ਵਿਦਿਆ ਅਤੇ ਵਪਾਰ: ਹਕੀਕਤ ਦੇ ਰੂ-ਬ-ਰੂ - ਡਾ. ਕੁਲਦੀਪ ਸਿੰਘ

ਹਰ ਸਾਲ ਦੇਸ਼ ਦੇ ਵੱਖ ਵੱਖ ਰਾਜਾਂ ਦੇ ਦਸ ਲੱਖ ਤੋਂ ਵੱਧ ਸਮਰੱਥਾ ਅਤੇ ਸੰਭਾਵਨਾ ਭਰਪੂਰ ਵਿਦਿਆਰਥੀ ਵੱਖ ਵੱਖ ਪ੍ਰੋਫੈਸ਼ਨਲ ਕੋਰਸਾਂ ਲਈ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦਿੰਦੇ ਹਨ ਜਿਨ੍ਹਾਂ ਨੇ ਆਪਣੇ ਦਸਵੀਂ ਕਲਾਸ ਦੇ ਸਫ਼ਰ ਦੌਰਾਨ ਉਚ ਪੱਧਰ ਦੇ ਅੰਕ ਪ੍ਰਾਪਤ ਕੀਤੇ ਹੁੰਦੇ ਹਨ। ਇਨ੍ਹਾਂ ਹੋਣਹਾਰ ਵਿਦਿਆਰਥੀਆਂ ਵਿਚੋਂ ਕਈ ਮੈਡੀਕਲ ਤੋਂ ਲੈ ਕੇ ਇੰਜਨੀਅਰਿੰਗ ਤੱਕ ਦੀਆਂ ਪ੍ਰੀਖਿਆਵਾਂ ਦੀ ਮੁਕਾਬਲੇ ਵਾਲੀ ਤਿਆਰੀ ਦੇ ਦਬਾਅ ਹੇਠ ਕਈ ਵਾਰੀ ਆਤਮ-ਹੱਤਿਆਵਾਂ ਕਰ ਲੈਂਦੇ ਹਨ। ਇਹ ਸਿਲਸਿਲਾ ਦੇਸ਼ ਭਰ ਵਿਚ ਚੱਲ ਰਿਹਾ ਹੈ। ਹੁਣ ਜਦੋਂ ਇਕੋ ਦਿਨ ਤਿੰਨ ਸਮਰੱਥਾ ਭਰਪੂਰ ਹੋਣਹਾਰ ਵਿਦਿਆਰਥੀਆਂ ਅੰਕੁਸ਼ ਕੁਮਾਰ (18), ਉਜਵਲ ਕੁਮਾਰ (17) ਪ੍ਰਨਵ ਕੁਮਾਰ (17) ਨੇ ਦੇਸ਼ ਦੇ ਸਭ ਤੋਂ ਵੱਡੇ ਕੋਚਿੰਗ ਸੈਂਟਰ ਕੋਟਾ (ਰਾਜਸਥਾਨ) ਵਿਚ ਤਣਾਅ ਕਾਰਨ ਆਤਮ-ਹੱਤਿਆ ਕਰ ਲਈ ਹੈ ਤਾਂ ਸਾਨੂੰ ਸਭ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਹੈ ਕਿ ਅਸੀਂ ਇਨ੍ਹਾਂ ਨੂੰ ਕਿਸ ਦਿਸ਼ਾ ਅਤੇ ਦਸ਼ਾ ਵੱਲ ਵਧਾ ਰਹੇ ਹਾਂ। ਇਹ ਵਿਦਿਆਰਥੀ ਰਾਜਸਥਾਨ ਦੇ ਨਹੀਂ ਸਨ ਬਲਕਿ ਕੋਚਿੰਗ ਦੀ ਸਭ ਤੋਂ ਵੱਡੀ ਮੰਡੀ ਸਮਝੇ ਜਾਂਦੇ ਕੇਂਦਰ ਕੋਟਾ (ਰਾਜਸਥਾਨ) ਵਿਚ ਬਿਹਾਰ ਤੇ ਮੱਧ ਪ੍ਰਦੇਸ਼ ਤੋਂ ਮੱਧ ਵਰਗ ਪਰਿਵਾਰਾਂ ਵਿਚੋਂ ਪੜ੍ਹਨ ਲਈ ਆਏ ਸਨ। ਇਨ੍ਹਾਂ ਦੇ ਮਾਪੇ ਅਜੋਕੇ ਦੌਰ ਦੀ ਸਭ ਤੋਂ ਉਤਮ ਮੰਨੀ ਜਾਂਦੀ ਪੜ੍ਹਾਈ ਖਰੀਦ ਕੇ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਦੀ ਲਾਲਸਾ ਲਈ ਬੈਠੇ ਸਨ ਪਰ ਉਨ੍ਹਾਂ ਦੇ ਪੱਲੇ ਭਿਆਨਕ ਤ੍ਰਾਸਦੀ ਪਈ। ਦੇਸ਼ ਦੀ ਤ੍ਰਾਸਦੀ ਇਹ ਹੈ ਕਿ ਵਿਦਿਆ ਹੁਣ ਪੂਰੀ ਤਰ੍ਹਾਂ ਵਪਾਰ ਦੇ ਸਿ਼ਕੰਜੇ ਵਿਚ ਆ ਗਈ ਹੈ।
ਦੇਸ਼ ਭਰ ਵਿਚ ਪੰਜ ਲੱਖ ਤੋਂ ਵੱਧ ਵੱਡੇ ਅਤੇ ਛੋਟੇ ਪ੍ਰਾਈਵੇਟ ਕੋਚਿੰਗ ਸੈਂਟਰ ਨਿੱਜੀ ਰੂਪ ਵਿਚ ਹਨ ਜਿਨ੍ਹਾਂ ਵਿਚ ਵਿਦਿਅਕ ਵਪਾਰ ਦਾ ਕਾਰੋਬਾਰ ਵਰ੍ਹਾ 2020 ਵਿਚ 7 ਲੱਖ 40 ਹਜ਼ਾਰ ਕਰੋੜ ਤੋਂ ਵਧ ਕੇ 2022 ਵਿਚ 10 ਲੱਖ ਕਰੋੜ ਤੱਕ ਪਹੁੰਚ ਗਿਆ ਹੈ। ਇਕ ਅੰਦਾਜ਼ੇ ਮੁਤਾਬਕ ਇਹ 2025 ਤੱਕ 13 ਲੱਖ ਕਰੋੜ ਤੱਕ ਪਹੁੰਚ ਜਾਏਗਾ। ਇਹ ਪੈਸਾ ਮੱਧ ਵਰਗੀ ਪਰਿਵਾਰਾਂ ਤੋਂ ਲੈ ਕੇ ਉਚ ਸ਼੍ਰੇਣੀਆਂ ਦੇ ਵੱਖ ਵੱਖ ਵਰਗਾਂ ਦੀਆਂ ਜੇਬਾਂ/ਬਚਤਾਂ ਵਿਚੋਂ ਜਾਂਦਾ ਹੈ। ਗਰੀਬ ਪਰਿਵਾਰਾਂ ਦੇ ਜਿਹੜੇ ਵਿਦਿਆਰਥੀ ਮੰਡੀ ਦੀ ਇਹ ਵਿਦਿਆ ਖਰੀਦ ਨਹੀਂ ਸਕਦੇ, ਉਹ ਸਰਕਾਰਾਂ ਦੇ ਰਹਿਮੋ-ਕਰਮ ’ਤੇ ਚਲਦੇ ਸਕੂਲਾਂ/ਕਾਲਜਾਂ ਵਿਚੋਂ ਪੜ੍ਹਾਈ ਹਾਸਲ ਕਰਦੇ ਹਨ ਜਿਥੇ ਦਹਾਕਿਆਂ ਤੋਂ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੁੰਦੀਆਂ ਹਨ। ਇਕ ਪਾਸੇ ਤਾਂ ਵਿਦਿਅਕ ਵਿਵਸਥਾ ਸਮਾਜ ਵਿਚ ਜਾਤਾਂ, ਜਮਾਤਾਂ ਤੇ ਸਮਾਜਿਕ ਗਰੁੱਪਾਂ ਨੂੰ ਕਾਣੀ ਵੰਡ ਦੇ ਰੂਪ ਵਿਚ ਅਲੱਗ ਥਲੱਗ ਕਰ ਰਹੀ ਹੈ, ਦੂਜੇ ਪਾਸੇ ਵਿਦਿਆ ‘ਖਰੀਦਣ’ ਵਾਲੇ ਵੀ ਭਿਆਨਕ ਤ੍ਰਾਸਦੀ ਵਿਚੋਂ ਲੰਘ ਰਹੇ ਹਨ।
ਜਿਸ ਵਿਦਿਅਕ ਵਪਾਰ ਦੇ ਕੇਂਦਰ ਕੋਟਾ (ਰਾਜਸਥਾਨ) ਵਿਚ ਇਨ੍ਹਾਂ ਤਿੰਨ ਹੋਣਹਾਰ ਵਿਦਿਆਰਥੀਆਂ ਨੇ ਖ਼ੁਦਕਸ਼ੀ ਕੀਤੀ ਹੈ, ਉਥੇ ਸਾਲ ਵਿਚ 5 ਹਜ਼ਾਰ ਕਰੋੜ ਤੋਂ ਵੱਧ ਦੀ ਵਿਦਿਆ ਵੇਚੀ ਅਤੇ ਖਰੀਦੀ ਜਾਂਦੀ ਹੈ। ਵਿਦਿਆਰਥੀ ਨੂੰ ਇਕ ਸਮੈਸਟਰ ਦੀ ਪੜ੍ਹਾਈ ਖਰੀਦਣ ਲਈ 1 ਲੱਖ 25 ਹਜ਼ਾਰ ਰੁਪਏ ਤੋਂ ਵੱਧ ਮਾਪਿਆਂ ਦੀ ਖੂਨ ਪਸੀਨੇ ਦੀ ਕਮਾਈ ਲਗਾਉਣੀ ਪੈਂਦੀ ਹੈ। ਕੋਚਿੰਗ ਸੈਂਟਰਾਂ ਵੱਲੋਂ ਟਿਊਸ਼ਨਾਂ ਅਤੇ ਸਹੂਲਤਾਂ ਅਨੁਸਾਰ ਪੈਸਾ ਇਕੱਤਰ ਕਰਨ ਦੀ ਵੰਡ ਪ੍ਰਤੀ ਸਮੈਸਟਰ ਇਸ ਤਰ੍ਹਾਂ ਹੈ : ਟਿਊਸ਼ਨ ਫੀਸ 80 ਹਜ਼ਾਰ ਰੁਪਏ, ਦਾਖਲਾ ਫੀਸ 10 ਰੁਪਏ, ਅਲੂਮਨੀ ਫੀਸ 2 ਹਜ਼ਾਰ ਰੁਪਏ, ਕੋਚਿੰਗ ਸੈਂਟਰ ਡਿਵੈਲਪਮੈਂਟ ਫੀਸ 5 ਹਜ਼ਾਰ, ਲਾਇਬਰੇਰੀ ਫੀਸ 25 ਸੌ ਰੁਪਏ ਅਤੇ ਸ਼ਨਾਖ਼ਤੀ ਕਾਰਡ 125 ਰੁਪਏ। ਰਹਿਣ-ਸਹਿਣ ਅਤੇ ਖਾਣ ਪੀਣ ਤੋਂ ਲੈ ਕੇ ਆਵਾਜਾਈ ਦੇ ਖਰਚੇ ਇਸ ਤੋਂ ਵੱਖਰੇ ਬਣਦੇ ਹਨ। ਹਕੀਕਤ ਇਹ ਹੈ ਕਿ ਦੇਸ਼ ਦੀਆਂ ਮੌਜੂਦਾ ਸਰਕਾਰਾਂ ਨੇ ਵਿਦਿਆ ਨੂੰ ਕੋਚਿੰਗ ਸੈਂਟਰਾਂ ਦੇ ਹਵਾਲੇ ਕਰ ਦਿੱਤਾ ਹੈ। ਦੇਸ਼ ਦੇ ਵੱਖ ਵੱਖ ਰਾਜਾਂ ਦਾ ਵਿਦਿਅਕ ਪ੍ਰਬੰਧ ਪੂਰੀ ਤਰ੍ਹਾਂ ਇਨ੍ਹਾਂ ਸਮਰੱਥਾ ਭਰਪੂਰ ਵਿਦਿਆਰਥੀਆਂ ਨੂੰ ਵਿਦਿਆ ਮੁਹੱਈਆ ਕਰਨ ਤੋਂ ਵਾਂਝਾ ਹੋ ਗਿਆ ਹੈ। ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਨਵੇਂ ਕਿਸਮ ਦੇ ਛੋਟੇ ਵੱਡੇ ਵਿਦਿਅਕ ਵਪਾਰੀਆਂ/ਘਰਾਣਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਚੇਰੇ ਪ੍ਰੋਫੈਸ਼ਨਲ ਕੋਰਸਾਂ ਦੀ ਸਿੱਖਿਆ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਕੇਂਦਰੀ ਬੋਰਡਾਂ/ਏਜੰਸੀਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਰਾਜਾਂ ਦੇ ਵੱਖ ਵੱਖ ਬੋਰਡ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਗਭਗ ਮਰਨ ਕੰਢੇ ਪਹੁੰਚਾਈਆਂ ਜਾ ਰਹੀਆਂ ਹਨ ਜਿਸ ਨਾਲ ਦੇਸ਼ ਦੀ ਵਿਦਿਅਕ ਵੰਨ-ਸਵੰਨਤਾ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤੀ ਗਈ ਹੈ। ਰਾਜਾਂ ਦੇ ਪੱਧਰ ’ਤੇ ਵੱਖ ਵੱਖ ਵਿਸਿ਼ਆਂ ਦੀ ਪੜ੍ਹਾਈ ਤੋਂ ਲੈ ਕੇ ਪ੍ਰੋਫੈਸ਼ਨਲ ਕੋਰਸਾਂ ਤੱਕ ਦੀ ਵਿਦਿਆ ਖਾਤਮੇ ਵੱਲ ਤੋਰੀ ਜਾ ਰਹੀ ਹੈ। ਕੌਮੀ ਸਿੱਖਿਆ ਨੀਤੀ-2020 ਪੂਰੀ ਤਰ੍ਹਾਂ ਇਸ ਦਿਸ਼ਾ ਵੱਲ ਸੰਕੇਤ ਕਰਦੀ ਹੈ ਜਿਸ ਦੇ ਬਣਨ ਵੇਲੇ ਰਾਜ ਸਰਕਾਰਾਂ ਤੋਂ ਪੁੱਛਿਆ ਤੱਕ ਨਹੀਂ ਗਿਆ। ਤੱਤ ਰੂਪ ਵਿਚ ਦੇਸ਼ ਦੀ ਸਮੁੱਚੀ ਸਿੱਖਿਆ ਦਾ ਜਿਥੇ ਕੇਂਦਰੀਕਰਨ ਹੋ ਰਿਹਾ ਹੈ, ਉਥੇ ਉਸ ਦਾ ਵਪਾਰੀਕਰਨ ਸਪੱਸ਼ਟ ਰੂਪ ਵਿਚ ਦਿਖਾਈ ਦੇ ਰਿਹਾ ਹੈ।
ਦੁਨੀਆ ਭਰ ਵਿਚ ਭਾਰਤ ਕਿਸਾਨ ਆਤਮ-ਹੱਤਿਆਵਾਂ ਕਰ ਕੇ ਜਾਣਿਆ ਜਾਂਦਾ ਸੀ, ਹੁਣ ਇਹ ਵਿਦਿਆਰਥੀਆਂ ਦੀਆਂ ਆਤਮ-ਹੱਤਿਆਵਾਂ ਕਰ ਕੇ ਵੀ ਜਾਣਿਆ ਜਾਣ ਲੱਗਾ ਹੈ। ਭਾਰਤ ਸਰਕਾਰ ਦੀ ਹੀ ਏਜੰਸੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ ਹਰ 42 ਮਿੰਟਾਂ ਬਾਅਦ ਦੇਸ਼ ਵਿਚ ਇਕ ਵਿਦਿਆਰਥੀ ਆਤਮ-ਹੱਤਿਆ ਕਰਦਾ ਹੈ ਜਿਨ੍ਹਾਂ ਦੀ ਪ੍ਰਤੀ ਦਿਨ ਗਿਣਤੀ 34 ਤੋਂ ਵੱਧ ਹੁੰਦੀ ਹੈ। ਇਨ੍ਹਾਂ ਆਤਮ-ਹੱਤਿਆਵਾਂ ਦੇ ਮੁੱਖ ਕਾਰਨਾਂ ਵਿਚ ਪ੍ਰੀਖਿਆਵਾਂ ਦਾ ਦਬਾਅ, ਗੁੰਝਲਦਾਰ ਸਿਲੇਬਸ ਤੇ ਭਾਸ਼ਾ, ਮਾਨਸਿਕ ਅਸੰਤੁਲਨ ਤੇ ਇਕੱਲਤਾ, ਫੇਲ੍ਹ ਹੋਣ ਦਾ ਡਰ, ਆਰਥਿਕਤਾ ਕਰ ਕੇ ਲਗਾਤਾਰ ਤਣਾਅ ਆਦਿ ਸ਼ਾਮਿਲ ਹਨ। ਇਹ ਸਭ ਕੁਝ ਅਸਲ ਵਿਚ ਦੇਸ਼ ਦੇ ਜਰਜਰੇ ਅਤੇ ਭੈੜੇ ਹੋਏ ਸਿੱਖਿਆ ਪ੍ਰਬੰਧ ਦੇ ਨਾਲ ਨਾਲ ਬਿਮਾਰ ਸਮਾਜ ਦੀ ਵੀ ਨਿਸ਼ਾਨੀ ਹੈ। ਸਮਾਜ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦੇ ਸੁਪਨਿਆਂ ਤੇ ਸੰਭਾਵਨਾਵਾਂ ਨੂੰ ਸਿਰਫ਼ ਤੇ ਸਿਰਫ਼ ਇਕ ਖੋਲ੍ਹ ਤੇ ਬੰਦ ਦਰਵਾਜ਼ੇ ਵਾਲੀਆਂ ਕੋਚਿੰਗ ਫੈਕਟਰੀਆਂ ਤੱਕ ਸਮੇਟ ਦਿੱਤਾ ਹੈ। ਇਸ ਕਿਸਮ ਦੀ ਹਾਲਤ ਵਿਚ ਮਾਪੇ, ਵਿਦਿਅਕ ਨੀਤੀ ਘਾੜੇ, ਵਿਦਿਅਕ ਸੰਸਥਾਵਾਂ ਤੇ ਅਜੋਕੇ ਹੁਕਮਰਾਨ ਚੁੱਪ ਵੱਟੀ ਬੈਠੇ ਹਨ। ਇਹ ਸਾਰੇ ਹੋਣਹਾਰ ਵਿਦਿਆਰਥੀਆਂ ਦੀ ਤ੍ਰਾਸਦੀ ਬਾਰੇ ਚੁੱਪ ਰਹਿ ਕੇ ਸਹਿਮਤੀ ਹੀ ਦੇ ਰਹੇ ਹਨ। ਉਹ ਕਿਸੇ ਵੀ ਕਿਸਮ ਦੀ ਵਿਰੋਧ ਦੀ ਆਵਾਜ਼ ਨਹੀਂ ਉਠਾ ਰਹੇ ਅਤੇ ਸਰਕਾਰਾਂ ਨੂੰ ਹਰ ਇੱਕ ਲਈ ਵਧੀਆ, ਬਰਾਬਰ, ਮੁਫ਼ਤ ਅਤੇ ਲਾਜ਼ਮੀ ਸਿੱਖਿਆ ਮੁਹੱਈਆ ਕਰਨ ਲਈ ਮਜਬੂਰ ਨਹੀਂ ਕਰ ਰਹੇ। ਇਸ ਕਰ ਕੇ ਵਿਦਿਆ ਨੂੰ ਵਪਾਰ ਕੇ ਦੇ ਸਿ਼ਕੰਜੇ ਵਿਚੋਂ ਛੁਡਾਉਣ ਲਈ ਸਮਾਜ ਦੇ ਹਰ ਵਰਗ ਨੂੰ ਕਾਰਜਸ਼ੀਲ ਹੋਣਾ ਪਵੇਗਾ।
ਜਿਸ ਤਰ੍ਹਾਂ ਵੱਖ ਵੱਖ ਸਰਕਾਰਾਂ ਨੇ ਸਿੱਖਿਆ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ, ਇਸ ਨੂੰ ਵੇਚਣ ਤੇ ਖਰੀਦਣ ਵਾਲੀ ਵਸਤੂ ਬਣਾ ਦਿੱਤਾ ਹੈ, ਉਹ ਨਾ-ਬਰਾਬਰੀ ਵਾਲੇ ਸਮਾਜ ਨੂੰ ਤਾਂ ਜਨਮ ਦੇ ਹੀ ਰਹੀਆਂ ਹਨ ਬਲਕਿ ਸਮਾਜਿਕ ਤੌਰ ’ਤੇ ਵੱਖ ਵੱਖ ਪਾੜੇ ਵੀ ਪੈਦਾ ਕਰ ਰਹੀਆਂ ਹਨ। ਇਸ ਦੇ ਨਾਲ ਹੀ ਹਜ਼ਾਰਾਂ ਹੋਣਹਾਰ ਅਧਿਆਪਕ ਅਤੇ ਵਿਦਿਆਰਥੀ ਜਿਨ੍ਹਾਂ ਦੀ ਵਿਦਿਅਕ ਲਿਆਕਤ ਦੁਨੀਆ ਭਰ ਵਿਚ ਆਪਣੀ ਧਾਂਕ ਜਮਾਉਣ ਦੀ ਸਮਰੱਥਾ ਰੱਖਦੀ ਹੈ, ਇਸ ਦੇਸ਼ ਵਿਚੋਂ ਇਨ੍ਹਾਂ ਹਾਲਾਤ ਕਰ ਕੇ ਪਰਵਾਸ ਵੀ ਕਰ ਰਹੇ ਹਨ, ਡਾਕਟਰੀ ਅਤੇ ਇੰਜਨੀਅਰਿੰਗ ਦੀਆਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਦੀ ਮਾਰ ਸਹਿਣੀ ਪੈਂਦੀ ਹੈ। ਇਸ ਦੀ ਪੀੜਾ ਇਕ ਪਾਸੇ ਮਾਪੇ ਆਰਥਿਕ ਤੌਰ ’ਤੇ ਤਣਾਅਗ੍ਰਸਤ ਹੋਣ ਦੇ ਰੂਪ ਵਿਚ ਹੰਢਾਉਂਦੇ ਹਨ, ਦੂਜੇ ਪਾਸੇ ਇਹ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਵਿਚ ਭੜਕਣ ਵੀ ਲੱਗਦੇ ਹਨ। ਉਂਝ, ਇਹ ਵੱਖਰਾ ਵਿਸ਼ਾ ਹੈ ਪਰ ਜਿਸ ਪੱਧਰ ’ਤੇ ਕਰੋੜਾਂ ਰੁਪਏ ਖਰਚ ਕੇ ਵਿਦਿਆ ਹਾਸਲ ਕੀਤੀ ਜਾਂਦੀ ਹੈ, ਉਹ ਆਤਮ-ਹੱਤਿਆਵਾਂ ਵਰਗੀਆਂ ਗੈਰ-ਮਾਨਵੀ ਘਟਨਾਵਾਂ ਨੂੰ ਤਾਂ ਜਨਮ ਦਿੰਦੀ ਹੀ ਹੈ, ਵਿਦਿਆਰਥੀਆਂ ਨੂੰ ਮਾਨਸਿਕ ਤੌਰ ’ਤੇ ਅਸੰਤੁਲਤ ਵੀ ਬਣਾਉਂਦੀ ਹੈ ਜਿਹੜੇ ਘਟਨਾ-ਦਰ-ਘਟਨਾ ਆਪਣੇ ਆਪ ਨੂੰ ਸਮਾਜ ਵਿਚ ਕਿਸੇ ਵੀ ਕਿਸਮ ਨਾਲ ਕਾਰਜਸ਼ੀਲ ਨਹੀਂ ਸਮਝਦੇ। ਇਹ ਹਰ ਇੱਕ ਰਾਜ ਅਤੇ ਸ਼ਹਿਰ ਦੀ ਕਹਾਣੀ ਹੈ ਜਿਥੇ ਹਜ਼ਾਰਾਂ ਬੇਰੁਜ਼ਗਾਰ ਹੱਥਾਂ ਵਿਚ ਡਿਗਰੀਆਂ ਲੈ ਕੇ ਕੱਖੋਂ ਹੌਲੇ ਹੋਏ ਮਾਰੇ ਮਾਰੇ ਫਿਰਦੇ ਹਨ। ਇਨ੍ਹਾਂ ਤਿੰਨ ਵਿਦਿਆਰਥੀਆਂ ਨੇ ਤਾਂ ਅਜੇ ਮੁਕਾਬਲੇ ਦੀ ਪ੍ਰੀਖਿਆ ਰਾਹੀਂ ਡਾਕਟਰ ਅਤੇ ਇੰਜਨੀਅਰ ਬਣਨ ਵੱਲ ਵਧਣਾ ਹੀ ਸੀ ਪਰ ਉਹ ਇਸ ਦੁਨੀਆ ਤੋਂ ਪਹਿਲਾਂ ਹੀ ਵਿਦਾ ਹੋ ਗਏ, ਇਹ ਸਵਾਲ ਖੜ੍ਹਾ ਕਰ ਕੇ ਕਿ ਇਹ ਸਮਾਜ ਜਿਥੇ ਵਿਦਿਆ ਵਪਾਰ ਦੇ ਸਿ਼ਕੰਜੇ ਵਿਚ ਆ ਗਈ ਹੈ, ਅਸੀਂ ਉਸ ਅੱਗੇ ਹਾਰ ਗਏ ਹਾਂ।
ਸੰਪਰਕ : 98151-15429