ਬਰਗਾੜੀ ਮੋਰਚਾ ਅਤੇ ਤੀਜੀ ਧਿਰ ਦੀ ਸਿਆਸਤ - ਜਗਤਾਰ ਸਿੰਘ

ਪਿਛਲੇ ਐਤਵਾਰ ਬਰਗਾੜੀ ਵਿਚਲਾ ਵਰਤਾਰਾ ਪੰਜਾਬ ਦੇ ਧਾਰਮਿਕ-ਸਿਆਸੀ ਖੇਤਰ ਵਿਚ ਪਹਿਲੀ ਵਾਰ ਨਹੀਂ ਵਾਪਰਿਆ,  ਕਈ ਵਾਰੀ ਤਾਂ ਇਸ ਤੋਂ ਵੀ ਜ਼ੋਰਦਾਰ ਢੰਗ ਨਾਲ। ਇਹ ਵਰਤਾਰਾ ਪੰਜਾਬ ਦੇ ਲੋਕਾਂ ਵੱਲੋਂ ਸੂਬੇ ਵਿਚ ਵਿਚ ਤੀਜੀ ਸਿਆਸੀ ਧਿਰ ਦੇ ਉਭਾਰ ਦੀ ਇੱਛਾ ਦਾ ਕੀਤਾ ਗਿਆ ਪ੍ਰਗਟਾਵਾ ਹੈ। ਪੰਜਾਬ ਦੀ ਦੋ ਧਿਰੀ ਸਿਆਸਤ ਵਿਚ ਤੀਜੀ ਧਿਰ ਉਭਾਰਨ ਦੀ ਇੱਛਾ ਦਾ ਪ੍ਰਗਟਾਵਾ ਪਹਿਲਾਂ 10 ਨਵੰਬਰ 2015 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਚੱਬਾ ਪਿੰਡ ਵਿਚ ਹੋਏ ਸਰਬੱਤ ਖਾਲਸਾ ਸਮੇਂ ਸਾਹਮਣੇ ਆਇਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਕਤਸਰ ਵਿਚ ਮਾਘੀ ਮੇਲੇ ਉਤੇ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਲੋਕਾਂ ਦਾ ਇਕੱਠ ਵੀ ਤਕਰੀਬਨ ਅਜਿਹਾ ਵਰਤਾਰਾ ਸੀ। ਇਨ੍ਹਾਂ ਦੋਹਾਂ ਵਰਤਾਰਿਆਂ ਤੋਂ ਬਾਅਦ ਲੋਕ ਨਿਰਾਸ਼ ਹੋਏ, ਉਨ੍ਹਾਂ ਨੂੰ ਲੱਗਿਆ ਕਿ ਚੱਬਾ ਸਰਬੱਤ ਖਾਲਸਾ ਦੇ ਆਗੂ ਸੂਬੇ ਦੀ ਸਿਆਸਤ ਨੂੰ ਕੋਈ ਨਵਾਂ ਮੋੜ ਦੇਣ ਵਿਚ ਬੁਰੀ ਤਰਾਂ ਫੇਲ੍ਹ ਸਾਬਤ ਹੋਏ। ਆਮ ਆਦਮੀ ਪਾਰਟੀ ਵੀ ਆਪਣੀਆਂ ਕਮਜ਼ੋਰੀਆਂ ਅਤੇ ਅੰਦਰੂਨੀ ਵਿਰੋਧਾਂ ਕਰਕੇ ਆਪਣੇ ਵਾਅਦਿਆਂ ਉੱਤੇ ਖ਼ਰੀ ਨਹੀਂ ਉੱਤਰ ਸਕੀ। ਇਸ ਪਾਰਟੀ ਦੇ ਆਗੂਆਂ ਨੂੰ ਤਾਂ ਹੁਣ ਆਪਣੀ ਸਿਆਸੀ ਹੋਂਦ ਪ੍ਰਗਟਾਉਣ ਦੇ ਹੀ ਲਾਲੇ ਪਏ ਹੋਏ ਹਨ।
       ਬਰਗਾੜੀ ਵਿਚ ਇਕੱਠ ਦਾ ਸੱਦਾ ਬਰਗਾੜੀ ਇਨਸਾਫ ਮੋਰਚੇ ਵੱਲੋਂ ਦਿੱਤਾ ਗਿਆ ਸੀ। ਬਰਗਾੜੀ ਵਿਚ ਪਹਿਲੀ ਜੂਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਦਾ ਸਮਰਥਨ ਹਾਸਲ ਹੈ। ਹੁਣ ਇਹ ਮੋਰਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਤੱਕ ਹੀ ਮਹਿਦੂਦ ਨਹੀਂ, ਬਲਕਿ ਉਸ ਤੋਂ ਬਾਅਦ ਪੁਲੀਸ ਵੱਲੋਂ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਲੋਕਾਂ ਉੱਤੇ ਗੋਲੀ ਚਲਾਉਣ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਉਸ ਸਮੇਂ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਨਿੱਜੀ ਤੇ ਸਿਆਸੀ ਗਰਜ਼ਾਂ ਲਈ ਸਮਝੌਤਾ ਕਰਨ ਖ਼ਿਲਾਫ਼ ਵੀ ਹੈ। ਇਸ ਦੇ ਨਾਲ ਹੀ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ ਮਸਲੇ ਨੂੰ ਜੋੜਿਆ ਗਿਆ ਹੈ। ਉਂਜ, ਬਰਗਾੜੀ ਮੋਰਚੇ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਰਮਿਆਨ ਕਈ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਅਜੇ ਕਿਸੇ ਸਿਰੇ ਨਹੀਂ ਲੱਗ ਰਹੀ। ਸਮਝਿਆ ਇਹ ਜਾ ਰਿਹਾ ਹੈ ਕਿ ਮੋਰਚਾ ਚਲਾ ਰਹੀਆਂ ਧਿਰਾਂ ਵਿਚ ਇੱਕਜੁਟਤਾ ਦੀ ਘਾਟ ਕਾਰਨ ਹਰ ਵਾਰ ਸਿਰੇ ਲੱਗੀ ਗੱਲ ਨੂੰ ਕੋਈ ਇੱਕ ਧਿਰ ਤਾਰਪੀਡੋ ਕਰ ਦਿੰਦੀ ਹੈ।
      ਬਰਗਾੜੀ ਮੋਰਚਾ ਵੱਲੋਂ ਕੋਟਕਪੂਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕਰਨ ਦੇ ਦਿੱਤੇ ਸੱਦੇ ਨੂੰ ਹੁੰਗਾਰਾ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਅਤੇ ਫਿਰ ਭਗਵੰਤ ਮਾਨ ਧੜੇ ਦਾ ਮਿਲਿਆ। ਦੋਵੇਂ ਧੜੇ ਮੂਜਦਾ ਸਿਆਸੀ ਹਾਲਾਤ ਦਾ ਲਾਹਾ ਖੱਟਣ ਦੇ ਯਤਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਪ ਦੇ ਬਾਗੀ ਧੜੇ ਦੀਆਂ ਤੰਦਾਂ ਬਾਹਰਲੇ ਮੁਲਕਾਂ ਦੇ ਸਿੱਖਾਂ ਨਾਲ ਵੀ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਸਿੱਖਾਂ ਦਾ ਇੱਕ ਹਿੱਸਾ ਮੋਰਚੇ ਦੀ ਮਦਦ ਵੀ ਕਰ ਰਿਹਾ ਹੈ। ਕੋਟਕਪੂਰਾ ਅਤੇ ਬਰਗਾੜੀ ਵਿਚ ਹੋਏ ਵਿਸ਼ਾਲ ਇਕੱਠ ਨੇ ਆਪ ਦੇ ਬਾਗੀ ਧੜੇ ਨੂੰ ਵਕਤੀ ਸ਼ਕਤੀ ਦਿੱਤੀ ਹੈ।
      ਪੰਜਾਬ ਦਾ ਸਿਆਸੀ ਵਰਤਾਰਾ ਭਾਰਤ ਦੇ ਹੋਰ ਸੂਬਿਆਂ ਤੋਂ ਬਿਲਕੁਲ ਹੀ ਵੱਖਰਾ ਹੈ, ਕਿਉਂਕਿ ਵੋਟਾਂ ਅਤੇ ਚੋਣਾਂ ਦਾ ਅਮਲ ਧਾਰਮਿਕ-ਸਿਆਸੀ ਵਰਤਾਰੇ ਤੋਂ ਵੱਖਰਾ ਹੈ। ਇਹ ਧਾਰਮਿਕ-ਸਿਆਸੀ ਵਰਤਾਰਾ ਚੋਣ ਅਮਲ ਨੂੰ ਪ੍ਰਭਾਵਿਤ ਜ਼ਰੂਰ ਕਰਦਾ ਹੈ। ਬਰਗਾੜੀ ਵਾਲਾ ਇਕੱਠ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਸਿੱਖਾਂ ਦੇ ਮਨਾਂ ਵਿਚ 10 ਸਾਲਾਂ ਤੋਂ ਉਬਲ ਰਹੇ ਗੁੱਸੇ ਅਤੇ ਰੋਹ ਦਾ ਪ੍ਰਗਟਾਵਾ ਹੈ। ਇਹ ਰੋਹ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਹੋਏ ਗੋਲੀ ਕਾਂਡਾਂ ਨਾਲ ਆਪਣੀ ਚਰਮ ਸੀਮਾ ਉੱਤੇ ਪਹੁੰਚ ਗਿਆ। ਅੱਜ ਦੇ ਹਾਲਾਤ ਦਾ ਕੇਂਦਰ ਬਿੰਦੂ ਬੀੜ ਦੀ ਚੋਰੀ, ਬੇਅਦਬੀ ਅਤੇ ਪੁਲੀਸ ਗੋਲੀ ਨਾਲ ਮਾਰੇ ਗਏ ਨੌਜਵਾਨਾਂ ਦੀਆਂ ਘਟਨਾਵਾਂ ਹਨ ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਆਪਣੇ ਭਾਸ਼ਨਾਂ ਅਤੇ ਬਿਆਨਾਂ ਵਿਚ ਨਜ਼ਰਅੰਦਾਜ਼ ਕਰਦੇ ਰਹੇ ਹਨ। ਇਹ ਕਹਿ ਕੇ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤਾਂ ਹੁਣ ਵੀ ਹੋ ਰਹੀਆਂ ਹਨ, ਉਹ ਆਪਣੀ ਅਸਫਲਤਾ ਨੂੰ ਸਹੀ ਨਹੀਂ ਠਹਿਰਾ ਸਕਦੇ। ਪੂਰੇ ਸਿੱਖ ਇਤਿਹਾਸ ਅੰਦਰ ਬੀੜ ਚੋਰੀ ਹੋਣ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਮੁਗਲਾਂ ਦੇ ਉਸ ਕਾਲੇ ਦੌਰ ਵਿਚ ਵੀ ਨਹੀਂ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ।
         ਹੁਣ ਸਵਾਲ ਇਹ ਹੈ ਕਿ ਬਰਗਾੜੀ ਦੇ ਇਸ ਇਕੱਠ ਤੋਂ ਬਾਅਦ ਪੰਜਾਬ ਦੀ ਚੋਣ ਸਿਆਸਤ ਅਤੇ ਪੰਥਕ ਸਿਆਸਤ ਕੀ ਦਿਸ਼ਾ ਲੈਣਗੀਆਂ। ਬਰਗਾੜੀ ਮੋਰਚੇ ਦੀ ਸਟੇਜ ਤੋਂ ਜਥੇਦਾਰ ਧਿਆਨ ਸਿੰਘ ਮੰਡ ਨੇ ਕੁੱਝ ਇਸ਼ਾਰੇ ਮਾਤਰ ਗੱਲਾਂ ਕੀਤੀਆਂ ਹਨ। ਉਸ ਨੇ ਕਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਬੱਸ ਉਮੀਦਵਾਰ ਖੜ੍ਹੇ ਕਰ ਦਿਓ, ਲੋਕ ਆਪੇ ਜਿਤਾ ਦੇਣਗੇ। ਇਹ ਕਹਿਣ ਤੋਂ ਪਹਿਲਾਂ ਉਸ ਨੇ ਸਟੇਜ ਉੱਤੇ ਆਪਣੇ ਨਾਲ ਜਿਹੜੇ ਲੀਡਰ ਖੜ੍ਹੇ ਕੀਤੇ, ਉਨ੍ਹਾਂ ਵਿਚ ਭਾਈ ਮੋਹਕਮ ਸਿੰਘ, 'ਆਪ' ਦਾ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦਾ ਆਗੂ ਸਿਮਰਜੀਤ ਸਿੰਘ ਬੈਂਸ ਸ਼ਾਮਲ ਸਨ। ਪਰ ਨਾ ਤਾਂ 'ਆਪ' ਦੇ ਬਾਗੀ ਧੜੇ ਅਤੇ ਨਾ ਹੀ ਲੋਕ ਇਨਸਾਫ ਪਾਰਟੀ ਦਾ ਖੇਤਰ ਪੰਥਕ ਸਿਆਸਤ ਹੈ। ਮੋਹਕਮ ਸਿੰਘ ਉਨ੍ਹਾਂ ਮੁੱਖ ਖਾੜਕੂ ਆਗੂਆਂ ਵਿਚੋਂ ਹੈ ਜਿਨ੍ਹਾਂ ਨੇ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖਾਲਸਾ ਕਰਕੇ 5 ਮੈਂਬਰੀ ਪੰਥਕ ਕਮੇਟੀ ਬਣਾਈ ਸੀ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਭੰਗ ਕਰ ਦਿੱਤਾ ਸੀ। ਗਰਮ ਖਿਆਲ ਆਗੂ ਸਿਮਰਨਜੀਤ ਸਿੰਘ ਮਾਨ ਸਮੇਤ ਇਹ ਸਾਰੇ ਕਿਸੇ ਵੇਲੇ ਖਾੜਕੂ ਸਿਆਸਤ ਕਰਦੇ ਰਹੇ ਆਗੂ ਹੁਣ ਜਮਹੂਰੀ ਰਾਜਸੀ ਢਾਂਚੇ ਵਿਚ ਆਪਣੀ ਜਗ੍ਹਾ ਬਣਾਉਣ ਲਈ ਯਤਨਸ਼ੀਲ ਹਨ।
        ਅਜੋਕੇ ਸਿਆਸੀ ਹਾਲਾਤ ਵਿਚ ਮੁੱਖ ਮੁੱਦਾ ਭਰੋਸੇਯੋਗ ਅਤੇ ਪਾਏਦਾਰ ਲੀਡਰਸ਼ਿਪ ਉਭਰਨ ਦਾ ਹੈ। ਬਿਨਾਂ ਸ਼ੱਕ ਬਰਗਾੜੀ ਦਾ ਇਕੱਠ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਤਾਂ ਸੀ ਪਰ ਹੁਣ ਵੇਖਣਾ ਇਹ ਹੈ ਕਿ ਇਸ ਪ੍ਰਗਟਾਵੇ ਨੂੰ ਸਿਆਸੀ ਢਾਂਚੇ ਵਿਚ ਕਿਵੇਂ ਤਬਦੀਲ ਕੀਤਾ ਜਾਂਦਾ ਹੈ। ਹੁਣ 7 ਅਕਤੂਬਰ ਤੋਂ ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਬਿਗਲ ਵੀ ਵੱਜ ਚੁੱਕਿਆ ਹੈ। ਪੰਥਕ ਮੋਰਚੇ ਵਿਚ ਸ਼ਾਮਲ ਧਿਰਾਂ ਜੇ ਚਾਹੁੰਦੀਆਂ ਹਨ ਕਿ ਲੋਕਾਂ ਦੇ ਉਭਾਰ ਨੂੰ ਤੀਜੇ ਸਿਆਸੀ ਬਦਲ ਵਿਚ ਤਬਦੀਲ ਕਰਨਾ ਹੈ, ਉਨ੍ਹਾਂ ਨੂੰ ਸਿਆਸੀ ਮੰਚ ਕਾਇਮ ਕਰਨਾ ਜ਼ਰੂਰੀ ਹੈ। ਇਹ ਮੰਚ ਬਣਾਉਣ ਲਈ ਪਹਿਲੀ ਸ਼ਰਤ ਭਰੋਸੇਯੋਗ ਲੀਡਰਸ਼ਿਪ ਹੈ ਜਿਸ ਦੀ ਇਨ੍ਹਾਂ ਧਿਰਾਂ ਕੋਲ ਘਾਟ ਹੈ। ਫ਼ਿਲਹਾਲ ਇਨ੍ਹਾਂ ਪੰਥਕ ਧਿਰਾਂ ਦਾ ਮੁੱਖ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਅਕਾਲੀ ਦਲ ਦਾ ਕਬਜ਼ਾ ਖ਼ਤਮ ਕਰਨਾ ਹੈ। ਕਮੇਟੀ ਦੇ ਜਨਰਲ ਹਾਊਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਅਤੇ ਆਮ ਚੋਣਾਂ ਕਿਸੇ ਵੇਲੇ ਵੀ ਕਰਵਾਈਆਂ ਜਾ ਸਕਦੀਆਂ ਹਨ। ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਹੋ ਚੁੱਕੀ ਹੈ, ਹੁਣ ਸਿਰਫ਼ ਵੋਟਰ ਸੂਚੀਆਂ ਦੀ ਸੁਧਾਈ ਹੀ ਹੋਣੀ ਹੈ। ਇਹ ਚੋਣਾਂ ਕੇਂਦਰੀ ਗ੍ਰਹਿ ਵਿਭਾਗ ਕਰਵਾਉਂਦਾ ਹੈ। ਜੇ ਇਨ੍ਹਾਂ ਧਿਰਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨੀਆਂ ਹਨ ਤਾਂ ਤਿਆਰੀ ਹੁਣ ਤੋਂ ਹੀ ਕਰਨੀ ਪਵੇਗੀ ਅਤੇ ਆਪਣੀ ਗਰਮ ਮਿਜ਼ਾਜ ਵਾਲੀ ਸਿਆਸਤ ਵਿਚ ਬਦਲਾਓ ਲਿਆਉਣਾ ਪਵੇਗਾ। ਇਸ ਲਈ ਬਰਗਾੜੀ ਇਨਸਾਫ ਮੋਰਚੇ ਨੂੰ ਸਿਆਸੀ ਪਾਰਟੀ ਦਾ ਰੂਪ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਧਾਰਮਿਕ-ਸਿਆਸੀ ਪਿੜ ਹੈ ਜਦਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਸਿਆਸੀ ਪਿੜ ਹਨ। ਇਨਸਾਫ ਮੋਰਚਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਹੀ ਪੰਜਾਬ ਵਿਚ ਤੀਜੀ ਧਿਰ ਉਸਾਰਨ ਵਿਚ ਕਾਮਯਾਬ ਹੋ ਸਕਦਾ ਹੈ।
      ਪੰਜਾਬ ਦਾ ਧਾਰਮਿਕ-ਸਿਆਸੀ ਪਿੜ ਇਸ ਵੇਲੇ ਤਕਰੀਬਨ ਖਾਲੀ ਹੈ। ਅਕਾਲੀ ਦਲ ਪਹਿਲਾਂ ਹੀ ਪੰਥਕ ਮੁੱਦਿਆਂ ਤੋਂ ਪਾਸੇ ਜਾ ਚੁੱਕਿਆ ਹੈ। ਪਟਿਆਲਾ ਰੈਲੀ ਦੇ ਮੰਚ ਤੋਂ ਵੀ ਲਗਾਤਾਰ ਇਹੀ ਕਿਹਾ ਗਿਆ ਕਿ ਇਹ ਪੰਜਾਬੀਆਂ ਦਾ ਇਕੱਠ ਹੈ। ਉਂਝ, ਦੂਜਾ ਪਹਿਲੂ ਇਹ ਵੀ ਸੀ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਦੱਸ ਰਿਹਾ ਸੀ। ਇਸ ਲਈ ਹੁਣ ਅਕਾਲੀ ਦਲ ਨੂੰ ਵੀ ਫੈਸਲਾ ਕਰਨਾ ਪੈਣਾ ਹੈ ਕਿ ਪੰਥਕ ਪਾਰਟੀ ਹੈ ਜਾਂ ਪੰਜਾਬੀ ਪਾਰਟੀ। ਇਹ ਪੰਜਾਬੀ ਪਿੜ ਵਿਚ ਆਪਣੀ ਸਿਆਸਤ ਕਰਨਾ ਚਾਹੁੰਦਾ ਹੈ ਜਾਂ ਪੰਥਕ ਪਿੜ ਵਿਚ। ਪੰਥਕ ਲੋਕ ਵੀ ਭਾਵੇਂ ਪੰਜਾਬੀ ਹਨ ਪਰ ਸਾਰੇ ਪੰਜਾਬੀ ਪੰਥਕ ਨਹੀਂ। ਅਕਾਲੀ ਦਲ ਦੀ ਜੜ੍ਹ ਪੰਥਕ ਸਿਆਸਤ ਵਿਚ ਹੈ। ਪੰਥਕ ਸਿਆਸਤ ਨੂੰ ਤਿਲਾਂਜਲੀ ਦੇ ਕੇ ਇਹ ਬੂਟਾ ਹਰਾ ਨਹੀਂ ਰਹਿ ਸਕਦਾ।

'ਲੇਖਕ ਸੀਨੀਅਰ ਪੱਤਰਕਾਰ ਹੈ।
ਸੰਪਰਕ : 97797-11201

11 Oct. 2018