ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

19 ਦਸੰਬਰ 2022

ਭਵਿੱਖ ‘ਚ ਅਕਾਲੀ ਦਲ ਨਾਲ ਭਾਜਪਾ ਦੇ ਗੱਠਜੋੜ ਦਾ ਸਵਾਲ ਹੀ ਨਹੀਂ-ਵਿਜੈ ਰੂਪਾਨੀ

ਤੇਰੀ ਮੇਰੀ, ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।

ਭਰੇ ਬਾਜ਼ਾਰ ‘ਚ ਸ਼ਰੇਆਮ ਲੁਟੇਰਿਆਂ ਨੇ ਮੰਗਤੇ ਤੋਂ 300 ਰੁਪਏ ਲੁੱਟ ਲਏ- ਇਕ ਖ਼ਬਰ

ਭੁੱਖ ਨੰਗ ਦੀ ਏਥੇ ਪ੍ਰਵਾਹ ਨਾਹੀਂ, ਹੁਕਮ ਹੋਵੇ ਤਾਂ ਦੇਗ਼ਾਂ ਨੂੰ ਚੱਟੀਏ ਜੀ।

ਘਟੀਆ ਸੜਕ ਮਾਮਲਾ: ਨਾ ਠੇਕਾ ਰੱਦ ਹੋਇਆ ਤੇ ਨਾ ਕਿਸੇ ਅਧਿਕਾਰੀ ਖ਼ਿਲਾਫ਼ ਕਾਰਵਾਈ ਹੋਈ- ਇਕ ਖ਼ਬਰ

ਨਾ ਝੰਗ ਛੁੱਟਿਆ ਨਾ ਕੰਨ ਪਾਟੇ, ਝੁੰਡ ਲੰਘ ਗਿਆ ਇੰਜ ਹੀਰਾਂ ਦਾ।

ਆਪਸੀ ਫੁੱਟ ਨੇ ਕਾਂਗਰਸ ਨੂੰ 80 ਤੋਂ 18 ‘ਤੇ ਪਹੁੰਚਾਇਆ- ਰਾਜਾ ਵੜਿੰਗ

ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ਼ ਸੇ।

ਮੁੱਖ ਮੰਤਰੀ ਤੇ ਰਾਜਪਾਲ ਦੀ ਆਪਸੀ ਖਹਿਬਾਜ਼ੀ ਦਾ ਨੁਕਸਾਨ ਪੰਜਾਬ ਭੁਗਤ ਰਿਹੈ- ਰਾਜਾ ਵੜਿੰਗ

ਦੋ ਹਾਥੀ ਲੜਨ ਤਾਂ ਵਿਚਾਰਾ ਘਾਹ ਹੀ ਮਿੱਧਿਆ ਜਾਂਦੈ।

ਪੰਜਾਬ ਭਰ ‘ਚ ਦੌਰੇ ਕਰਨਗੇ ਸੁਖਬੀਰ ਸਿੰਘ ਬਾਦਲ- ਇਕ ਖ਼ਬਰ

ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨ੍ਹੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ।

ਅਰਥ ਵਿਵਸਥਾ ਨੂੰ ਵਧਦਾ ਦੇਖ ਕੇ ਕੁਝ ਲੋਕ ਸੜ ਰਹੇ ਹਨ- ਵਿੱਤ ਮੰਤਰੀ

ਪੀੜ੍ਹੀ ਉੱਤੇ ਬਹਿ ਜਾ ਵੀਰਨਾ, ਸੱਸ ਚੰਦਰੀ ਦੇ ਰੁਦਨ ਸੁਣਾਵਾਂ।

ਦਾਦੂਵਾਲ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ- ਇਕ ਖ਼ਬਰ

ਜੇ ਤੂੰ ਚੁੰਘੀਆਂ ਬੂਰੀਆਂ ਤਾਂ ਵਿਚ ਮੈਦਾਨੇ ਆ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਕੁਰਸੀ ਮੇਰੇ ਵੀਰ ਦੀ, ਠਾਣੇਦਾਰ ਦੇ ਬਰਾਬਰ ਡਹਿੰਦੀ।

ਮੌਜੂਦਾ ਸਿੱਖ ਮਸਲਿਆਂ ਸਬੰਧੀ ਸੇਧ ਦੇਣ ਜਥੇਦਾਰ- ਧਾਮੀ

ਵਾਇਆ ਬਠਿੰਡਾ ਨਾ ਜਾਉ ਧਾਮੀ ਸਾਹਿਬ, ਸਿੱਧੀ ‘ਮਾਲਕਾਂ’ ਤੋਂ ਹੀ ਸੇਧ ਮੰਗ ਲਵੋ

ਬੇਅਦਬੀ ਮਾਮਲਿਆਂ ਪ੍ਰਤੀ ਗੰਭੀਰ ਹੈ ‘ਆਪ’ ਸਰਕਾਰ- ਮਾਲਵਿੰਦਰ ਸਿੰਘ ਕੰਗ

ਬਦਲ ਗਈਆਂ ਸ਼ਕਲਾਂ ਰਾਗ ਪੁਰਾਣੇ ਨੇ, ਸੱਦੇ ਸਿਰਫ਼ ਨਵੇਂ ਨੇ ਕਾਗ ਪੁਰਾਣੇ ਨੇ- (ਬਾਬਾ ਨਜਮੀ)

ਭਗਵੰਤ ਮਾਨ ਨੇ ‘ਆਪ’ ਦੀ ਮਸ਼ਹੂਰੀ ਲਈ ਪੰਜਾਬ ਦਾ ਪੈਸਾ ਗੁਜਰਾਤ ‘ਚ ਲੁਟਾਇਆ- ਭੁੱਲੇਵਾਲ ਰਾਠਾਂ

ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਜ਼

ਚੀਨ ਹਮਲੇ ਵਧਾ ਰਿਹਾ ਹੈ ਤੇ ਸਰਕਾਰ ਦਰਾਮਦ- ਕੇਜਰੀਵਾਲ

ਵੇ ਮੈਂ ਚੋਰੀ ਚੋਰੀ ਲਾ ਲਈਆਂ, ਤੇਰੇ ਨਾਲ਼ ਅੱਖੀਆਂ।

ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ ਪੰਜਾਬ ਵਿਰੋਧੀ ਤਾਕਤਾਂ- ਰਾਜਾ ਵੜਿੰਗ

ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।

ਦਿੱਲੀ ਤੇ ਪੰਜਾਬ ‘ਚ ਕੀਤੇ ਕੰਮ ਲੈ ਕੇ ਜਾਵਾਂਗੇ ਦੇਸ਼ ਭਰ ਵਿਚ- ਭਗਵੰਤ ਮਾਨ

ਨੱਚਾਂ ਮੈਂ ਪਟਿਆਲੇ ਮੇਰੀ ਧਮਕ ਜਲੰਧਰ ਪੈਂਦੀ।