ਸਾਂਝ ਬਿਨਾ ਸਭ ਵਾਂਝ, ਮੀਆਂ ਮਰਦਾਨਿਆ ! - ਸਵਰਾਜਬੀਰ

ਹਰ ਮਨੁੱਖ ਨੂੰ ਜ਼ਿੰਦਗੀ ਦੀਆਂ ਲੂੰਹਦੀਆਂ ਰਾਹਾਂ ’ਤੇ ਤੁਰਨਾ ਪੈਂਦਾ ਹੈ। ਲੋਕਾਈ ਦਾ ਵੱਡਾ ਹਿੱਸਾ ਸੱਤਾ ਤੇ ਧਨ ਦੁਆਰਾ ਬਣਾਏ ਗਏ ਅਗਨ-ਸੰਸਾਰ ’ਚੋਂ ਗੁਜ਼ਰਦਾ ਹੈ। ਇਸ ਸਮੇਂ ਦਾ ਸੰਸਾਰ ਕਾਰਪੋਰੇਟੀ ਲੁੱਟ ਦਾ ਸੰਸਾਰ ਹੈ, ਇਹ ਸੱਤਾ ਤੇ ਹਉਮੈ ਦੇ ਸੰਗਮ ’ਚੋਂ ਪੈਦਾ ਹੁੰਦੇ ਗਲ-ਘੁੱਟਵੇਂ ਭੈਅ ਦਾ ਉਹ ਸੰਸਾਰ ਹੈ ਜਿਸ ਵਿਚ ਬੰਦੇ ਨੂੰ ਬਹੁਤਾ ਕਰ ਕੇ ਚੁੱਪ ਰਹਿਣਾ ਪੈਂਦਾ ਹੈ। ਸਮਾਜ ਵਿਚ ਪਸਰੀ ਵਿਆਪਕ ਚੁੱਪ ਇਨ੍ਹਾਂ ਵੇਲਿਆਂ ਦੀ ਪ੍ਰਤੀਕ ਬਣ ਗਈ ਹੈ।

ਇਸ ਚੁੱਪ ਵਿਚ ਬੋਲ ਵੀ ਸੁਣਾਈ ਦਿੰਦੇ ਹਨ : ਲੋਕਾਂ ਦੇ ਅਸਲੀ ਰੋਹ-ਵਿਦਰੋਹ ਅਤੇ ਮਸਨੂਈ ਵਿਰੋਧ ਦੇ ਬੋਲ। ਮਸਨੂਈ ਵਿਰੋਧ ਦੇ ਬੋਲ ਬਹੁਤ ਉੱਚੇ ਤੇ ਘੜੀ-ਘੜਾਈ ਸ਼ਬਦ-ਘਾੜਤ ’ਚੋਂ ਨਿਕਲਦੇ ਹਨ। ਉਨ੍ਹਾਂ ਦੇ ਮੁਕਾਬਲੇ ਲੋਕਾਈ ਦੇ ਵੱਡੇ ਹਿੱਸੇ ਦੇ ਮਨਾਂ ਵਿਚ ਪਲਦਾ ਦਰਦ ਤੇ ਚੁੱਪ ਜ਼ਿਆਦਾ ਰੋਹ ਲੁਕਾਈ ਬੈਠਾ ਹੁੰਦਾ ਹੈ।
      ਹੱਕ-ਸੱਚ ਲਈ ਉੱਠਦੀ ਆਵਾਜ਼ ਬੁਲੰਦ ਹੋਣ ਤੋਂ ਪਹਿਲਾਂ ਲੰਮੇ ਸਫ਼ਰ ’ਚੋਂ ਗੁਜ਼ਰਦੀ ਹੈ। ਉਸ ਨੇ ਆਪਣੇ ਪੜਾਅ ਤੈਅ ਕਰਨੇ ਹੁੰਦੇ ਹਨ, ਉਸ ਨੂੰ ਲੋਕ-ਸੁਫ਼ਨਿਆਂ ਤੇ ਲੋਕ-ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਾਹਮਣੇ ਉੱਸਰੇ ਸੱਤਾ ਦੇ ਵਰਤਾਰਿਆਂ ਦੀ ਨਿਰਖ-ਪਰਖ ਅਤੇ ਸਭ ਤੋਂ ਜ਼ਿਆਦਾ ਆਪਣੇ ਹੋਣ ਦੀ ਕਲਪਨਾ ਕਰਨੀ ਪੈਂਦੀ ਹੈ ਕਿ ਅਸਲੀਅਤ ਵਿਚ ਉਹ ਹੋ ਵੀ ਸਕਦੀ ਹੈ ਜਾਂ ਨਹੀਂ, ਜੇ ਹੋਵੇਗੀ ਤਾਂ ਕਿਸ ਤਰ੍ਹਾਂ ਦੀ ਹੋਵੇਗੀ। ਸ਼ਾਇਰ ਦਾ ਕਥਨ ਹੈ :
ਕਲਪਨਾ ਕਰੋ
ਕਿ ਆਵਾਜ਼ ਹੋ ਤੁਸੀਂ
ਡਰੀ ਹੋਈ, ਬੋਲਾਂ ਨਾਲ ਲੜੀ ਹੋਈ
ਧੁੰਦਲਾਈਆਂ ਅੱਖਾਂ ’ਚ ਕੰਬਦੇ ਹੰਝੂ ਵਰਗੀ
ਜਿਸ ਵਿਚ ਸਰਘੀ ਮੁਰਝਾ ਗਈ ਹੋਵੇ
ਸੱਤਾ ਜਿਸ ਵਿਚ
ਸੁੰਝ ਦਾ ਫੁੱਲ ਸਜਾ ਗਈ ਹੋਵੇ
ਜਾਂ ਆਵਾਜ਼ ਹੋ ਤੁਸੀਂ
ਬੁਲੰਦ ਆਵਾਜ਼
ਉੱਠਦੀ, ਚੁੱਪ ਦੀਆਂ ਅਗਨ-ਪਹਾੜੀਆਂ ’ਚੋਂ
ਬਲਦੇ ਲਹੂ ’ਚੋਂ, ਧੜਕਦੀਆਂ ਨਾੜੀਆਂ ’ਚੋਂ
ਹੱਕ ਮੰਗਦੇ ਹੱਥਾਂ ’ਚੋਂ
ਜ਼ਿੰਦਗੀ ਲੋਚਦੀਆਂ ਅੱਖਾਂ ’ਚੋਂ
ਸਲਾਮਤੀ ਸੁਖਦੀਆਂ ਰੱਖਾਂ ’ਚੋਂ
ਆਵਾਜ਼ ਹੋ ਤੁਸੀਂ
ਆਵਾਜ਼, ਜੋ ਦੇਵੇ
ਅਲਗੋਜ਼ੇ ਵਜਾਉਂਦੇ ਹੋਠਾਂ ਨੂੰ
ਹੇਕਾਂ ਦੀ ਨਮੀ
ਦੇਵੇ ਗੀਤਾਂ ਨੂੰ ਉਮੰਗ
ਬੋਲਾਂ ਨੂੰ ਰੰਗ
ਜੀਭ ਨੂੰ ਤੇਹ
ਸੰਘ ਨੂੰ ਰੋਹ
ਨ੍ਹੇਰੇ ਨੂੰ ਲੋਅ
ਆਵਾਜ਼ ਹੋ ਤੁਸੀਂ
ਕਲਪਨਾ ਕਰੋ
ਅਜਿਹੀ ਆਵਾਜ਼ ਤਾਂ ਹੀ ਹੋਂਦ ਵਿਚ ਆ ਸਕਦੀ ਹੈ ਜੇ ਲੜਨ ਦੀ ਸੂਝ-ਸਮਝ ਤੇ ਜੇਰਾ, ਦੋਵੇਂ ਹੋਣ। ਅਜਿਹੀ ਆਵਾਜ਼ ਲੋਕਾਂ ਦੀ ਸਾਂਝ ਤੇ ਉਨ੍ਹਾਂ ਨਾਲ ਰਿਸ਼ਤੇ ਬਣਾਉਣ ’ਚੋਂ ਪੈਦਾ ਹੁੰਦੀ ਹੈ, ਸਮੂਹਿਕ ਆਵਾਜ਼ ’ਚੋਂ ਉਗਮਦੀ ਹੈ,  ਨਜ਼ਮ ਹੁਸੈਨ ਸੱਯਦ ਦਾ ਕਥਨ ਹੈ, ‘‘ਸਾਂਝ ਬਿਨਾ ਸਭ ਵਾਂਝ, ਮੀਆਂ ਮਰਦਾਨਿਆ, ਸਾਂਝ ਬਿਨਾਂ ਸਭ ਵਾਂਝ।’’ ਸਾਂਝ ਬਿਨਾਂ ਅਸੀਂ ਪ੍ਰੇਮ ਤੇ ਆਸਾਂ ਦੇ ਸੰਸਾਰ ਤੋਂ ਵਾਂਝੇ ਰਹਿ ਜਾਂਦੇ ਹਾਂ, ਇਸ ਤੋਂ ਬਿਨਾਂ ਅਸੀਂ ਉਮੰਗਾਂ, ਭਾਵਨਾਵਾਂ, ਸੰਭਾਵਨਾਵਾਂ, ਪਿਆਰ-ਮੁਹੱਬਤ ਤੇ ਹੱਕ-ਸੱਚ ਦੀ ਦੁਨੀਆ ਵਿਚ ਦਾਖ਼ਲ ਨਹੀਂ ਹੋ ਸਕਦੇ। ਸਾਂਝ ਲੋਕਾਂ ਨੂੰ ਆਪਣੀ ਪੀੜ ਤੇ ਦੁੱਖਾਂ ਨੂੰ ਪ੍ਰਗਟ ਕਰਨ ਦਾ ਹੌਂਸਲਾ ਦਿੰਦੀ ਹੈ। ਲੋਕਾਂ ਨੂੰ ਸੱਤਾ ਤੇ ਉਸ ਦੇ ਵਰਤਾਰਿਆਂ ਵਿਰੁੱਧ ਬੋਲਣਾ ਪੈਂਦਾ ਹੈ ਕਿਉਂਕਿ ਜੇ ਉਹ ਨਾ ਬੋਲਣ ਤਾਂ ਉਨ੍ਹਾਂ ਨਾਲ ਉਹੀ ਹੁੰਦਾ ਹੈ ਜੋ ਵੀਹਵੀਂ ਸਦੀ ਦੀ ਕਾਲੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਅਮਰੀਕੀ ਲੇਖਿਕਾ ਜ਼ੋਰਾ ਨੀਲ ਕਰਸਟਨ ਨੇ ਕਿਹਾ ਸੀ, ‘‘ਜੇ ਤੁਸੀਂ ਆਪਣੇ ਦੁੱਖ ਬਾਰੇ ਚੁੱਪ ਰਹਿੰਦੇ ਹੋ ਤਾਂ ਉਹ ਤੁਹਾਨੂੰ ਮਾਰ ਦੇਣਗੇ ਤੇ ਆਖਣਗੇ ਕਿ ਤੁਹਾਨੂੰ ਮਜ਼ਾ ਆਇਆ (If you are silent about your pain, they will kill you and say you enjoyed it)।’’
ਸਾਂਝ ਦੀ ਲੋੜ ਉਦੋਂ ਸਭ ਤੋਂ ਜ਼ਿਆਦਾ ਮਹਿਸੂਸ ਹੁੰਦੀ ਹੈ ਜਦੋਂ ਲੋਕ-ਹੱਕਾਂ ਨੂੰ ਲਤਾੜਿਆ ਜਾਂਦਾ ਹੈ, ਆਵਾਜ਼ ਨੂੰ ਚੁੱਪ ਕਰਾ ਕੇ ਭੈਅ ਦੇ ਮਹਿਲ ਉਸਾਰੇ ਜਾਂਦੇ ਨੇ, ਸਵਾਲ ਕਰਦੀ ਜੀਭ ਨੂੰ ਕੱਟਣ-ਟੁੱਕਣ ਦਾ ਯਤਨ ਕੀਤਾ ਜਾਂਦਾ ਹੈ। ਅਸੀਂ ਅਜਿਹੇ ਵੇਲਿਆਂ ’ਚੋਂ ਹੀ ਗੁਜ਼ਰ ਰਹੇ ਹਾਂ। ਇਸੇ ਲਈ ਇਹ ਸਮਾਂ ਸਾਂਝ ਦੇ ਵਿਆਪਕ ਮੰਚ ਉਸਾਰਨ ਦਾ ਹੈ ਤਾਂ ਕਿ ਹੋਰ ‘ਲਤੀਫ਼ਪੁਰੇ’ ਨਾ ਵਾਪਰਨ, ਇਹ ਸਾਂਝ ਦੇ ਨਵੇਂ ‘ਸਿੰਘੂ’ ਤੇ ‘ਟਿਕਰੀ’ ਸਿਰਜਣ ਦਾ ਵੇਲਾ ਹੈ, ਲੋਕ-ਹੱਕ ਲਈ ਕੱਚੀਆਂ ਗੜ੍ਹੀਆਂ ਉਸਾਰਨ ਦਾ ਸਮਾਂ ਹੈ।
ਇਸ ਮਹੀਨੇ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੋਰ ਸਾਥੀਆਂ ਦੀ ਚਮਕੌਰ ਦੀ ਕੱਚੀ ਗੜ੍ਹੀ ਵਿਚ ਹੋਈਆਂ ਸ਼ਹੀਦੀਆਂ ਨੂੰ ਯਾਦ ਕਰਦੇ ਹਾਂ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਨੀਂਹਾਂ ’ਚ ਚਿਣੇ ਜਾਣ ਦੀਆਂ ਸ਼ਹੀਦੀਆਂ ਸਾਡੇ ਚੇਤਿਆਂ ਵਿਚ ਉੱਭਰਦੀਆਂ ਹਨ, ਠੰਢੇ ਕਹਿਰਵਾਨ ਬੁਰਜ ਵਿਚ ਮਾਤਾ ਗੁਜਰੀ ਦੀ ਸ਼ਹੀਦੀ ਯਾਦ ਆਉਂਦੀ ਹੈ। ਆਨੰਦਪੁਰ ਸਾਹਿਬ, ਮਲਕਪੁਰ ਰੰਘੜਾਂ ਤੇ ਹੋਰ ਲੜਾਈਆਂ ਵਿਚ ਸ਼ਹੀਦ ਹੋਏ ਸਿੱਖਾਂ ਦੀਆਂ ਸ਼ਹੀਦੀਆਂ। ਤਿੰਨ ਸਦੀਆਂ ਤੋਂ ਜ਼ਿਆਦਾ ਸਮਾਂ ਪਹਿਲਾਂ ਭੋਗੇ ਡੂੰਘੇ ਦੁੱਖ ਦਾ ਸੰਸਾਰ ਸਾਡੇ ਸਾਹਮਣੇ ਉੱਭਰਦਾ ਹੈ। ਮਾਛੀਵਾੜੇ ਦੇ ਜੰਗਲਾਂ ’ਚੋਂ ਉੱਠਦੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ‘‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।। ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ।। ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।। ਯਾਰੜੇ ਦਾ ਸਾਨੂੰ ਸਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ।।’’ ਸੁਣਾਈ ਦਿੰਦਾ ਹੈ।
ਇਹ ਸ਼ਬਦ ਸਦੀਆਂ ਤੋਂ ਪੰਜਾਬੀਆਂ ਦੇ ਮਨਾਂ ਵਿਚ ਗੂੰਜਦਾ ਆਇਆ ਹੈ, ਸਾਨੂੰ ਯਾਰੜੇ ਦਾ ਸੱਥਰ ਚੰਗਾ ਹੈ, ਅਸੀਂ ਖੇੜਿਆਂ ਨਾਲ ਰਹਿਣ ਤੋਂ ਇਨਕਾਰੀ ਹਾਂ। ਪੰਜਾਬੀਆਂ ਨੇ ਯਾਰਾਂ, ਦੋਸਤਾਂ, ਸਾਥੀਆਂ ਤੇ ਪਿਆਰੇ ਮਿੱਤਰਾਂ ਨੂੰ ਨਾਲ ਲੈ ਕੇ ਸੱਥਰਾਂ ’ਤੇ ਰਹਿਣ ਨੂੰ ਪਹਿਲ ਦਿੱਤੀ ਹੈ। ਇਹ ਹੈ ਪੰਜਾਬ।
ਦਸੰਬਰ ਮਹੀਨੇ ਵਿਚ ਬਹੁਤ ਸ਼ਹਾਦਤਾਂ ਹੋਈਆਂ ਹਨ : ਗ਼ਦਰੀ ਬਿਸ਼ਨ ਸਿੰਘ ਨੂੰ ਕੀਨੀਆ ਵਿਚ ਫਾਂਸੀ (1915), ਇਨਕਲਾਬੀ ਮੱਖਣ ਲਾਲ ਦੀ ਹਜ਼ਾਰੀ ਬਾਗ਼ ਵਿਚ ਸ਼ਹੀਦੀ (1919), ਬੱਬਰ ਅਕਾਲੀ ਅਮਰ ਸਿੰਘ ਪੰਡੋਰੀ ਨਿੱਝਰਾਂ, ਵਰਿਆਮ ਸਿੰਘ ਕੋਟ ਫਤੂਹੀ ਅਤੇ ਸਾਧਾ ਸਿੰਘ ਦੀ ਸ਼ਹਾਦਤ (1924), ਬੰਗਾਲ ਦੇ ਇਨਕਲਾਬੀ ਜੋਤਿਸ਼ ਚੰਦਰ ਦੀ ਸ਼ਹੀਦੀ (1924), ਨੌਜਵਾਨ ਭਾਰਤ ਸਭਾ ਦੇ ਆਗੂ ਰਾਜਿੰਦਰ ਲਹਿਰੀ ਨੂੰ ਗੋਂਡਾ ਜੇਲ੍ਹ ਵਿਚ ਫਾਂਸੀ (1927), ਕਾਕੋਰੀ ਕੇਸ ਵਿਚ ਅਸ਼ਫਾਕ ਉੱਲਾ, ਰਾਮ ਪ੍ਰਸਾਦ ਬਿਲਮਿਲ ਤੇ ਰੋਸ਼ਨ ਸਿੰਘ ਨੂੰ ਫਾਂਸੀ (1927) ਅਤੇ ਕਈ ਹੋਰ ਸ਼ਹੀਦੀਆਂ, ਜਿਨ੍ਹਾਂ ਵਿਚੋਂ ਕੁਝ ਦਾ ਸਾਨੂੰ ਪਤਾ ਹੈ ਅਤੇ ਬਹੁਤੀਆਂ ਦਾ ਨਹੀਂ।
ਇਤਿਹਾਸ ਵਿਚ ਹਰ ਦਿਨ ਸੰਘਰਸ਼ ਦਾ ਦਿਨ ਹੁੰਦਾ ਹੈ, ਫਿਰ ਵੀ ਕੁਝ ਯਾਦਾਂ ਕੁਝ ਖ਼ਾਸ ਦਿਨਾਂ ਤੇ ਮਹੀਨਿਆਂ ਨਾਲ ਜੁੜ ਜਾਂਦੀਆਂ ਹਨ। 1914 ਵਿਚ ਪੰਜਾਬ ਦੇ ਲੋਕਾਂ ਨੇ ਗ਼ਦਰ ਪਾਰਟੀ ਦੇ ਰੂਪ ਵਿਚ ਅੰਗਰੇਜ਼ਾਂ ਦੀ ਗ਼ੁਲਾਮੀ ਵਿਰੁੱਧ ਜੰਗ ਕਰਨ ਦਾ ਵੱਡਾ ਅਹਿਦ ਕੀਤਾ। 1914 ਵਿਚ ਇਸੇ ਮਹੀਨੇ (ਦਸੰਬਰ) ਵਿਚ ਵਿਸ਼ਨੂੰ ਗਣੇਸ਼ ਪਿੰਗਲੇ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਕਰਤਾਰ ਸਿੰਘ ਸਰਾਭਾ ਤੇ ਪਰਮਾਨੰਦ ਝਾਂਸੀ ਨੇ ਫ਼ੈਸਲਾ ਕੀਤਾ ਸੀ ਕਿ ਬੰਗਾਲ ਤੋਂ ਰਾਸ ਬਿਹਾਰੀ ਬੋਸ ਨੂੰ ਪੰਜਾਬ ਸੱਦਿਆ ਜਾਵੇ। ਇਹ ਇਨਕਲਾਬੀ ਸਾਂਝ ਦੇ ਸੰਸਾਰ ਨੂੰ ਵਿਆਪਕ ਬਣਾਉਣ ਦਾ ਫ਼ੈਸਲਾ ਸੀ।
ਤਿੰਨ ਸਾਲ ਪਹਿਲਾਂ ਇਸੇ ਮਹੀਨੇ ਵਿਚ ਦਿੱਲੀ ਦੀਆਂ ਔਰਤਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ਼ ਵਿਚ ਮੋਰਚਾ ਲਗਾਇਆ ਸੀ। ਇਸ ਮੋਰਚੇ ਵਿਚ ਪੰਜਾਬੀਆਂ ਦੀ ਪਾਈ ਹਿੱਸੇਦਾਰੀ ਨੇ ਜਮਹੂਰੀ ਸਾਂਝ ਨੂੰ ਮਜ਼ਬੂਤ ਕੀਤਾ ਸੀ। 