ਆਖ਼ਰੀ ਇੱਛਾ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਦਸੰਬਰ ਦਾ ਮਹੀਨਾ ਸੀ। ਠੰਢ ਤੇ ਧੁੰਦ ਦਾ ਜ਼ੋਰ ਸੀ। ਬਲਵਿੰਦਰ ਦਾ ਡੈਡੀ ਕੁੱਝ ਦਿਨ ਬੀਮਾਰ ਰਹਿਣ ਪਿੱਛੋਂ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਿਆ ਸੀ। ਬਲਵਿੰਦਰ ਨੇ ਆਪਣੇ ਡੈਡੀ ਦੇ ਸੰਸਕਾਰ ਤੇ ਸਾਰੇ ਰਿਸ਼ਤੇਦਾਰਾਂ ਨੂੰ ਟੈਲੀਫੋਨ ਕਰਕੇ ਸੱਦ ਲਿਆ ਸੀ। ਬਲਵਿੰਦਰ ਤੇ ਦੋ ਹੋਰ ਜਣੇ ਸੰਸਕਾਰ ਤੋਂ ਪਹਿਲਾਂ ਉਸ ਨੂੰ ਨਹਾਉਣ ਦਾ ਪ੍ਰਬੰਧ ਕਰਨ ਲੱਗੇ। ਬਲਵਿੰਦਰ ਨੇ ਆਪਣੇ ਡੈਡੀ ਦੇ ਸਾਰੇ ਕਪੜੇ ਹੌਲੀ, ਹੌਲੀ ਉਤਾਰੇ। ਉਸ ਦੇ ਡੈਡੀ ਦੀ ਕਮੀਜ਼ ਦੀ ਜੇਬ ਵਿਚੋਂ ਇਕ ਪਰਚੀ ਨਿਕਲ ਕੇ ਥੱਲੇ ਡਿੱਗ ਪਈ। ਜਦੋਂ ਉਸ ਨੇ ਪਰਚੀ ਨੂੰ ਖੋਲ੍ਹ ਕੇ ਦੇਖਿਆ, ਉਸ ਵਿੱਚ ਲਿਖਿਆ ਹੋਇਆ ਸੀ: ਬਲਵਿੰਦਰ, ਮੇਰੇ ਸੰਸਕਾਰ ਕਰਨ ਤੋਂ ਬਾਅਦ ਜਦ ਤੂੰ ਬਾਕੀਆਂ ਨਾਲ ਦੂਜੇ ਦਿਨ ਮੇਰੇ ਅਸਤ ਚੁਗਣ ਜਾਣਾ, ਤਾਂ ਮੇਰੇ ਅਸਤ ਚੁਗ ਕੇ ਤੇ ਰਾਖ਼ ਇਕੱਠੀ ਕਰਕੇ ਇਨ੍ਹਾਂ ਨੂੰ ਜਲ ਪ੍ਰਵਾਹ ਕਰਨ ਲਈ ਕੀਰਤ ਪੁਰ ਸਾਹਿਬ ਜਾਂ ਕਿਸੇ ਹੋਰ ਥਾਂ ਨਹੀਂ ਜਾਣਾ, ਸਗੋਂ ਆਪਣੇ ਖੇਤ ਵਿੱਚ ਜਾ ਕੇ ਅਸਤ ਡੂੰਘਾ ਟੋਆ ਪੁੱਟ ਕੇ ਦੱਬ ਦੇਣੇ ਤੇ ਰਾਖ਼ ਨੂੰ ਸਾਰੇ ਖੇਤ ਵਿੱਚ ਖਲਾਰ ਦੇਣਾ,ਤਾਂ ਜੋ ਕਿਸੇ ਨਹਿਰ ਦਾ ਪਾਣੀ ਪ੍ਰਦੂਸ਼ਿਤ ਹੋਣ ਤੋਂ ਬਚ ਸਕੇ।ਇਹ ਮੇਰੀ ਆਖ਼ਰੀ ਇੱਛਾ ਹੈ।ਇਸ ਨੂੰ ਹਰ ਹੀਲੇ ਪੂਰਾ ਕੀਤਾ ਜਾਵੇ। ਇਹ ਸਭ ਕੁੱਝ ਪੜ੍ਹ ਕੇ ਬਲਵਿੰਦਰ ਦੀਆਂ ਅੱਖਾਂ ਭਰ ਆਈਆਂ ਤੇ ਕਹਿਣ ਲੱਗਾ," ਡੈਡੀ ਜੀ,ਮੈਂ ਤੁਹਾਡੀ ਆਖ਼ਰੀ ਇੱਛਾ ਜ਼ਰੂਰ ਪੂਰੀ ਕਰਾਂਗਾ।"

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554