿਰਿਉਂ ਖੜ੍ਹੀ ਕਰਨ ਅਤੇ ਰਾਹੁਲ ਨੂੰ ਨਵੇਂ ਮੁਕਤੀਦਾਤਾ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਹੀ ਹੈ।
ਉਂਝ, ਇਸ ਯਾਤਰਾ ਵਿਚ ਕੁਝ ਸੰਭਾਵਨਾ ਦੇਖਣਾ ਸੰਭਵ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਯਾਤਰਾ ਫ਼ੌਰੀ ਨਤੀਜਿਆਂ ਵਿਚ ਉਲਝਣ ਦੀ ਥਾਂ ਲਹਿਰ ਦੇ ਰੂਪ ਵਿਚ ਹੌਲੀ ਹੌਲੀ ਪਰ ਮਜ਼ਬੂਤੀ ਨਾਲ ਉੱਭਰ ਰਹੀ ਹੈ। ਕੋਈ ਹੈਰਾਨੀ ਨਹੀਂ ਕਿ ਇਹ ਸਿਰਫ਼ ਕਾਂਗਰਸ-ਕੇਂਦਰਿਤ ਵਰਤਾਰੇ ਤੋਂ ਕਿਤੇ ਦੂਰ ਲੋਕਾਂ ਦਾ ਸੰਗਮ ਬਣ ਰਹੀ ਹੈ। ਦੂਜਾ, ਇਸ ਲਹਿਰ ਦੇ ਰੰਗ-ਢੰਗ ਜ਼ਹਿਰੀਲੇ ਸਿਆਸੀ ਸੱਭਿਆਚਾਰ ਤੋਂ ਬਹੁਤ ਹੀ ਤਾਜ਼ਗੀ ਭਰੇ ਢੰਗ ਨਾਲ ਵੱਖਰੇ ਹਨ। ਰਾਹੁਲ ਦੇ ਹਾਵ-ਭਾਵ ਅਤਿ-ਮਰਦਾਨਾ ਧਾੜਵੀ ਤਰਕ ਨੂੰ ਨਕਾਰਦੇ ਹਨ। ਉਹ ਆਪਣੇ ਸੰਵਾਦਮੁਖੀ ਮਿਜ਼ਾਜ ਸਦਕਾ ਹਰ ਕਿਸੇ ਨੂੰ ਆਪਣੇ ਕਲਾਵੇ ਵਿਚ ਲੈਂਦਾ ਜਾਪਦਾ ਹੈ। ਅਖਬਾਰਾਂ/ਟੈਲੀਵਿਜ਼ਨ ਦੇ ਪੱਤਰਕਾਰ ਥੋੜ੍ਹਾ ਹੈਰਾਨ ਹੋਣਗੇ ਕਿ ਇੱਥੇ ਕੋਈ ਤਾਂ ਅਜਿਹਾ ਹੈ ਜੋ ਆਜ਼ਾਦਾਨਾ ਢੰਗ ਨਾਲ ਚੱਲਦੀਆਂ ਪ੍ਰੈੱਸ ਕਾਨਫਰੰਸਾਂ ਤੋਂ ਬਚ ਕੇ ਨਹੀਂ ਭੱਜਦਾ।
ਰਾਹੁਲ ਆਮ ਇਨਸਾਨ ਵਰਗਾ, ਨਰਮ ਅਤੇ ਸੰਜਮੀ ਜਾਪਦਾ ਹੈ, ਇਸ ਦੇ ਬਾਵਜੂਦ ਅਜਿਹਾ ਜੋ ਹਾਕਮ ਧਿਰ ਦਾ ਜ਼ੋਰਦਾਰ ਆਲੋਚਕ ਹੈ। ਮਿਸਾਲ ਵਜੋਂ ਉਹ ਇੰਨਾ ਕੁ ਦਲੇਰ ਹੈ ਜੋ ਦੋ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਸਥਾਪਤੀ ਵਿਚਕਾਰ ਬਣੇ ਨਜ਼ਦੀਕੀ ਸਬੰਧਾਂ ਉਤੇ ਉਂਗਲ ਉਠਾ ਸਕੇ। ਤੀਜਾ, ਭਾਰਤ ਬਾਰੇ ਉਸ ਦਾ ਵਿਚਾਰ ਤਾਜ਼ਗੀ ਭਰਪੂਰ ਢੰਗ ਨਾਲ ਉਗਰ ਹਿੰਦੂ ਰਾਸ਼ਟਰਵਾਦ ਜਾਂ ਹਿੰਦੂਤਵ ਦੇ ਵਿਖਿਆਨ ਤੋਂ ਵੱਖਰਾ ਹੈ। ਅਜਿਹੇ ਮੌਕੇ ਜਦੋਂ ਭਾਜਪਾ ਦੇ ਚੋਣ ਵਿਰੋਧੀ ਤੱਕ ਵੀ ਕੂਟਨੀਤਕ ਢੰਗ ਨਾਲ ਹਿੰਦੂਤਵ ਦੇ ਪ੍ਰਾਜੈਕਟ ’ਤੇ ਚੁੱਪ ਧਾਰੀ ਰੱਖਦੇ ਹਨ, ਉਥੇ ਰਾਹੁਲ ਇਸ ਦੌਰਾਨ ਤਿੱਖੀ ਵਿਚਾਰਧਾਰਕ ਆਲੋਚਨਾ ਕਰਨ ਤੋਂ ਨਹੀਂ ਝਿਜਕ ਰਿਹਾ, ਜਿਵੇਂ ਅਸੀਂ ਵਿਨਾਇਕ ਦਾਮੋਦਰ ਸਾਵਰਕਰ ਅਤੇ ਉਸ ਦੇ ਸਮਕਾਲੀ ਪੈਰੋਕਾਰਾਂ ਦੇ ਮਾਮਲੇ ਵਿਚ ਦੇਖਿਆ ਹੈ।
ਇਸ ਆਲੋਚਨਾਤਮਕ ਸੁਰ (ਜੋ ‘ਹਿੰਦੂ’ ਵੋਟ ਬੈਂਕ, ਭਾਵ ਸੰਘ ਪਰਿਵਾਰ ਦੇ ਵਫ਼ਾਦਾਰ ਪੈਰੋਕਾਰਾਂ ਨੂੰ ਨਾਰਾਜ਼ ਕਰ ਸਕਦੀ ਹੈ) ਸਦਕਾ ਇਹ ਯਾਤਰਾ ਸੰਭਾਵ ਤੌਰ ’ਤੇ ਸਭ ਦੀ ਸ਼ਮੂਲੀਅਤ ਵਾਲੇ ਰਾਸ਼ਟਰਵਾਦ ਦਾ ਸੰਦੇਸ਼ ਦੇ ਰਹੀ ਹੈ ਅਤੇ ਇਸ ਦੇ ਨਾਲ ਹੀ ਇਹ ਇਨ੍ਹਾਂ ਜ਼ਹਿਰੀਲੇ ਸਮਿਆਂ ਦੌਰਾਨ ਮਹਿਜ਼ ਚੋਣ ਗਿਣਤੀਆਂ-ਮਿਣਤੀਆਂ ਤੋਂ ਅਗਾਂਹ ਦੇਖਦੀ ਹੈ। ਇੰਝ ਇਕ ਤਰ੍ਹਾਂ ਜਿਵੇਂ ਆਸ਼ਾਵਾਦੀ ਵਿਸ਼ਵਾਸ ਕਰਨਾ ਚਾਹੁਣਗੇ, ਇਹ ਯਾਤਰਾ ਨਵੀਂ ਚੇਤਨਾ ਭਾਰਤ ਨੂੰ ਨਫ਼ਰਤ ਅਤੇ ਬੇਦਖ਼ਲੀ/ਬਾਈਕਾਟ ਦੀ ਫੁੱਟ-ਪਾਊ ਸਿਆਸਤ ਤੋਂ ਮੁਕਤ ਕਰਨ ਲਈ ਅੰਦੋਲਨ ਦਾ ਸੰਕੇਤ ਦਿੰਦੀ ਹੈ।
ਫਿਰ ਵੀ ਦੋ ਚਿੰਤਾਵਾਂ ਹਨ ਜਿਨ੍ਹਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਪਹਿਲਾ, ਕੀ ਇਸ ਲੰਮੀ ਯਾਤਰਾ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਵੀ ਰਾਹੁਲ ਦਾ ਉਹੋ ਮਿਜ਼ਾਜ ਕਾਇਮ ਰਹੇਗਾ, ਭਾਵ ਆਮ ਲੋਕਾਂ ਨਾਲ ਘੁਲ-ਮਿਲ ਜਾਣ ਦੀ ਕਲਾ, ਉਨ੍ਹਾਂ ਦੇ ਦਰਦ ਤੇ ਤੜਫ ਦੀਆਂ ਦਾਸਤਾਨਾਂ ਨੂੰ ਬਿਆਨਣਾ ਅਤੇ ਸਿਆਸਤ ਦੇ ਏਜੰਡੇ ਨੂੰ ਮੁੜ-ਪਰਿਭਾਸ਼ਿਤ ਕਰਨਾ? ਜੇ ਇਸ ਦਾ ਫ਼ੌਰੀ ਚੁਣਾਵੀ ਲਾਹਾ ਨਹੀਂ ਮਿਲਦਾ, ਕੀ ਤਾਂ ਵੀ ਉਹ ਆਪਣਾ ਜੋਸ਼ ਕਾਇਮ ਰੱਖ ਸਕਣਗੇ? ਦਰਅਸਲ, ਇਸ ਲਈ ਬਹੁਤ ਧੀਰਜ ਦੀ ਲੋੜ ਹੁੰਦੀ ਹੈ ਔਖੇ ਵੇਲਿਆਂ ਵਿਚ ਡਟੇ ਰਹਿਣ ਦੀ ਹਿੰਮਤ। ਦੂਜਾ, ਕੀ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿਚ ਤਬਦੀਲੀ ਲਿਆਉਣ ’ਚ ਕਾਮਯਾਬ ਰਹਿਣਗੇ। ਕਾਂਗਰਸ ਅਜਿਹੀ ਪਾਰਟੀ ਬਣ ਚੁੱਕੀ ਹੈ ਜਿਸ ਨੇ ਜਾਪਦਾ ਹੈ, ਜਿਵੇਂ ਜਨਤਕ ਲਾਮਬੰਦੀ ਅਤੇ ਜਨ ਅੰਦੋਲਨ ਦੀ ਗਾਂਧੀਵਾਦੀ ਰਵਾਇਤ ਗੁਆ ਲਈ ਹੋਵੇ? ਜਾਂ ਫਿਰ ਇਸ ਗੱਲ ਦਾ ਖ਼ਤਰਾ ਹੈ ਕਿ ਕਾਂਗਰਸ ਸਥਾਪਤੀ ਅੰਦਰਲੇ ਰੂੜ੍ਹੀਵਾਦੀ ਤੱਤ ਹੀ ਉਸ ਦੇ ਇਕ ਤਰ੍ਹਾਂ ‘ਖੱਬੂ’/ਪ੍ਰਗਤੀਸ਼ੀਲ ਰੁਝਾਨ (left of centre/progressive orientation) ’ਤੇ ਇਤਰਾਜ਼ ਕਰਨਾ ਸ਼ੁਰੂ ਕਰ ਦੇਣਗੇ?
* ਲੇਖਕ ਸਮਾਜ ਸ਼ਾਸਤਰੀ ਹੈ।