ਪੂੰਜੀਵਾਦ ਦੇ ਪੁੜਾਂ ਵਿਚ ਪਿਸ ਰਹੀ ਹੈ ਦੁਨੀਆ - ਗੁਰਚਰਨ ਸਿੰਘ ਨੂਰਪੁਰ

ਇਸ ਸਮੇਂ ਦੁਨੀਆ ਉਸ ਦੌਰ 'ਚੋਂ ਗੁਜ਼ਰ ਰਹੀ ਹੈ, ਜਿਸ ਵਿਚ ਮਨੁੱਖ ਦੀ ਆਜ਼ਾਦੀ ਦਾ ਦਾਇਰਾ ਹਰ ਦਿਨ ਸੁੰਗੜ ਰਿਹਾ ਹੈ। ਪੂੰਜੀਵਾਦ ਦੇ ਇਸ ਦੌਰ ਵਿਚ ਦੁਨੀਆ ਦੀ ਬਹੁਗਿਣਤੀ ਨੂੰ ਇਸ ਦਾ ਇਲਮ ਨਹੀਂ ਕਿ ਉਨ੍ਹਾਂ ਨੂੰ ਕੀ ਬਣਾਇਆ ਜਾ ਰਿਹਾ ਹੈ। ਲੋਕ ਧਰਮਾਂ ਦੇ ਨਾਂਅ 'ਤੇ ਲੜ ਰਹੇ ਹਨ, ਖੈਰਾਂ ਖੈਰਾਤਾਂ ਲਈ ਧਰਨੇ ਦੇ ਰਹੇ ਹਨ, ਇਕ ਫਿਰਕਾ ਕਿਸੇ ਹੋਰ ਦੂਜੇ ਫਿਰਕੇ ਪ੍ਰਤੀ ਆਪਣੀ ਭੜਾਸ ਕੱਢ ਰਿਹਾ ਹੈ। ਇਕ ਧਰਮ ਦੇ ਲੋਕ ਦੂਜੇ ਧਰਮਾਂ ਤੋਂ ਆਪਣੇ ਆਪ ਨੂੰ ਖ਼ਤਰਾ ਸਮਝ ਕੇ ਇਸ ਨੂੰ ਜਿਊਣ ਮਰਨ ਦਾ ਸਵਾਲ ਬਣਾ ਰਹੇ ਹਨ। ਲੋਕ ਆਪਸ ਵਿਚ ਲੜਦੇ ਰਹਿਣ। ਉਨ੍ਹਾਂ ਨੂੰ ਲੜਾਉਣ ਮਰਾਉਣ ਵਾਲਿਆਂ ਦੀ ਗਿਣਤੀ ਵਧਦੀ ਰਹੇ। ਇਹ ਵਰਤਾਰਾ ਸਮਾਜ ਦੇ ਹਰ ਵਰਗ, ਹਰ ਧਰਮ, ਹਰ ਫਿਰਕੇ ਦੇ ਲੋਕਾਂ ਲਈ ਬੇਹੱਦ ਘਾਤਕ ਹੁੰਦਾ ਹੈ ਅਤੇ ਪੂੰਜੀਵਾਦੀ ਤਾਕਤਾਂ ਲਈ ਕੰਮ ਕਰਨ ਦਾ ਇਹ ਸਭ ਤੋਂ ਢੁੱਕਵਾਂ ਸਮਾਂ ਹੁੰਦਾ ਹੈ। ਜੇਕਰ ਸਮਾਜ ਵਿਚ ਕਿਸੇ ਤਰ੍ਹਾਂ ਦੀ ਬੇਚੈਨੀ ਨਾ ਹੋਵੇ ਤਾਂ ਵਿਵਸਥਾ ਨੂੰ ਚਲਾਉਣ ਵਾਲੀਆਂ ਤਾਕਤਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਡਰ ਅਤੇ ਭੈਅ ਦਾ ਬਣਾਉਟੀ ਮਾਹੌਲ ਪੈਦਾ ਕੀਤਾ ਜਾਵੇ। ਅਜਿਹੀ ਸਥਿਤੀ ਵਿਚ ਆਮ ਲੋਕ ਧਰਮ ਕਰਮ ਦੇ ਨਾਂਅ 'ਤੇ ਲੜ ਕੇ ਆਪਣੀ ਤਾਕਤ ਆਪਸੀ ਲੜਾਈਆਂ ਵਿਚ ਖ਼ਰਚ ਕਰਦੇ ਰਹਿੰਦੇ ਹਨ। ਇਸ ਸਭ ਕੁਝ ਦੌਰਾਨ ਜਿਸ ਪਾਸੇ ਹਰ ਵਰਗ, ਹਰ ਧਰਮ ਦੇ ਲੋਕਾਂ ਦੀ ਗੁਲਾਮੀ ਦੇ ਰੱਸੇ-ਵੱਟੇ ਜਾ ਰਹੇ ਹੁੰਦੇ ਹਨ ਉਸ ਪਾਸੇ ਉਨ੍ਹਾਂ ਦਾ ਧਿਆਨ ਨਹੀਂ ਜਾਂਦਾ।
ਅਮਰੀਕੀ ਲੇਖਿਕਾ ਨਿਊਮੀ ਕਲੇਨ ਆਪਣੀ ਪ੍ਰਸਿੱਧ ਪੁਸਤਕ, 'ਸਦਮਾ ਮੱਤ' ਵਿਚ ਲਿਖਦੀ ਹੈ, 'ਜਦੋਂ ਲੋਕ ਵੱਖ-ਵੱਖ ਤਰ੍ਹਾਂ ਦੇ ਸਦਮਿਆਂ ਵਿਚ ਡਰ ਨਾਲ ਸਹਿਮੇ ਹੋਣ ਤਾਂ ਪੂੰਜੀਵਾਦ ਲਈ ਕੰਮ ਕਰਨ ਦਾ ਸਭ ਤੋਂ ਢੁੱਕਵਾਂ ਸਮਾਂ ਹੁੰਦਾ ਹੈ।'
ਇਸ ਸਮੇਂ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਵਿਚ ਭੁੱਖਮਰੀ, ਗਰੀਬੀ ਮੰਦਹਾਲੀ ਵਧ ਰਹੀ ਹੈ ਅਤੇ ਦੂਜੇ ਪਾਸੇ ਮੁਨਾਫੇ ਦੀ ਅੰਨ੍ਹੀ ਦੌੜ ਵਿਚ ਧਰਤੀ ਦੇ ਪੌਣ ਪਾਣੀ ਨੂੰ ਬੁਰੀ ਤਰ੍ਹਾਂ ਨਾਲ ਤਬਾਹ ਕੀਤਾ ਜਾ ਰਿਹਾ ਹੈ। ਵਿਕਸਤ ਮੁਲਕਾਂ ਵਿਚ ਵੀ ਬੇਕਾਰੀ, ਟੈਕਸਾਂ ਅਤੇ ਕਰਜ਼ਿਆਂ ਦਾ ਮਕੜਜਾਲ ਹਰ ਦਿਨ ਆਮ ਲੋਕਾਂ ਲਈ ਕਹਿਰ ਬਣ ਰਿਹਾ ਹੈ। ਸਾਡੇ ਨੌਜਵਾਨ ਰੁਜ਼ਗਾਰ ਦੀ ਮੰਗ ਕਰਨ ਦੀ ਬਜਾਏ ਬਾਹਰਲੇ ਮੁਲਕਾਂ ਵਿਚ ਆਪਣਾ ਭਵਿੱਖ ਤਲਾਸ਼ ਰਹੇ ਹਨ। ਇਸ ਪੂੰਜੀਵਾਦੀ ਵਿਵਸਥਾ ਵਿਚ ਇੱਥੇ ਰਹਿ ਗਏ ਅਤੇ ਬਾਹਰਲੇ ਮੁਲਕਾਂ ਵਿਚ ਜਾ ਰਹੇ ਬੱਚਿਆਂ ਨੂੰ ਚੰਗੇ ਮਜ਼ਦੂਰਾਂ ਦੇ ਰੂਪ ਵਿਚ ਵੇਖਿਆ ਜਾਣ ਲੱਗਾ ਹੈ। ਭਾਵ ਪੂੰਜੀਵਾਦ ਨੂੰ ਇਸ ਸਮੇਂ ਸਭ ਤੋਂ ਵੱਧ ਲੋੜ ਚੰਗੇ ਮਜ਼ਦੂਰਾਂ ਦੀ ਹੈ। ਇਸ ਵਰਤਾਰੇ ਨੂੰ ਸਮਝਣ ਲਈ ਅਸੀਂ ਵੇਖ ਸਕਦੇ ਹਾਂ ਕਿ ਕਿਵੇਂ ਦੇਸ਼ ਵਿਚ ਉੱਚ ਵਿਦਿਅਕ ਅਦਾਰੇ ਖੰਡਰ ਹੋ ਰਹੇ ਹਨ। ਵੱਡੇ-ਵੱਡੇ ਕਾਲਜ ਯੂਨੀਵਰਸਿਟੀਆਂ ਦੀ ਥਾਂ 'ਤੇ ਸਕੂਲ ਬਣਨੇ ਸ਼ੁਰੂ ਹੋ ਗਏ ਹਨ। ਇਸ ਦਾ ਸਿੱਧਾ ਅਰਥ ਇਹ ਹੈ ਕਿ ਮਜ਼ਦੂਰਾਂ ਨੇ ਜਿੱਥੇ ਜਾ ਕੇ ਮਜ਼ਦੂਰੀ ਕਰਨੀ ਹੈ ਉੱਥੇ ਉਨ੍ਹਾਂ ਨੂੰ ਉਸ ਦੇਸ਼ ਦੀ ਭਾਸ਼ਾ ਆਉਂਦੀ ਹੋਣੀ ਚਾਹੀਦੀ ਹੈ। ਪੂੰਜੀਵਾਦੀ ਵਿਵਸਥਾ ਨੂੰ ਚੰਗੇ ਮਜ਼ਦੂਰਾਂ ਦੀ ਲੋੜ ਹੈ ਨਾ ਕਿ ਵਿਵੇਕਸ਼ੀਲ ਮਨੁੱਖਾਂ ਦੀ। ਬਲਕਿ ਵਿਵੇਕਸ਼ੀਲ ਮਨੁੱਖ ਵਿਵਸਥਾ ਲਈ ਖ਼ਤਰਾ ਬਣ ਸਕਦਾ ਹੈ। ਉੱਚ ਵਿਦਿਆ ਦਾ ਭੋਗ ਪਾ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾ ਰਹੇ ਹਨ। ਦੁਨੀਆ ਭਰ ਵਿਚ ਮਜ਼ਦੂਰਾਂ ਦੀਆਂ ਯੂਨੀਅਨਾਂ ਜਾਂ ਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਜਾਂ ਉਹ ਸਾਹਸਤਹੀਣ ਬਣਾ ਦਿੱਤੀਆਂ ਗਈਆਂ ਹਨ। ਪਹਿਲਾਂ ਲੋਕ ਸਰਕਾਰੀ ਨੌਕਰੀਆਂ ਦੀ ਝਾਕ ਰੱਖਦੇ ਸਨ। ਪੂੰਜੀਵਾਦੀ ਕਾਰਪੋਰੇਸ਼ਨਾਂ ਨੇ ਜਨਤਕ ਅਦਾਰਿਆਂ 'ਤੇ ਕਾਬਜ਼ ਹੋ ਕੇ ਲੋਕਾਂ ਦੀ ਉਹ ਝਾਕ ਹੁਣ ਖ਼ਤਮ ਕਰ ਦਿੱਤੀ ਹੈ। ਇਸੇ ਹੀ ਸਮੇਂ ਦੌਰਾਨ ਪੂੰਜੀਵਾਦ ਦੇ ਬਗਲ ਬੱਚੇ ਤੇ ਸਾਡੇ ਰਾਜਸੀ ਆਕਾਵਾਂ ਨੇ ਲੋਕਾਂ ਵਿਚ ਇਹ ਆਸ ਜਗਾਈ ਕਿ ਪ੍ਰਾਈਵੇਟ ਕੰਪਨੀਆਂ ਆਪਣੇ ਕਾਰੋਬਾਰ ਕਰਨਗੀਆਂ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਹ ਆਸ ਵੀ ਹੁਣ ਟੁੱਟਣੀ ਸ਼ੁਰੂ ਹੋ ਗਈ ਹੈ। ਸਮਾਜ ਦੀ ਵੱਡੀ ਗਿਣਤੀ ਪੜ੍ਹ ਲਿਖ ਕੇ ਪਹਿਲਾਂ ਸਰਕਾਰੀ ਨੌਕਰੀ ਲੱਭਦੀ ਸੀ। ਫਿਰ ਉਨ੍ਹਾਂ ਨੂੰ ਪ੍ਰ੍ਰਾਈਵੇਟ ਨੌਕਰੀ ਦੀ ਆਸ ਬਣੀ। ਹੁਣ ਗੱਲ ਉਸ ਤੋਂ ਅਗਾਂਹ ਚਲੀ ਗਈ। ਹੁਣ ਪ੍ਰਾਈਵੇਟ ਕੰਪਨੀਆਂ ਨੇ ਕੰਮ ਲਈ ਅਜਿਹੀ ਜੁਗਤ ਲੱਭ ਲਈ ਜਿਸ ਨਾਲ ਕਿਸੇ ਕੰਮ ਦਾ ਠੇਕਾ ਕਿਸੇ ਇਕ ਮਜ਼ਦੂਰ ਨੂੰ ਦੇ ਦਿੱਤਾ ਜਾਂਦਾ ਹੈ, ਉਹ ਜਿਵੇਂ ਮਰਜ਼ੀ ਕੰਮ ਕਰਵਾਏ ਜਿੱਥੋਂ ਜਿਹੜੇ ਮਰਜ਼ੀ ਮਜ਼ਦੂਰ ਲੱਭ ਕੇ ਲਿਆਵੇ। ਇਹ ਨਵੀਂ ਦੁਨੀਆ ਵਿਚ ਮੁਲਾਜ਼ਮਾਂ/ਮਜ਼ਦੂਰਾਂ ਦੀ ਨਵੀਂ ਕਿਸਮ ਦੀ ਗੁਲਾਮੀ ਦਾ ਦੌਰ ਹੈ ਜਿਸ ਵਿਚ ਉਨ੍ਹਾਂ ਦੇ ਕਿਸੇ ਤਰ੍ਹਾਂ ਦੇ ਹੱਕ ਹਕੂਕ ਨਹੀਂ ਹੋਣਗੇ ਨਾ ਹੀ ਕੋਈ ਸੁਣਵਾਈ ਹੋਵੇਗੀ। ਪੈਨਸ਼ਨ ਤਾਂ ਦੂਰ ਦਿਹਾੜੀ ਦੀ ਵੀ ਗਰੰਟੀ ਨਹੀਂ ਹੋਵੇਗੀ। ਕੰਮ ਕਰਨ ਦੇ ਘੰਟਿਆਂ ਦਾ ਕੋਈ ਹਿਸਾਬ-ਕਿਤਾਬ ਨਹੀਂ। ਆਪਣੇ ਹੱਕਾਂ ਲਈ ਹੜਤਾਲਾਂ ਮੁਜ਼ਾਹਰੇ ਕਰਨੇ ਤਾਂ ਬੀਤੇ ਦੀਆਂ ਬਾਤਾਂ ਬਣ ਗਏ ਹਨ
ਵਿਕਸਿਤ ਮੁਲਕਾਂ ਵਿਚ ਵੀ ਇਕ ਛੋਟਾ ਜਿਹਾ ਘਰ ਲੈਣ ਵਾਲੇ ਲਈ ਗੁਲਾਮੀ ਦੀ ਅਜਿਹੀ ਵਿਵਸਥਾ ਸਿਰਜ ਦਿੱਤੀ ਜਾਂਦੀ ਹੈ, ਜਿਸ ਵਿਚ ਮਜ਼ਦੂਰਾਂ ਦੀ ਪੂਰੀ ਜ਼ਿੰਦਗੀ ਘਰ ਦੀਆਂ ਕਿਸ਼ਤਾਂ ਲਾਹੁੰਦਿਆਂ ਲੰਘ ਜਾਂਦੀ ਹੈ। ਦੂਜੇ ਪਾਸੇ ਪੂਰੀ ਦੁਨੀਆ ਦੀ ਅੱਧੀ ਦੌਲਤ 1 ਫ਼ੀਸਦੀ ਪੂੰਜੀਪਤੀਆਂ ਕੋਲ ਹੈ। ਹਰ ਪੁੱਠੇ ਸਿੱਧੇ ਢੰਗ ਨਾਲ ਪੈਸੇ ਨੂੰ ਇਕ -ਦੂਜੇ ਤੋਂ ਵੱਧ ਇਕੱਠਾ ਕਰਨ ਲਈ ਇਨ੍ਹਾਂ ਪੂੰਜੀਪਤੀਆਂ ਵਿਚ ਵੀ ਦੌੜ ਲੱਗੀ ਹੋਈ ਹੈ। ਕੋਸ਼ਿਸ਼ ਇਹ ਹੈ ਆਮ ਲੋਕ ਕਰਜ਼ਿਆਂ ਦੇ ਮਕੜਜਾਲ ਤੋਂ ਬਾਹਰ ਨਾ ਆਉਣ। ਸਾਰੀ-ਸਾਰੀ ਉਮਰ ਕਿਸ਼ਤਾਂ ਭਰਦੇ ਰਹਿਣ, ਉਨ੍ਹਾਂ ਨੂੰ ਰੋਟੀ, ਕੱਪੜੇ, ਬਿਜਲੀ, ਨੈੱਟਵਰਕ ਤੇ ਹੋਰ ਜ਼ਰੂਰੀ ਲੋੜਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਆਰਥਿਕ ਗੁਲਾਮੀ ਦੇ ਅਦ੍ਰਿਸ਼ ਸੰਗਲਾਂ ਨਾਲ ਨੂੜ ਕੇ ਪੂਰੀ ਦੁਨੀਆ ਨੂੰ ਇਕ ਅਦ੍ਰਿਸ਼ ਜੇਲ੍ਹ ਵਿਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਅਦ੍ਰਿਸ਼ ਗੁਲਾਮੀ ਦਾ ਅਹਿਸਾਸ ਦੁਨੀਆ ਦੇ 1 ਫ਼ੀਸਦੀ ਲੋਕਾਂ ਨੂੰ ਵੀ ਨਹੀਂ ਹੋ ਰਿਹਾ।
