ਸਿੱਖ ਇਤਿਹਾਸ : ਕੁੰਮਾ ਮਾਸ਼ਕੀ ਤੇ ਮਾਈ ਲੱਛਮੀ - ਪਰਮਜੀਤ ਕੌਰ ਸਰਹਿੰਦ

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ ਦੇ ਸਰਸਾ ਨਦੀ ਦੇ ਕੰਢੇ ਤੋਂ ਹੋਏ ਪਰਿਵਾਰ ਵਿਛੋੜੇ ਤੋਂ ਬਾਅਦ, ਉਨ੍ਹਾਂ ਦੀਆਂ ਪਾਵਨ ਪੈੜਾਂ ਦੀ ਖੋਜ‌ ਕਰਦਿਆਂ ਬਹੁਤ ਸਾਰੇ ਮੁਕੱਦਸ ਸਥਾਨਾਂ ਤੇ ਮਹਾਨ ਇਨਸਾਨਾਂ ਦੇ ਸਿਰਨਾਵੇਂ ਲੱਭੇ‌ ਹਨ। ਇਹ ਸਮੇਂ ਦੀ ਧੂੜ ਵਿੱਚ ਬਹੁਤ ਗਹਿਰੇ ਦੱਬੇ ਹੋਏ ਸਨ ਪਰ ਸਿਦਕੀ ਤੇ ਸਿਰੜੀ ‌ਲੋਕ ਇਨ੍ਹਾਂ ਧੂੜਾਂ ਨੂੰ ਛਾਣਦਿਆਂ ਤੱਥਾਂ ਦੇ ਬੇਸ਼ਕੀਮਤੀ  ਹੀਰੇ-ਮੋਤੀ ਲੱਭ ਕੇ ਨਵਾਂ ਇਤਿਹਾਸ ਸਿਰਜਦੇ ਹਨ। ਅਜਿਹੇ ਹੀ ਸਿਦਕਵਾਨ ਖੋਜੀ‌ ਹਨ ਬਾਬਾ ਸੁਰਿੰਦਰ ਸਿੰਘ ਖਾਲਸਾ (ਖਜੂਰਲਾ, ਕਪੂਰਥਲਾ) ਜਿਨ੍ਹਾਂ ਨੇ ਅਵਾਨ ਕੋਟ ਦੀਆਂ ਪਾਵਨ ਧੂੜਾਂ ਨੂੰ ਪੂਰੇ 14 ਸਾਲਾਂ ਦੀ ਘਾਲਣਾ ਉਪਰੰਤ ਛਾਣ ਹੀ ਲਿਆ। ਇਸ ਵਿੱਚੋਂ ਦੋ ਹੀਰਿਆਂ ਬਾਬਾ ਕੁੰਮਾ ਮਾਸ਼ਕੀ ਤੇ‌ ਮਾਈ ਲੱਛਮੀ ਦੇ ਸਿਰਨਾਵੇਂ ਲੱਭੇ।
ਬਿਕਰਮੀ 1761 , ਪੋਹ 6-7, ਮੁਤਾਬਿਕ 20-21 ਦਸੰਬਰ 1704 (ਮੰਗਲ-ਬੁੱਧ ਦੀ ਵਿਚਕਾਰਲੀ ਰਾਤ) ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕਿਲ੍ਹਾ ਅਨੰਦਗੜ੍ਹ ਛੱਡਿਆ ਤਾਂ ਸਰਸਾ ਨਦੀ ਦੇ ਕੰਢੇ ਉੱਤੇ ਦੁਸ਼ਮਣ ਨੇ ਵਿਸਾਹਘਾਤ ਕਰ ਕੇ ਪਿੱਛੋਂ ਹਮਲਾ ਕਰ ਦਿੱਤਾ। ਕੁਝ ਮਰਜੀਵੜੇ ਜੰਗ ਵਿੱਚ ਸ਼ਹੀਦ ਹੋ‌ ਗਏ ਅਤੇ ਕੁਝ ਹਨੇਰੇ ਤੇ ਸਰਸਾ ਨਦੀ ਵਿੱਚ ਆਏ ਹੜ੍ਹ‌ ਕਾਰਨ ਪਾਣੀ‌ ਦੀ ਭੇਟ ਚੜ੍ਹ ਗਏ। ਬਹੁਤ ਸਾਰਾ ਅਣਮੁੱਲਾ ਇਤਿਹਾਸ ਵੀ ਸਰਸਾ ਨੇ ਨਿਗਲ ਲਿਆ ਜਿਸ ਦਾ ਸਿੱਖ ਇਤਿਹਾਸ ਨੂੰ ਵੱਡਾ ਘਾਟਾ ਪਿਆ। ਇੱਥੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ‌ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਸਾਹਿਬ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਗਿਣਤੀ‌ ਦੇ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਪੁੱਜ ਗਏ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਨਾਲ ਮੁਹੱਲਾ ਉੱਚਾ ਖੇੜਾ, ਰੋਪੜ (ਹੁਣ ਰੂਪਨਗਰ) ਚਲੇ ਗਏ। ਬਿਰਧ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ‌ਅਲੱਗ ਦਿਸ਼ਾ ਵੱਲ ਤੁਰ ਪਏ। ਇਸ ਸਥਾਨ ਉੱਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਭਾਇਮਾਨ ਹੈ। ਜ਼ਿਕਰਯੋਗ ਹੈ ਕਿ ਮਾਤਾ ਜੀਤੋ ਜੀ ਪਹਿਲਾਂ ਹੀ ਸੰਸਾਰ ਤੋਂ ਵਿਦਾ ਹੋ ਚੁੱਕੇ ਸਨ। ਮਾਤਾ ਗੁਜਰੀ ਜੀ ਦੀ ਆਰਜਾ ਵਿਦਵਾਨਾਂ ਅਨੁਸਾਰ ਬਿਆਸੀ-ਪਚਾਸੀ ਸਾਲਾਂ ਦੇ ਕਰੀਬ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੀ ਨੌਂ ਤੇ ਬਾਬਾ ਫਤਿਹ ਸਿੰਘ ਜੀ ਦੀ ਆਰਜਾ ਸੱਤ ਸਾਲਾਂ ਦੀ ਸੀ।
ਮਾਤਾ ਜੀ ਨੇ ਸਦਾ ਹੀ ਮੁਸੀਬਤਾਂ ਦਾ ਸਾਹਮਣਾ ਸਬਰ ਅਤੇ ਨਿਡਰਤਾ ਨਾਲ ਕੀਤਾ। ਦੋਵੇਂ ਮਾਸੂਮ ਬਾਲਾਂ ਨੂੰ ਉਂਗਲ ਫੜਾ ਠੰਢੀ ਯਖ਼ ਰਾਤ‌ ਦੇ ਘੁੱਪ ਹਨੇਰੇ ਵਿੱਚ ਝੱਲ-ਝਾੜੀਆਂ ਵਿੱਚੋਂ ਗੁਜ਼ਰਦੇ ਉਹ ਸਤਲੁਜ ਦਰਿਆ ਤੇ ਸਰਸਾ ਨਦੀ ਦੇ ਸਾਂਝੇ ਪੱਤਣ ਉੱਤੇ ਪੁੱਜ ਗਏ। ਇਹ ਸਫ਼ਰ ਨਿੱਕੇ-ਨਿੱਕੇ ਬਾਲਾਂ ਨੂੰ ਨਾਲ ਲੈ ਕੇ ਮਾਤਾ ਜੀ ਨੇ ਕਿਵੇਂ ਤੈਅ ਕੀਤਾ ਹੋਵੇਗਾ, ਸੋਚ‌ਕੇ ਰੂਹ‌ ਕੰਬਦੀ ਹੈ। ਉੱਥੇ ਕੁੰਮਾ ਮਾਸ਼ਕੀ ਨਾਂ ਦੇ ਵਿਅਕਤੀ ਦੀ ਕੱਖ-ਕਾਨਿਆਂ ਦੀ ਛੰਨ ਸੀ। ਤਿੰਨੇ ਰੱਬੀ‌ ਰੂਹਾਂ ਉਸ‌ ਥਾਂ ਜਾ ਰੁਕੀਆਂ। ਕੁੰਮਾ ਮਾਸ਼ਕੀ ਸਤਲੁਜ ਦਰਿਆ ਵਿੱਚ ਬੇੜੀ ਚਲਾ‌ ਕੇ ਗੁਜ਼ਾਰਾ ਕਰਦਾ ਸੀ। ਰਾਤੀਂ ਉਹ ਉੱਥੇ ਹੀ‌ਰੁੱਖੀ-ਸੁੱਕੀ ਖਾ ਕੇ ਰੱਬ ਦਾ ਸ਼ੁਕਰਾਨਾ ਕਰਦਾ ਸੌਂ ਜਾਂਦਾ। ਉਹ ਮੁਸਾਫ਼ਰਾਂ ਕੋਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੁਣਦਾ ਕਿ ਉਹ ਗ਼ਰੀਬ-ਗੁਰਬੇ ਦੇ ਹਮਦਰਦ ਤੇ ਰੱਖਿਅਕ ਹਨ। ਮਨ ਹੀ ਮਨ ਕੁੰਮਾ ਉਨ੍ਹਾਂ ਦਾ ਮੁਰੀਦ ਹੋ ਗਿਆ ਸੀ। ਜਦੋਂ ਉਸ ਨੇ ਆਪਣੀ ਕੁੱਲੀ ਅੱਗੇ ਖੜ੍ਹੇ ਤਿੰਨ ਰੱਬੀ ਨੂਰ ਦੇਖੇ ਉਹ ਸਮਝ ਗਿਆ ਕਿ ਇਹ ਕੌਣ ਹਨ। ਉਸ ਨੇ ਬਹੁਤ ਆਦਰ-ਪ੍ਰੇਮ ਸਹਿਤ ਉਨ੍ਹਾਂ ਨੂੰ ਛੰਨ ਅੰਦਰ ਆਉਣ ਲਈ ਬੇਨਤੀ ਕੀਤੀ।
