ਪਹਿਲੀ ਵਾਰ ਲਿਖਣ ਦਾ ਅਹਿਸਾਸ - ਤਰਸੇਮ ਬਸ਼ਰ

ਇੱਕ  ਘਟਨਾ ਸੀ ਜਿਸ ਨੇ ਮੇਰੇ ਜ਼ਿਹਨ ਤੇ ਵੱਡਾ ਅਸਰ ਕੀਤਾ ਸੀ  l  ਮੈਂ ਇਕ ਬੰਦੇ ਨੂੰ ਦੇਖਿਆ ਜੋ ਰੋਟੀਆਂ   ਲਈ ਕੁੱਤਿਆਂ ਨੂੰ ਭਾਲ ਰਿਹਾ ਸੀ ਕਿਉਂਕਿ ਕਿਸੇ ਨੇ ਉਸ ਨੂੰ ਇਸ ਤਰ੍ਹਾਂ ਕਰਨ ਲਈ ਦੱਸਿਆ ਹੋਇਆ ਸੀ  ....ਤਾਂ ਕਿ ਉਸ ਦੀਆਂ ਮੁਸੀਬਤਾਂ ਘਟ ਜਾਣ l  ਇਸ ਘਟਨਾ ਨੇ ਮੇਰੇ ਜ਼ਿਹਨ ਤੇ ਵੱਡਾ ਅਸਰ ਕੀਤਾ  l
           ਖ਼ਿਆਲ ਆਉਂਦੇ ਹਨ ..ਉੱਡ ਜਾਂਦੇ ਹਨ  .. ਪੰਖੇਰੂਆਂ ਵਾਂਗਰ  ...ਲਮਹੇ ਬੀਤ ਜਾਂਦੇ ਹਨ.ਫਿਰ ਪਰਤ ਕੇ ਨਹੀਂ ਆਉਂਦੇ  . ਘਟਨਾਵਾਂ ਪਿੱਛੇ ਰਹਿ ਜਾਂਦੀਆਂ ਹਨ  ..
.ਅਚਾਨਕ ਮੈਨੂੰ ਚਿੰਤਾ ਹੋਈ ਸੀ ਮੈਂ ਚਾਹੁੰਦਾ ਸੀ ਇਹ ਘਟਨਾ ਜੋ ਮੈਂ ਦੇਖੀ ਹੈ  ....ਬੀਤ ਨਾ ਜਾਏ .... l  ਪਤਾ ਨਹੀਂ ਮੈਨੂੰ ਕਿਉਂ ਲੱਗਿਆ ਸੀ ਇਸ ਸਾਧਾਰਨ ਘਟਨਾ ਨਹੀਂ  ..ਇਨਸਾਨ  ਆਪਣੀਆਂ ਮੁਸੀਬਤਾਂ ਘਟ ਜਾਣ ਦੇ ਖ਼ਿਆਲ ਨਾਲ ਦਿਲ ਨੂੰ ਵੀ ਲੱਭ ਲੱਭ ਕੇ ਲੁੱਡੀਆਂ ਪਾਉਂਦਾ ਹੈ  ਪਰ ਜ਼ਿਆਦਾਤਰ ਵਾਰੀ ਉਹ ਇਨਸਾਨ ਦੀ ਮਦਦ ਨਹੀਂ ਕਰਦਾ  l
 ਸ਼ਾਇਦ ਇਹੀ "ਡਰ "ਸੀ ਕਿ ਮੈਂ ਜ਼ਿੰਦਗੀ ਦੀ ਪਹਿਲੀ ਕਹਾਣੀ ਲਿਖੀ "ਕੁੱਤਿਆਂ ਨੂੰ ਭਾਲਦਾ ਇਨਸਾਨ " l
         ਉਹ ਕਹਾਣੀ ਅਜੀਤ ਵਿੱਚ ਛਪੀ ਜਿਸ ਦੀ ਮੈਨੂੰ ਕੋਈ ਉਮੀਦ  ਨਹੀਂ ਸੀ  ....ਮੈਨੂੰ ਕਹਾਣੀ ਛਪਣ ਦੇ ਉਨੀ ਖੁਸ਼ੀ ਨਹੀਂ ਸੀ ਜਿੰਨੀ ਇਸ ਅਹਿਸਾਸ ਦੀ ਸੀ ਕਿ ਮੈਂ ਹੁਣ ਖ਼ਿਆਲਾਂ ਨੂੰ ਰੂਪ ਦੇ ਸਕਦਾ ਹਾਂ...ਹੁਣ ਲਮਹੇਂ ਸਿਰਫ਼ ਬੀਤ ਹੀ ਨਹੀਂ ਜਾਣਗੇ  ..ਉਹ ਅਣਆਈ ਮੌਤ ਨਹੀਂ ਮਰਨਗੇ  l   
         ਹੁਣ ਘਟਨਾਵਾਂ ਸਿਰਫ ਹੰਢਾਈਆਂ ਹੀ ਨਹੀਂ ਜਾਣਗੀਆਂ   ....ਇਨ੍ਹਾਂ ਨੂੰ ਜ਼ੁਬਾਨ ਮਿਲ ਜਾਏਗੀ... ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ  l
       ਇਹ ਇਕ ਨਵੀਂ ਦੁਨੀਆਂ ਦੇ ਦਰਵਾਜ਼ੇ ਖੋਲ੍ਹਣ ਵਾਂਗ ਸੀ  ....ਇੱਕ ਸ਼ਕਤੀ ਦਾ ਅਹਿਸਾਸ ਜੋ ਤੁਹਾਡੇ ਕੋਲ਼ ਹੈ ਪਰ ਤੁਹਾਨੂੰ ਉਸ ਦਾ ਇਲਮ ਨਹੀਂ  l
        ਖ਼ਿਆਲ ਮੇਰੇ ਅੰਦਰ ਪਹਿਲਾਂ ਤੋਂ ਹੀ ਸਨ  l
   ਕੁਝ ਚੀਜ਼ਾਂ ਲਈ ਮੈਂ ਪਹਿਲਾਂ ਹੀ ਡਰਦਾ ਸੀ ਕਿ ਉਹ ਬੀਤਾ ਸਮਾਂ ਨਾ ਬਣ ਜਾਣ  ....ਕੁਝ ਲੋਕ ਸਨ ਜਿਨ੍ਹਾਂ ਨੂੰ ਮੈਂ ਹਮੇਸ਼ਾਂ ਲਈ ਦੇਖਣਾ ਚਾਹੁੰਦਾ ਸੀ  !

ਤਰਸੇਮ ਬਸ਼ਰ
9814163071