ਕੰਧੇ ਨੀ ਸਰਹੰਦ ਦੀਏ ! - ਰਵਿੰਦਰ ਸਿੰਘ ਕੁੰਦਰਾ

ਕੰਧੇ ਨੀ ਸਰਹੰਦ ਦੀਏ, ਕੁੱਝ ਤਾਂ ਮੂੰਹੋਂ ਬੋਲ,
ਗੁੱਝੇ ਭੇਦ ਅਤੀਤ ਦੇ, ਜ਼ਰਾ ਫਿਰ ਤੋਂ ਖੋਲ੍ਹ ।

ਤੇਰੇ ਅੰਦਰ ਕੀ ਸਮਾਇਆ, ਤੂੰ ਭਲੇ ਹੀ ਜਾਣੇ,
ਤੇਰੇ ਜ਼ਰੇ ਜ਼ਰੇ ਨਹੀਂ, ਇਤਿਹਾਸ ਤੋਂ ਅਣਜਾਣੇ।

ਤੇਰੀਆਂ ਇੱਟਾਂ ਦਾ ਰੰਗ ਲਾਲ, ਐਵੇਂ ਨਹੀਂ ਹੋਇਆ,
ਇਸ ਵਿੱਚ ਮਾਸੂਮ ਲਾਲਾਂ ਦਾ, ਹੈ ਖੂਨ ਸਮੋਇਆ।

ਜਿਨ੍ਹਾਂ ਨੇ ਹੱਕ 'ਤੇ ਸੱਚ ਲਈ, ਜੈਕਾਰੇ ਛੱਡ ਕੇ,
ਬਲੀਦਾਨ ਸੀ ਆਪਣੇ ਦਿੱਤੇ, ਸਭ ਲਾਲਚ ਤੱਜ ਕੇ।

ਮਹਾਨ ਨਿੱਕੀਆਂ ਜਿੰਦਾਂ ਨੇ, ਹਿਲਾ ਦਿੱਤੇ ਮੀਨਾਰੇ,
ਮਲੀਆਮੇਟ ਕਰ ਦਿੱਤੇ, ਰਹਿੰਦੀ ਦੁਨੀਆ ਤੱਕ ਸਾਰੇ।

ਗਵਾਹ ਨੇ ਤੇਰੇ ਹੱਕ ਵਿੱਚ, ਕਈ ਅਨੋਖੇ ਦਾਨੀ,
ਜਿਨ੍ਹਾਂ ਨੇ ਸਭ ਕੁੱਝ ਵਾਰ ਕੇ, ਦਿੱਤੀ ਕੁਰਬਾਨੀ।

ਕਈ ਮਰਜੀਵੜੇ ਨਿੱਤਰੇ, ਇਤਿਹਾਸ ਦੇ ਮੋਤੀ,
ਜਗਾਈ  ਰੱਖੀ  ਜਿਨ੍ਹਾਂ  ਨੇ, ਵਫ਼ਾ  ਦੀ  ਜੋਤੀ।

ਤੈਨੂੰ ਨਤਮਸਤਕ ਹੋਣ ਲਈ, ਕਈ ਆਏ ਬਹਾਦਰ,
ਬੰਦ ਬੰਦ ਕਟਵਾ ਗਏ, ਸੁੱਚੀ ਅਣਖ ਦੀ ਖ਼ਾਤਰ।

ਸ਼ਾਲਾ ਤੇਰੀ ਸ਼ਾਨ ਸਦਾ, ਰਹੇ ਜੱਗ 'ਤੇ ਉੱਚੀ,
ਸੁਣਦੀ ਰਹੇ ਸਿੱਖ ਕੌਮ, ਤੇਰੀ ਦਾਸਤਾਂ ਅਦੁੱਤੀ।

ਕੰਧੇ ਨੀ ਸਰਹੰਦ ਦੀਏ, ਕੁੱਝ ਤਾਂ ਮੂੰਹੋਂ ਬੋਲ,
ਗੁੱਝੇ ਭੇਦ ਅਤੀਤ ਦੇ, ਜ਼ਰਾ ਫਿਰ ਤੋਂ ਖੋਲ੍ਹ।
ਕਵੈਂਟਰੀ,  ਯੂ ਕੇ