ਆਖਰ ਕਦੋ ਬਣੇਗਾ ਸ੍ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ - ਬਘੇਲ ਸਿੰਘ ਧਾਲੀਵਾਲ

ਕੋਈ ਸਮਾ ਸੀ ਜਦੋ ਸਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ ਸੀ। ਉਹ ਵੀ ਸਮਾ ਪੰਥ ਲਈ ਖੁਸ਼ੀ ਵਾਲਾ ਹੋਵੇਗਾ ਜਦੋ 1920 ਵਿੱਚ ਸਰੋਮਣੀ ਅਕਾਲੀ ਦਲ ਪੰਥਕ ਹਿਤਾਂ ਦੀ ਪਹਿਰੇਦਾਰੀ ਕਰਨ ਲਈ ਹੋਂਦ ਵਿੱਚ ਆਇਆ ਹੋਵੇਗਾ।ਫਿਰ ਉਹ ਵੀ ਸਮਾ ਆਇਆ ਜਦੋ ਸਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੰਡਤ ਜਵਾਹਰ ਲਾਲਾ ਨਹਿਰੂ ਅਤੇ ਮਹਾਤਮਾ ਗਾਂਧੀ ਦੇ ਹੱਥਾਂ ਤੇ ਚੜ ਕੇ 1947 ਵਿੱਚ ਦੇਸ਼ ਵੰਡ ਵੇਲੇ ਭਾਰਤ ਨਾਲ ਰਹਿਣਾ ਸਵੀਕਾਰ ਕਰ ਲਿਆ।ਉਸ ਮਨਹੂਸ ਦਿਨ ਤੋ ਬਾਅਦ ਕਦੇ ਵੀ ਸਿੱਖਾਂ ਵਾਸਤੇ ਸਮਾ ਚੰਗਾ ਨਹੀ ਰਿਹਾ ਅਤੇ ਸਰੋਮਣੀ ਅਕਾਲੀ ਦਲ ਦੇ ਤਤਕਾਲੀ ਆਗੂ ਅਪਣੀ ਇਸ ਬਜ਼ਰ ਗਲਤੀ ਲਈ ਮਰਨ ਤੱਕ ਪਛਤਾਉਂਦੇ ਰਹੇ ਸਨ।ਉਸ ਤੋ ਬਾਅਦ ਸਮਾ ਸਰੋਮਣੀ ਅਕਾਲੀ ਦਲ ਦੇ ਰਾਜ ਭਾਗ ਦਾ ਵੀ ਆਇਆ, ਖਾਸ ਕਰਕੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਭਾਗ ਵਾਲੇ ਕਾਰਜਕਾਲ ਦੀ ਗੱਲ ਕਰੀਏ, ਕਿਉਂਕਿ ਸ੍ਰ ਬਾਦਲ ਸਿੱਖ ਰਾਜਨੀਤੀ ਵਿੱਚ ਇੱਕ ਅਜਿਹਾ ਕਿਰਦਾਰ ਹੈ, ਜਿਸਨੇ ਪਰਦੇ ਪਿੱਛੇ ਰਹਿਕੇ ਕੌਂਮ ਦੀ ਨਸਲਕੁਸ਼ੀ ਕਰਨ ਵਾਲਿਆਂ ਦਾ ਸਾਥ ਵੀ ਦਿੱਤਾ ਅਤੇ ਉਂਜ ਕੌਂਮ ਦਾ ਆਗੂ ਵੀ ਬਣਿਆ ਰਿਹਾ। ਇਹ ਕਿੰਨਾ ਹੈਰਾਨੀਜਨਕ ਸੱਚ ਹੈ ਕਿ ਬਹੁਤ ਲੰਮਾ ਸਮਾ ਸਿੱਖ ਕੌਂਮ ਬਾਦਲ ਦਾ ਅਸਲੀ ਚੇਹਰਾ ਪਛਾਨਣ ਵਿੱਚ ਅਸਫਲ ਰਹੀ ਤੇ ਉਹ ਸਮਾ ਹੀ ਸਿੱਖਾਂ ਲਈ ਜਿਆਦਾ ਘਾਤਕ ਰਿਹਾ। ਜਦੋ ਪੰਜਾਬ ਚ ਨਕਸਲਬਾੜੀ ਲਹਿਰ ਜੋਰਾਂ ਤੇ ਸੀ ਤੇ ਪੰਜਾਬ ਵਿੱਚ ਸ੍ਰ ਬਾਦਲ ਦੀ ਸਰਕਾਰ ਸੀ, ਉਸ ਸਮੇ ਹੀ ਇਸ ਪਰਿਵਾਰ ਦੀ ਬਦਨੀਤੀ ਨੂੰ ਪੜ ਲੈਣਾ ਚਾਹੀਦਾ ਸੀ,ਪਰ ਅਫਸੋਸ ਕਿ ਰਾਜਨੀਤੀ ਦੀ ਡੂੰਘੀ ਸਮਝ ਰੱਖਣ ਦਾ ਦਮ ਭਰਨ ਵਾਲੇ ਕਾਮਰੇਡ ਵੀ ਸ੍ਰ ਬਾਦਲ ਦਾ ਅਸਲੀ ਚਿਹਰਾ ਸਾਹਮਣੇ ਲੈ ਕੇ ਆਉਣ ਵਿੱਚ ਅਸਫਲ ਰਹੇ।