ਮਿੱਤਰ ਦਾ ਆਇਆ ਖ਼ਤ  - ਕੇਹਰ ਸ਼ਰੀਫ਼

ਸੱਜਣਾਂ ਵੇ ਸੱਜਣਾਂ ਤੂੰ  ਕਿਹੜਿਆਂ ਰੰਗਾਂ `ਚ ਵੱਸੇਂ
ਅਸੀਂ ਤਾਂ ਹੋਏਂ ਆਂ ਬਦਰੰਗ ਸੋਹਣਿਆਂ।

ਰਾਜ ਭਾਗ ਹੱਥ ਆਇਆਂ ਚੋਰਾਂ ਦਿਆਂ ਸਾਂਢੂਆਂ ਦੇ
ਸਾਡੇ ਖੋਹ ਕੇ ਲੈ ਗਏ ਸਾਰੇ ਰੰਗ ਸੋਹਣਿਆਂ।

"ਸੱਜਣ ਠੱਗਾਂ" ਦੇ  ਨਿੱਤ  ਵਧੀ  ਨੇ ਮੁਨਾਫੇ  ਜਾਂਦੇ
ਆਰਥਿਕਤਾ ਨੂੰ ਹੋਇਆਂ ਅਧਰੰਗ ਸੋਹਣਿਆਂ।

ਨਵੇਂ “ਮਹਾਰਾਜਿਆਂ" ਨੇ ਲੁੱਟਿਆਂ ਖਜ਼ਾਨਾ ਖੂਬ
ਦੇਸ਼ ਸਾਰਾ ਕਰ ਦਿੱਤਾ ਤੰਗ ਸੋਹਣਿਆਂ।

ਧਰਮ-ਕਰਮ ਵਾਲੇ ਉੱਚੇ  ਉੱਚੇ ਨਾਅਰੇ ਲਾਉਂਦੇ
ਲੁੱਟਣੇ ਨੂੰ ਰੱਖੇ ਨਵੇਂ ਢੰਗ ਸੋਹਣਿਆਂ।

ਲੋਕਾਂ  ਨੂੰ ਤਾਂ ਮਸਰੀ ਤੇ  ਮੂੰਗੀ ਮਸਾਂ  ਜੁੜਦੀ ਐ
ਆਪ ਬਹਿ ਕੇ ਖਾਂਦੇ ਕਲਾਕੰਦ ਸੋਹਣਿਆਂ।

"ਬਖਸ਼ਦੇ" ਨੇ “ਓਹੋ" ਜਿਹੜੇ ਆਪੇ 'ਭਗਵਾਨ' ਬਣੇ
ਜੇ ਤੋੜ ਦਏ ਕਿਸੇ ਦੀ ਕੋਈ ਵੰਗ ਸੋਹਣਿਆਂ।

ਗੁਰੂਆਂ ਦਾ  ਭੁੱਲਿਆ ਸੰਦੇਸ਼  ਇੱਥੇ  ਸਾਰਿਆਂ ਨੂੰ
ਫਲਸਫੇ ਵਲੋਂ ਐ ਬਹੁਤੇ ਨੰਗ ਸੋਹਣਿਆਂ।