ਰਾਜਨੀਤੀ, ਪ੍ਰਸ਼ਾਸਨ ਤੇ ਧਰਮ ਖੇਤਰ ਦੀ ਬੇਭਰੋਸਗੀ ਵਿਚਾਲੇ ਫਸਿਆ ਆਮ ਆਦਮੀ -ਜਤਿੰਦਰ ਪਨੂੰ

ਭਾਰਤ ਦਾ ਆਮ ਆਦਮੀ ਇਸ ਵਕਤ ਸਿਖਰਾਂ ਦੀ ਬੇਭਰੋਸਗੀ ਦੀ ਉਲਝਣ ਵਿੱਚ ਫਸਿਆ ਪਿਆ ਹੈ। ਕਿਸੇ ਧਿਰ ਜਾਂ ਧੜੇ, ਪਾਰਟੀ ਜਾਂ ਪ੍ਰਸ਼ਾਸਨ, ਜਾਂ ਫਿਰ ਧਰਮ ਖੇਤਰ ਵਿੱਚ ਭਰੋਸੇ ਦੀ ਹਾਲਤ ਦਿਖਾਈ ਨਹੀਂ ਦੇ ਰਹੀ।
ਪਹਿਲੀ ਗੱਲ ਪ੍ਰਸ਼ਾਸਨਿਕ ਖੇਤਰ ਦੀ ਹੈ, ਜਿਹੜਾ ਸਮਾਜ ਦਾ ਅਸਲੀ ਚਾਲਕ ਧੁਰਾ ਹੁੰਦਾ ਹੈ। ਜਦੋਂ ਵਿਧਾਨ ਸਭਾ ਜਾਂ ਪਾਰਲੀਮੈਂਟ ਚੋਣਾਂ ਹੋਣੀਆਂ ਹੋਣ, ਸਿਆਸੀ ਆਗੂਆਂ ਉੱਤੇ ਬੰਦਸ਼ਾਂ ਲੱਗ ਜਾਂਦੀਆਂ ਹਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਥ ਸਾਰੀ ਕਮਾਨ ਆ ਜਾਂਦੀ ਹੈ। ਕਈ ਵਾਰੀ ਕਿਸੇ ਰਾਜ ਦੀ ਸਰਕਾਰ ਤੋੜਨ ਦੀ ਨੌਬਤ ਆ ਜਾਵੇ ਤਾਂ ਸਰਕਾਰ ਦੀ ਸਿਆਸੀ ਲੀਡਰਸ਼ਿਪ ਕੁਰਸੀਆਂ ਤੋਂ ਉਠਾਈ ਜਾਂਦੀ ਹੈ, ਪ੍ਰਸ਼ਾਸਨਿਕ ਲੀਡਰਸ਼ਿਪ ਜਾਂ ਅਧਿਕਾਰੀਆਂ ਨੂੰ ਲਾਂਭੇ ਨਹੀਂ ਕੀਤਾ ਜਾਂਦਾ, ਸਗੋਂ ਉਨ੍ਹਾਂ ਦੀ ਹੈਸੀਅਤ ਪਹਿਲਾਂ ਨਾਲੋਂ ਵੀ ਵਧ ਜਾਂਦੀ ਹੈ। ਇਸ ਦਾ ਭਾਵ ਇਹ ਹੈ ਕਿ ਸਿਆਸੀ ਲੀਡਰਸ਼ਿਪ ਤਾਂ ਆਉਣੀ-ਜਾਣੀ ਹੈ, ਪ੍ਰਸ਼ਾਸਨ ਦੀ ਰੀੜ੍ਹ ਦੀ ਅਸਲ ਹੱਡੀ ਅਧਿਕਾਰੀਆਂ ਦੀ ਚੇਨ ਹੁੰਦੀ ਹੈ, ਪਰ ਜੇ ਉਹ ਚੇਨ ਵੀ ਲੋਕਾਂ ਦੇ ਭਰੋਸੇ ਵਾਲੀ ਨਾ ਰਹੇ ਤਾਂ ਸਿਸਟਮ ਫੇਲ੍ਹ ਹੋਣ ਦੀ ਨੌਬਤ ਹੁੰਦੀ ਹੈ। ਇਸ ਵੇਲੇ ਇਹੋ ਕੁਝ ਹੁੰਦਾ ਪਿਆ ਹੈ। ਕਈ ਸਾਬਕਾ ਤੇ ਮੌਜੂਦਾ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਏਦਾਂ ਦੇ ਕੇਸਾਂ ਵਿੱਚ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਕੇਸਾਂ ਬਾਰੇ ਗੱਲ ਕਰਦਿਆਂ ਕਚ੍ਹਿਆਣ ਆਉਂਦੀ ਹੈ। ਅਸੀਂ ਕਦੇ-ਕਦੇ ਇਹ ਸੁਣਿਆ ਕਰਦੇ ਸਾਂ ਕਿ ਫਲਾਣੇ ਆਗੂ ਨੇ ਮੁਫਤ ਦਾ ਮਾਲ ਚਰਨ ਵੇਲੇ ਮੁੱਛਾਂ ਵੀ ਲਬੇੜ ਲਈਆਂ ਹਨ, ਪਰ ਅੱਜਕੱਲ੍ਹ ਕਈ ਅਫਸਰਾਂ ਦੀ ਹਾਲਤ ਏਦਾਂ ਦੀ ਹੈ ਕਿ ਉਨ੍ਹਾਂ ਨੇ ਮੁੱਛਾਂ ਤੋਂ ਅੱਗੇ ਵਧ ਕੇ ਬੂਥੇ ਵੀ ਲਬੇੜੇ ਪਏ ਹਨ। ਆਏ ਦਿਨ ਵਿਜੀਲੈਂਸ ਕੋਲ ਅਤੇ ਅਦਾਲਤਾਂ ਵਿੱਚ ਪੇਸ਼ੀਆਂ ਹੁੰਦੀਆਂ ਹਨ ਅਤੇ ਉਹ ਬੜੀ ਬੇਸ਼ਰਮੀ ਨਾਲ ਕਹੀ ਜਾਂਦੇ ਹਨ ਕਿ ਕੁਝ ਗਲਤ ਨਹੀਂ ਕੀਤਾ, ਉਨ੍ਹਾਂ ਨੂੰ ਝੂਠੇ ਫਸਾਇਆ ਗਿਆ ਹੈ।
ਪੁਲਸ ਦੇ ਅਧਿਕਾਰੀਆਂ ਵਿੱਚ ਭ੍ਰਿਸ਼ਟਾਚਾਰ ਤੋਂ ਅੱਗੇ ਵਧ ਕੇ ਗੁੰਡਿਆਂ ਵਾਲੇ ਚਾਲਿਆਂ ਦੀ ਅਸਲ ਹਾਲਤ ਪਹਿਲਾਂ ਅਸ਼ੀਸ਼ ਕਪੂਰ ਨਾਂਅ ਦੇ ਇੱਕ ਏ ਆਈ ਜੀ (ਜਿਹੜਾ ਜ਼ਿਲਾ ਪੁਲਸ ਮੁਖੀ ਦੇ ਪੱਧਰ ਦਾ ਅਫਸਰ ਹੈ) ਦੇ ਕੇਸ ਤੋਂ ਪੰਜਾਬ ਦੇ ਲੋਕਾਂ ਸਾਹਮਣੇ ਆਈ ਸੀ, ਉਹ ਇਸ ਵੇਲੇ ਜੇਲ੍ਹ ਵਿੱਚ ਹੈ ਤੇ ਜ਼ਮਾਨਤ ਨਹੀਂ ਹੋ ਰਹੀ। ਪਿਛਲੀ ਸਰਕਾਰ ਦੌਰਾਨ ਉਸ ਨੂੰ ਬੁਰੀ ਤਰ੍ਹਾਂ ਫਸ ਜਾਣ ਅਤੇ ਦੋਸ਼ੀ ਸਾਬਤ ਹੋਣ ਮਗਰੋਂ ਤਿੰਨ ਪੁਲਸ ਅਫਸਰਾਂ ਦੀ ਕਮੇਟੀ ਬਣਾ ਕੇ ਕੇਸ ਦੀ ਕਲੀਨ-ਚਿੱਟ ਦਿਵਾਈ ਗਈ ਸੀ। ਓਦੋਂ ਮਿਲੇ ਸਬੂਤ ਵੀ ਸਰਕਾਰ ਬਦਲਣ ਦੇ ਬਾਅਦ ਫਿਰ ਬਾਹਰ ਆ ਗਏ, ਆਸ਼ੀਸ਼ ਕਪੂਰ ਦੇ ਬਚਾਅ ਲਈ ਖੜੇ ਕੀਤੇ ਝੂਠੇ ਗਵਾਹ ਵੀ ਮੁੱਕਰ ਗਏ ਤੇ ਓਦੋਂ ਉਸ ਨੂੰ ਕਲੀਨ-ਚਿੱਟ ਦੇ ਕੇ ਬਚਾਉਣ ਵਾਲੇ ਸੀਨੀਅਰ ਪੁਲਸ ਅਫਸਰ ਵੀ ਫਸਦੇ ਨਜ਼ਰ ਆ ਰਹੇ ਹਨ। ਇਸ ਕੇਸ ਦੀ ਚਰਚਾ ਦੌਰਾਨ ਹੀ ਚੰਡੀਗੜ੍ਹ ਦੇ ਐੱਸ ਐੱਸ ਪੀ ਕੁਲਦੀਪ ਸਿੰਘ ਚਾਹਲ ਦੇ ਇਹੋ ਜਿਹੇ ਕਿੱਸੇ ਲੋਕਾਂ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਉਹ ਅਤੇ ਆਸ਼ੀਸ਼ ਕਪੂਰ ਅਤੇ ਉਨ੍ਹਾਂ ਵਰਗੇ ਕੁਝ ਹੋਰ ਪੁਲਸ ਅਫਸਰ ਮਿਲ ਕੇ ਜੋ ਕਹਿਰ ਗੁਜ਼ਾਰਦੇ ਰਹੇ ਸਨ, ਉਹ ਸਾਰਾ ਤੌਬਾ-ਤੌਬਾ ਕਰਵਾਉਣ ਤੇ ਇਹ ਸਾਬਤ ਕਰਨ ਵਾਲਾ ਨਿਕਲਿਆ ਹੈ ਕਿ ਵਰਦੀਆਂ ਵਿੱਚ ਗੁੰਡਿਆਂ ਦੀ ਧਾੜ ਬੜੀ ਵਧ ਚੁੱਕੀ ਹੈ। ਬੁਰਿਆਈਆਂ ਕਰਨ ਤੋਂ ਜਿਹੜੇ ਕੁਝ ਕੁ ਅਫਸਰ ਹਾਲੇ ਤੱਕ ਬਚੇ ਹੋਏ ਹਨ, ਉਹ ਪੁਲਸ ਵਿਭਾਗ ਵਿੱਚ ਘੁਟਨ ਮਹਿਸੂਸ ਕਰਦੇ ਹਨ, ਪਰ ਭ੍ਰਿਸ਼ਟਾਚਾਰ ਦੇ ਭੜੋਲੇ ਗਿਣੇ ਜਾਂਦੇ ਵੱਡੇ ਪਾਪੀ ਮੁੱਛਾਂ ਨੂੰ ਤਾਅ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਦਾ ਕੱਖ ਨਹੀਂ ਵਿਗੜਨ ਲੱਗਾ।
