ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
26 ਦਸੰਬਰ 2022
ਕੇਂਦਰ ਦੀ ਸਬਸਿਡੀ ਸਬਸਿਡੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਸਹੂਲਤਾਂ ‘ਮੁਫ਼ਤ ਰੇਵੜੀ’- ‘ਆਪ ਬੁਲਾਰਾ’
ਬਿਲਕੁਲ ਓਵੇਂ ਜੀ ਜਿਵੇਂ ਤੁਹਾਡਾ ਕੁੱਤਾ ਕੁੱਤਾ, ਸਾਡਾ ਕੁੱਤਾ ਟੌਮੀ।
ਚੰਨੀ ਨੇ ਵਿਦੇਸ਼ੋਂ ਪਰਤਦਿਆਂ ਹੀ ਖੜਗੇ ਤੇ ਪ੍ਰਿਅੰਕਾ ਨਾਲ ਕੀਤੀ ਮੁਲਾਕਾਤ- ਇਕ ਖ਼ਬਰ
ਸਾਨੂੰ ਪਾਰ ਲੰਘਾ ਦਿਉ ਜੀ, ਤੁਸੀਂ ਨਦੀਆਂ ਦੇ ਭੇਤੀ।
ਮਾਨਸਾ ‘ਚ ਵਾਪਰੀਆਂ ਸਾੜ-ਫੂਕ ਦੀਆਂ ਘਟਨਾਵਾਂ ‘ਚੋਂ 25 ਡੇਰਾ ਪ੍ਰੇਮੀ ਬਰੀ- ਇਕ ਖ਼ਬਰ
ਕੀ ਲਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ।
ਸਮ੍ਰਿਤੀ ਈਰਾਨੀ ਅਮੇਠੀ ‘ਚ ‘ਲਟਕੇ ਝਟਕੇ’ ਦਿਖਾ ਕੇ ਚਲੀ ਜਾਂਦੀ ਹੈ- ਕਾਂਗਰਸੀ ਆਗੂ
ਝੁਮਕਾ ਗਿਰਾ ਰੇ ਅਮੇਠੀ ਕੇ ਬਾਜ਼ਾਰ ਮੇਂ।
ਪੰਜ ਸਾਲਾਂ ਵਿਚ 10.09 ਲੱਖ ਕਰੋੜ ਰੁਪਏ ਦਾ ਕਰਜ਼ਾ ਵੱਟੇ-ਖਾਤੇ ਪਾਇਆ- ਵਿਤ ਮੰਤਰੀ
ਅੰਨ੍ਹਾਂ ਵੰਡੇ ਸ਼ੀਰਨੀ, ਮੁੜ ਮੁੜ ਆਪਣਿਆਂ ਨੂੰ ਦੇਹ।
ਰਵਾਇਤੀ ਪਾਰਟੀਆਂ ‘ਤੇ ‘ਆਪ’ ਦੇ ਕੰਮਾਂ ਨੂੰ ਜਾਣ ਬੁਝ ਕੇ ਨਜ਼ਰ-ਅੰਦਾਜ਼ ਕਰਨ ਦੇ ਦੋਸ਼- ਮੁਲਾਜ਼ਮ ਆਗੂ
ਭੱਤਾ ਢੋਏ ਦੀ ਕਦਰ ਨਾ ਪਾਈ, ਡੰਡੀਆਂ ਤੋਂ ਮੁਕਰ ਗਇਓਂ।
ਬਿਹਾਰ ‘ਚ ਨਵਾਂ ਬਣਿਆ ਪੁਲ ਉਦਘਾਟਨ ਤੋਂ ਪਹਿਲਾਂ ਹੀ ਡਿਗ ਗਿਆ- ਇਕ ਖ਼ਬਰ
ਓ ਭਾਈ ਏਥੇ ਤਾਂ ਬਿਨਾਂ ਬਣਾਇਆਂ ਵੀ ਪੁਲ ਡਿਗ ਜਾਂਦੇ ਨੇ।