ਪੂੰਜੀਵਾਦੀ ਬਾਜ਼ਾਰਾਂ ਵਿਚ ਪੈਸੇ ਨੂੰ ਇਸ ਤਰ੍ਹਾਂ ਨਹੀਂ ਵੇਖਿਆ ਜਾਂਦਾ ਜਿਵੇਂ ਅਸੀਂ ਆਮ ਲੋਕ ਦੇਖਦੇ ਹਾਂ ਬਲਕਿ ਤਰਲ ਰੂਪ ਵਿਚ ਵੇਖਿਆ ਜਾਂਦਾ ਹੈ। ਇੱਥੇ ਪੈਸੇ ਨੂੰ ਚੋਗੇ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਪੂੰਜੀਵਾਦ ਬਾਜ਼ਾਰ ਕਿੱਲੋਆਂ ਵਿਚ ਪੈਸਾ ਬੀਜਦਾ ਹੈ ਅਤੇ ਕਈ ਕੁਇੰਟਲਾਂ ਵਿਚ ਇਸ ਦੀ ਫ਼ਸਲ ਚੁੱਕਦਾ ਹੈ। ਬਹੁਤ ਸੋਚ ਸਮਝ ਕੇ ਪੈਸਾ ਕਿਸੇ ਇਕ ਖੇਤਰ ਵੱਲ ਵਹਾਇਆ ਜਾਂਦਾ ਹੈ ਅਤੇ ਫਿਰ ਲੋਕਾਂ ਵਿਚ ਵਹਾ ਦਿੱਤੇ ਗਏ ਇਸ ਸਰਮਾਏ ਨੂੰ ਦੁੱਗਣਾ-ਚੌਗੁਣਾ ਕਰਕੇ ਕਿਵੇਂ ਇਕ ਜਗ੍ਹਾ 'ਤੇ ਇਕੱਤਰ ਕੀਤਾ ਜਾਣਾ ਹੈ ਇਸ ਲਈ ਨੀਤੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੀਤੀਆਂ ਦੀ ਸਮਝ ਆਮ ਲੋਕਾਂ ਨੂੰ ਤਾਂ ਕੀ ਬਹੁਤੇ ਰਾਜਸੀ ਨੇਤਾਵਾਂ ਨੂੰ ਵੀ ਨਹੀਂ ਹੁੰਦੀ। ਜਦੋਂ ਤੱਕ ਲੋਕਾਂ ਨੂੰ ਸਮਝ ਪੈਂਦੀ ਹੈ ਉਦੋਂ ਤੱਕ ਖੇਤ ਚੁਗੇ ਜਾ ਚੁੱਕੇ ਹੁੰਦੇ ਹਨ, ਵਿਰਾਨ ਹੋ ਗਏ ਹੁੰਦੇ ਹਨ।
ਬਹੁਗਿਣਤੀ ਦੇਸ਼ਾਂ ਵਿਚ ਪੂੰਜੀਵਾਦੀ ਸਰਮਾਏ ਨਾਲ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਦੇ ਸਾਧਨਾਂ ਅਤੇ ਕਰਮ ਖੇਤਰਾਂ ਦੇ ਕਾਬਜ਼ ਹੋਣ ਦੀ ਕਵਾਇਦ ਚੱਲ ਰਹੀ ਹੈ। ਆਨ- ਲਾਈਨ ਬਾਜ਼ਾਰ ਨੇ ਹਰ ਤਰ੍ਹਾਂ ਦੀ ਦੁਕਾਨਦਾਰੀ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਬੜੀ ਜਲਦੀ ਦੁਕਾਨਾਂ ਦੇ ਮਾਲਕਾਂ ਦੀਆਂ ਔਲਾਦਾਂ ਆਨ- ਲਾਈਨ ਪੂੰਜੀਪਤੀਆਂ ਦੇ ਕਰਿੰਦੇ ਬਣ ਕੇ ਰਹਿ ਜਾਣਗੀਆਂ। ਆਨਲਾਈਨ ਰੋਟੀ ਦਾ ਬਾਜ਼ਾਰ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਵੱਡੀਆਂ ਕੰਪਨੀਆਂ ਸਾਮਾਨ ਦੀ ਡਲਿਵਰੀ ਕਰਨ ਵਾਲੇ ਹਲਕੇ ਹਵਾ ਵਿਚ ਉੱਡਣ ਵਾਲੇ ਰੋਬੋਟ ਤਿਆਰ ਕਰ ਰਹੀਆਂ ਹਨ। ਆਨਲਾਈਨ ਰੋਟੀ ਦੇ ਬਾਜ਼ਾਰ ਦੀ ਕੋਸ਼ਿਸ਼ ਰਹੇਗੀ ਕਿ ਮੁਫ਼ਤ ਦੇ ਮੋਬਾਇਲ ਫੋਨ ਵਾਂਗ ਬੜੀ ਸਸਤੀ ਰੋਟੀ ਨੂੰ ਬਾਜ਼ਾਰ ਵਿਚ ਉਤਾਰਿਆ ਜਾਵੇ ਜਦੋਂ ਤੁਸੀਂ ਘਰ ਦਾ ਚਕਲਾ-ਵੇਲਣਾ, ਤਵਾ-ਪਰਾਤ, ਦੌਰੀ-ਡੰਡਾ ਤੇ ਹੋਰ ਭਾਂਡੇ-ਟੀਂਡੇ ਵੇਚ ਦਿਓਗੇ ਤਾਂ ਮੁੜ ਇਸੇ ਰੋਟੀ ਤੋਂ ਤੁਹਾਡੇ ਨਾਲ ਪਿਛਲਾ ਹਿਸਾਬ-ਕਿਤਾਬ ਵੀ ਬਰਾਬਰ ਕਰ ਲਿਆ ਜਾਵੇਗਾ। ਇਹ ਸਭ ਤਰ੍ਹਾਂ ਦਾ ਵਾਣ ਰੱਸਾ ਆਮ ਮਨੁੱਖ ਦੀ ਗੁਲਾਮੀ ਨੂੰ ਹੋਰ ਪੀੜਾ ਕਰਨ ਲਈ ਵੱਟਿਆ ਜਾ ਰਿਹਾ ਹੈ।
ਇਸ ਵਿਵਸਥਾ ਵਿਚ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਸ਼ਾਇਦ ਜੋ ਵਰਤਾਰੇ ਚੱਲ ਰਹੇ ਹਨ ਉਹ ਕਿਸੇ ਇਕ ਫ਼ਿਰਕੇ ਜਾਂ ਇਕ ਧਰਮ ਨੂੰ ਨਿਸ਼ਾਨਾ ਬਣਾਉਣ ਲਈ ਹਨ ਪਰ ਪੂੰਜੀਵਾਦ ਦਾ ਕੋਈ ਧਰਮ ਨਹੀਂ ਹੁੰਦਾ। ਪੂੰਜੀਵਾਦ ਦੇ ਗਲਿਆਰਿਆਂ ਵਿਚ ਕਰਮ ਸਿੰਘ, ਕਰਮ ਚੰਦ ਤੇ ਕਰਮਦੀਨ ਸਭ ਨਾਲ ਇਕੋ ਜਿਹਾ ਸਲੂਕ ਕੀਤਾ ਜਾਵੇਗਾ। ਉਂਝ ਅਸੀਂ ਧਰਮਾਂ ਮਜ਼ਹਬਾਂ ਦੇ ਨਾਂਅ 'ਤੇ ਲੜੀ ਮਰੀ ਜਾਈਏ, ਮਾਰਧਾੜ ਚੱਲਦੀ ਰਹੇ, ਤੇ ਸਾਡਾ ਧਿਆਨ ਜੀਵਨ ਦੇ ਬੁਨਿਆਦੀ ਸਵਾਲਾਂ ਵੱਲ ਨਾ ਜਾਵੇ ਤਾਂ ਇਹ ਉਨ੍ਹਾਂ ਲਈ ਬੜੀ ਚੰਗੀ ਗੱਲ ਹੈ।