ਤੀਸਰਾ ਮੁੱਦਾ ਰਾਜਨੀਤੀ ਦੇ ਖੇਤਰ ਦੀ ਬੇਭਰੋਸਗੀ ਦਾ ਹੈ। ਜਿਹੜੇ ਲੀਡਰ ਕੱਲ੍ਹ ਤੱਕ ਆਪੋ ਵਿੱਚ ਬੋਲਦੇ ਤੱਕ ਨਹੀਂ ਸਨ ਦੇਖੇ ਜਾਂਦੇ, ਕੁਝ ਸਮਾਂ ਲੰਘਣ ਪਿੱਛੋਂ ਨਵੀਂ ਪਾਰਟੀ ਵਿੱਚ ਗਏ ਅਤੇ ਉਨ੍ਹਾਂ ਹੀ ਪੁਰਾਣੇ ਲੀਡਰਾਂ ਨਾਲ ਮਿਲ ਕੇ ਨਵਾਂ ਪੈਂਤੜਾ ਮੱਲਣ ਲੱਗ ਪਏ ਹਨ ਅਤੇ ਪੁਰਾਣੇ ਸਾਥੀਆਂ ਨੂੰ ਅੱਖਾਂ ਵਿਖਾਉਂਦੇ ਹਨ। ਵੀਹ ਸਾਲ ਆਪੋ ਵਿੱਚ ਲੜਦੇ ਰਹੇ ਪੰਜਾਬ ਤੇ ਦਿੱਲੀ ਦੇ ਅਕਾਲੀ ਆਗੂ ਬਦਲੇ ਹੋਏ ਹਾਲਾਤ ਵਿੱਚ ਇਕੱਠੇ ਹੋ ਗਏ ਹਨ ਤੇ ਇੱਕ ਦੂਸਰੇ ਉੱਤੇ ਦੂਸ਼ਣਬਾਜ਼ੀ ਕਰ ਕੇ ਕਾਂਗਰਸ ਤੋਂ ਨਿਕਲੇ ਪੰਜਾਬ ਦੇ ਕੁਝ ਆਗੂ ਭਾਜਪਾ ਦੀ ਕੇਂਦਰੀ ਐਗਜ਼ੈਕਟਿਵ ਕਮੇਟੀ ਵਿੱਚ ਇਕੱਠੇ ਬੈਠੇ ਮਾਣ ਮਹਿਸੂਸ ਕਰਦੇ ਹਨ। ਜਿਨ੍ਹਾਂ ਦੇ ਮੂੰਹੋਂ ਨਿਕਲੀ ਹਰ ਗੱਲ ਕਈ ਸਾਲ ਭਾਜਪਾ ਦੇ ਵਿਰੋਧ ਉੱਤੇ ਆਧਾਰਤ ਸੀ, ਉਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ ਅਤੇ ਪਹਿਲਾਂ ਉਸ ਨੂੰ ਸਿੱਖਾਂ ਅਤੇ ਹੋਰ ਘੱਟ-ਗਿਣਤੀਆਂ ਦਾ ਵਿਰੋਧੀ ਦੱਸਣ ਵਾਲੇ ਅੱਜ ਓਸੇ ਮੋਦੀ ਨੂੰ ਸਿੱਖਾਂ ਦਾ ਸਭ ਤੋਂ ਵੱਡਾ ਸ਼ੁਭਚਿੰਤਕ ਦੱਸਦੇ ਫਿਰਦੇ ਹਨ। ਆਮ ਆਦਮੀ ਪਾਰਟੀ ਜਿਨ੍ਹਾਂ ਲੋਕਾਂ ਖਿਲਾਫ ਪਹਿਲਾਂ ਉੱਚੀ ਸੁਰ ਵਿੱਚ ਦੋਸ਼ਾਂ ਦੀ ਲੜੀ ਲਾ ਕੇ ਉਨ੍ਹਾਂ ਨਾਲ ਸਿੱਝਣ ਦੇ ਦਮਗਜ਼ੇ ਮਾਰਦੀ ਸੀ, ਅੱਜ ਉਨ੍ਹਾਂ ਵਿੱਚੋਂ ਕਈ ਲੋਕ ਦਲ-ਬਦਲੀਆਂ ਕਰ ਕੇ ਉਸੇ ਵਿੱਚ ਆਣ ਵੜੇ ਹਨ। ਗੁਜਰਾਤ ਦੇ ਇੱਕ ਅੱਗ-ਫੱਕਣੇ ਹਿੰਦੂਤੱਵੀ ਲੀਡਰ ਨੇ ਇੱਕ ਵਾਰੀ ਕਾਂਗਰਸ ਦੀ ਸਭ ਤੋਂ ਵੱਡੀ ਆਗੂ ਸੋਨੀਆ ਗਾਂਧੀ ਬਾਰੇ ਏਨੇ ਭੱਦੇ ਸ਼ਬਦ ਆਪਣੇ ਮੂੰਹ ਤੋਂ ਬੋਲੇ ਸਨ ਕਿ ਅਸੀਂ ਜ਼ਿਕਰ ਨਹੀਂ ਕਰਨਾ ਚਾਹੁੰਦੇ, ਜਦੋਂ ਉਹੀ ਆਗੂ ਨਰਿੰਦਰ ਮੋਦੀ ਨਾਲ ਨਿੱਜੀ ਵਿਰੋਧ ਕਾਰਨ ਵੱਖ ਹੋ ਗਿਆ ਤਾਂ ਸ਼ਾਮ ਪੈਣ ਤੋਂ ਪਹਿਲਾਂ ਕਾਂਗਰਸ ਦੇ ਲੀਡਰ ਉਸੇ ਨੂੰ ਮਿਲਣ ਲਈ ਲਾਈਨਾਂ ਬੰਨ੍ਹ ਖੜੋਤੇ ਸਨ। ਸ਼ਰਮ ਨਾਂਅ ਦੀ ਕੋਈ ਚੀਜ਼ ਅੱਜਕੱਲ੍ਹ ਕਿਸੇ ਪਾਰਟੀ ਦੇ ਪੱਲੇ ਵੀ ਨਹੀਂ ਰਹੀ ਜਾਪਦੀ, ਸਭ ਇੱਕੋ ਜਿਹੀਆਂ ਹਨ।
ਧਰਮ ਦੇ ਖੇਤਰ ਵਿੱਚ ਦੂਸਰਿਆਂ ਨੂੰ ਕੀ ਕਹਿਣਾ, ਸਿੱਖ ਆਗੂਆਂ ਦਾ ਵਿਹਾਰ ਹੀ ਸਮਝ ਤੋਂ ਬਾਹਰ ਹੁੰਦਾ ਜਾਪਦਾ ਹੈ। ਕਈ ਸਾਲ ਪਹਿਲਾਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਫੈਸਲਾ ਹੋਇਆ ਸੀ, ਕੁਝ ਸਿੱਖ ਸੰਪਰਦਾਵਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਕੈਲੰਡਰ ਸੋਧ ਦਿੱਤਾ, ਓਦੋਂ ਪਿੱਛੋਂ ਦੂਸਰੀ ਵਾਰੀ ਤੇ ਫਿਰ ਤੀਸਰੀ ਵਾਰ ਸੋਧਣ ਵਾਲੀ ਗੱਲ ਹੋ ਗਈ, ਪਰ ਅੱਜ ਤੱਕ ਇੱਕ ਰਾਏ ਨਹੀਂ ਬਣੀ। ਕੁਝ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਗਠਨ ਪਹਿਲੇ ਲਾਗੂ ਕੀਤੇ ਕੈਲੰਡਰ ਨੂੰ ਮੰਨਦੇ ਹਨ, ਕੁਝ ਹੋਰ ਸੋਧੇ ਹੋਏ ਕੈਲੰਡਰ ਨੂੰ ਤੇ ਕੁਝ ਤੀਸਰੀ ਵਾਰ ਸੋਧੇ ਕੈਲੰਡਰ ਨਾਲ ਖੜੋਤੇ ਹਨ। ਨਤੀਜੇ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਕੁਝ ਸਿੱਖ ਸੰਸਥਾਵਾਂ ਪਹਿਲੇ ਕੈਲੰਡਰ ਨੂੰ ਆਧਾਰ ਮੰਨ ਕੇ ਪੰਜ ਜਨਵਰੀ ਨੂੰ ਮਨਾਉਣ ਦਾ ਫੈਸਲਾ ਕਰੀ ਬੈਠੀਆਂ ਹਨ ਅਤੇ ਕੁਝ ਹੋਰ ਧਿਰਾਂ ਦਾ ਸੋਧੇ ਹੋਏ ਕੈਲੰਡਰ ਦੇ ਮੁਤਾਬਕ ਉਨੱਤੀ ਜਨਵਰੀ ਨੂੰ ਮਨਾਉਣ ਦਾ ਪ੍ਰੋਗਰਾਮ ਹੈ। ਭਾਰਤ ਵਿੱਚ ਬਹੁਤੇ ਥਾਂਈਂ ਉਨੱਤੀ ਦਸੰਬਰ ਨੂੰ ਮਨਾਇਆ ਜਾਣਾ ਹੈ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਜਨਵਰੀ ਨੂੰ ਮਨਾਉਣ ਵਾਲੀ ਹੈ, ਪਰ ਭਾਰਤ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਤਰੀਕ ਉੱਤੇ ਕੁਝ ਸਿੱਖ ਸੰਗਠਨਾਂ ਨੇ ਕਿੰਤੂ ਕੀਤਾ ਤੇ ਪੰਜ ਜਨਵਰੀ ਨੂੰ ਮਨਾਉਣ ਦਾ ਮਨ ਬਣਾਇਆ ਹੈ। ਇਸ ਤੋਂ ਪਹਿਲਾਂ ਕੁਝ ਧਾਰਮਿਕ ਸਮਾਗਮਾਂ ਲਈ ਪਾਕਿਸਤਾਨ ਜਾਂਦੇ ਜਥਿਆਂ ਲਈ ਵੀਜ਼ੇ ਲੈਣ ਵੇਲੇ ਇਹ ਮੁੱਦਾ ਉੱਠਦਾ ਰਿਹਾ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਜਥਾ ਭੇਜਣਾ ਸੀ, ਓਦੋਂ ਪਾਕਿਸਤਾਨ ਹਾਈ ਕਮਿਸ਼ਨ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੁਹਾਡੇ ਦੱਸੇ ਦਿਨਾਂ ਵਿੱਚ ਓਥੇ ਗੁਰਪੁਰਬ ਨਹੀਂ ਹੋਣਾ ਤੇ ਜਦੋਂ ਉਨ੍ਹਾਂ ਨੇ ਗੁਰਪੁਰਬ ਮਨਾਇਆ ਸੀ, ਓਦੋਂ ਸ਼੍ਰੋਮਣੀ ਕਮੇਟੀ ਨੇ ਜਥਾ ਨਹੀਂ ਸੀ ਭੇਜਿਆ। ਤਰੀਕਾਂ ਦਾ ਇਹ ਘਚੋਲਾ ਕਿਸੇ ਪਾਸੇ ਲਾਇਆ ਹੀ ਨਹੀਂ ਜਾ ਸਕਿਆ।