ਉਸ ਮੌਕੇ ਚਾਹੀਦਾ ਤਾ ਇਹ ਸੀ ਜਿੱਥੇ ਲੋਕਾਂ ਨੂੰ ਬਾਦਲ ਵੱਲੋਂ ਝੂਠੇ ਮੁਕਾਬਲਿਆਂ ਦੀ ਪਾਈ ਪਿਰਤ ਦੇ ਨਾਲ ਨਾਲ ਇਹ ਵੀ ਦੱਸਣਾ ਬਣਦਾ ਸੀ ਕਿ ਅਕਸਰ ਸ੍ਰ ਬਾਦਲ ਇਹ ਸਾਰਾ ਕੁੱਝ ਕਰ ਕਿਉਂ ਰਿਹਾ ਹੈ, ਇਹਦੇ ਪਿੱਛੇ ਕਿਹੜੀਆਂ ਸਕਤੀਆਂ ਕੰੰਮ ਕਰਦੀਆਂ ਹਨ ਜਿਹੜੀਆਂ ਇਹਨੂੰ ਪੰਜਾਬ ਦੀ ਨਸਲਕੁਸ਼ੀ ਲਈ ਤੇਜੇ,ਪਹਾੜੇ ਦੇ ਬਦਲ ਵਜੋਂ ਤਿਆਰ ਕਰ ਰਹੀਆਂ ਹਨ।। ਜਦੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ 1982 ਵਿੱਚ ਧਰਮਯੁੱਧ ਮੋਰਚਾ ਅਰੰਭਿਆ ਗਿਆ, ਤਾਂ ਮੋਰਚੇ ਨੂੰ ਪੂਰੇ ਜੋਬਨ ਤੇ ਪਹੁੰਚਾਉਣ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਹਿਮ ਭੂਮਿਕਾ ਰਹੀ, ਪਰ ਸੰਤ ਭਿੰਡਰਾਂ ਵਾਲਿਆਂ ਦੀ ਦਿਨੋਂ ਦਿਨ ਵਧ ਰਹੀ ਲੋਕਪ੍ਰਿਯਤਾ ਅਕਾਲੀ ਦਲ ਦੇ ਆਗੂਆਂ ਤੋ ਬਰਦਾਸਤ ਨਹੀ ਸੀ ਕੀਤੀ ਜਾ ਰਹੀ, ਉਹਨਾਂ ਨੇ ਫਰੇਵ ਨਾਲ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਨੂੰ ਬਣਾ ਦਿੱਤਾ। ਭਾਂਵੇਂ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਗੋਵਾਲ ਸੀ,ਪਰ ਲੋਕ ਮਨਾਂ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਦਿਨੋ ਦਿਨ ਹੋਰ ਨਿਖਰਵੇਂ ਰੂਪ ਵਿੱਚ ਸਤਿਕਾਰੀ ਜਾਣ ਲੱਗੀ। ਇਹ ਸ੍ਰ ਪ੍ਰਕਾਸ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਪਰਵਾਂਨ ਨਹੀ ਸੀ। ਉਹਨਾਂ ਨੇ ਅਪਣੇ ਹੱਥੋ ਗੇਂਦ ਨਿਕਲਦੀ ਦੇਖ ਕੇਂਦਰ ਦੀ ਕਾਂਗਰਸ ਸਰਕਾਰ ਕੋਲ ਜਾ ਫਰਿਆਦ ਕੀਤੀ ਕਿ ਜਿੰਨਾਂ ਜਲਦੀ ਹੋ ਸਕੇ, ਸ੍ਰੀ ਦਰਵਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਜਾਵੇ, ਤੇ ਸੰਤ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੂੰ ਖਤਮ ਕਰਕੇ ਹਮੇਸਾਂ ਹਮੇਸਾਂ ਲਈ ਸਾਡਾ  ਰਸਤਾ ਸਾਫ ਕੀਤਾ ਜਾਵੇ। ਇੱਕ ਕਹਾਵਤ ਹੈ ਕਿ ਅੰਨ੍ਹਾ ਕੀ ਭਾਲੇ, ਦੋ ਅੱਖਾਂ,ਸੋ ਕੇਂਦਰ ਨੂੰ ਅਕਾਲੀਆਂ ਦੀ ਸ਼ਹਿ ਮਿਲਣ ਨਾਲ ਹੋਰ ਵੀ ਕੰਮ ਸੁਖਾਲਾ ਹੋ ਗਿਆ। ਜਿਹੜਾ ਅਕਾਲੀ ਦਲ ਐਮਰਜੈਂਸੀ ਦੌਰਾਨ ਕੇਂਦਰ ਵੱਲੋਂ ਪੰਜਾਬ ਦੇ ਸਾਰੇ ਹੱਕ ਦਿੱਤੇ ਜਾਣ ਦੇ ਵਾਅਦੇ ਨੂੰ ਠੁਕਰਾ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ ਕੇ ਬੈਠ ਗਿਆ ਸੀ ਹੁਣ ਉਹ ਹੀ ਅਕਾਲੀ ਦਲ ਸੰਤ  ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਰਸਤੇ ਵਿਚੋਂ ਹਟਾਉਣ ਲਈ ਆਪਣੇ ਸਭ ਤੋਂ ਉੱਚੇ ਅਤੇ ਪਵਿੱਤਰ ਅਸਥਾਨ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਵਾਉਣ ਲਈ ਕੇਂਦਰ ਨਾਲ ਦੋਨੋਂ ਹੱਥ ਮਿਲਾਉਣ ਲਈ ਕਾਹਲਾ ਪੈ ਰਿਹਾ ਸੀ। ਉਸ ਤੋ ਬਾਅਦ ਜੋ ਕੁੱਝ ਵਾਪਰਿਆ ਉਹ ਹੁਣ ਬੱਚਾ ਬੱਚਾ ਜਾਣ ਚੁੱਕਾ ਹੈ, ਉਹਦੇ ਦੁਹਰਾਓ ਦੀ ਜਰੂਰਤ ਨਹੀ, ਪ੍ਰੰਤੂ ਇੱਕ ਗੱਲ ਜਰੂਰ ਗੌਰ ਕਰਨ ਵਾਲੀ ਹੈ ਕਿ ਜਿਸ ਅਕਾਲੀ ਦਲ ਨੂੰ ਕਦੇ ਪੰਥ ਦੀ ਸਿਰਮੌਰ ਜਥੇਬੰਦੀ ਦਾ ਦਰਜਾ ਮਿਲਿਆ ਹੋਇਆ ਸੀ, ਉਹ 1984 ਤੱਕ ਪਹੰਚਦਿਆਂ ਪਹੁੰਚਦਿਆਂ ਕਿੰਨੇ ਨਿਘਾਰ ਚ ਜਾ ਚੁੱਕੀ ਸੀ।ਉਸ ਤੋ ਬਾਅਦ ਕਦੇ ਵੀ ਅਕਾਲੀ ਦਲ ਦੀ ਪਹੁੰਚ ਲੋਕ ਪੱਖੀ ਜਾਂ ਪੰਥ ਪ੍ਰਸਤੀ ਵਾਲੀ ਨਹੀ ਰਹੀ। ਜਿਹੜੇ ਪੰਥ ਪ੍ਰਸਤ ਆਗੂ ਸਰੋਮਣੀ ਅਕਾਲੀ ਦਲ ਵਿੱਚ ਮੌਜੂਦ ਸਨ ਉਹਨਾਂ ਦਾ ਜਿਸਮਾਨੀ ਜਾਂ ਸਿਆਸੀ ਕਤਲ ਕਰਨ ਵਿੱਚ ਸ੍ਰ ਪਰਕਾਸ਼ ਸਿੰਘ ਬਾਦਲ ਐਨੇ ਮਾਹਰ ਹੋ ਚੁੱਕੇ ਸਨ ਕਿ ਉਹਨਾਂ ਨੇ ਕਿਸੇ ਨੂੰ ਪਾਰਟੀ ਵਿੱਚ ਸਿਰ ਨਹੀ ਚੁੱਕਣ ਦਿੱਤਾ,ਜਿਸਨੇ ਵੀ ਸਿਰ ਚੁੱਕਿਆ ਉਹ ਫੇਹਿਆ ਗਿਆ।। ਇਹ ਪਰਮਾਤਮਾ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀ ਉਮਰ ਦੇ ਆਖਰੀ ਪੜਾਅ ਤੇ ਆਕੇ ਉਹਦੀ ਜਿੰਦਗੀ ਦਾ ਸਾਰਾ ਚਿੱਠਾ ਨੰਗਾ ਕਰ ਦਿੱਤਾ। ਸ੍ਰ ਬਾਦਲ ਜਿੰਦਗੀ ਚ ਪੰਜ ਵਾਰੀ ਮੁੱਖ ਮੰਤਰੀ ਬਣੇ, ਇੱਕ ਵਾਰੀ ਵੀ ਉਹਨਾਂ ਦੀ ਪਾਰੀ ਸਿੱਖ ਕੌਂਮ ਲਈ ਸ਼ੁਭ ਨਹੀ ਰਹੀ।ਪਹਿਲੀ ਵਾਰ 1970,1971 ਵਿੱਚ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਝੂਠੇ ਪੁਲਿਸ ਮੁਕਾਬਲਿਆਂ ਦੀ ਪਿਰਤ ਪਾਕੇ ਅਪਣੇ ਰਾਜ ਭਾਗ ਦੀ ਸੁਰੂਆਤ ਕੀਤੀ,ਫਿਰ ਦੂਜੀ ਵਾਰ ਮੁੱਖ ਮੰਤਰੀ ਰਹੇ 1977 1980 ਉਸ ਮੌਕੇ ਨਿਰੰਕਾਰੀ ਕਾਂਡ ਕਰਵਾਇਆ, 13 ਸਿੰਘ ਸ਼ਹੀਦ ਕਰਵਾਏ, ਤੀਜੀ ਵਾਰ 1997-2002 ਤੱਕ ਮੁੱਖ ਮੰਤਰੀ ਬਣਾਇਆ ਹੀ ਪੰਜਾਬ ਵਿੱਚ ਚੱਲੇ ਇੱਕ ਦਹਾਕੇ ਤੱਕ ਸਿੱਖ ਨਸਲਕੁਸ਼ੀ ਵਾਲੇ ਦੌਰ ਵਿੱਚ ਤਤਕਾਲੀ ਪੁਲਿਸ ਮੁਖੀ ਕੇ ਪੀ ਐਸ ਗਿੱਲ ਦੀ ਸਿੱਖ ਮੁੰਡੇ ਮਾਰਨ ਵਿੱਚ ਮਦਦ ਕਰਨ ਅਤੇ ਆਰ ਐਸ ਐਸ ਦੀ 1994 ਵਿੱਚ  ਪੱਕੀ ਮੈਂਬਰਸ਼ਿੱਪ ਲੈਣ ਦੇ ਇਨਾਮ ਵਿੱਚ ਸੀ, ਅਤੇ ਉਸ ਮੌਕੇ ਭਨਿਆਰੇ ਵਾਲੇ ਸਾਧ ਦਾ ਕਾਂਡ ਵਾਪਰਿਆ, ਜਦੋ ਸੈਕੜੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ,ਚੌਥੀ ਵਾਰ 2007 2012 ਵਿੱਚ ਨੂਰ ਮਹਿਲੀਏ ਅਤੇ ਸਿਰਸੇ ਵਾਲੇ ਦਾ ਬਹੁ ਚਰਚਿਤ ਸਵਾਂਗ ਵਾਲਾ ਕਾਂਡ ਹੋਇਆ, ਇਹਦੇ ਵਿੱਚ ਵੀ ਸੈਕੜੇ ਝੂਠੇ ਕੇਸ ਸਿੱਖਾਂ ਤੇ ਪਾਏ ਸਿੱਖ ਨੌਜਆਨ ਸ਼ਹੀਦ ਕੀਤੇ ਅਤੇ ਡੇਰੇਦਾਰਾਂ ਨੂੰ ਸੁਰਖਿਆ ਦਿੱਤੀ, ਪੰਜਵੀਂ ਅਤੇ ਆਖਰੀ ਵਾਰ 2012 -2017 ਵਿੱਚ ਤਾਂ ਹੱਦ ਹੀ ਮੁਕਾ ਦਿੱਤੀ, ਜਦੋ ਜੂਨ 2015 ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਚੋਰੀ ਨਾਲ ਬੇਅਦਬੀਆਂ ਦਾ ਦੌਰ ਸੁਰੂ ਹੋਇਆ ਤੇ ਸੰਘਰਸ਼ ਕਰਦੇ ਸਿੱਖਾਂ ਤੇ ਪੁਲਿਸ ਨੇ ਗੋਲੀਆਂ ਚਲਾਈਆਂ, ਪਾਣੀ ਦੀਆਂ ਬੁਛਾੜਾ ਛੱਡੀਆਂ, ਅੱਥਰੂ ਗੈਸ  ਅਤੇ ਅੰਨ੍ਹੇਵਾਹ ਲਾਠੀਚਾਰਜ ਨਾਲ ਜਿੱਥੇ ਸੈਕੜੇ ਸਿੱਖ ਗੰਭੀਰ ਰੂਪ ਵਿੱਚ ਜਖਮੀ ਕੀਤੇ ਓਥੇ ਦੋ ਸਿੱਖ ਸ਼ਹੀਦ ਕਰਨ ਦਾ ਕਲੰਕ ਆਪਣੇ ਨਾਮ ਕੀਤਾ।