ਪੁਲਾੜ ਵਿਚ ਘੁੰਮ ਰਹੇ ਸੈਟੇਲਾਈਟ ਤੋਂ ਲੈ ਕੇ ਖਾਣੇ ਤੱਕ ਪੂੰਜੀਵਾਦੀ ਤਾਕਤਾਂ ਕਾਬਜ਼ ਹੋ ਰਹੀਆਂ ਹਨ। ਕੁਝ ਸਾਲ ਪਹਿਲਾਂ ਖੱਬੇ ਪੱਖੀ ਵਿਚਾਰਕ ਵਿਦਵਾਨ ਅਰਥਸ਼ਾਸਤਰੀ ਇਹ ਸੋਚਦੇ ਸਨ ਕਿ ਦੁਨੀਆ ਵਿਚ ਜਿਵੇਂ-ਜਿਵੇਂ ਵਿਗਿਆਨ ਦਾ ਪਾਸਾਰ ਹੋਵੇਗਾ ਮਨੁੱਖ ਦੀ ਗੁਲਾਮੀ ਦੇ ਸੰਗਲ ਉਵੇਂ-ਉਵੇਂ ਉਸੇ ਅਨੁਪਾਤ ਵਿਚ ਟੁੱਟਦੇ ਜਾਣਗੇ। ਪਰ ਉਨ੍ਹਾਂ ਦੀ ਇਹ ਧਾਰਨਾ ਗ਼ਲਤ ਸਾਬਤ ਹੋਈ ਹੈ। ਪੂੰਜੀਵਾਦੀ ਤਾਕਤਾਂ ਨੇ ਵਿਗਿਆਨਕ ਖੋਜਾਂ ਨੂੰ ਹੁਣ ਆਪਣੀਆਂ ਰਖੇਲਾਂ ਬਣਾ ਲਿਆ ਹੈ। ਖੋਜਾਂ ਕਰਨ ਵਾਲੇ ਦਿਮਾਗ਼ ਸਮਾਜ ਦੀ ਬਜਾਏ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਮੁਨਾਫ਼ਿਆਂ ਲਈ ਕੰਮ ਕਰਨ ਲੱਗੇ ਹਨ। ਪੂੰਜੀਵਾਦੀ ਤਾਕਤਾਂ ਅਜਿਹਾ ਸੰਸਾਰ ਸਿਰਜਣ ਦੀ ਕੋਸ਼ਿਸ਼ ਵਿਚ ਹਨ ਜਿੱਥੇ ਕਿਸਾਨ, ਦੁਕਾਨਦਾਰ, ਮੁਲਾਜ਼ਮ, ਕਾਰੋਬਾਰ ਕਰਨ ਵਾਲੇ ਲੋਕ ਨਾ ਹੋਣ ਬਲਕਿ ਇਹ ਲੋਕ ਕਾਰਪੋਰੇਸ਼ਨਾਂ ਦੇ ਗ਼ੁਲਾਮ ਤੇ ਕਰਿੰਦੇ ਹੋਣ। ਇਸ ਟੀਚੇ ਨੂੰ ਸੌਖਿਆਂ ਤਾਂ ਪੂਰਾ ਨਹੀਂ ਨਾ ਕੀਤਾ ਜਾ ਸਕਦਾ, ਇਸ ਨੂੰ ਪੂਰਾ ਕਰਨ ਲਈ ਪੂੰਜੀਵਾਦ ਨੂੰ ਪੂਰਾ-ਪੂਰਾ ਬਿਜਲਈ ਮੀਡੀਆ ਵੀ ਚਾਹੀਦਾ ਹੈ, ਪੂਰੀ ਧਰਤੀ ਚਾਹੀਦੀ ਹੈ, ਪਾਣੀ ਤੇ ਗਲਬੇ ਦੀ ਲੋੜ ਹੈ, ਲੋਹਾ, ਕੋਲਾ, ਜੰਗਲ, ਦਰਿਆ, ਰੇਲਾਂ, ਹਵਾਈ ਅੱਡੇ, ਮੋਬਾਈਲ ਨੈੱਟਵਰਕ, ਬੰਦਰਗਾਹਾਂ, ਪ੍ਰੈੱਸ, ਬਿਜਲੀ, ਸੜਕਾਂ, ਗੱਲ ਕੀ ਸਮੁੰਦਰ ਤੋਂ ਲੈ ਕੇ ਪੁਲਾੜ ਤੱਕ ਸਭ ਕੁਝ ਚਾਹੀਦਾ ਹੈ ਤੇ ਇਹ ਸਭ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਇਸ ਵਿਵਸਥਾ ਨੂੰ ਜੇਕਰ ਨਹੀਂ ਚਾਹੀਦੇ ਤਾਂ ਵਿਵੇਕਸ਼ੀਲ ਮਨੁੱਖ ਨਹੀਂ ਚਾਹੀਦੇ। ਉਹ ਲੋਕ ਨਹੀਂ ਚਾਹੀਦੇ ਜੋ ਇਸ ਧਰਤੀ ਦੀ ਖੈਰ ਮੰਗਦੇ ਹੋਣ। ਅਜਿਹਾ ਕਰਨ ਵਾਲਿਆਂ 