ਵਿਸਰ ਗਈਆਂ ਜੋ ਖਾਧ-ਖੁਰਾਕਾਂ - ਅਵਤਾਰ ਸਿੰਘ ਬਿਲਿੰਗ

ਸਾਡੇ ਬਚਪਨ ਵਿੱਚ ਖਾਧ ਖੁਰਾਕ ਬਹੁਤ ਸਾਦੀ ਸੀ ਅਤੇ ਭਾਰੀ ਵੀ। ਸਾਥੋਂ ਪਹਿਲੀ ਪੀੜ੍ਹੀ ਵਿੱਚ ਬੇਹੱਦ ਪੌਸ਼ਟਿਕ ਸੀ। ਤਾਇਆ ਦੱਸਦਾ ਹੁੰਦਾ, ਉਹ ਚਾਹ ਨੂੰ ਜਾਣਦੇ ਨਹੀਂ ਸੀ। ਸਵੇਰੇ ਚਾਟੀ ਦੀ ਰਿੜਕੀ ਲੱਸੀ, ਅੱਧਰਿੜਕਿਆ ਦਹੀਂ ਜਾਂ ਤਾਜ਼ੀ ਲੱਸੀ ਵਿੱਚ ਤਾਜ਼ਾ ਦੁੱਧ ਮਿਲਾ ਕੇ ਬਣਿਆ ‘ਤਿਓੜ’ ਪੀ ਕੇ ਹਲ਼ ਜੋੜਦੇ। ਹਾਜ਼ਰੀ ਵਕਤ ਤੱਕ ਭੁੱਖ ਚਮਕਦੀ ਤਾਂ ਹਾਜ਼ਰੀ ਵੇਲੇ ਕਣਕ, ਜੌਂ, ਛੋਲਿਆਂ ਦੀ ਮਿੱਸ ਵਾਲੀ ਰੋਟੀ ਮੱਖਣ, ਪਿਆਜ਼ ਤੇ ਮੇਥੇ ਕਲ਼ੌਂਜੀ ਆਦਿ ਪਾ ਕੇ ਬਣਾਏ ਅੰਬ ਦੇ ਆਚਾਰ ਅਤੇ ਲੱਸੀ ਨਾਲ ਆ ਜਾਂਦੀ। ਤਾਇਆ ਆਂਹਦਾ ‘‘ਇੱਕ ਵਾਰੀ ਢਿੱਡ ਢਾਬ ਵਾਂਗ ਭਰਿਆ, ਦੁਪਹਿਰ ਤੱਕ ਖ਼ਾਲੀ ਹੁੰਦਾ, ਉਦੋਂ ਮਾਂਹ ਦੀ ਦਾਲ਼ ਨਾਲ ਘਿਓ ਚੋਂਦੇ ਕਣਕ ਦੇ ਫੁਲਕਿਆਂ ਵਾਲਾ ‘ਦੁਪਹਿਰਾ’ ਲੈ ਕੇ ਸਾਡੀ ਮਾਂ ਜਾ ਪਹੁੰਚਦੀ। ਹਾੜ੍ਹੀ ਵੱਢ ਕੇ ਆਇਆਂ ਨੂੰ ਨਿੱਤ ਆਥਣੇ ਸ਼ੱਕਰ ਘਿਓ ਮਿਲਣਾ। ਜਿਸ ਦਿਨ ਵਾਢੀ ਖ਼ਤਮ ਹੋਣੀ ਤਾਂ ਇੱਕ ਬਰਾਬਰ ਆਟਾ, ਘਿਓ ਤੇ ਮਿੱਠਾ ਪਾ ਕੇ ਤਿਹੌਲੇ ਦਾ ਕੜਾਹ ਬਣਦਾ।’’ ਵੀਹਵੀਂ ਸਦੀ ਦੇ ਆਰੰਭ ਵਿੱਚ ਜਨਮੀ ਉਸ ਪੀੜ੍ਹੀ ਨੇ ਵਿਆਹ ਸ਼ਾਦੀ ਮੌਕੇ ਕਾਂਜੀ ਬਣਦੀ ਤੇ ਵਰਤਦੀ ਦੇਖੀ ਸੀ। ਘਰ ਦੇ ਛੋਲਿਆਂ ਨੂੰ ਚੁਬੱਚੇ ਵਿੱਚ ਪੂਰੀ ਦਿਹਾੜੀ ਭਿੱਜਣ ਲਈ ਰੱਖਦੇ। ਫੇਰ ਦੌੜਿਆਂ ਉੱਪਰ ਕੜਕਦੀ ਧੁੱਪ ਵਿੱਚ ਸੁਕਾਉਂਦੇ। ਹੱਥਾਂ ਨਾਲ ਮਲ਼ ਕੇ ਛਿਲਕਾ ਉਤਾਰਦੇ। ਛਿਲਕੇ ਸਮੇਤ ਘਰ ਦੀ ਚੱਕੀ ਵਿੱਚ ਮੋਟਾ ਪੀਹ ਕੇ ਵੇਸਣ ਬਣਾਉਂਦੇ ਜਿਸ ਨੂੰ ਦੇਸੀ ਸਰ੍ਹੋਂ ਦੇ ਤੇਲ ਵਿੱਚ ਤਲ਼ ਕੇ ਪਕੌੜੇ ਕੱਢੇ ਜਾਂਦੇ। ਵੱਡੇ ਮੱਟਾਂ ਵਿੱਚ ਪਾਣੀ ਭਰਦੇ। ਅਨੁਪਾਤ ਅਨੁਸਾਰ, ਪਕੌੜੇ, ਰਾਈ, ਅਜਵੈਣ, ਕਲੌਂਜੀ ਕਾਲਾ ਨਮਕ ਆਦਿ ਪਾ ਕੇ ਛੱਡ ਦਿੰਦੇ। ਦੂਜੇ ਦਿਨ ਕਾਂਜੀ ਤਿਆਰ ਹੁੰਦੀ। ਵਿਆਹ ਸ਼ਾਦੀ ਵਿੱਚ ਸ਼ਰੀਕੇ ਕਬੀਲੇ ਨੂੰ ਇਸ ਕਾਂਜੀ ਅਤੇ ਮਾਂਹ ਦੀ ਦਾਲ ਪੋਲ਼ੀ (ਰੁਮਾਲੀ ਰੋਟੀ) ਨਾਲ ਰੋਟੀ ਵਰਤਾਈ ਜਾਂਦੀ।

ਲੱਡੂ ਹੀ ਆਮ ਪ੍ਰਚੱਲਤ ਮਠਿਆਈ ਹੁੰਦੀ ਸੀ। ਪਿੰਡ ਦੀ ਪਰਜਾਪਤ ਬਰਾਦਰੀ ਆਈ ਬਰਾਤ ਨੂੰ ਗੜਬਿਆਂ ਨਾਲ ਘਿਓ ਬੂਰਾ ਵਰਤਾਉਣ ਲਈ ਮਸ਼ਹੂਰ ਸੀ। ਜਦੋਂ ਘਿਓ ਦਾ ਗੜਬਾ ਹੱਥ ਵਿੱਚ ਫੜੀ ਵਰਤਾਵਾ ਨੇੜੇ ਪਹੁੰਚਦਾ ਤਾਂ ਥਾਲ ਵਿੱਚ ਖਿਲਾਰੇ ਬੂਰੇ ਵਿੱਚ ਚੌੜਾ ਟੋਆ ਬਣਾਉਂਦਾ, ਘਿਓ ਖਾਣ ਦਾ ਸ਼ੌਕੀਨ ਕੋਈ ਬਰਾਤੀ ਆਪਣਾ ਮੂੰਹ ਦੂਜੀ ਤਰਫ਼ ਘੁਮਾ ਲੈਂਦਾ। ਸੋ ਬੇਰੋਕ ਡੁੱਲ੍ਹੇ ਚੋਖੇ ਘੀ ਵਿੱਚ ਉਂਗਲ ਫੇਰਦਾ, ਉਹ ਥਾਲ਼ ਨੂੰ ਮੂੰਹ ਲਾ ਕੇ ਪੀ ਜਾਂਦਾ। ਇੰਜ ਹੀ ਲੱਡੂਆਂ ਦੇ ਚੌਵੀ ਜੋਟੇ ਖਾ ਕੇ ਹਜ਼ਮ ਕਰਨ ਵਾਲੇ ਜ਼ਬਰਦਸਤ ਬੰਦੇ ਵੀ ਤਾਏ ਨੇ ਦੇਖੇ ਸਨ। ਅੱਧ ਸੇਰ ਪੱਕੇ ਘਿਓ ਦੇ ਕੜਾਹ ਦਾ ਟੀਸੀ ਲੱਗਿਆ ਥਾਲ ਵੀ ਕੋਈ ਵਿਰਲਾ ਆਦਮੀ ਖਾ ਜਾਂਦਾ। ਉਦੋਂ ਖੁਰਾਕ ਖਾਣ ਦੀਆਂ ਸ਼ਰਤਾਂ ਲੱਗਦੀਆਂ। ਤਾਏ ਨੇ ਥੁੜ੍ਹ ਦਾ ਜ਼ਮਾਨਾ ਵੀ ਦੇਖਿਆ ਜਦੋਂ ਕਿਸੇ ਘਰ ਆਟੇ ਦੀ ਕਮੀ ਹੁੰਦੀ, ਫੁਲਕਾ ਬਣਾਉਣ ਜੋਗਾ ਆਟਾ ਨਾ ਹੁੰਦਾ ਤਾਂ ਲੱਪ ਆਟੇ ਦੀ ਪਾਣੀ ਵਿੱਚ ਘੋਲ਼ ਕੇ ਪੀ ਲੈਣੀ ਜਾਂ ਕਿਸੇ ਕਮਾਦ ਦੇ ਵਿਚਕਾਰ ਛੁਪਾ ਕੇ ਬੀਜੇ ‘ਧੌਲੂ’ ਇੱਖ ਦੇ ਪੋਲੇ ਗੰਨੇ ਮਾਲਕ ਤੋਂ ਚੋਰੀ ਚੂਪ ਕੇ ਪੇਟ ਭਰ ਲੈਣਾ। ਮੱਕੀ ਜਾਂ ਛੋਲਿਆਂ ਦੇ ਭੁੱਜੇ ਦਾਣੇ ਚੱਬਣਾ। ਜਵਾਰ ਦੇ ਸਿੱਟੇ ਭੁੰਨ ਕੇ ਚੱਬਣੇ ਆਦਿ।
ਸੱਠਵਿਆਂ ਵਿੱਚ ਸਾਡੇ ਬਚਪਨ ਦੌਰਾਨ ਚਾਹ ਦਾ ਪੂਰਨ ਬੋਲਬਾਲਾ ਹੋ ਚੁੱਕਾ ਸੀ। ਸਵੇਰੇ ਉੱਠਦੇ ਸਾਰ ਭਰੀ ਹੋਈ ਛੋਟੀ ਗੜਬੀ ਚਾਹ ਦੀ ਪੀਣੀ। ਜੇ ਮੱਝ ਤਾਜ਼ੀ ਸੂਈ ਹੁੰਦੀ ਤਾਂ ਉਸ ਦੇ ਦੂਜੇ ਡੰਗ ਤੋਂ ਦੁੱਧ ਨੂੰ ਜਦੋਂ ਉਬਾਲਦੇ ਤਾਂ ਉਹ ਫਟ ਜਾਂਦਾ। ਉਸ ਨੂੰ ‘ਬੌਹਲ਼ੀ’ ਆਖਦੇ। ਸ਼ੱਕਰ ਜਾਂ ਖੰਡ ਮਿਲਾਈ ਬੌਹਲ਼ੀ ਬਹੁਤ ਪੌਸ਼ਟਿਕ ਖੁਰਾਕ ਮੰਨੀ ਜਾਂਦੀ। ਹਾਜ਼ਰੀ ਵਕਤ ਮਿੱਸੀ ਰੋਟੀ ਲੱਸੀ, ਮੱਖਣ ਜਾਂ ਦਹੀਂ ਨਾਲ ਮਿਲਦੀ। ਅੱਧ ਰਿੜਕਿਆ ਦਹੀਂ ਵੀ ਕਦੇ ਕਦਾਈਂ ਪੀਤਾ ਹੈ। ਤਾਜ਼ੀ ਰਿੜਕੀ ਲੱਸੀ ਵਿੱਚ ਤਾਜ਼ੇ ਦੁੱਧ ਦੀਆਂ ਧਾਰਾਂ ਮਾਰਨ ਨਾਲ ਬਣੇ ‘ਤਿਓੜ’ ਦਾ ਸਵਾਦ ਵੀ ਦੇਖਿਆ, ਪਰ ਉਹ ਏਨਾ ਸਵਾਦ ਨਾ ਲੱਗਦਾ। ਜੇ ਦੁੱਧ ਦੀ ਘਾਟ ਹੁੰਦੀ, ਤਾਜ਼ੀ ਲੱਸੀ ਕਿਸੇ ਗਵਾਂਢੀ ਦੇ ਘਰੋਂ ਲੈ ਆਉਂਦੇ। ਮੱਕੀ ਦੀ ਚੋਪੜੀ ਰੋਟੀ ਉੱਪਰ ਲੂਣ ਭੁੱਕ ਕੇ ਘੁੱਟਾਂ ਬਾਟੀ ਲੱਸੀ ਜਾਂ ਚਾਹ ਨਾਲ ਖਾਣ ਦਾ ਆਪਣਾ ਸਵਾਦ ਹੁੰਦਾ। ਕੜਕਦੀ ਗਰਮੀ ਦੀ ਸ਼ਾਮ ਨੂੰ ਪੁਦੀਨੇ, ਪਿਆਜ਼ ਤੇ ਹਰੀ ਮਿਰਚ ਦੀ ਚਟਣੀ ਨਾਲ ਕੋਰੇ ਘੜੇ ਦੇ ਠੰਢੇ ਪਾਣੀ ਵਿੱਚ ਥੋੜ੍ਹਾ ਜਿਹਾ ਕੱਚਾ ਦੁੱਧ, ਲੂਣ ਤੇ ਕਾਲੀ ਮਿਰਚ ਮਿਲਾ ਕੇ ਬਣਾਈ ਕੱਚੀ ਲੱਸੀ ਪੀਣੀ। ਇਹ ਠੰਢੀ ਤਾਸੀਰ ਵਾਲੀ ਖੁਰਾਕ ਸਮਝੀ ਜਾਂਦੀ। ਸਿਆਲ ਵਿੱਚ ਮੱਕੀ ਦੀ ਰੋਟੀ, ਸਾਗ ਤੇ ਮੱਖਣ ਮੁੱਖ ਭੋਜਨ ਸੀ। ਕਹਾਵਤਾਂ ਬਣੀਆਂ ਸਨ :
ਸਾਗ ਬੁੜ੍ਹੇ ਦਾ ਭਾਗ
ਖਿਚੜੀ ਖਾਏ ਬੁੜ੍ਹਾ ਮਰ ਜਾਏ
ਪੋਹ ਮਾਘ ਗੰਦਲ਼ਾਂ ਦਾ ਸਾਗ ਮੇਵਾ
ਸਾਗ ਬਹੁਤ ਸਸਤੀ ਆਮ ਮਿਲਣ ਵਾਲੀ ਪੱਤੇਦਾਰ ਸਬਜ਼ੀ ਹੈ। ਮੱਕੀ ਦੀ ਰੋਟੀ ਤੇ ਮੱਖਣ ਨਾਲ ਇਸ ਦਾ ਮੇਲ ਹੈ। ਹਰੇਕ ਗ਼ਰੀਬ ਤੇ ਅਮੀਰ ਦੀ ਇਸ ਤੱਕ ਪਹੁੰਚ ਸੀ। ਗ਼ਰੀਬ ਲੋਕ ਖਾਲੀ ਪਈ ਸ਼ਾਮਲਾਤ ਜ਼ਮੀਨ ਵਿੱਚੋਂ ਵੀ ਬਾਥੂ, ਚਿਲ਼ਾਈ ਆਦਿ ਵੇਲ ਬੂਟੀਆਂ ਤੋੜ ਕੇ ਸਾਗ ਬਣਾ ਲੈਂਦੇ। ਸਾਗ ਲਈ ਜੇ ਮੇਥੇ, ਮੇਥੀ ਅਤੇ ਪਾਲਕ ਦੇ ਪੱਤੇ ਮਿਲ ਜਾਂਦੇ ਤਾਂ ਇਹ ਹੋਰ ਵੀ ਕਰਾਰਾ ਬਣਦਾ। ਸਰ੍ਹੋਂ ਦਾ ਸਾਗ ਤੋੜਨ ਤੋਂ ਬਹੁਗਿਣਤੀ ਕਿਸਾਨ ਭਾਈਚਾਰਾ ਵੀ ਕਿਸੇ ਨੂੰ ਜਵਾਬ ਨਾ ਦਿੰਦਾ। ਰੇਲੀ ਸਰ੍ਹੋਂ ਦਾ ਬੂਟਾ ਸਾਗ ਤੋੜਨ ਨਾਲ ਆਲੇ ਦੁਆਲੇ ਵੱਲ ਵੱਧ ਫੁੱਟਦਾ ਫੈਲਦਾ। ਇਹ ਵਿਸ਼ਵਾਸ ਸੀ। ਦੇਸੀ ਸਰ੍ਹੋਂ ਦਾ ਵਾਧਾ ਸਾਗ ਤੋੜਨ ਮਗਰੋਂ ਰੁਕ ਜਾਂਦਾ। ਇਸ ਦੀਆਂ ਗੰਦਲਾਂ ਤੋੜਨ ਦੀ ਮਨਾਹੀ ਸੀ। ਸ਼ਾਇਦ ਇਸ ਲਈ ਇਹ ਲੋਕ ਗੀਤ ਬਣਿਆ ਹੋਵੇ:
ਕਿਹੜੀ ਏਂ ਤੂੰ ਸਾਗ ਤੋੜਦੀ
ਹੱਥ ਸੋਚ ਕੇ ਗੰਦਲ ਨੂੰ ਪਾਈਂ।
ਸਿਆਲ ਵਿੱਚ ਸ਼ਲਗਮ, ਮੂਲੀ, ਗਾਜਰ, ਮੂੰਗਰੇ, ਸੀਂਗਰੇ, ਹਾਥੀਚੱਕ, ਜ਼ਿਮੀਂਕੰਦ ਆਦਿ ਸਬਜ਼ੀਆਂ ਦੀ ਬਹੁਤਾਤ ਹੁੰਦੀ ਜੋ ਲਗਪਗ ਹਰ ਇੱਕ ਬੰਦੇ ਦੀ ਪਹੁੰਚ ਵਿੱਚ ਹੁੰਦੀਆਂ। ਗਰਮੀਆਂ ਵਿੱਚ ਘੀਆ, ਅੱਲਾਂ, ਰਾਮ ਤੋਰੀਆਂ, ਤੂੰਬੀਆਂ, ਬੀਨਾਂ ਦੀਆਂ ਵੇਲਾਂ ਸਾਡੇ ਲੋਕ ਘਰਾਂ ਵਿੱਚ ਆਮ ਉਗਾ ਲੈਂਦੇ। ਪਿਆਜ਼, ਬਾੜ ਕਰੇਲੇ, ਕਰੇਲੇ ਅਤੇ ਮਿਰਚ ਵੀ ਗਰਮੀਆਂ ਦੀ ਸਬਜ਼ੀ ਸੀ। ਸਾਡੇ ਬਚਪਨ ਵਿੱਚ ਮੁੱਲ ਖਰੀਦੀਆਂ ਜਾਣ ਵਾਲੀਆਂ ਸਬਜ਼ੀਆਂ ਜਿਵੇਂ ਟਮਾਟਰ, ਗੋਭੀ, ਵਤਾਊਂ ਆਦਿ ਦੀ ਵਰਤੋਂ ਘੱਟ ਹੁੰਦੀ। ਮਾਂਹ, ਮੋਠ, ਮਸਰ, ਛੋਲੇ ਆਦਿ ਦਾਲਾਂ ਦੀ ਵਰਤੋਂ ਜ਼ਿਆਦਾ ਹੁੰਦੀ। ਗਾਜਰ-ਮੇਥੇ, ਆਲੂ-ਮੇਥੇ ਭੁਰਜੀ ਬਣਾਈ ਜਾਂਦੀ। ਗਰਮੀ ਦੀ ਰੁੱਤ ਵਿੱਚ ਕੁਝ ਲੋਕ ਗਵਾਰੇ ਦੀਆਂ ਫਲ਼ੀਆਂ ਦੀ ਸਬਜ਼ੀ ਵੀ ਬਣਾਉਂਦੇ।
ਗਰਮੀਆਂ ਵਿੱਚ ਲੂਅ ਤੋਂ ਬਚਣ ਲਈ ਕੱਚੇ ਦੁੱਧ ਦੀ ਲੂਣ ਵਾਲੀ ਲੱਸੀ, ਮਿੱਠੀ ਲੱਸੀ, ਸ਼ੱਕਰ/ਖੰਡ ਦਾ ਮਿੱਠਾ ਪਾਣੀ, ਦਹੀਂ ਰਿੜਕ ਕੇ ਬਣਾਈ ਚਾਟੀ ਦੀ ਲੱਸੀ, ਨਿੰਬੂ ਦੀ ਸਿਕੰਜਵੀ ਦੀ ਵਰਤੋਂ ਆਮ ਹੁੰਦੀ। ਸ਼ਹਿਰ ਵਿੱਚੋਂ ਕੋਈ ਵਿਰਲਾ ਟਾਵਾਂ ਵਿਅਕਤੀ ਕਿਸੇ ਮਰੀਜ਼ ਲਈ ਸੰਦਲ ਦਾ ਸ਼ਰਬਤ, ਆਉਲ਼ੇ ਜਾਂ ਸਿਓ ਦਾ ਮੁਰੱਬਾ ਮੁੱਲ ਲਿਆਉਂਦਾ। ਜੌਂਆਂ ਦੇ ਸੱਤੂ ਪਾਣੀ ਵਿੱਚ ਘੋਲ ਕੇ ਪੀਣ ਦਾ ਰਿਵਾਜ ਉਦੋਂ ਹਟ ਗਿਆ ਸੀ। ਸਿਆਲ ਵਿੱਚ ਚਾਹ, ਕੱਚਾ ਦੁੱਧ, ਉਬਾਲੀ ਦਿੱਤਾ ਦੁੱਧ, ਕਾੜ੍ਹਨੀ ਵਿੱਚੋਂ ਕੱਢਿਆ ਬਦਾਮੀ ਦੁੱਧ ਆਮ ਪੀਣ ਵਾਲੇ ਪਦਾਰਥ ਸਨ। ਅਨਾਜਾਂ ਵਿੱਚੋਂ ਮੱਕੀ ਦੀ ਰੋਟੀ ਅੱਸੂ ਮਹੀਨੇ ਤੋਂ ਸ਼ੁਰੂ ਹੋ ਕੇ ਵਿਸਾਖ ਤੱਕ ਪੱਕਦੀ, ਜਦੋਂ ਤੱਕ ਨਵੀਂ ਕਣਕ ਨਾ ਆ ਜਾਂਦੀ। ਵੈਸੇ ਸਮਰੱਥਾਵਾਨ ਲੋਕ ਪੁਰਾਣੀ ਕਣਕ ਖਾਣ ਨੂੰ ਤਰਜੀਹ ਦਿੰਦੇ। ਨਵੀਂ ਆਈ ਤੇ ਤੁਰੰਤ ਪਿਸਾਈ ਕਣਕ ਦੇ ਆਟੇ ਨਾਲ ਕਈਆਂ ਦੇ ਪੇਟ ਵਿੱਚ ਗੜਬੜ ਹੋ ਜਾਂਦੀ। ਆਏ ਮਹਿਮਾਨ ਲਈ ਕਣਕ ਦੀ ਰੋਟੀ, ਘਿਓ-ਬੂਰਾ ਜਾਂ ਖੰਡ-ਘਿਓ ਪਰੋਸਣਾ ਵੱਡੀ ਖਾਤਰਦਾਰੀ ਮੰਨੀ ਜਾਂਦੀ : ‘ਖਾਈਏ ਕਣਕ ਭਾਵੇਂ ਭੁੱਗੀ ਹੋਵੇ, ਵੱਸੀਏ ਸ਼ਹਿਰ ਭਾਵੇਂ ਝੁੱਗੀ ਹੋਵੇ।’ ਸ਼ਹਿਰ ਲਈ ਤਾਂਘਦੇ ਪੜ੍ਹੇ ਲਿਖੇ ਬੰਦਿਆਂ ਦਾ ਅਖਾਣ ਸੀ। ਦੇਸੀ ਘੀ ਪਾਉਣਾ ਆਮ ਜਿਹੀ ਗੱਲ ਸੀ। ਇਸ ਨੂੰ ਦਾਰੂ ਸਮਝਿਆ ਜਾਂਦਾ। ਕਹਾਵਤ ਸੀ:
ਸੌ ਦਾਰੂ ਇੱਕ ਘਿਓ, ਸੌ ਚਾਚੇ ਇੱਕ ਪਿਓ
ਸ਼ਰਾਬ ਪਿਲਾਉਣ ਦਾ ਰਿਵਾਜ ਬਹੁਤ ਘੱਟ ਸੀ। ਫੇਰ ਵੀ ਕੁਝ ਲੋਕ ਘਰ ਦੀ ਕੱਢੀ ਸ਼ਰਾਬ ਨਾਲ ਵੀ ਆਏ ਮਹਿਮਾਨ ਦੀ ਸੇਵਾ ਕਰਦੇ। ਭਾਦੋਂ ਦੀ ਨੌਮੀ ਨੂੰ ਘੜੇ ਉਤੇ ਵੱਟੀਆਂ ਸੇਵੀਆਂ ਬਣਾਉਂਦੇ। ਸਾਡੀ ਬੀਬੀ ਚੁੱਲ੍ਹੇ ਵਿੱਚੋਂ ਅੰਗਿਆਰੀ ਕੱਢਦੀ, ਉਸ ਉੱਤੇ ਘੀ ਦਾ ਹਵਨ ਦਿੰਦੀ, ਭੋਰਾ ਭਰ ਸੇਵੀਆਂ ਅੰਗਿਆਰੀ ਉੱਪਰ ਪਾਉਂਦੀ, ਮੱਥਾ ਟੇਕਦੀ ਮੂੰਹ ਵਿੱਚ ਗੁਣਗੁਣਾਉਂਦੀ : ‘ਨ੍ਹੇਰੇ ਸਨ੍ਹੇਰੇ ਲੁਕੇ ਛਿਪੇ ਰਿਹੋ, ਵਿਚਾਰੇ ਧਰਤੀ ਦੇ ਰਾਜਿਓ!’ ਘਰ ਦਾ ਹਰੇਕ ਜੀਅ ਸੇਵੀਂਆਂ ਦੇ ਭਰੇ ਹੋਏ ਛੰਨੇ ਵਿੱਚ ਇੱਕ ਇੱਕ ਕੜਛੀ ਦੇਸੀ ਘਿਓ ਦੀ ਪਵਾ ਕੇ ਖਾਂਦਾ। ਇਹ ਵੀ ਬਹੁਤ ਭਾਰੀ ਖੁਰਾਕ ਸੀ। ਭੁੱਜੀਆਂ ਛੱਲੀਆਂ, ਗੂੜ੍ਹੇ ਸਿਆਲ ਵਿੱਚ ਭੱਠੀ ਤੋਂ ਭੁੰਨਾਈਆਂ ਮੱਕੀ ਦੀਆਂ ਖਿੱਲਾਂ, ਖੜਕਵੇਂ ਦਾਣੇ ‘ਮੁਰਮੁਰੇ’ ਬਹੁਤ ਸਵਾਦ ਲੱਗਦੇ। ਗਰਮੀਆਂ ਵਿੱਚ ਭੁੱਜੇ ਛੋਲੇ, ਹਾੜ੍ਹੀ ਦੌਰਾਨ ਗੱਦਰ ਛੋਲਿਆਂ ਦੀਆਂ ਹੋਲ਼ਾਂ, ਸਿਆਲ ਉਤਰਦੇ ਤਾਜ਼ੀ ਪੁੱਟੀ ਮੂੰਗਫਲੀ ਦੀਆਂ ‘ਹੋਲ਼ਾਂ’ ਦਾ ਆਪਣਾ ਹੀ ਸਵਾਦ ਹੁੰਦਾ। ਮੱਘਰ ਮਹੀਨੇ ਦੀ ਗੰਨੇ ਭੰਨ ਇਕਾਦਸ਼ੀ ਮਗਰੋਂ ਪੱਕੇ ਹੋਏ ਰਸਦਾਰ ਗੰਨੇ ਚੂਪਦੇ ਨਾ ਥੱਕਦੇ, ਗੰਨਾ ਛਿੱਲਦਿਆਂ ਜੀਭ, ਮੂੰਹ, ਜਾਭਾਂ ਬੇਸ਼ੱਕ ਜ਼ਖ਼ਮੀ ਹੋ ਜਾਂਦੀਆਂ। ਖੇਤਾਂ ਵਿੱਚ ਚਿੱਭੜ, ਫੁੱਟਾਂ ਤੇ ਬੇਰ, ਨਸੂਹੜੇ, ਜਾਮਣਾਂ ਅਤੇ ਚਪੇੜ ਡੰਡਾ ਥੋਹਰ ਨੂੰ ਲੱਗਦੇ ਜਾਮਣਾਂ ਵਰਗੇ ਖੱਟੇ ਮਿੱਠੇ ਰਸੀਲੇ ਫ਼ਲ ਪੇਂਡੂ ਮੇਵੇ ਸਨ। ਬਰਸਾਤ ਤੋਂ ਪਹਿਲਾਂ ਖਾਧੇ ਖਰਬੂਜ਼ਿਆਂ ਦੇ ਬੀਜ ਕਈ ਔਰਤਾਂ ਧੋ ਸੁਕਾ ਕੇ ਸੰਭਾਲ ਲੈਂਦੀਆਂ, ਬਾਅਦ ਵਿੱਚ ਮਗਜ਼ ਕੱਢ ਕੇ ਚੱਬਦੀਆਂ। ਬਰਸਾਤ ਵਿੱਚ ਪੱਕੇ ਅੰਬਾਂ ਦੀਆਂ ਗੁਠਲੀਆਂ ਕੁਝ ਸਿਆਣੀਆਂ ਇਸਤਰੀਆਂ ਸੁਕਾ ਕੇ ਰੱਖ ਲੈਂਦੀਆਂ, ਸਿਆਲ ਵਿੱਚ ਭੁੰਨ ਕੇ ਚੱਬਦੀਆਂ।
ਮੌਸਮ ਮੁਤਾਬਿਕ ਮਿੱਠੇ ਪਦਾਰਥ ਵੀ ਬਣਾਏ ਜਾਂਦੇ। ਗਾੜ੍ਹੇ ਦੁੱਧ ਤੋਂ ਬਣੀ ਖੀਰ, ਦੇਸੀ ਘਿਓ ਦਾ ਕੜਾਹ, ਘਿਓ ਭੁੰਨਵਾਂ ਦਲੀਆ ਅਤੇ ਮਿੱਠੇ ਚਾਵਲ ਬੜੇ ਪੌਸ਼ਟਿਕ ਭੋਜਨ ਸਨ। ਜਦੋਂ ਮੱਝ ਸੂੰਦੀ, ਮਹੀਨਾ ਸਵਾ ਮਹੀਨਾ ਦੁੱਧ ਦਾ ਸਰਫ਼ਾ ਕਰ ਕੇ ਮੱਖਣ ਤਿਆਰ ਕੀਤਾ ਜਾਂਦਾ। ਬਿਗਾਨੇ ਗੋਤ ਦੇ, ਇੱਥੋਂ ਤੱਕ ਭੈਣ ਦੇ ਸਹੁਰੇ ਘਰ ਮਿਲਣ ਆਏ ਸਵਾਣੀ ਦੇ ਭਰਾ ਨੂੰ ਵੀ ਇਸ ਦਾ ਦੁੱਧ ਨਾ ਦਿੰਦੇ। ਚੰਦਰਮਾ ਦੀ ਅੱਗੇ ਆਉਂਦੀ ਕਿਸੇ ਚਾਨਣੀ ਦਸਵੀਂ ਨੂੰ ਇਸ ਤਰ੍ਹਾਂ ਕੰਜੂਸੀ ਨਾਲ ਜੋੜੇ ਹੋਏ ਘਿਓ ਦਾ ਕੜਾਹ ਅਤੇ ਦੁੱਧ ਦੀ ਖੀਰ ਬਣਾ ਕੇ ਪਿੰਡ ਵਿੱਚੋਂ ਪੰਜ ਲਿਹਾਜ਼ੀ ਬੰਦਿਆਂ ਨੂੰ ਘਰ ਸੱਦ ਕੇ ਛਕਾਉਂਦੇ। ਪੁੱਠੇ ਕੰਢਿਆਂ ਵਾਲੇ ਥਾਲਾਂ ਵਿੱਚ ਖੁੱਲ੍ਹੀ ਖੀਰ ਦੇ ਵਿਚਕਾਰ ਵੱਡਾ ਬੁੱਕ ਕੜਾਹ ਦਾ ਹਰੇਕ ਲਈ ਪਰੋਸਿਆ ਜਾਂਦਾ। ਜੇ ਰੁਚੀ ਹੁੰਦੀ, ਕਈ ਬੰਦੇ ਹੋਰ ਮੰਗ ਲੈਂਦੇ। ਇਸ ਨੂੰ ‘ਸੁੱਚ ਖੋਲ੍ਹਣਾ’ ਆਖਦੇ। ਮਾਘ ਫੱਗਣ ਦੇ ਮਹੀਨੇ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣਦੀਆਂ ਜਿਨ੍ਹਾਂ ਵਿੱਚੋਂ ਖੋਪੇ ਦੀਆਂ ਪਤਲੀਆਂ ਕਾਤਰਾਂ ਤੇ ਕੋਈ ਕੋਈ ਸਾਬਤ ਕਾਲ਼ੀ ਮਿਰਚ ਖਾਣ ਵਾਲੇ ਵੱਲ ਝਾਕਦੀ ਪ੍ਰਤੀਤ ਹੁੰਦੀ। ਇਹ ਪਿੰਨੀਆਂ ਆ ਰਹੀ ਗਰਮੀ ਲਈ ਠੰਢੀ ਤਾਸੀਰ ਵਾਲੀ ਹਲਕੀ ਖੁਰਾਕ ਸਮਝੀ ਜਾਂਦੀ। ਗੂੜ੍ਹੇ ਸਿਆਲ ਵਿੱਚ ਸਿਰਫ਼ ਲੋਹੜੀ ਦੇ ਕੁਝ ਦਿਨਾਂ ਦੌਰਾਨ ਗੁੜ ਅਤੇ ਤਿਲਾਂ ਦੇ ਤਲੂਏਂ (ਲੱਡੂ) ਬਣਾਏ ਜਾਂਦੇ। ਕੋਈ ਕੋਈ ਵਿਅਕਤੀ ਤਿਲਾਂ ਨੂੰ ਕੁੱਟ ਕੇ, ਸ਼ੱਕਰ ਮਿਲਾਉਂਦਾ, ‘ਕੁੱਲਰ’ ਖਾਂਦਾ। ਸਮਰੱਥਾ ਅਨੁਸਾਰ ਲੋਕ ਦੇਸੀ ਘਿਓ ਵਿੱਚ ਕਣਕ ਦਾ ਆਟਾ ਭੁੰਨ ਕੇ ਖੋਆ ਤੇ ਸੁੱਕੇ ਮੇਵੇ ਪਾ ਕੇ ਪੰਜੀਰੀ ਤੇ ਪਿੰਨੀਆਂ ਬਣਾਉਂਦੇ। ਇਹ ਗਿਜ਼ਾ ਜ਼ੋਰਦਾਰ ਮੁਸ਼ੱਕਤ ਕਰਨ ਵਾਲੇ ਹੀ ਪਚਾ ਸਕਦੇ। ਬਹੁਤੀ ਠੰਢ ਵਿੱਚ ਬਲਦਾਂ ਨੂੰ ਵੀ ਗੁੜ ਵਿੱਚ ਭੁੰਨੇ ਵੜੇਵੇਂ ਜਾਂ ਤਾਰੇਮੀਰੇ ਤੇ ਅਲਸੀ ਦਾ ਦਰੜ ਚਾਰਿਆ ਜਾਂਦਾ। ਨਵੇਂ ਵੱਛੇ-ਵੱਛੀਆਂ, ਕੱਟੀਆਂ ਨੂੰ ਮਾਂਹ ਉਬਾਲ ਕੇ ਖਵਾਉਣੇ, ਬੇਹੱਦ ਤਾਕਤ ਵਾਲੀ ਖੁਰਾਕ ਸਮਝੀ ਜਾਂਦੀ।
ਵਿਆਹ ਸ਼ਾਦੀ ਮੌਕੇ ਨੇੜਸਕਿਆਂ ਨੂੰ ਚੁੱਲ੍ਹੇ ਨਿਊਂਦਾ ਤੇ ਆਮ ਘਰਾਂ ਵਿੱਚ ਇੱਕ ਪਰੋਸਾ ਦਿੱਤਾ ਜਾਂਦਾ। ਪਿੰਡ ਦਾ ਰਾਜਾ ਜਿਸ ਘਰ ਜਾ ਕੇ ਚੁੱਲ੍ਹੇ ਨਿਉਂਦੇ ਦਾ ਸੱਦਾ ਦਿੰਦਾ, ਉਸ ਪਰਿਵਾਰ ਨੇ ਵਿਆਹ ਵਾਲੇ ਦਿਨ ਆਪਣਾ ਚੁੱਲ੍ਹਾ ਨਾ ਬਾਲਣਾ ਹੁੰਦਾ। ਉਸ ਟੱਬਰ ਦੇ ਸਾਰੇ ਜੀਅ, ਸਾਂਝੀ ਸੀਰੀ ਵਿਆਹ ਵਾਲੇ ਘਰ ਰੋਟੀ ਖਾਂਦੇ। ਜੋ ਹਾਜ਼ਰ ਨਾ ਹੁੰਦਾ, ਉਸ ਦੀ ਰੋਟੀ ਘਰ ਭੇਜੀ ਜਾਂਦੀ। ਕਈ ਔਰਤਾਂ ਭੋਜਨ ਛਕ ਕੇ ਆਪਣੇ ਘਰ ਰੱਖੇ ਕੁੱਤੇ ਲਈ ਵੀ ਰੋਟੀ ਪਵਾ ਕੇ ਲਿਜਾਣ ਦੀ ਘੌਲ਼ ਨਾ ਕਰਦੀਆਂ। ਦੂਰ ਦੇ ਲਿਹਾਜ਼ੀਆਂ, ਇੱਕ ਪਰੋਸੇ ਵਾਲੇ ਘਰਾਂ ਵਿੱਚ ਨਿਸ਼ਾਨੀ ਵਜੋਂ ਦੋ ਲੱਡੂ, ਦੋ ਜਲੇਬੀਆਂ, ਮਾਂਹ ਦੀ ਦਾਲ਼ ਅਤੇ ਨੌਂ ਜਾਂ ਗਿਆਰਾਂ ਪੋਲ਼ੀਆਂ ਰਾਜਾ ਆਪ ਜਾ ਕੇ ਦੇ ਆਉਂਦਾ। ਸ਼ਰੀਕੇ ਲਈ ਦਾਲ਼ ਪੋਲ਼ੀ ਨਾਲ ਕੇਵਲ ਦੋ ਲੱਡੂ, ਦੋ ਜਲੇਬੀਆਂ ਵਰਤਾਉਣ ਨੂੰ ‘ਨਿਸ਼ਾਨੀ’ ਵਿਖਾਉਣਾ ਸਮਝਦੇ। ਕਈ ਸਮਰੱਥਾਵਾਨ ਖੁੱਲ੍ਹੇ ਲੱਡੂ ਜਲੇਬੀਆਂ ਵਰਤਾਉਂਦੇ, ਜੋ ਜਿੰਨੇ ਮਰਜ਼ੀ ਖਾਵੇ, ਉਸ ਨੂੰ ‘ਸਿੱਟਵੀਂ ਮਠਿਆਈ’ ਆਖਦੇ। ਕੋਈ ਕੋਈ ਪਰਿਵਾਰ ਆਪਣੇ ਗੁਜ਼ਰ ਚੁੱਕੇ ਵਡੇਰੇ ਨੂੰ ‘ਵੱਡਾ ਕਰਨ’ ਲਈ ਸਾਰੇ ਪਿੰਡ ਨੂੰ ਰੋਟੀ ਕਰਦਾ ਜਿਸ ਵਿੱਚ ਹਰ ਘਰ ਨੂੰ ਪ੍ਰਤੀ ਮੈਂਬਰ ਤੋਲ ਕੇ ਅੱਧਾ ਕਿਲੋ ਲੱਡੂ ਦਿੱਤੇ ਜਾਂਦੇ। ਸਾਡੇ ਪਿੰਡ ਵਿੱਚ ਅਗਾਂਹਵਧੂ ਪੰਚਾਇਤੀਆਂ ਨੇ ਇਹ ਰਸਮ ਸਾਡੀ ਸੋਝੀ ਤੋਂ ਪਹਿਲਾਂ ਬੰਦ ਕਰ ਦਿੱਤੀ ਸੀ। ਚੁੱਲ੍ਹੇ ਨਿਊਂਦਾ ਵੀ ਸਿਰਫ਼ ਨੇੜਲੇ ਸਬੰਧੀਆਂ ਨੂੰ ਦਿੱਤਾ ਜਾਂਦਾ। ਪਰੋਸਾ ਫੇਰਨ ਦਾ ਰਿਵਾਜ ਵੀ ਆਪਣੇ ਗੁਆਂਢ ਜਾਂ ਪੱਤੀ ਤੱਕ ਸੀਮਤ ਕਰ ਦਿੱਤਾ ਸੀ। ਸਾਡੇ ਬਚਪਨ ਵਿੱਚ ਆਈ ਬਰਾਤ ਨੂੰ ਕੋਰਿਆਂ ਜਾਂ ਪੱਟੀਆਂ ਉੱਪਰ ਬਿਠਾ ਕੇ ਪਹਿਲਾਂ ਖੋਏ ਦੀ ਬਰਫ਼ੀ, ਪੇੜੇ, ਵੇਸਣ ਦੀ ਬਰਫ਼ੀ ਆਦਿ ਖੁੱਲ੍ਹੀ ਵਰਤਾਈ ਜਾਂਦੀ। ਬਹੁਗਿਣਤੀ ਬਰਾਤੀ ਮਠਿਆਈ ਨਾਲ ਹੀ ਰੱਜਣਾ ਪਸੰਦ ਕਰਦੇ। ਇਸ ਮਗਰੋਂ ਇੱਕ ਅੱਧ ਪੋਲ਼ੀ ਦਾਲ਼ ਸਬਜ਼ੀ ਨਾਲ ਖਾ ਕੇ ਮੂੰਹ ਸਲੂਣਾ ਕਰਦੇ। ਉਦੋਂ ਬਰਾਤ ਨੂੰ ਇੱਕ ਲੱਪ ਬਾਰੀਕ ਪਕੌੜੀ ਬਦਾਣੇ ਨਾਲ ਚਾਹ ਡੇਰੇ ਧਰਮਸ਼ਾਲਾ ਵਿੱਚ ਹੀ ਵਰਤਾਈ ਜਾਂਦੀ। ਪਰ ਸੱਠਵਿਆਂ ਦੇ ਅੱਧ ਵਿੱਚ ‘ਖੜ੍ਹੀ ਚਾਹ’ ਦਾ ਰਿਵਾਜ ਚੱਲਿਆ ਜਿਸ ਵਿੱਚ ਵਿਆਹ ਵਾਲੇ ਘਰ ਸ਼ਾਮਿਆਨੇ ਹੇਠ ਸੈੱਟ ਕੀਤੇ ਟੇਬਲਾਂ ਉੱਪਰ ਮੋਮੀ ਕਾਗਜ਼ ਦੇ ਛੋਟੇ ਛੋਟੇ ਡੂਨਿਆਂ ਵਿੱਚ ਭਾਂਤ ਸੁਭਾਂਤੇ ਨਮੂਨੇ ਬਰਫ਼ੀ, ਗੁਲਾਬ ਜਾਮਣ, ਰਸਗੁੱਲਾ ਆਦਿ ਇੱਕ ਇੱਕ ਕਰ ਕੇ ਸਲੀਕੇ ਨਾਲ ਹਲਵਾਈ ਵੱਲੋਂ ਪਲੇਟਾਂ ਵਿੱਚ ਸਜਾਏ ਹੁੰਦੇ। ਆਂਡਿਆਂ ਦਾ ਆਮਲੇਟ, ਭਾਂਤ ਸੁਭਾਂਤੇ ਪਕੌੜੇ ਮਿੱਠੀ ਚੱਟਣੀ ਆਦਿ ਵੀ ਪਰੋਸੀ ਹੁੰਦੀ। ਸਾਰੀ ਬਰਾਤ ਟੇਬਲਾਂ ਦੁਆਲੇ ਖੜ੍ਹ ਕੇ ਇਹ ਚਾਹ ਪੀਂਦੀ। ਇਸ ਨਵੇਂ ਫੈਸ਼ਨ ਨਾਲ ਪੰਜਾਬ ਦੇ ਪਿੰਡਾਂ ਵਿੱਚ ਮੰਡੀ ਦਾ ਦਖ਼ਲ ਆਰੰਭ ਹੋਇਆ। ਰੋਟੀ ਮੌਕੇ ਬੱਕਰੇ ਜਾਂ ਮੁਰਗੇ ਦਾ ਮੀਟ ਵੀ ਵਰਤਾਇਆ ਜਾਣ ਲੱਗਿਆ। ਮਟਰ ਪਨੀਰ, ਖੁੰਬਾਂ, ਸੁੱਕੇ ਮੇਵੇ ਪਾ ਕੇ ਬਣਾਈ ਗੋਭੀ ਆਦਿ ਮਹਿੰਗੀਆਂ ਸਬਜ਼ੀਆਂ ਨੇ ਮਾਂਹ ਦੀ ਦਾਲ ਨੂੰ ਇੱਕ ਲੇਖੇ ਨਾਲ ਵਿਆਹ ਵਿੱਚੋਂ ਕੱਢ ਦਿੱਤਾ। ਬੁੱਢੇ ਦੇ ਮਰਨੇ ਉੱਪਰ ਵੀ ਅਮੀਰ ਲੋਕ ਅਜਿਹੇ ਚੋਜ ਕਰਦੇ। ਗ਼ਰੀਬ ਲੋਕ ਕੜਾਹ ਜਾਂ ਲੱਡੂ ਜਲੇਬੀ ਨਾਲ ਦਾਲ਼ ਪਰੋਸਦੇ।