2020 ਵਿਚ ਇਹ ਮਹੀਨਾ ਪੰਜਾਬ, ਹਰਿਆਣੇ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਦੀਆਂ ਹੱਡ-ਚੀਰਵੀਆਂ ਰਾਤਾਂ ਵਿਚ ਖੁੱਲ੍ਹੇ ਅਸਮਾਨ ਹੇਠ ਬਿਤਾਇਆ ਸੀ। ਨਵੰਬਰ 2021 ਵਿਚ ਕੇਂਦਰ ਸਰਕਾਰ ਦੁਆਰਾ ਕਾਨੂੰਨ ਵਾਪਸ ਲੈਣ ਤੋਂ ਬਾਅਦ 11 ਦਸੰਬਰ 2021 ਨੂੰ ਕਿਸਾਨਾਂ ਨੇ ਫਤਿਹ ਦਿਵਸ ਮਨਾਉਂਦਿਆਂ ਵਾਪਸ ਆਪਣੇ ਘਰਾਂ ਨੂੰ ਚਾਲੇ ਪਾਏ ਸਨ।
ਇਸ ਸਾਲ ਇਸ ਮਹੀਨੇ ਵਿਚ ਹੀ ਅਸੀਂ ਲਤੀਫ਼ਪੁਰਾ ਉੱਜੜਦਾ ਵੇਖਿਆ ਹੈ, ਨਾਲ ਹੀ ਜ਼ੀਰੇ ਵਿਚ ਲੱਗੇ ਮੋਰਚੇ ’ਤੇ ਹੋ ਰਿਹਾ ਸੰਘਰਸ਼ ਭਖਿਆ ਹੈ। ਉੱਜੜਨ ਵਾਲਿਆਂ ਤੇ ਸੰਘਰਸ਼ ਕਰਨ ਵਾਲਿਆਂ ਵਿਚ ਸਾਂਝ ਪੈਦਾ ਹੋਈ ਹੈ। ਪੰਜਾਬ ਦੀ ਲੋਕ-ਆਵਾਜ਼ ਹਮੇਸ਼ਾਂ ਸਾਂਝ ਦੇ ਸੰਸਾਰ ’ਚੋਂ ਉੱਠੀ ਹੈ। ਇਕ ਹੋਰ ਪੱਧਰ ’ਤੇ ਪੰਜਾਬ ਪਿਛਲੇ ਤਿੰਨ ਸਾਲਾਂ (2020, 2021, 2022) ਤੋਂ ਮਨੁੱਖਤਾ ਨੂੰ ਦਰਪੇਸ਼ ਸਭ ਤੋਂ ਡੂੰਘੇ ਸੰਕਟ ਕਿ ਕੀ ਕਾਰਪੋਰੇਟੀ ਵਿਕਾਸ ਮਾਡਲ ਕਾਰਨ ਮਨੁੱਖਤਾ ਦਾ ਕੁਦਰਤ, ਖੇਤੀ, ਖੇਤਾਂ ਆਦਿ ਨਾਲ ਆਦਿ-ਜੁਗਾਦ ਦਾ ਬਣਿਆ ਰਿਸ਼ਤਾ ਖ਼ਤਮ ਹੋ ਜਾਵੇਗਾ, ਦਾ ਸਾਹਮਣਾ ਕਰ ਰਿਹਾ ਹੈ। 2020 ਵਿਚ ਇਹ ਸਵਾਲ ਕੇਂਦਰ ਸਰਕਾਰ ਨੇ ਖੇਤੀ ਖੇਤਰ ਵਿਚ ਕਾਰਪੋਰੇਟੀ ਦਖ਼ਲ ਵਧਾਉਣ ਵਾਲੇ ਕਾਨੂੰਨ ਬਣਾ ਕੇ ਖੜ੍ਹਾ ਕੀਤਾ ਸੀ ਪਰ ਜ਼ੀਰੇ ਦੇ ਸੰਘਰਸ਼ ਵਿਚ ਇਹ ਸਵਾਲ ਅਨੋਖੇ ਰੂਪ ਵਿਚ ਉੱਭਰਿਆ ਹੈ, ਇਸ ਦਾ ਹਕੀਕੀ ਰੂਪ ਤੁਹਾਨੂੰ ਅੱਖਾਂ ਸਾਹਮਣੇ ਦਿਖਾਈ ਦਿੰਦਾ ਹੈ। ਕਾਨੂੰਨ, ਸੱਤਾ ਅਤੇ ਵਿਕਾਸ ਬਾਰੇ ਬਣਾਏ ਸਾਡੇ ਮਾਪਦੰਡ ਸ਼ਰਾਬ ਦੀ ਫੈਕਟਰੀ ਦੇ ਹੱਕ ਵਿਚ ਖਲੋਤੇ ਹਨ ਤੇ ਦੂਸਰੇ ਪਾਸੇ ਹਨ, ਪੰਜਾਬ ਦੇ ਲੋਕ ਅਤੇ ਉਨ੍ਹਾਂ ਦੀ ਸਾਂਝ।