ਪੰਜਾਬ ਦਾ ਨਸ਼ਾ ਮਾਫ਼ੀਆ-ਸਿਆਸੀ ਗੱਠਜੋੜ ਪੂਰੇ ਦੇਸ਼ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੈ- ਹਰਸਿਮਰਤ
ਬੀਬੀ ਜੀ, ਇਸ ਗੱਠਜੋੜ ਦੀਆਂ ਨੀਹਾਂ ਰੱਖਣ ਵਾਲਿਆਂ ਬਾਰੇ ਵੀ ਜ਼ਰਾ ਚਾਨਣਾ ਪਾ ਦਿੰਦੇ।
ਅਕਾਲੀ ਦਲ ਦੀਆਂ ਕਮੀਆਂ ਦੂਰ ਕਰਨ ਲਈ ਪੰਥਕ ਏਕੇ ਦੀ ਲੋੜ-ਚੰਦੂਮਾਜਰਾ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।
ਰਾਜਾ ਵੜਿੰਗ ਦੇ ਸਮਾਗਮ ‘ਚੋਂ ਗ਼ੈਰਹਾਜ਼ਰ ਰਹੇ ਸਥਾਨਕ ਆਗੂ- ਇਕ ਖ਼ਬਰ
ਮੋਤੀ ਖਿਲਰ ਗਏ, ਚੁਗ ਲੈ ਕਬੂਤਰ ਬਣ ਕੇ।
ਜੇਲ੍ਹ ‘ਚੋਂ ਨਵਜੋਤ ਸਿੱਧੂ ਦੀ ਸੰਭਾਵੀ ਰਿਹਾਈ ਤੋਂ ਸਿਆਸੀ ਹਲਚਲ- ਇਕ ਖ਼ਬਰ
ਛੜੇ ਬੈਠ ਕੇ ਸਲਾਹਾਂ ਕਰਦੇ, ਰੱਬਾ ਹੁਣ ਕੀ ਕਰੀਏ।
ਪਾਰਟੀ ਅਨੁਸ਼ਾਸਨ ਭੰਗ ਕਰਨ ਵਾਲ਼ਿਆਂ ਨੂੰ ਦਿਖਾਵਾਂਗਾ ਬਾਹਰ ਦਾ ਰਸਤਾ- ਰਾਜਾ ਵੜਿੰਗ
ਰੱਬ ਚਾੜ੍ਹ ਪਹਾੜ ਤੋਂ ਡੇਗ ਦਿੰਦਾ, ਗ਼ਰਬ ਕਰੀਏ ਨਾ ਵੱਡੇ ਇਕਬਾਲ ਦਾ ਜੀ।
ਬਾਇਡੇਨ ਨਾਲ਼ ਮੁਲਾਕਾਤ ਕਰਨਗੇ ਜ਼ੇਲੈਂਸਕੀ- ਇਕ ਖ਼ਬਰ
ਉੱਥੇ ਲੈ ਚਲ ਚਰਖ਼ਾ ਮੇਰਾ, ਜਿੱਥੇ ਤੇਰੇ ਹਲ਼ ਵਗਦੇ।
ਸ਼ਰਾਬ ਫ਼ੈਕਟਰੀ: ‘ਏਕਤਾ ਤੇ ਸਾਂਝੀਵਾਲਤਾ’ ਦਾ ਪ੍ਰਤੀਕ ਬਣਿਆ ਸੰਘਰਸ਼- ਇਕ ਖ਼ਬਰ
ਕਾਦਰਯਾਰ ਕੀ ਸਿੱਧਾਂ ਦੀ ਸਿਫ਼ਤ ਕਰੀਏ, ਜੁੜ ਬੈਠੇ ਨੇ ਕਈ ਜਮਾਇਤਾਂ ਦੇ।
ਕੋਈ ਵੀ ਮੁਆਵਜ਼ਾ ਗੰਭੀਰ ਹਾਦਸੇ ਦੇ ਪੀੜਿਤ ਦੇ ਦਰਦ ਨੂੰ ਦੂਰ ਨਹੀਂ ਕਰ ਸਕਦਾ- ਸੁਪਰੀਮ ਕੋਰਟ
ਵੇ ਮੁੰਦਰੀ ਸੋਨੇ ਦੀ, ਮੇਰਾ ਟੁੱਟਿਆ ਦਿਲ ਨਾ ਜੋੜੇ।