ਸ਼ਹੀਦੀ ਹਫਤੇ ਦਾ ਅਨੋਖਾ, ਭਿਆਨਕ ਤੇ ਗੌਰਵਮਈ ਇਤਿਹਾਸ - ਬਘੇਲ ਸਿੰਘ ਧਾਲੀਵਾਲ

 ਸੱਚ ਅਤੇ ਝੂਠ,ਨੇਕੀ ਅਤੇ ਬਦੀ ਦੀ ਲੜਾਈ ਤਾਂ ਉਸ ਮੌਕੇ ਹੀ ਸ਼ੁਰੂ ਹੋ ਗਈ ਸੀ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਨੌ ਸਾਲ ਦੀ ਉਮਰ ਵਿੱਚ ਪੰਡਤ ਨੂੰ  “ਦਇਆ ਕਪਾਹੁ ਸੰਤੋਖ ਸੂਤ ਜਤੁ ਗੰਢੀ ਸਤੁ ਵਟੁ। ਏਹੁ ਜਨੇਊ ਜੀਅ ਕਾ ਹਈ ਤਾ ਪਾਡੇ ਘਤੁ” ਕਹਿ ਕੇ ਬ੍ਰਾਂਹਮਣਵਾਦੀ ਫੋਕਟ ਕਰਮਕਾਂਡਾਂ ਨੂੰ ਚੈਲੰਜ ਕੀਤਾ ਸੀ ਅਤੇ ਫਿਰ ਜਦੋਂ ਸਮੇ ਦੇ ਹਾਕਮ ਨੂੰ “ਪਾਪ ਕੀ ਜੰਝੁ ਲੈ ਕਾਬਲੋ ਧਾਇਆ” ਕਹਿ ਕੇ ਹਕੂਮਤੀ ਜਬਰ ਜੁਲਮ ਵਿਰੁਧ ਉੱਚੀ ਅਵਾਜ ਚ ਹੋਕਾ ਦਿੱਤਾ ਸੀ ।ਇਹ ਬਦੀ,ਨੇਕੀ ਨੂੰ ਖਤਮ ਕਰਨ ਲਈ ਹਮੇਸਾਂ ਸਮੇ ਦੇ ਨਾਲ ਨਾਲ ਹੀ ਚੱਲਦੀ ਰਹੀ, ਕਦੇ ਪਰਤੱਖ ਰੂਪ ਵਿੱਚ ਅਤੇ ਕਦੇ ਲੁਕਵੇਂ ਤੇ ਚਲਾਕੀਆਂ ਭਰੇ ਕਰੂਪ ਵਿੱਚ। ਬਦੀ ਨੇ ਕਦੇ ਨੇਕੀ ਨੂੰ ਤੱਤੀਆਂ ਤਬੀਆਂ ਤੇ ਬੈਠਾ ਕੇ ਉਪਰੋ ਤੱਤੀ ਰੇਤ ਸਿਰ ਵਿੱਚ ਪਾਈ ਤੇ ਕਦੇ ਉਬਲਦੀਆਂ ਦੇਗਾਂ ਚ ਉਬਾਲਿਆ,ਕਦੇ ਰੂੰਅ ਚ ਲਪੇਟ ਕੇ ਤੂੰਬਾ ਤੂੰਬਾ ਕੀਤਾ,ਕਦੇ ਆਰਿਆਂ ਨਾਲ ਚੀਰਿਆ,ਜੇਕਰ ਫਿਰ ਵੀ ਨੇਕੀ ਨੇ ਅਪਣਾ ਰਾਸਤਾ ਨਾ ਬਦਲਿਆ ਤਾਂ ਸਿਰ ਹੀ ਕਲਮ ਕਰ ਦਿੱਤਾ।ਸਾਦਿਦ 1699 ਦੀ ਇਤਿਹਾਸਿਕ ਕਰੰਤੀ ਵੀ ਬਦੀ ਦੇ ਦਿਨੋ ਦਿਨ ਵੱਧ ਰਹੇ ਜੁਲਮ ਦੀ ਪ੍ਰਤੀਕਿਰਿਆ ਵਜੋਂ ਹੀ ਹੋਈ ਹੋਵੇਗੀ,ਜਿਸ ਨੇ ਹਿੰਦੂ ਅਤੇ ਮੁਗਲ,ਦੋਨਾਂ ਨੂੰ ਹੀ ਪਰੇਸਾਨ ਨਹੀ ਕੀਤਾ ਹੋਵੇਗਾ,ਬਲਕਿ ਦੋਨਾਂ ਦੇ ਛੋਟੇ ਵੱਡੇ ਤਖਤਾਂ ਨੂੰ ਵਖਤ ਪਾ ਦਿੱਤੇ। ਨੀਚ ਲੋਕਾਂ ਨੂੰ ਸਿਰਦਾਰ ਬਣਿਆ ਦੇਖ ਸਕਣਾ ਨਾ ਹੀ ਪਹਾੜੀ ਹਿੰਦੂ ਰਾਜਿਆਂ ਨੂੰ ਬਰਦਾਸਿਤ ਹੋ ਸਕਦਾ ਸੀ ਅਤੇ ਨਾਂ ਹੀ ਵੱਡੀ ਤਾਕਤ ਰੱਖਣ ਵਾਲੇ ਮੁਗਲ ਹਾਕਮਾਂ ਨੂੰ,ਜਿਹੜੇ ਇਸਲਾਮ ਧਰਮ ਕਬੂਲ,ਕਰਵਾਉਣ ਲਈ ਵੀ ਉੱਚ ਜਾਤੀਏ ਹਿੰਦੂਆਂ ਭਾਵ ਪੰਡਤਾਂ ਨੂੰ ਨਿਸਾਨਾ ਬਣਾ ਰਹੇ ਸਨ।ਇਸ ਲਈ ਅਪਣੇ ਤਖਤਾਂ ਨੂੰ ਗੁਰੂ ਅਤੇ ਗੁਰੂ ਦੇ ਸਿੰਘਾਂ ਤੋ ਖਤਰਾ ਭਾਂਪਦਿਆਂ ਹੀ ਮੁਗਲ ਅਤੇ ਪਹਾੜੀ ਹਿੰਦੂ ਰਾਜਿਆਂ ਨੇ ਸਾਂਝੀ ਰਣਨੀਤੀ ਨਾਲ ਲੋਕਤੰਤਰ ਦੇ ਸੰਸਥਾਪਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਚੋ ਕੱਢਣ ਲਈ ਪਹਿਲਾਂ ਘੇਰਾਬੰਦੀ ਕੀਤੀ ਅਤੇ ਫਿਰ ਝੂਠੀਆਂ ਕਸਮਾਂ ਦਾ ਸਹਾਰਾ ਲੈ ਕੇ ਕਿਲਾ ਛੱਡਣ ਲਈ ਮਜਬੂਰ ਕੀਤਾ। ਅਖੀਰ 20 ਦਸੰਬਰ (6 ਪੋਹ) ਦਾ ਉਹ ਸੁਰਖ ਸਵੇਰਾ ਆਇਆ ਜਦੋ ਗੁਰੂ ਸਾਹਿਬ ਅਪਣੇ ਸਿੰਘਾਂ ਦੇ ਕਹਿਣ ਤੇ ਅਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਕਿਲਾ ਖਾਲੀ ਕਰ ਕੇ ਬਿਖੜੇ ਪੈਡਿਆ ਤੇ ਨਿਕਲ ਤੁਰੇ ਸਨ।ਸ਼ਾਹੀ ਫੌਜਾਂ ਵੱਲੋਂ ਕਸਮਾਂ ਤੋੜ ਕੇ ਗੁਰੂ ਸਾਹਿਬ ਦਾ ਪਿਛਾ ਕਰਕੇ ਸਰਸਾ ਨਦੀ ਪਾਰ ਕਰਨ ਸਮੇ ਕੀਤੇ ਹਮਲੇ ਵਿੱਚ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿਛ ਵੰਡਿਆ ਗਿਆ,ਓਥੇ ਗੁਰੂ ਕੇ ਬਹੁਤ ਸਾਰੇ ਸਿੱਖ ਜਾਂ ਤਾਂ ਲੜਾਈ ਵਿੱਚ ਸ਼ਹੀਦੀਆਂ ਪਾ ਗਏ ਜਾਂ ਸਰਸਾ ਦੇ ਤੇਜ ਵਹਾਉ ਵਿੱਚ ਹੜ ਗਏ।ਇਸ ਅਸਥਾਨ ਤੋ 21 ਦਸੰਬਰ (7 ਪੋਹ) ਵਾਲੇ ਦਿਨ ਮਾਤਾ ਗੁਜਰੀ ਜੀ ਛੋਟੇ ਸਾਹਿਬਜਾਦਿਆਂ ਨੂੰ ਲੈ ਕੇ ਗੰਗੂ ਰਸੋਈਏ ਨਾਲ ਉਹਦੇ ਪਿੰਡ ਖੇੜੀ ਚਲੇ ਗਏ,ਗੁਰੂ ਸਾਹਿਬ ਦੇ ਮਹਿਲ ਦਿੱਲੀ ਵੱਲ ਅਤੇ ਗੁਰੂ ਸਾਹਿਬ ਸਰਸਾ ਨਦੀ ਤੇ ਹੋਏ ਯੁੱਧ ਦੌਰਾਨ ਜਖਮੀ ਹੋਏ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ (ਰੋਪੜ) ਨਿਹੰਗ ਖਾਂ ਕੋਲ ਇਲਾਜ ਲਈ ਛੱਡ ਕੇ ਅਗਲੇ ਦਿਨ ਭਾਵ 21 ਦਸੰਬਰ( 7 ਪੋਹ) ਨੂੰ ਆਪ ਵੱਡੇ ਸਾਹਬਜ਼ਾਦਿਆਂ,ਪੰਜ ਪਿਆਰਿਆਂ ਅਤੇ ਭਾਈ ਜੀਵਨ ਸਿੰਘ (ਭਾਈ ਜੈਤਾ) ਤੇ ਉਹਨਾਂ ਦੇ ਦੋ ਪੁੱਤਰਾਂ ਸਮੇਤ ਕੋਈ 40,42 ਸਿੰਘਾਂ ਦੇ ਨਿੱਕੇ ਜਿਹੇ ਜਥੇ ਨਾਲ ਚਮਕੌਰ ਵੱਲ ਚਲੇ ਗਏ ਜਿੱਥੇ ਜਾ ਕੇ ਉਹਨਾਂ ਚਮਕੌਰ ਦੀ ਕੱਚੀ ਗੜੀ ਨੂੰ ਭਾਗ ਲਾਏ।ਸ਼ਾਹੀ ਫੌਜਾਂ ਨੇ ਅਜੇ ਵੀ ਗੁਰੂ ਸਾਹਿਬ ਦਾ ਖਹਿੜਾ ਨਹੀ ਸੀ ਛੱਡਿਆ,ਉਹ ਪਿੱਛਾ ਕਰਦੇ ਚਮਕੌਰ ਦੀ ਗੜੀ ਤੱਕ ਵੀ ਪੁੱਜ ਗਏ,ਫਿਰ ਇੱਥੇ ਹੀ ਦੁਨੀਆਂ ਦੀ ਉਹ ਵੱਡੀ ਤੇ ਅਸਾਵੀਂ ਜੰਗ ਹੋਈ,ਜਿਸ ਵਿੱਚ ਚਾਲੀ ਕੁ ਸਿਰਲੱਥ ਸਿੰਘ ਮੁਗਲ ਅਤੇ ਹਿੰਦੂ ਰਾਜਿਆਂ ਦੀਆਂ ਦਸ ਲੱਖ ਫੌਜਾਂ ਨਾਲ ਲੜ ਕੇ ਵੀ ਇਤਿਹਾਸ ਵਿੱਚ ਜਿੱਤ ਅਪਣੇ ਨਾਮ ਦਰਜ ਕਰਵਾੁੳਣ ਵਿੱਚ ਸਫਲ ਹੋਏ ਸਨ।22 ਦਸੰਬਰ (8 ਪੋਹ)ਦਾ ਦਿਨ ਸਿੱਖ ਇਤਿਹਾਸ ਵਿੱਚ ਉਹ ਗਮਗੀਨ ਦਿਨ  ਵਜੋਂ ਦਰਜ ਹੈ, ਜਿਸ ਦਿਨ ਗੁਰੂ ਸਾਹਿਬ ਦੇ ਵੱਡੇ ਦੋਨੋ ਸਾਹਿਬਜ਼ਾਦੇ ਡੇਢ ਕੁ ਦਰਜਨ ਸਿੰਘਾਂ ਸਮੇਤ ਲੜਦਿਆਂ ਸ਼ਹੀਦ ਹੋਏ ਸਨ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਸਮੇਤ ਮੋਰਿੰਡੇ ਦੇ ਚੌਧਰੀ ਗਨੀ ਖਾਂ ਤੇ ਮਨੀ ਖਾਂ ਪਾਸ ਗੰਗੂ ਨੇ ਖੁਦ ਮੁਖਬਰੀ ਕਰਕੇ ਅਪਣੇ ਘਰੋਂ ਗਿਰਫਤਾਰ ਕਰਵਾ ਕੇ ਅਪਣੀਆਂ ਕੁਲਾਂ ਕਲੰਕਤ ਕੀਤੀਆਂ ਸਨ,,ਪਰ ਗੰਗੂ ਲਾਲਚੀ ਕੀ ਜਾਣੇ ਕਿ ਜਿਹੜੀ ਬੁੱਢੀ ਮਾਈ ਅਤੇ ਨਿੱਕੇ ਨਿੱਕੇ ਬੱਚੇ ਉਹਨੇ ਇਨਾਮ ਅਤੇ ਸਰਕਾਰ ਦੀ ਸ਼ਾਬਾਸੀ ਲੈਣ ਲਈ ਗਿਰਫਤਾਰ ਕਰਵਾਏ ਹਨ,ਉਹ ਤਾਂ ਇੱਕ ਅਲੋਕਿਕ ਇਤਿਹਾਸ ਰਚਣ ਲਈ ਸ਼ਹਾਦਤਾਂ ਦੇ ਕਰੀਬ ਜਾ ਰਹੇ ਹਨ,ਜਿੰਨਾਂ ਦੇ ਸਿਰਜੇ ਇਿਤਹਾਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ।।ਇਸ ਗਮਗੀਨ ਦਿਨ ਦੇ ਗੁਜ਼ਰਨ ਤੋ ਬਾਅਦ 22 ਦਸੰਬਰ ਦੀ ਰਾਤ ਨੂੰ ਹੀ ਗੁਰੂ ਸਾਹਿਬ ਨੂੰ ਗੜੀ ਵਿੱਚ ਬਾਕੀ ਬਚਦੇ ਸਿੰਘਾਂ ਨੇ ਬੇਨਤੀ ਕੀਤੀ ਕਿ ਤੁਸੀ ਗੜੀ ਚੋ ਨਿਕਲ ਜਾਓ,ਪਰ ਗੁਰੂ ਸਾਹਿਬ ਵੱਲੋਂ ਕੋਰਾ ਜਵਾਬ ਦੇਣ ਤੋ ਬਾਅਦ ਪੰਜ ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਨੂੰ ਇਹ ਹੁਕਮ ਸੁਣਾਇਆ ਕਿ ਉਹ ਹੁਣੇ ਕੱਚੀ ਗੜੀ ਚੋ ਨਿਕਲ ਜਾਣ ਤੇ ਜਾਕੇ ਮੁੱੜ ਤੋਂ ਕੌਂਮ ਨੂੰ ਜਥੇਬੰਦ ਕਰਨ,ਸੋ ਪੰਜ ਪਿਆਰਿਆਂ ਦੇ ਹੁਕਮਾਂ ਅੱਗੇ ਸਿਰ ਝੁਕਾਉਦਿਆਂ ਪੰਚ ਪ੍ਰਧਾਨੀ ਪ੍ਰਥਾ ਦੇ ਬਾਨੀ ਨੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਅਪਣੇ ਦੋ ਜਿਗਰ ਦੇ ਟੋਟਿਆਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਮੂੰਹ ਤੱਕੇ ਬਗੈਰ ਕੱਚੀ ਗੜੀ ਚੋ ਨਿਕਲ ਜਾਣਾ ਪਰਵਾਨ ਕਰ ਲਿਆ।,ਬਾਜਾਂ ਵਾਲੇ ਗੁਰੂ ਨੇ ਦੁਸ਼ਮਣ ਫੌਜਾਂ ਨੂੰ ਲਲਕਾਰ ਕੇ ਜੈਕਾਰੇ ਗੁੰਜਾਉਂਦਿਆਂ ਅਣਦਿਸਦੇ ਅਤਿ ਬਿਖੜੇ ਪੈਡਿਆਂ ਨੂੰ ਸਰ ਕਰਨ ਦੇ ਦ੍ਰਿੜ ਇਰਾਦੇ ਨਾਲ ਚਾਲੇ ਪਾ ਦਿੱਤੇ,ਜਿੰਨਾਂ ਨੂੰ ਸਰ ਕਰਕੇ ਖਾਲਸੇ ਦੇ ਇਸ ਬੇਹੱਦ ਹੀ ਅਨੋਖੇ,ਨਿਆਰੇ ਸੰਤ ਸਿਪਾਹੀ ਪਿਤਾ ਨੇ ਅਪਣੇ ਰਹਿੰਦੇ ਕੌਮੀ ਫਰਜ ਅਦਾ ਕਰਨੇ ਸਨ।ਉਧਰ ਮਾਤਾ ਗੁਜਰੀ ਜੀ ਨੂੰ ਵੀ ਬੱਚਿਆਂ ਸਮੇਤ 23 ਦਸੰਬਰ (9 ਪੋਹ) ਨੂੰ ਮੋਰਿੰਡੇ ਤੋ ਸਰਹਿੰਦ ਲੈ ਜਾ ਕੇ ਤਸੀਹੇ ਦੇਣ ਖਾਤਰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ,ਜਿੱਥੇ ਉਹ ਵੱਡੇ ਹਿਰਦੇ ਵਾਲੀ ਦਾਦੀ ਅਪਣੇ ਛੋਟੇ ਪੋਤਿਆਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੂੰ ਠੰਡੇ ਬੁਰਜ ਦੀ ਕੈਦ ਵਿੱਚ ਕਾਲਜੇ ਨਾਲ ਲਾ ਕੇ ਅੰਤਾਂ ਦੀ ਪੈਂਦੀ ਠੰਡ ਤੋ ਬਚਾਉਣ ਦਾ ਯਤਨ ਕਰਦੀ ਹੈ ਤੇ ਉਹਨਾਂ ਨੂੰ ਅਪਣੇ ਧਰਮ ਚ ਪਰਪੱਕਤਾ ਦਾ ਪਾਠ ਪੜਾਉਂਦੀ ਹੋਈ ਅਪਣੇ ਦਾਦੇ ਦੀ ਕੁਰਬਾਨੀ ਨੂੰ ਚੇਤੇ ਰੱਖਣ ਦੀ ਨਸੀਹਤ ਵੀ ਦਿੰਦੀ ਹੈ,ਤਾਂ ਕਿ ਅਗਲੇ ਦਿਨ ਬਜੀਰ ਖਾਨ ਦੀ ਕਚਿਹਰੀ ਵਿੱਚ ਜਾ ਕੇ ਸਿਦਕ ਤੇ ਖਰੇ ਉਤਰ ਸਕਣ।ਸਰਹਿੰਦ ਦੇ ਸੂਬੇਦਾਰ ਬਜੀਰ ਖਾਨ ਵੱਲੋਂ ਗੁਰੂ ਕੇ ਲਾਲਾਂ ਨੂੰ ਦੋ ਦਿਨ ਲਗਾਤਾਰ 24  ਤੇ 25 ਦਸੰਬਰ (10,11 ਪੋਹ) ਨੂੰ ਧਰਮ ਬਦਲੀ ਕਰਨ ਲਈ ਡਰਾਇਆ ਧਮਕਾਇਆ ਤੇ ਲਲਚਾਇਆ ਜਾਂਦਾ ਰਿਹਾ,ਪਰੰਤੂ ਜਿੰਨਾਂ ਬੱਚਿਆਂ ਨੂੰ ਹੱਕ ਸੱਚ ਅਤੇ ਧਰਮ ਦੀ ਰਾਖੀ ਲਈ ਸ਼ਹਾਦਤਾਂ ਦਾ ਪਾਠ ਜਨਮ ਸਮੇ ਤੋ ਪੜਾਇਆ ਜਾਂਦਾ ਰਿਹਾ ਹੋਵੇ,ਉਹਨਾਂ ਦੇ ਹੌਸਲੇ ਅਪਣੇ ਧਾਰਮਿਕ ਅਸੂਲਾਂ ਤੋ ਡਿੱਗਿਆ ਹੋਇਆ ਬਜੀਰ ਖਾਨ ਵਰਗਾ ਈਰਖਾਲੂ ਹਾਕਮ ਕਿਵੇਂ ਪਸਤ ਕਰ ਸਕਦਾ ਹੈ।ਸੋ ਅਖੀਰ 26 ਦਸੰਬਰ(12 ਪੋਹ) ਨੂੰ ਸਾਹਿਬਜਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਧਰਮ ਤੇ ਕਾਇਮ ਰਹਿੰਦੇ ਹੋਏ ਨੀਹਾਂ ਚ ਚਿਣੇ ਜਾਣਾ ਸਵੀਕਾਰ ਕਰ ਕੇ ਸਿੱਖੀ ਦੀਆਂ ਨੀਹਾਂ ਨੂੰ ਬੇਹੱਦ ਮਜਬੂਤ ਕਰ ਗਏ ਅਤੇ ਓਧਰ ਮਾਤਾ ਗੁਜਰੀ ਜੀ ਬੱਚਿਆਂ ਵੱਲੋਂ ਧਰਮ ਨਿਭਾ ਜਾਣ ਤੇ ਸੁਰਖਰੂ ਹੋ ਕੇ ਦੁਨੀਆਂ ਤੋ ਰੁਖਸ਼ਤ ਹੋ ਗਏ।

ਬਘੇਲ ਸਿੰਘ ਧਾਲੀਵਾਲ
99142-58142