ਉਲਝਣ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਪੱਧਰ ਦੀ ਹੋਵੇ ਜਾਂ ਸਿਆਸੀ ਲੀਡਰਸ਼ਿਪ ਦੇ ਪੈਂਤੜਿਆਂ ਵਿੱਚ, ਧਰਮ ਦੇ ਖੇਤਰ ਵਿੱਚ ਹੋਵੇ ਜਾਂ ਸਮਾਜਕ ਰਿਵਾਇਤਾਂ ਦੇ ਪੱਖੋਂ, ਹਰ ਗੱਲ ਵਿੱਚ ਆਮ ਆਦਮੀ ਬੁਰੀ ਤਰ੍ਹਾਂ ਫਸ ਜਾਂਦਾ ਹੈ ਅਤੇ ਉਸ ਨੂੰ ਕਿਸੇ ਧਿਰ ਦੇ ਠੀਕ ਜਾਂ ਗਲਤ ਹੋਣ ਦਾ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ। ਉਹ ਘਚੋਲੇ ਦੀ ਇਸ ਹਾਲਤ ਵਿੱਚ ਕਦੀ ਇੱਕ ਧਿਰ ਵੱਲ ਅਤੇ ਕਦੀ ਦੂਸਰੀ ਵੱਲ ਮੂੰਹ ਚੁੱਕ-ਚੁੱਕ ਵੇਖਦਾ ਹੈ, ਪਰ ਮੁਸ਼ਕਲ ਇਹ ਹੈ ਕਿ ਜਿਨ੍ਹਾਂ ਵੱਲ ਇਹ ਆਮ ਆਦਮੀ ਵੇਖਦਾ ਹੈ, ਉਹ ਅੱਜ ਜਿਹੜੇ ਪੈਂਤੜੇ ਉੱਤੇ ਹੁੰਦੀਆਂ ਹਨ, ਕੱਲ੍ਹ ਨੂੰ ਕੂਹਣੀ-ਮੋੜ ਕੱਟ ਕੇ ਉਸ ਤੋਂ ਐਨ ਉਲਟ ਰਾਹ ਉੱਤੇ ਚੱਲ ਪੈਂਦੀਆਂ ਹਨ। ਨਤੀਜੇ ਵਜੋਂ ਆਮ ਆਦਮੀ ਇਨ੍ਹਾਂ ਦੇ ਮਗਰ ਤੁਰਿਆ ਜਾਂਦਾ ਇਨ੍ਹਾਂ ਦੇ ਮੋੜਾ ਕੱਟਣ ਨਾਲ ਪਹਿਲਾਂ ਤੋਂ ਵੀ ਵੱਧ ਉਲਝ ਜਾਂਦਾ ਹੈ। ਉਸ ਦੀ ਉਲਝਣ ਬਾਰੇ ਕੋਈ ਸੋਚਦਾ ਹੀ ਨਹੀਂ। ਭਾਰਤ ਦੇ ਲੋਕਤੰਤਰ, ਪ੍ਰਸ਼ਾਸਨ ਤੇ ਧਰਮ-ਖੇਤਰ ਵਿੱਚ ਸਭ ਤੋਂ ਵੱਧ ਕਸੂਤਾ ਫਸਿਆ ਹੈ ਭਾਰਤ ਦਾ ਆਮ ਆਦਮੀ। ਜਿਹੜੀ ਬੇਭਰੋਸਗੀ ਉਸ ਆਦਮੀ ਦੇ ਮਨ ਵਿੱਚ ਨਾ ਸਿਰਫ ਪੱਕੀਆਂ ਜੜ੍ਹਾਂ ਜਮਾਈ ਜਾਂਦੀ ਹੈ, ਸਗੋਂ ਹੋਰ ਤੋਂ ਹੋਰ ਲਗਾਤਾਰ ਵਧੀ ਜਾਣ ਦੇ ਸੰਕੇਤ ਮਿਲਦੇ ਹਨ, ਉਸ ਬੇਭਰੋਸਗੀ ਦੇ ਹੁੰਦਿਆਂ ਭਾਰਤ ਦਾ ਬਣੇਗਾ ਕੀ, ਇਸ ਬਾਰੇ ਸੋਚਣ ਵਾਲਾ ਕੋਈ ਲੀਡਰ ਹੀ ਨਹੀਂ।