ਕੁੰਮੇ ਨੇ ਮਾਤਾ ਜੀ‌ ਅਤੇ ਗੁਰ ਲਾਲਾਂ ਨੂੰ ਘਾਹ-ਫੂਸ ਦੇ ਬਿਸਤਰੇ ਉੱਤੇ ਬਿਠਾਇਆ ਤੇ ਜੋ ਵੀ ਮੋਟਾ-ਭਾਰਾ ਕੱਪੜਾ ਸੀ ਉਨ੍ਹਾਂ ਨੂੰ ਠੰਢ ਤੋਂ ਬਚਣ ਲਈ ਦਿੱਤਾ। ਮਖ਼ਮਲੀ ਸੇਜਾਂ ਉੱਤੇ ਸੌਣ‌ ਵਾਲਿਆਂ ਰਜ਼ਾ ਵਿੱਚ ਰਾਜ਼ੀ ਰਹਿ ਉੱਥੇ ਠਾਹਰ ਕਰਨ ਦਾ ਫ਼ੈਸਲਾ ਕੀਤਾ। ਕੁੰਮਾ ਮਾਸ਼ਕੀ ਨਾਲ ਦੇ ਪਿੰਡੋਂ ਉਨ੍ਹਾਂ ਲਈ ਭੋਜਨ ‌ਲੈਣ ਚਲਾ ਗਿਆ। ਪਿੰਡ ਵਿੱਚ ਲੱਛਮੀ ਨਾਂ ਦੀ ਇੱਕ ਵਿਧਵਾ ਬ੍ਰਾਹਮਣ ਔਰਤ ਇਕੱਲੀ‌ ਰਹਿੰਦੀ‌ ਸੀ ਜੋ ਬਹੁਤ ਦਿਆਲੂ  ਤੇ ਨੇਕਦਿਲ ਸੀ। ਉਹ ਕਿਸੇ ਵੀ ਲੋੜਵੰਦ ਨੂੰ ਰੋਟੀ-ਪਾਣੀ ਛਕਾ ਕੇ ਪ੍ਰਸੰਨ ਹੁੰਦੀ ਤੇ ਭਜਨ-ਬੰਦਗੀ ਕਰਦੀ ਰਹਿੰਦੀ।
ਕੁੰਮੇ ਨੇ ਉਸ ਨੂੰ ਸਾਰੀ ਵਾਰਤਾ ਦੱਸੀ।‌ ਮਾਈ ਲੱਛਮੀ ਨੇ ਉਸ ਨੂੰ ਭੋਜਨ ਦੇ ਨਾਲ ਕੁਝ ਗਰਮ ਕੱਪੜੇ ਵੀ ਦਿੱਤੇ। ਉਸ ਨੇ ਇਹ ਵੀ ਕਿਹਾ ਕਿ ਸਵੇਰੇ ਮੈਂ ਉਨ੍ਹਾਂ ਮਹਾਨ ਜਿਊੜਿਆਂ ਦੇ ਦਰਸ਼ਨ ਕਰਨ ਆਵਾਂਗੀ ਤੇ ਭੋਜਨ ਵੀ ਲਿਆਵਾਂਗੀ। ਕੁੰਮੇ ਨੇ ਤਿੰਨਾਂ ਨੂੰ ਭੋਜਨ ਛਕਾਇਆ। ਇਤਿਹਾਸ ਦੱਸਦਾ ਹੈ ਕਿ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਵੀ ਮਾਤਾ ਜੀ ਨੂੰ ਲੱਭਦਾ ਉੱਥੇ ਆ‌ ਪੁੱਜਾ। ਉਸ ਦੇ ਮਨ ਵਿੱਚ ਲਾਲਚ ਤੇ ਖੋਟ‌ ਸੀ। ਘਰ‌ਦਾ ਪੁਰਾਣਾ ਨੌਕਰ ਤੇ ਭੇਤੀ ਹੋਣ ਕਾਰਨ ਉਸ ਨੂੰ ਪਤਾ ਸੀ ਕਿ ਮਾਤਾ‌ ਜੀ ਕੋਲ ਜੋ ਖੁਰਜੀ ਹੈ ਉਸ ਵਿੱਚ ਧਨ ਤੇ ਜ਼ੇਵਰਾਤ ‌ਹਨ। ਮਾਤਾ ਗੁਜਰੀ ਜੀ ਨੂੰ ਉਸ ਨੇ ਇਹ ਜਤਾਇਆ ਕਿ ਮੈਂ ਤੁਹਾਡੀ ਫ਼ਿਕਰ ਕਰਦਾ ਲੱਭਦਾ ਇੱਥੇ ਆਇਆ ਹਾਂ। ਉਸ ਨੇ ਇਹ ਵੀ ਕਿਹਾ ਕਿ ਦੁਸ਼ਮਣ ਦੀਆਂ ਫ਼ੌਜਾਂ ਗੂਰੂ ਸਾਹਿਬ ਤੇ ਪਰਿਵਾਰ ਨੂੰ ਲੱਭਦੀਆਂ ਫਿਰਦੀਆਂ ਹਨ, ਮੈਂ ਤੁਹਾਨੂੰ ਹਟਵੇਂ-ਲੁਕਵੇਂ ਰਾਹਾਂ ਤੋਂ ਆਪਣੇ ਪਿੰਡ ਲੈ ਜਾਵਾਂਗਾ, ਉੱਥੇ ਤੁਸੀਂ ਸੁਰੱਖਿਅਤ ਰਹੋਗੇ।‌
ਸਵੇਰ ਹੋਈ ਤੇ ਮਾਈ ਲੱਛਮੀ ਸਾਰਿਆਂ ਲਈ ਭੋਜਨ‌‌ ਲੈ‌ ਆਈ। ਮਾਤਾ ਗੁਜਰੀ ਜੀ ਨੇ ਕੁੰਮੇ ਮਾਸ਼ਕੀ ਤੇ ਮਾਈ ਲੱਛਮੀ ਨੂੰ ਧਨ, ਜ਼ੇਵਰ ਤੇ ਸੋਨੇ ਦੀਆਂ ਮੋਹਰਾਂ ਦੇ ਕੇ ਨਿਵਾਜਿਆ। ਕੁੰਮਾ ਮਾਸ਼ਕੀ ਉਨ੍ਹਾਂ ਨੂੰ ਆਪਣੀ ਬੇੜੀ ਵਿੱਚ ਸਤਲੁਜ ਦਰਿਆ ਪਾਰ ਕਰਾ ਕੇ ਇੱਕ ਪਿਲਕਣ ਦੇ ਦਰੱਖਤ ਕੋਲ ਉਤਾਰ ਆਇਆ। ਉਸ ਦਰੱਖਤ ਨਾਲ ਪੁਰਾਣੇ ਮਲਾਹ ਆਪਣੀਆਂ ਬੇੜੀਆਂ ਬੰਨ੍ਹਦੇ ਸਨ ਜੋਂ ਅੱਜ ਵੀ ਮੌਜੂਦ ਹੈ। ਇੱਥੋਂ ਹੀ ਬੇਈਮਾਨ ਗੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ। ਉਸ ਦੇ ਲੂਣ ਹਰਾਮੀ ਹੋਣ‌ ਦੀ ਪੁਸ਼ਟੀ ਇਤਿਹਾਸ ਤਿੰਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨਾਲ ਕਰਦਾ ਹੈ।
ਇਤਿਹਾਸ ਵਾਚਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੇ ਪਰਿਵਾਰ ਤੋਂ ਵਿੱਛੜ ਕੇ 7 ਪੋਹ, 1761 ਬਿਕਰਮੀ ਮੁਤਾਬਿਕ 21 ਦਸੰਬਰ 1704 ਈਸਵੀ ਦੀ‌ ਰਾਤ ਸਤਲੁਜ ਤੇ‌ ਸਰਸਾ‌ ਨਦੀ ਦੇ ਸਾਂਝੇ ਪੱਤਣ ਉੱਤੇ ਕੁੰਮੇ‌ ਮਾਸ਼ਕੀ ਕੋਲ ਗੁਜ਼ਾਰੀ। ਭਾਈ ਸੁਰਿੰਦਰ ਸਿੰਘ ਖਾਲਸਾ ਨੇ ਕੁੰਮਾ ਮਾਸ਼ਕੀ ਦੀ ਛੰਨ ਵਾਲੇ, ਬੇੜੀ ਬੰਨ੍ਹਣ‌ ਵਾਲੇ ਪਿਲਕਣ ਦੇ ਦਰੱਖਤ ਜੋ ਹੁਣ ਪਿੰਡ ਚੱਕ ਢੇਰਾ ਵਿੱਚ ਪੈਂਦਾ ਹੈ ਵਾਲੇ ਸਥਾਨ ਦੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਇੱਕ ਰਾਤ ਠਹਿਰਨ‌ ਵਾਲੇ ਪਾਵਨ ਅਸਥਾਨ ਮੁਹੱਲਾ ਉੱਚਾ ਖੇੜਾ, ਰੋਪੜ ਦੀ ਨਿਸ਼ਾਨਦੇਹੀ ਕੀਤੀ ਤੇ ਉਨ੍ਹਾਂ ਮੁਕੱਦਸ ਸਥਾਨਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰ ਕੇ ਨਿਸ਼ਾਨ ਸਾਹਿਬ ਝੁਲਾਏ।
ਮਾਤਾ ਗੁਜਰੀ ਜੀ ਦੇ ਸਤਲੁਜ ਕੰਢੇ ‌ਰਾਤ ਬਤੀਤ ਕਰਨ ਦੀ ਪੁਸ਼ਟੀ ਭਾਈ ਸੰਤੋਖ ਸਿੰਘ ਜੀ ਵੀ‌ ਕਰਦੇ ਹਨ :
ਸ੍ਰੀ ਗੁਜਰੀ ਵਿੱਚ ਸਯੰਦਨ ਕੇ
ਜੁਗ ਨੰਦਨ ਕੇ ਨੰਦ ਸੰਗ ਚਢਾਈ।
ਤਾਹਿ ਸੁਭਾਖ ਕਰੀਂ ਸਮਝਾਵਨ
ਲੈ ਅਗਵਾਨ ਚਲੋ ਸਹਾਈ।।
ਏਕ ਦੁ ਰਾਤ ਕਹੂੰ ਬਸਿਕੈ
ਤਟ ਸੌਦ੍ਰਵ ਕੇ ਗਮਨੌ ਪਿਖ ਥਾਈ।।
(ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ - ਭਾਈ ਸੰਤੋਖ ਸਿੰਘ, ਪੰਨਾ 4868, ਭਾਸ਼ਾ ਵਿਭਾਗ)
ਪੁਰਾਤਨ ਇਤਿਹਾਸ ਵਿੱਚ ਸਤਲੁਜ ਨੂੰ ਸੌਦ੍ਰਵ ਲਿਖਿਆ ਮਿਲਦਾ ਹੈ। ਇਹ ਹਵਾਲਾ ਵੀ‌ ਮਿਲਦਾ ਹੈ ਕਿ ਕੁੰਮੇ ਮਾਸ਼ਕੀ ਦਾ‌ ਪਹਿਲਾ ਤੇ ਪੂਰਾ ਨਾਂ ਕਰਮ‌ਦੀਨ ਸੀ ਪਰ ਲੋਕ ਇਸ ਨੂੰ ਪਹਿਲਾਂ ਕਰਮੂ ਤੇ ਫਿਰ ਕੁੰਮਾ ਕਹਿੰਦੇ ਸਨ। ਇਹ ਮੁਗ਼ਲ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹੋਇਆ, ਜਬਰੀ‌ ਮੁਸਲਮਾਨ ਬਣਾਇਆ ਹਿੰਦੂ‌ ਵਿਅਕਤੀ ਸੀ। ਇਸ ਦਾ ਨਾਮ ਬਦਲ ਕੇ ਕਰੀਮ ਬਖ਼ਸ਼ ਰੱਖਿਆ ਗਿਆ ਸੀ। ਇਸ ਉੱਤੇ ਹੋਏ ਜ਼ੁਲਮ ਤੇ ਮਾਤਾ ਗੁਜਰੀ ਜੀ ਦੇ ਉਸ ਕੋਲ ਠਹਿਰਨ ਦੇ ਹੋਰ ਪੁਖ਼ਤਾ ਪ੍ਰਮਾਣ ਵੀ ਮਿਲਦੇ ਹਨ ਜਿਵੇਂ :
ਇੱਕ ਸੱਕਾ ਹਿੰਦੂ ਤਹਿ ਆਹੀ।।
ਤੁਰਕ ਜੋਰ ਤਹਿ ਜਨਮ ਵਟਾਈ।।
ਕੁੰਮੇ ਤੇ ਕੀਮਾ ਤਹਿ ਕੀਨਾ।।
ਤਿਸਹੀ ਕੇ ਗ੍ਰਹਿ ਬਾਸਾ ਲੀਨਾ।।
ਕ੍ਰਿਤ ਭਾਈ ਦੁੱਨਾ ਸਿੰਘ ਹੰਡੂਰੀਆ - ਪੰਨਾ 22
(ਚਾਰ ਸਾਹਿਬਜ਼ਾਦੇ, ਪਿਆਰਾ ਸਿੰਘ ਪਦਮ)
ਇਹ ਜਾਣਕਾਰੀ ਤਾਂ ਬਹੁਤ ਵਿਦਵਾਨਾਂ ਖੋਜਕਾਰਾਂ ਨੇ ਮੁਹੱਈਆ ਕਰਵਾਈ ਪਰ ਇਹ ਪਤਾ ਨਹੀਂ ਸੀ ਲੱਗਦਾ ਕਿ ਕੁੰਮਾ ਮਾਸ਼ਕੀ ਤੇ ਮਾਈ ਲੱਛਮੀ ਦਾ ਜੱਦੀ ਪੁਸ਼ਤੀ ਪਿਛੋਕੜ ਕੀ ਸੀ। ਭਾਈ ਖਾਲਸਾ ਨੇ ਇਹ ਖੋਜ ਕਰਨ ਲਈ ਦਿਨ-ਰਾਤ ਇੱਕ ਕਰ ਛੱਡਿਆ। ਅਖੀਰ ਉਨ੍ਹਾਂ ਨੂੰ ਪਿੰਡਾਂ ਵਿੱਚ ਵਿਚਰਦਿਆਂ-ਲੱਭਦਿਆਂ ਇੰਨਾ ਕੁ ਸੁਰਾਗ਼ ਮਿਲਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਫਤਹਿ ਕਰ ਕੇ ਦੁਸ਼ਟਾਂ ਨੂੰ ਸੋਧਦਾ ਇਸ‌ ਇਲਾਕੇ ਵਿੱਚ ਆਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਤਿਹਾਸ ਵਾਚਦਿਆਂ ਲੇਖਕ ਇਨ੍ਹਾਂ ਪਿੰਡਾਂ ਵਿੱਚ ਵਿਚਰਦਾ ਤੇ ਪੁਰਾਣੇ ਬਜ਼ੁਰਗਾਂ ਦੀ ਮੱਦਦ ਨਾਲ ਅਤੀਤ ਦੇ ਪੰਨੇ ਫਰੋਲਦਾ ਰਿਹਾ ਤੇ ਉਸ ਦੀ ਘਾਲ ਥਾਏਂ ਪਈ। ਕੁੰਮਾ ਸਤਲੁਜ ਦਰਿਆ ਨੇੜੇ ਵਸਦੇ ਪਿੰਡ ਅਵਾਨ ਦੇ ਗ਼ਰੀਬ ਝਿਊਰ ਪਰਿਵਾਰ ਵਿੱਚ ਜਨਮਿਆ ਸੀ। ਸਤਲੁਜ ਦਰਿਆ ਜਾਂ ਖੂਹ ਤੋਂ ਪਾਣੀ ਭਰ‌ ਕੇ ਲੋਕਾਂ ਦੇ ਘਰੀਂ ‌ਪਹੁੰਚਾਉਣਾ ਉਸ ਦਾ ਪਿਤਾ ਪੁਰਖੀ ਕਿੱਤਾ ਸੀ। ਪਾਣੀ ਵਾਲੀ ਮਸ਼ਕ ਕਾਰਨ ਉਸ ਦੇ ਨਾਂ ਨਾਲ ਮਾਸ਼ਕੀ ਸ਼ਬਦ ਜੁੜ ਗਿਆ। ਉਹ ਹੋਰ ਮਿਹਨਤ-ਮਜ਼ਦੂਰੀ ਵੀ‌ ਕਰਦਾ। ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਸਤਲੁਜ ਪਾਰ ਕਰਾਉਣ ਲਈ ਉਹ ਬੇੜੀ ਚਲਾਉਣ ਲੱਗਾ। ਦਰਿਆ ਕਿਨਾਰੇ ਉਸ ਨੇ ਕੱਖਾਂ-ਕਾਨਿਆਂ ਦੀ ਕੁੱਲੀ (ਛੰਨ) ਬਣਾ ਲਈ ਮੁਸਾਫ਼ਰਾਂ ਦੀ ਸਹੂਲਤ ਲਈ ਉਹ ਉੱਥੇ ਹੀ ਰੈਣ ਬਸੇਰਾ ਕਰ ਲੈਂਦਾ। ਦੂਜੇ ਪੱਤਣ ’ਤੇ ਇੱਕ ਪਿਲਕਣ ਦਾ ਦਰੱਖਤ ਸੀ, ਕੁੰਮਾ ਆਪਣੀ ਬੇੜੀ ਉਸ ਨਾਲ ਬੰਨ੍ਹ ਕੇ ਮੁਸਾਫ਼ਰਾਂ ਦੀ ਉਡੀਕ ਕਰਦਾ। ਅੱਜ ਉੱਥੇ ਚੱਕ ਢੇਰਾ ਨਾਮਕ ਪਿੰਡ ਵਸਦਾ ਹੈ। ਇਸੇ ਦੌਰਾਨ ਮਜ਼ਹਬੀ ਜਨੂੰਨ ’ਚ ਅੰਨ੍ਹੀ‌ ਹੋਈ‌ ਮੁਗ਼ਲ ਹਕੂਮਤ ਨੇ ਹੋਰ ਬੇਵੱਸ ਲੋਕਾਂ ਦੇ ਨਾਲ ਉਸ ਦਰਵੇਸ਼ ਨੂੰ ਜਬਰੀ‌ ਮੁਸਲਮਾਨ ਬਣਾਇਆ।