ਸੱਤਾ ਨਾ ਤਾਂ ਲੋਕਾਂ ਵਿਚ ਸਾਂਝ ਪੈਦਾ ਹੋਣ ਦੇਣਾ ਚਾਹੁੰਦੀ ਹੈ ਅਤੇ ਨਾ ਹੀ ਉਸ ਸਾਂਝ ’ਚੋਂ ਉੱਠਦੀ ਆਵਾਜ਼ ਸੁਣਨਾ ਚਾਹੁੰਦੀ ਹੈ। ਕੁਝ ਸਮੇਂ ਲਈ ਲੋਕਾਂ ਨੂੰ ‘ਗ਼ਲਤ’ ਦਰਸਾਇਆ ਜਾ ਸਕਦਾ ਹੈ, ਜਿਵੇਂ ਲਤੀਫ਼ਪੁਰੇ ਤੇ ਜ਼ੀਰੇ ਵਿਚ ਸੰਘਰਸ਼ ਕਰਦੇ ਲੋਕਾਂ ਬਾਰੇ ਦੱਸਿਆ ਜਾ ਰਿਹਾ ਹੈ ਪਰ ਇਸ ਨਾਲ ਲੋਕ-ਸੰਘਰਸ਼ਾਂ ਦੇ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ।।’’ ਭਾਵ ਝੂਠੀਆਂ ਗੱਲਾਂ ਤੋਂ ਕੇਵਲ ਝੂਠ ਹੀ ਪ੍ਰਾਪਤ ਹੁੰਦਾ ਹੈ। ਪੰਜਾਬ ਦੇ ਲੋਕ ਕੂੜ ਵਿਰੁੱਧ ਲੜਾਈਆਂ ਲੜਦੇ ਆਏ ਹਨ। ਜਬਰ ਵਿਰੁੱਧ ਲੜਨਾ ਉਨ੍ਹਾਂ ਨੂੰ ਵਿਰਸੇ ਵਿਚ ਮਿਲਿਆ ਹੈ, ਸੰਘਰਸ਼ ਉਨ੍ਹਾਂ ਦੀ ਰੂਹ ਦਾ ਖਮੀਰ ਹੈ, ਇਹ ਉਨ੍ਹਾਂ ਨੂੰ ਰੂਹਾਨੀ ਤੇ ਮਾਨਸਿਕ ਪੱਧਰ ’ਤੇ ਜਿਊਂਦੇ ਰੱਖਦਾ ਹੈ, ਉਨ੍ਹਾਂ ਨੂੰ ਸੱਚ ਦੀ ਰਾਹ ’ਤੇ ਚੱਲਣ ਦੀ ਸੇਧ ਦਿੰਦਾ ਹੈ।
ਨੇਕੀ, ਸੱਚ ਤੇ ਸੱਚੇ ਅਮਲ ਖ਼ਰੀਦੇ ਨਹੀਂ ਜਾ ਸਕਦੇ। ਇਹ ਬੰਦੇ ਨੇ ਆਪ ਕਮਾਉਣੇ ਹੁੰਦੇ ਹਨ। ਸੱਚ ਤੇ ਸੱਚੇ ਅਮਲ ਦੁਨੀਆ ਦੀ ਸਾਧਨ-ਵਿਹੂਣੀ ਲੋਕਾਈ ਨਾਲ ਖਲੋਣ ਅਤੇ ਉਸ ਦੇ ਸੰਘਰਸ਼ਾਂ ਵਿਚ ਸ਼ਾਮਲ ਹੋਣ ਵਿਚ ਪਏ ਹਨ। ਗੁਰੂ-ਵਾਕ ਹੈ, ‘‘ਮੋਲਿੁ ਅਮੋੁਲੁ ਨ ਪਾਈਐ ਵਣਜਿ ਨ ਲੀਜੈ ਹਾਟ।’’ ਭਾਵ ਅਮੋਲਕ ਨੇਕੀਆਂ ਕੋਈ ਵੀ ਮੁੱਲ ਦੇਣ ਨਾਲ ਪ੍ਰਾਪਤ ਨਹੀਂ ਹੁੰਦੀਆਂ, ਨਾ ਹੀ ਉਹ ਦੁਕਾਨ ਤੋਂ ਖ਼ਰੀਦੀਆਂ ਜਾ ਸਕਦੀਆਂ ਹਨ।
ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰ ਰਹੇ ਲੋਕਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ ਜਿਵੇਂ ਉਨ੍ਹਾਂ ਨੇ 2020-21 ਦੇ ਕਿਸਾਨ ਅੰਦੋਲਨ ਦੌਰਾਨ ਦਿੱਤਾ ਸੀ। ਸਾਂਝੀਵਾਲਤਾ ਅਤੇ ਨਿਰਭਉ ਤੇ ਨਿਰਵੈਰ ਹੋਣ ਦਾ ਜਲੌਅ ਹੀ ਪੰਜਾਬ ਦਾ ਮਾਣ-ਸ੍ਵੈਮਾਣ ਕਾਇਮ ਰੱਖ ਸਕਦਾ ਹੈ। ਪੰਜਾਬੀਆਂ ਨੇ ਹਮੇਸ਼ਾਂ ਸਾਂਝ/ਸਾਂਝੀਵਾਲਤਾ ਤੇ ਅਨਿਆਂ ਵਿਰੁੱਧ ਲੜਨ ਦੇ ਅਸੂਲਾਂ ’ਤੇ ਪਹਿਰਾ ਦਿੱਤਾ ਹੈ, ਵਿਰਸੇ ਵਿਚ ਮਿਲੀ ਨਾਬਰੀ ਦੀ ਸੋਚ ਨੂੰ ਅਮਲ ਵਿਚ ਢਾਲਿਆ ਹੈ। ਔਖੇ ਵੇਲਿਆਂ ਵਿਚ ਇਹ ਅਮਲ ਹੀ ਉਨ੍ਹਾਂ ਦੀ ਢਾਲ ਬਣੇ ਹਨ ਅਤੇ ਬਣਦੇ ਰਹਿਣਗੇ। ਹਾਲਾਤ ਦੇ ਥਪੇੜੇ ਖਾਣ, ਦੁੱਖ-ਦੁਸ਼ਵਾਰੀਆਂ ਝੱਲਣ ਅਤੇ ਅਨੇਕ ਸੀਮਾਵਾਂ ਦੇ ਬਾਵਜੂਦ ਪੰਜਾਬੀ ਅਜਿਹਾ ਕੁਝ ਕਰਦੇ ਹਨ ਜਿਸ ਕਾਰਨ ਪੰਜਾਬ ਤੇ ਪੰਜਾਬੀਆਂ ਦਾ ਸਿਰ ਉੱਚਾ ਰਹਿੰਦਾ ਹੈ ਅਤੇ ਅਸੀਂ ਇਹ ਕਹਿਣ ਜੋਗੇ ਹੁੰਦੇ ਰਹੇ ਹਾਂ, ‘‘ਇਹ ਹੈ ਸਾਡਾ ਪੰਜਾਬ।’’ ਜਬਰ, ਡਰ ਤੇ ਭੈਅ ਦੇ ਉਸਾਰ ਉੱਸਰਦੇ ਰਹੇ ਹਨ ਅਤੇ ਪੰਜਾਬ ਦੇ ਲੋਕ, ਆਪਣੀ ਸਾਂਝ ਦੀ ਤਾਕਤ ਸਦਕਾ ਬਾਬਾ ਬੁੱਲ੍ਹੇ ਸ਼ਾਹ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਕਰਦੇ ਹੋਏ ਸੱਚ ਦਾ ਲੜ ਫੜਦੇ ਰਹੇ ਹਨ, ‘‘ਸੱਚ ਆਖ ਮਨਾ ਕਿਉਂ ਡਰਨਾ ਏ/ ਇਸ ਸੱਚ ਪਿੱਛੇ ਤੂੰ ਤਰਨਾ ਏ/ ਸੱਚ ਸਦਾ ਆਬਾਦੀ ਕਰਨਾ ਏਂ/ ਸੱਚ ਵਸਤ ਅਚੰਭਾ ਆਏ।’’ ਪੰਜਾਬੀਆਂ ਦੀ ਸੱਚ ਵਾਸਤੇ ਲੜਨ ਦੀ ਸਿੱਕ ਨੇ ਪੰਜਾਬ ਨੂੰ ਆਬਾਦ ਰੱਖਣਾ ਹੈ।
(ਧੰਨਵਾਦ : ਅਮੋਲਕ ਸਿੰਘ)