ਯੂਕਰੇਨ ਜੰਗ : ਪੱਛਮ ਹੁਣ ਕਸੂਤਾ ਫਸਿਆ - ਐੱਮਕੇ ਭੱਦਰਕੁਮਾਰ

ਜਿਵੇਂ ਜਿਵੇਂ ਨਵਾਂ ਸਾਲ ਨੇੜੇ ਆ ਰਿਹਾ ਹੈ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੌਮਾਂਤਰੀ ਰਾਜਨੀਤੀ ਵਿਚ ਵੱਡੀਆਂ ਸ਼ਕਤੀਆਂ ਦੀ ਸਫ਼ਬੰਦੀ ਬਹੁਤੀ ਹੱਦ ਤੱਕ ਇਸ ਗੱਲ ’ਤੇ ਮੁਨੱਸਰ ਕਰੇਗੀ ਕਿ ਯੂਕਰੇਨ ਵਿਚ ਚੱਲ ਰਹੀ ਜੰਗ ਦਾ ਊਠ ਕਿਸ ਕਰਵਟ ਬੈਠਦਾ ਹੈ। ਇਸ ਵੇਲੇ ਬਣੀ ਖੜੋਤ ਬਹੁਤੀ ਦੇਰ ਨਹੀਂ ਚੱਲ ਸਕਦੀ। ਇਸ ਨੂੰ ਬਦਲਣਾ ਪੈਣਾ ਹੈ ਤੇ ਇਹ ਬਦਲੇਗੀ। ਮੋਢੀ ਕਿਰਦਾਰਾਂ ਨੂੰ ਆਪਣੀਆਂ ਭੁੱਲਾਂ ਦਾ ਅਹਿਸਾਸ ਹੋ ਰਿਹਾ ਹੈ। ਜਿੱਥੋਂ ਤਕ ਰੂਸ ਦਾ ਸਵਾਲ ਹੈ, ਇਸ ਨੂੰ ਭਰਵਾਂ ਅਹਿਸਾਸ ਹੋ ਗਿਆ ਹੈ ਕਿ ਇਸ ਦੀਆਂ ਦੋ ਮੁੱਖ ਧਾਰਨਾਵਾਂ ਵਿਚ ਵੱਡੀਆਂ ਖਾਮੀਆਂ ਸਨ, ਪਹਿਲੀ ਇਹ ਕਿ ਫਰਵਰੀ/ਮਾਰਚ ਦੇ ਮਹੀਨੇ ਵੱਡਾ ਖੜਕਾ ਦੜਕਾ ਕਰਨ ਨਾਲ ਯੂਕਰੇਨ ਸਰਕਾਰ ਗੋਡੇ ਟੇਕ ਦੇਵੇਗੀ, ਦੂਜਾ ਇਹ ਕਿ ਅਮਰੀਕਾ ਸ਼ਾਂਤੀ ਪ੍ਰਕਿਰਿਆ ਨੂੰ ਦੁਤਕਾਰਨ ਲਈ ਬਹੁਤੀ ਸਰਗਰਮੀ ਨਹੀਂ ਦਿਖਾਵੇਗਾ।
ਦੂਜੇ ਬੰਨ੍ਹੇ, ਅਮਰੀਕਾ ਅਤੇ ਉਸ ਦੇ ਸੰਗੀ ਮੁਲਕ ਇਸ ਗੱਲੋਂ ਪੱਬਾਂ ਭਾਰ ਸਨ ਕਿ ਜੰਗ ਜਲਦੀ ਖ਼ਤਮ ਹੋਣ ਨਾਲ ਰੂਸ ਦਾ ਘੋਗਾ ਚਿੱਤ ਹੋ ਜਾਵੇਗਾ ਜਦਕਿ ਅੱਜ ਕਠੋਰ ਹਕੀਕਤ ਇਹ ਹੈ ਕਿ ਪੱਛਮੀ ਦੇਸ਼ਾਂ ਦੀਆਂ ਲਾਈਆਂ ਪਾਬੰਦੀਆਂ ਨਾ ਕੇਵਲ ਰੂਸ ਨੂੰ ਜੰਗ ਜਾਰੀ ਰੱਖਣ ਲਈ ਦਰਕਾਰ ਵਸੀਲੇ ਹਾਸਲ ਕਰਨ ਤੋਂ ਰੋਕਣ ਦਾ ਟੀਚਾ ਹਾਸਲ ਕਰਨ ਵਿਚ ਨਾਕਾਮ ਰਹੀਆਂ ਹਨ ਸਗੋਂ ਇਨ੍ਹਾਂ ਪੱਛਮੀ ਅਰਥਚਾਰਿਆਂ ਦਾ ਤ੍ਰਾਹ ਨਿਕਲ ਗਿਆ ਹੈ, ਆਲਮੀ ਊਰਜਾ ਤੇ ਜਿਣਸ ਮੰਡੀਆਂ ਵਿਚ ਉਥਲ-ਪੁਥਲ ਮੱਚ ਗਈ ਹੈ ਜਿਸ ਕਰ ਕੇ ਮਹਿੰਗਾਈ ਦਰਾਂ ਨੂੰ ਅੱਗ ਲੱਗ ਗਈ ਹੈ। ਇਸ ਦੇ ਨਾਟਕੀ ਆਰਥਿਕ ਅਤੇ ਸਿਆਸੀ ਸਿੱਟੇ ਸਾਹਮਣੇ ਆ ਰਹੇ ਹਨ। ਰੂਸ ਵਿਚ ਸੱਤਾ ਤਬਦੀਲੀ ਦਾ ਪੱਛਮ ਦਾ ਰਣਨੀਤਕ ਮਕਸਦ ਭਰਮਜਾਲ ਸਾਬਿਤ ਹੋਇਆ ਹੈ। ਰੂਸ ਹਾਰਨ ਦੀ ਸਥਿਤੀ ਦੇ ਨੇੜੇ ਤੇੜੇ ਵੀ ਨਹੀਂ ਦਿਸ ਰਿਹਾ। ਇਸ ਨੇ ਡੋਨਬਾਸ ਵਿਚ ਇਕ ਖੇਤਰ ਆਜ਼ਾਦ ਕਰਵਾ ਲਿਆ ਹੈ ਜੋ 24 ਫਰਵਰੀ ਤੋਂ ਪਹਿਲਾਂ ਮੌਜੂਦ ਖੇਤਰ ਨਾਲੋਂ ਪੰਜ ਗੁਣਾ ਵਡੇਰਾ ਹੈ। ਆਜ਼ੋਵ ਸਾਗਰ ਰੂਸ ਦੇ ਕੰਟਰੋਲ ਹੇਠ ਆ ਗਿਆ ਹੈ ਜਿਵੇਂ ਇਸ ਦੇ 300 ਸਾਲਾਂ ਦੇ ਇਤਿਹਾਸ ਵਿਚ ਰਿਹਾ ਹੈ। ਕ੍ਰਾਇਮੀਆ ਤੱਕ ਸੜਕ ਅਤੇ ਰੇਲ ਸੰਪਰਕ ਬਹਾਲ ਹੋ ਗਿਆ ਹੈ। ਡੋਨਬਾਸ ਖਿੱਤੇ ਤੱਕ ਰੇਲ ਸੇਵਾਵਾਂ ਜਲਦੀ ਆਮ ਵਾਂਗ ਸ਼ੁਰੂ ਹੋ ਜਾਣਗੀਆਂ। ਮਾਰੀਓਪੋਲ, ਬਰਡਾਇੰਸਕ ਅਤੇ ਹੋਰਨਾਂ ਮੁਕਤ ਕਰਵਾਈਆਂ ਬੰਦਰਗਾਹਾਂ ਵੱਲ ਸਮੁੰਦਰੀ ਜਹਾਜ਼ ਭੇਜੇ ਜਾ ਰਹੇ ਹਨ। ਨੌਰਥ ਕ੍ਰਾਇਮੀਅਨ ਕੈਨਾਲ ’ਤੇ ਕੰਟਰੋਲ ਹੋਣ ਸਦਕਾ ਕ੍ਰਾਇਮੀਆ ਪ੍ਰਾਇਦੀਪ ਲਈ ਪਾਣੀ ਦੀ ਸਪਲਾਈ ਬਹਾਲ ਹੋ ਗਈ ਹੈ। ਡੋਨ ਦਰਿਆ ਤੋਂ 194 ਕਿਲੋਮੀਟਰ ਲੰਮੇ ਜਲ ਮਾਰਗ ਦਾ ਨਿਰਮਾਣ ਚੱਲ ਰਿਹਾ ਹੈ ਜਿਸ ਨਾਲ ਦੋਨੇਸਕ ਲਈ ਜਲ ਸਪਲਾਈ ਯਕੀਨੀ ਬਣ ਜਾਵੇਗੀ। ਇੰਝ ਯੂਕਰੇਨ ਦਾ ਲਗਭਗ ਵੀਹ ਫ਼ੀਸਦ ਖੇਤਰ ਰੂਸ ਦੇ ਅਧੀਨ ਆ ਗਿਆ ਹੈ।