'ਤੇ ਦੇਸ਼ ਧਿਰੋਹੀ ਦੇ ਲੇਬਲ ਲਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇਗਾ। ਪੂੰਜੀਵਾਦੀ ਵਿਵਸਥਾ ਨੂੰ ਉਹ ਲੋਕ ਨਹੀਂ ਚਾਹੀਦੇ ਜੋ ਸਮੁੱਚੀ ਮਾਨਵਤਾ ਦੇ ਹੱਕ ਹਕੂਕ ਦੀ ਗੱਲ ਕਰਦੇ ਹੋਣ। ਬਲਕਿ ਉਨ੍ਹਾਂ ਲੋਕਾਂ ਦੀ ਲੋੜ ਹੈ ਜੋ ਲੋਕਾਂ ਨੂੰ ਆਪਸੀ ਲੜਾਈਆਂ ਵਿਚ ਉਲਝਾ ਕੇ ਰੱਖਣ ਤਾਂ ਕਿ ਵਿਵੇਕਹੀਣ ਉਹ ਜਮਾਤਾਂ ਪੈਦਾ ਕੀਤੀਆਂ ਜਾਣ ਜੋ ਆਪਣੀ ਲੋਕ ਸ਼ਕਤੀ ਨੂੰ ਆਪਸੀ ਲੜਾਈ ਵਿਚ ਖ਼ਰਚੀ ਜਾਏ।
ਇਸ ਸਮੇਂ ਪੂਰੀ ਦੁਨੀਆ ਨੂੰ ਕਾਰਪੋਰੇਟ ਤਰਜੀਹਾਂ ਅਨੁਸਾਰ ਚਲਾਇਆ ਜਾ ਰਿਹਾ ਹੈ। ਇਸ 'ਤੇ ਚਲਦਿਆਂ ਇਕ ਅਜਿਹਾ ਭ੍ਰਿਸ਼ਟ ਨਿਜ਼ਾਮ ਪੈਦਾ ਕੀਤਾ ਗਿਆ ਹੈ ਜੋ ਧਰਤੀ-ਹਵਾ-ਪਾਣੀ ਨੂੰ ਬੇਕਿਰਕ ਹੋ ਕੇ ਬਰਬਾਦ ਕਰ ਰਿਹਾ ਹੈ। ਅਜਿਹਾ ਨਿਜ਼ਾਮ ਜਿਸ ਸਾਹਮਣੇ ਅਦਾਲਤਾਂ-ਕਚਹਿਰੀਆਂ ਦੇ ਕਾਨੂੰਨ ਨੇਮ ਗੋਡੇ ਟੇਕ ਲੈਂਦੇ ਹਨ। ਅਜਿਹਾ ਨਿਜ਼ਾਮ ਜਿਸ ਵਿਚ, ਜੇਕਰ ਲੋਕਾਂ ਨੇ ਲੋਕਤਾਂਤਰਿਕ ਢੰਗ ਨਾਲ ਆਪਣੀ ਰਾਜ ਕਰਦੀ ਧਿਰ ਨੂੰ ਬਦਲਣਾ ਵੀ ਹੈ ਤਾਂ ਘੁੰਮ-ਘੁਮਾ ਕੇ ਇਸ ਦਾ ਰਾਹ ਕਾਰਪੋਰੇਟ ਤਾਕਤਾਂ ਦੇ ਗਲਿਆਰਿਆਂ ਵਿਚੋਂ ਹੀ ਗੁਜ਼ਰਦਾ ਹੈ। ਇਸ ਨਿਜ਼ਾਮ 'ਤੇ ਚਲਦਿਆਂ ਦੁਨੀਆ ਭਰ ਵਿਚ ਭੁੱਖਮਰੀ, ਬੇਰੁਜ਼ਗਾਰੀ, ਗ਼ਰੀਬੀ ਮੰਦਹਾਲੀ, ਇਲਾਜ ਲਈ ਵਿਲਕਦੇ ਥੁੜਾਂ ਮਾਰੇ ਕਰੋੜਾਂ ਲੋਕਾਂ ਦੀ ਜੂਨ ਬਦ ਤੋਂ ਬਦਤਰ ਹੋ ਰਹੀ ਹੈ। ਪੂੰਜੀਵਾਦ ਦੀਆਂ ਲੋਕ ਮਾਰੂ ਨੀਤੀਆਂ ਨੂੰ ਸਮਝਣ ਲਈ ਲੋਕਾਂ ਨੂੰ ਜਾਗਣਾ, ਸਮਝਣਾ ਪਵੇਗਾ ਅਤੇ ਇਨ੍ਹਾਂ ਨੀਤੀਆਂ ਖਿਲਾਫ਼ ਲਾਮਬੰਦ ਹੋਣਾ ਹੋਵੇਗਾ।
ਜੀਰਾ, ਸੰਪਰਕ : 9855051099