ਸੋ ਹੁਣ ਜੇਕਰ ਗੱਲ ਉਹਨਾਂ ਦੇ ਪੱੁਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੀਤੀ ਜਾਵੇ ਤਾਂ ਕਹਿ ਸਕਦੇ ਹਾਂ ਕਿ ਪੁੱਤਰ ਵੀ ਪਿਉ ਦੇ ਨਕਸੇ ਕਦਮਾਂ ਤੇ ਹੀ ਚੱਲ ਰਿਹਾ ਹੈ। ਉਹਨਾਂ ਨੇ ਵੀ ਅਕਾਲੀ ਦਲ ਦੀ 1984 ਵਿੱਚ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਪੰਜਾਬ ਭਾਜਪਾ ਨਾਲ ਗਠਜੋੜ ਦੌਰਾਨ ਭਾਜਪਾ ਦੇ ਪ੍ਰਧਾਨ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਬੇਅਦਬੀ ਦਾ ਇਨਸਾਫ ਲੈਣ ਲਈ ਬਰਗਾੜੀ ਵਿੱਚ ਲੱਗੇ ਸਾਂਤਮਈ ਇਨਸਾਫ ਮੋਰਚੇ ਤੇ ਜਲਦੀ ਤੋ ਜਲਦੀ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਗਰਮ ਖਿਆਲੀ ਸਿੱਖ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ, ਜਿੰਨਾ ਜਲਦੀ ਹੋ ਸਕੇ ,ਉਹਨਾਂ ਤੇ ਕਾ੍ਰਵਾਈ ਕੀਤੀ ਜਾਵੇ। ਇਹ ਵੀ ਕੇਹਾ ਇਤਫਾਕ ਹੈ ਕਿ ਕਦੇ 1984 ਵਿੱਚ ਵੀ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਵੀ ਕੇਂਦਰ ਨੂੰ ਪੱਤਰ ਲਿਖ ਕੇ ਜਲਦੀ ਤੋ ਜਲਦੀ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲਈ ਕਿਹਾ ਸੀ।ਹੁਣ ਸਿੱਖ ਪੰਥ ਨੂੰ ਸੋਚਣਾ ਪਵੇਗਾ ਕਿ ਆਖਰ ਸਰੋਮਣੀ ਅਕਾਲੀ ਦਲ ਕਦੋ ਤੱਕ ਕੇਂਦਰ ਅਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਦੀ ਕਠਪੁਤਲੀ ਬਣਕੇ ਕੇਂਦਰ ਲਈ ਕੰਮ ਕਰਦਾ ਰਹੇਗਾ ਤੇ ਕਦੋਂ ਮੁੜ ਤੋ ਪੰਥ ਦੀ ਸਿਰਮੌਰ ਜਥੇਬੰਦੀ ਬਣੇਗਾ।

ਬਘੇਲ ਸਿੰਘ ਧਾਲੀਵਾਲ
 99142-58142