ਅੱਜ ਸਾਡੀ ਖਾਧ ਖੁਰਾਕ ਉੱਕੀ ਬਦਲ ਚੁੱਕੀ ਹੈ। ਘਰ ਬਣਾਈਆਂ ਵਸਤੂਆਂ ਦੀ ਥਾਂ ਮੰਡੀ ਦੇ ਬਰਗਰਾਂ, ਪੀਜ਼ਿਆਂ, ਨੂਡਲਜ਼, ਆਈਸ ਕਰੀਮਾਂ, ਚਾਕਲੇਟ, ਸਮੋਸਿਆਂ, ਟਿੱਕੀਆਂ, ਭਾਂਤ ਸੁਭਾਂਤੇ ਠੰਢਿਆਂ, ਮਹਿੰਗੀਆਂ ਸ਼ਰਾਬਾਂ ਆਦਿ ਅਨੇਕ ਪਦਾਰਥਾਂ ਦੀ ਭਰਮਾਰ ਹੈ। ਬੱਚੇ ਇੱਕ ਪਾਸੇ ਰਹੇ, ਸਾਡੀ ਪੀੜ੍ਹੀ ਦੇ ਕਈ ਬੰਦੇ ਮਲ਼ਾਈ ਨੂੰ ਪਸੰਦ ਨਹੀਂ ਕਰਦੇ, ਉਨ੍ਹਾਂ ਨੂੰ ਦੁੱਧ ਤੇ ਸੁੱਕੇ ਮੇਵੇ ਮਾਫ਼ਕ ਨਹੀਂ। ਸ਼ਾਦੀ ਗ਼ਮੀ ਦੇ ਸਾਰੇ ਸਮਾਗਮਾਂ ਉਤੇ ਪੂਰਨ ਰੂਪ ਵਿੱਚ ਮੰਡੀ ਦਾ ਕਬਜ਼ਾ ਹੈ। ਸਮਰੱਥਾਵਾਨ ਲੋਕਾਂ ਦੀ ਬਹੁਗਿਣਤੀ ਬੜੇ ਢੋਲ ਢੁਮੱਕੇ ਨਾਲ, ਸਜਾਵਟੀ ਮੈਰਿਜ ਪੈਲੇਸਾਂ ਵਿੱਚ ਅਜਿਹੇ ਅਨੇਕ ਪ੍ਰਕਾਰ ਦੇ ਭੋਜਨ ਅਤੇ ਪੀਣਯੋਗ ਪਦਾਰਥ ਪਰੋਸ ਕੇ ਸਮਾਗਮ ਰਚਾਉਂਦੀ ਹੈ, ਜਿੱਥੇ ਮਾਡਰਨ ਹਲਵਾਈ, ਬੈਰੇ, ਸ਼ੈੱਫ਼ ਆਦਿ ਦੀਆਂ ਅਤਿ ਮਸ਼ਹੂਰ ਮਹਿੰਗੀਆਂ ਟੀਮਾਂ ਸਾਰਾ ਕਾਰਜ ਨਿਪਟਾਉਂਦੀਆਂ। ਅਜਿਹੇ ਸਮਾਗਮਾਂ ਵਿੱਚੋਂ ਬਕਾਇਆ ਬਚਿਆ ਭੋਜਨ ਅੱਗੇ ਸ਼ਹਿਰ ਦੇ ਭਵਿੱਖੀ ਸਮਾਗਮਾਂ ਤੇ ਪ੍ਰੋਗਰਾਮਾਂ ਵਿੱਚ ਵਰਤਾਉਣ ਲਈ ਸਪਲਾਈ ਹੁੰਦਾ ਹੈ। ਇੰਜ ਅਸੀਂ ਘਰ ਬਣਾਈ ਤਾਜ਼ੀ ਮਠਿਆਈ ਤੇ ਦਾਲ਼ਾਂ ਸਬਜ਼ੀਆਂ ਦੀ ਥਾਂ ਬੇਹਾ ਮਾਲ ਖਾਂਦੇ, ਕੱਛਾਂ ਵਜਾਉਂਦੇ ਘਰਾਂ ਨੂੰ ਆਉਂਦੇ ਹਾਂ। ਵੱਡਿਆਂ ਦੀ ਰੀਸ ਜਾਂ ਮਜਬੂਰੀਵੱਸ ਵਿਤੋਂ ਬਾਹਰੇ ਹੋ ਕੇ ਰਚਾਏ ਅਜਿਹੇ ਸਮਾਗਮਾਂ ਨੇ ਕਿਸਾਨੀ ਅਤੇ ਉਸ ਦੇ ਸਹਾਇਕ ਕਿਰਤੀਆਂ ਨੂੰ ਦੀਵਾਲੀਏ ਹੋਣ ਦੇ ਰਾਹ ਤੋਰ ਦਿੱਤਾ ਹੈ। ਕੋਈ ਵਿਰਲੀ ਟਾਂਵੀਂ ਪੰਚਾਇਤ ਗ਼ਮੀ ਦੇ ਭੋਗਾਂ ਦੌਰਾਨ ਪਿੰਡ ਵਿੱਚ ਸਾਦੇ ਸਮਾਗਮ ਰਚਾਉਣ ਲਈ ਪ੍ਰੇਰਦੀ, ਮਿੱਠੀ ਵਸਤੂ ਵਰਤਾਉਣ ’ਤੇ ਰੋਕ ਲਾਉਂਦੀ, ਕੇਵਲ ਦਾਲ਼ ਸਬਜ਼ੀ ਫੁਲਕੇ ਵਾਲੀ ਰੋਟੀ ਪਰੋਸਣ ਉੱਪਰ ਜ਼ੋਰ ਦਿੰਦੀ ਹੈ।
ਸੰਪਰਕ : 82849-09596