ਮਾਈ ਲੱਛਮੀ ਬ੍ਰਾਹਮਣ ਪਰਿਵਾਰ ਦੀ ਧੀ ਸੀ ਜੋ ਕੁੰਮੇ‌ ਦੇ ਪਿੰਡ ਅਵਾਨ ਕੋਟ ਵਿਆਹੀ ਹੋਈ ਸੀ। ਸਹੁਰਾ ਪਰਿਵਾਰ ਲੋਕਾਂ ਦੇ ਘਰਾਂ ਵਿੱਚ ਪੂਜਾ-ਪਾਠ ਕਰਦਾ ਸੀ ਜਿਸ ਕਰਕੇ ਇਹ‌ ਪੁਰੋਹਤ ਸੱਦੇ ਜਾਂਦੇ ਸਨ। ਲੱਛਮੀ ਦੇ ਕੋਈ ਔਲਾਦ ਨਹੀਂ ਸੀ ਤੇ ਉਸ ਦਾ ਪਤੀ ਵੀ ਪਰਲੋਕ ਸਿਧਾਰ ਗਿਆ ਸੀ। ਉਹ ਭਜਨ-ਬੰਦਗੀ ਕਰਦੀ ਤੇ ਸੇਵਾ ਬਿਰਤੀ ਨਾਲ ਲੋੜਵੰਦਾਂ ਨੂੰ ਅੰਨ-ਪਾਣੀ ਛਕਾਉਂਦੀ। ਕੁੰਮਾ ਉਸ ਦਾ ਬਹੁਤ ਆਦਰ ਕਰਦਾ ਤੇ ਮਾਈ ਲੱਛਮੀ ਖਾਣੇ-ਦਾਣੇ ਤੋਂ ਇਲਾਵਾ ਅੰਨ-ਧਨ ਨਾਲ ਵੀ ਕੁੰਮੇ ਦੀ ਮੱਦਦ ਕਰਦੀ। ਜੇ ਵੇਲੇ-ਕੁਵੇਲੇ ਕੋਈ ਮੁਸਾਫ਼ਰ ਉਸ ਕੋਲ ਠਹਿਰ ਜਾਂਦਾ ਤਾਂ ਉਹ ਮਾਈ ਲੱਛਮੀ ਕੋਲੋਂ ਭੋਜਨ ਲਿਆ ਕੇ ਉਸ ਨੂੰ ਖੁਆਉਂਦਾ। ਦੋਵਾਂ ਦੀ ਉਮਰ ਮਾਂ ਤੇ ਪੁੱਤਰ ਦੇ ਦਰਜੇ ਵਾਲੀ ਸੀ। ਉਹ ਮਾਂ-ਪੁੱਤਰ ਵਾਂਗ ਇੱਕ-ਦੂਜੇ ਦਾ ਆਸਰਾ ਸਨ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁੰਮਾ ਮਾਸ਼ਕੀ ਤੇ ਮਾਈ ਲੱਛਮੀ ਵੱਲੋਂ ਮਾਤਾ ਜੀ ਤੇ‌ ਕੀਤੀ ਸੇਵਾ ਬਾਬਤ ਪਤਾ ਲੱਗਾ ਤਾਂ ਉਹ ਅਵਾਨ ਕੋਟ ਆ ਪੁੱਜਾ। ਇਹ ਪਿੰਡ ਅਵਾਨ ਜਾਤ ਦੇ ਮੁਸਲਮਾਨਾਂ ਨੇ‌ ਵਸਾਇਆ ਸੀ। ਜੂਨ 1710 ਵਿੱਚ ਦਸਮ ਪਿਤਾ ਦੇ ਵਰੋਸਾਏ ‘ਬੰਦੇ’ ਨੇ ਅਵਾਨ ਕੋਟ ਦੇ ਕਿਲ੍ਹੇ ’ਤੇ‌ਕਬਜ਼ਾ ਕਰ ਲਿਆ। ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ। ਮਾਈ ਲੱਛਮੀ ਤੇ ਕੁੰਮਾ ਮਾਸ਼ਕੀ ਨੂੰ ਬਹੁਤ ਮਾਣ-ਸਨਮਾਨ ਦੇ‌ਕੇ ਵਡਿਆਇਆ। ਕੁੰਮਾ ਮਾਸ਼ਕੀ ਅੰਮ੍ਰਿਤਪਾਨ ਕਰ ਕੇ ਸਿੰਘ ਸਜ‌ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਅਗਲੀ ਮੁਹਿੰਮ ਲਈ ਤੁਰ‌ ਪਿਆ। ਮਾਈ ਲੱਛਮੀ ਨੇ ਬਿਰਧ ਅਵਸਥਾ ਵਿੱਚ ਆਪਣੇ ਪਿੰਡ ਅਵਾਨ ਕੋਟ ਹੀ ਜੀਵਨ ਪੰਧ ਮੁਕਾਇਆ ਤੇ ਅੰਤਿਮ ਸਸਕਾਰ ਉੱਥੇ ਹੀ ਹੋਇਆ।
ਕਰਮ ਸਿੰਘ (ਕੁੰਮਾ ਮਾਸ਼ਕੀ) ਬਾਰੇ ਖੋਜ ਕਰਨ ਵਾਲੇ ਲੇਖਕ ਸੁਰਿੰਦਰ ਸਿੰਘ ਖਾਲਸਾ ਨੇ ਆਪਣੀ ਦਸੰਬਰ 2021 ਵਿੱਚ ਛਪੀ ਪੁਸਤਕ ‘ਪੋਹ ਦੀਆਂ ਰਾਤਾਂ’ ਵਿੱਚ ਪੰਨਾ 280 ਉੱਤੇ ਲਿਖਿਆ ਹੈ ਕਿ ਕਰਮ ਸਿੰਘ ਭਾਵ ਕੁੰਮਾ ਮਾਸ਼ਕੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਜ਼ਾਲਮਾਂ-ਜਾਬਰਾਂ ਦੇ ਆਹੂ ਲਾਹੁੰਦਾ ਸ਼ਹਾਦਤ ਪ੍ਰਾਪਤ ਕਰ‌ ਗਿਆ। ਉਸ‌ ਦੀ‌ ਉਮਰ ਅੰਦਾਜ਼ਨ 60 ਸਾਲ ਦੇ ਨੇੜੇ ਹੋਵੇਗੀ। ਇਸੇ ਪੰਨੇ ਉੱਤੇ ਹਵਾਲਾ ਮਿਲਦਾ ਹੈ:
ਸੰਮਤ 1812 ਬਿ: (1755 ਈਸਵੀ) ਨੂੰ ਲਿਖੇ ਸ਼ਹੀਦਨਾਮਾ ਵਿੱਚ ਕਵੀ ਕਿਸ਼ਨ ਸਿੰਘ ਨੇ ਬਾਬਾ ਕੁੰਮਾ ਮਾਸ਼ਕੀ ਜੀ‌ ਦਾ ਜ਼ਿਕਰ ਇਨ੍ਹਾਂ ‌ਸਤਰਾਂ ਨਾਲ ਕੀਤਾ ਹੈ -
ਬੰਦੇ ਸੁਨੀ ਕਰਮੂ ਕੀ‌ ਗਾਥਾ।
ਤਿਨਹ ਕਮਾਈ ਸੇਵ ਅਕਾਥਾ।।
ਅਪਨੇ ਨਿਕਟ ਤਿਹ ਲੀਯੋ ਬੁਲਾਏ।
ਆਦਰ ਦੀਨੋ‌ ਬਹੁਤ ਅਧਿਕਾਏ।।
ਸਤ ਮੋਹਰੇ ਅਰ ਬਸਤਰ ਅਪਾਰਾ।
ਬੰਦਹਿ ਭੇਟੇ ਕਰ ਬਹੁ ਸਤਿਕਾਰਾ।।
ਕਰਮੂ ਝੀਵਰ ਭਯਾ ਪ੍ਰਸੰਨ।
ਮੁਖਹੁ ਅਲਾਵੈ ਸਤਿਗੁਰ ਧੰਨ ਧੰਨ।।
ਤਿਨਹਿ ਪੁਨਹਿ ਸਿੰਘ ਸਾਜਨ ਕੀਨਾ।
ਕਰਮਾ ਭਯੋ ਕਰਮ ਸਿੰਘ ਪ੍ਰਬੀਨਾ।।
ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਈ ਲੱਛਮੀ ਨੂੰ ਮਿਲਣ ਦੀ ਪੁਸ਼ਟੀ ਵੀ ਸ਼ਹੀਦਨਾਮਾ ਵਿੱਚ ਕੀਤੀ ਗਈ ਹੈ। ਪੁਸਤਕ ‘ਪੋਹ ਦੀਆਂ ਰਾਤਾਂ’ ਦੇ ਪੰਨਾ 285 ਉੱਤੇ ਅੰਕਿਤ ਹੈ:
ਦੋਹਰਾ
ਮਾਤਾ ਲੱਛਮੀ ਕੀ ਸੇਵ ਸੁਨ
ਬੰਦਾ ਬਹੁ ਹਰਖਾਇ।।
ਬੰਦੇ ‌ਸਾਥ ਸਿਖ ਬਹੁਤ ਲੀਏ
ਮਾਤ ‌ਕੇ ਚਰਨ ਪਰਸੇ ਜਾਇ।।
ਚੌਪਈ
ਮਾਤ ਲੱਛਮੀ ਭਈ ਪ੍ਰਸੰਨਾ।
ਆਖੇ ਮੁਖਹੁ ਸਤਿਗੁਰ ਧੰਨ ਧੰਨਾ।।
ਚੌਪਈ ਵਿੱਚ ਹੋਰ ਵਿਸਥਾਰ ਵੀ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਲੇਖਕ ਸੁਰਿੰਦਰ ਸਿੰਘ ਖਾਲਸਾ ਨਾਲ ਅਕਸਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ। ਜਦੋਂ ਵੀ ਪੰਜ-ਸੱਤ‌ ਸਾਲਾਂ ਵਿੱਚ ਉਨ੍ਹਾਂ ਕੋਈ ਖੋਜ ਕੀਤੀ ਤਾਂ ਉਨ੍ਹਾਂ ਦੇ ਸੱਦੇ ’ਤੇ ਅਸੀਂ ਪਤੀ-ਪਤਨੀ ਉਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਤੇ ਜਾਣਕਾਰੀ ਲੈਣ ਲਈ ਉੱਥੇ ਪੁੱਜਦੇ‌ ਹਾਂ। ਅਵਾਨ ਕੋਟ ਦੀ ਨਿਸ਼ਾਨਦੇਹੀ ਕਰਨ ਲਈ ਉਨ੍ਹਾਂ ਨੂੰ ਬਹੁਤ ਦਿੱਕਤ ਆਈ। ਕਿਉਂਕਿ ਇਹ ਪਿੰਡ 1880 ਵਿੱਚ ਆਏ ਭਾਰੀ ਹੜ੍ਹਾਂ ਕਾਰਨ ਤਬਾਹ ਹੋ ਗਿਆ ਸੀ ਤੇ ਇਸ‌ ਦਾ ਨਾਮੋ ਨਿਸ਼ਾਨ ਮਿਟ ਗਿਆ ਸੀ। ਵਰਤਮਾਨ ਸਮੇਂ ਵਸਿਆ ਪਿੰਡ ਅਵਾਨ ਕੋਟ ਵੀ ਖੁਸ਼ਹਾਲ ਹਾਲਤ ਵਿੱਚ ਨਹੀਂ ਹੈ। ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਾਲੀ ਸੜਕ ਤੋਂ ਰਾਜਸਥਾਨ ਵਾਲੀ ਨਹਿਰ ਦਾ ਪੁਲ਼ ਪਾਰ ਕਰ ਕੇ ਚੜ੍ਹਦੇ ਵੱਲ ਪਹਿਲਾ ਪਿੰਡ ਮਾਜਰੀ ਗੁੱਜਰਾਂ ਅਤੇ ਥੋੜ੍ਹੀ ਦੂਰੀ ’ਤੇ ਅਵਾਨ ਕੋਟ ਹੈ। ਪਿੰਡ ਤੋਂ ਢਾਈ ਕਿਲੋਮੀਟਰ ਸਤਲੁਜ ਦਰਿਆ ਦੇ ਬਿਲਕੁਲ ਨੇੜੇ ਜ਼ਮੀਨ ਖਰੀਦ ਕੇ 2 ਜਨਵਰੀ 2022 ਨੂੰ ਕੁੰਮਾ‌ ਮਾਸ਼ਕੀ ਤੇ ਮਾਈ ਲੱਛਮੀ ਦੀ ਯਾਦਗਰ ਬਣਾਉਣ ਲਈ ਲੇਖਕ ਸੁਰਿੰਦਰ ਸਿੰਘ ਖਾਲਸਾ ਨੇ ਸੰਗਤਾਂ ਦੇ ਸਹਿਯੋਗ ਨਾਲ ਨੀਂਹ ਪੱਥਰ ਰੱਖਿਆ। ਸਤਿਕਾਰ ਵਜੋਂ ਇਨ੍ਹਾਂ ਨੂੰ ਬਾਬਾ ਸੁਰਿੰਦਰ ਸਿੰਘ ਖਾਲਸਾ ਕਿਹਾ ਜਾਂਦਾ ਹੈ। ਅਜੋਕੇ ‘ਬਾਬਾਵਾਦ’ ਤੋਂ ਲੇਖਕ ਕੋਹਾਂ ਦੂਰ ਹੈ। ਇਸ ਮੁਕੱਦਸ ਸਥਾਨ ਉੱਤੇ 23 ਸਤੰਬਰ ਨੂੰ ਆਰੰਭ ਕਰ ਕੇ 25 ਸਤੰਬਰ ਨੂੰ 2022 ਭੋਗ ਪਾਏ ਗਏ। ਇਸ ਸਥਾਨ ਦੇ ਦਰਸ਼ਨ ਕਰਨ ਸਮੇਂ ਮਨ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਜਿੱਥੇ ਸਿਰ ਸਿਜਦੇ ਵਿੱਚ ਝੁਕਦਾ ਰਿਹਾ ਉੱਥੇ ਕੁੰਮਾ ਮਾਸ਼ਕੀ ਤੇ ਮਾਈ ਲੱਛਮੀ ਦੀ ਪ੍ਰਤੀ ਬੇਅੰਤ-ਅਨੰਤ ਆਦਰ ਮਨ ਵਿੱਚ ਠਾਠਾਂ ਮਾਰਦਾ ਰਿਹਾ। ਅਜੇ‌ ਸਿਰਫ਼ ਦੋ ਕਮਰੇ ਬਣੇ ਹਨ। ਸਿਦਕੀ ਸੇਵਕ, ਲੇਖਕ ਖਾਲਸਾ ਜੀ ਵੀ ਕੁੰਮੇ ਮਾਸ਼ਕੀ ਵਾਂਗ ਝੁੱਗੀ ਪਾਈ  ਸੰਗਤਾਂ ‌ਨਾਲ ਬੈਠੇ ਸਨ। ਇਨ੍ਹਾਂ ਦੇ ਉੱਦਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਈ ਸਾਲਾਂ ਤੋਂ ‘ਸਫ਼ਰੇ ਸ਼ਹਾਦਤ’ ਨਾਂ ਨਾਲ ‘ਗੁਰਦੁਆਰਾ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ’ 7 ਪੋਹ ਤੋਂ ਨਗਰ ਕੀਰਤਨ ਦੁਆਰਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ ਜੋ 10 ਪੋਹ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆ ਕੇ ਸੰਪੰਨ ਹੁੰਦੀ ਹੈ।
ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਦੇ ਨਾਲ ਉਨ੍ਹਾਂ ਦੇ ਪਿਆਰੇ-ਸਚਿਆਰੇ ਸੇਵਕਾਂ ਦਾ ਵੀ ਸਿੱਖ ਇਤਿਹਾਸ ਵਿੱਚ ਵਿਲੱਖਣ ਤੇ ਮਾਣਮੱਤਾ ਸਥਾਨ ਹੈ ਜਿਨ੍ਹਾਂ ਵਿੱਚ ਬਾਬਾ ਕੁੰਮਾ ਮਾਸ਼ਕੀ ਤੇ ਮਾਈ ਲੱਛਮੀ ਨੇ ਕੀਤੀ ਸੇਵਾ ਸਦਕਾ ਆਪਣੇ ਨਾਮ ਦਰਜ ਕਰਵਾ ਲਿਆ ਹੈ। ਆਖ਼ਰ ਅਵਾਨ ਕੋਟ ਵਿੱਚ ਸਮੇਂ ਦੀ ਧੂੜ ‌ਹੇਠ ਦੱਬੇ ਦੋ ਬੇਸ਼ਕੀਮਤੀ ਹੀਰੇ ਇਤਿਹਾਸ ਦੇ ਪੰਨਿਆਂ ਉੱਤੇ ਚਮਕ ਹੀ‌ ਪਏ...!
ਸੰਪਰਕ  : 98728-98599