ਰੂਸ ਆਪਣੇ ਫ਼ੌਜੀ ਮਕਸਦ ਹਾਸਲ ਕਰਨ ਲਈ ਪੂਰਾ ਤਾਣ ਲਾ ਰਿਹਾ ਹੈ। ਰੂਸੀ ਫ਼ੌਜ ਦੇ ਜਰਨੈਲ ਵੈਲਰੀ ਗਿਰਾਸੀਮੋਫ ਨੇ ਲੰਘੇ ਵੀਰਵਾਰ ਮਾਸਕੋ ਵਿਚ ਆਖਿਆ ਸੀ ਕਿ ਯੂਕਰੇਨ ਨੂੰ ਪੱਛਮ ਵਲੋਂ ਦਿੱਤੀ ਜਾ ਰਹੀ ਭਾਰੀ ਇਮਦਾਦ ਦੇ ਬਾਵਜੂਦ ਰੂਸ ਆਪਣਾ ਵਿਸ਼ੇਸ਼ ਫ਼ੌਜੀ ਅਪਰੇਸ਼ਨ ਜਾਰੀ ਰੱਖੇਗਾ। ਰੂਸ ਆਪਣੇ ਰਣਨੀਤਕ ਮਿਜ਼ਾਈਲ ਬਲਾਂ ’ਤੇ ਹਵਾ ਦੀ ਰਫ਼ਤਾਰ ਤੋਂ ਤੇਜ਼ ਵਾਰਹੈੱਡ ਬੀੜ ਕੇ ਪਰਮਾਣੂ ਤ੍ਰਿਸ਼ੂਲ ਦੀ ਤਿਆਰੀ ਵਿਚ ਇਜ਼ਾਫ਼ਾ ਕਰ ਰਿਹਾ ਹੈ ਅਤੇ ਆਪਣੇ ਹਥਿਆਰਬੰਦ ਦਸਤਿਆਂ ਦੀ ਸੰਖਿਆ ਵਧਾ ਕੇ 15 ਲੱਖ ਕਰ ਸਕਦਾ ਹੈ। ਬੇਲਾਰੂਸ ਨਾਲ ਗੱਠਜੋੜ ਗਹਿਰਾ ਹੋ ਰਿਹਾ ਹੈ ਜਿਸ ਨਾਲ ਰੂਸ ਨੂੰ ਆਪਣੀ ਉੱਤਰੀ ਦਿਸ਼ਾ ਵੱਲ ਵਧੇਰੇ ਰਣਨੀਤਕ ਗਹਿਰਾਈ ਮਿਲਦੀ ਹੈ।
ਮੌਜੂਦਾ ਹਾਲਾਤ ਅਮਰੀਕਾ ਲਈ ਫਾਇਦੇਮੰਦ ਹੈ। ਅਮਰੀਕਾ ਰੂਸ ਨਾਲ ਚੱਲ ਰਹੀ ਲੁਕਵੀਂ ਜੰਗ ਦਾ ਫਾਇਦਾ ਲੈ ਕੇ ਯੂਰੋਪ ਦੇ ਸਭ ਤੋਂ ਵੱਡੇ ਊਰਜਾ ਸਪਲਾਇਰ ਦੀ ਥਾਂ ਲੈਣਾ ਚਾਹੁੰਦਾ ਹੈ ਅਤੇ ਯੂਕਰੇਨ ਡੈਮੋਕਰੇਸੀ ਡਿਫੈਂਸ ਲੈੱਡ-ਲੀਜ਼ ਐਕਟ-2022 ਤਹਿਤ ਹਥਿਆਰਾਂ ਦੀਆਂ ਬਰਾਮਦਾਂ ਵਧਾ ਰਿਹਾ ਹੈ ਅਤੇ ਨਾਲ ਹੀ ਆਪਣੇ ‘ਨਾਟੋ’ ਸੰਗੀਆਂ ਨੂੰ ਆਪੋ-ਆਪਣੇ ਜ਼ਖੀਰਿਆਂ ਵਿਚੋਂ ਯੂਕਰੇਨ ਲਈ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਲਈ ਹੱਲਾਸ਼ੇਰੀ ਦੇ ਰਿਹਾ ਹੈ। ਸਿਆਸੀ ਲਿਹਾਜ਼ ਤੋਂ ਅਮਰੀਕਾ ਦੇ ਯੂਰੋਪੀਅਨ ਸੰਗੀਆਂ ਦੀ ਭੂਮਿਕਾ ਪਿਛਲੱਗੂ ਹੋ ਕੇ ਰਹਿ ਗਈ ਹੈ।
ਬਹਰਹਾਲ, ਰੂਸ ਦਾ ਹੱਥ ਉਪਰ ਚੱਲ ਰਿਹਾ ਹੈ। ਹਥਿਆਰਬੰਦ ਦਸਤਿਆਂ ਵਿਚ ਤਿੰਨ ਲੱਖ ਲੋਕਾਂ ਦੀ ਭਰਤੀ ਨਾਲ ਪਹਿਲੀ ਵਾਰ ਰੂਸ ਦਾ ਪਲੜਾ ਭਾਰੂ ਹੋ ਗਿਆ ਹੈ। ਆਧੁਨਿਕ ਹਥਿਆਰਾਂ ਸਦਕਾ ਰੂਸੀ ਦਸਤਿਆਂ ਕੋਲ ਜ਼ਬਰਦਸਤ ਹਮਲਾਵਰ ਸ਼ਕਤੀ ਆ ਗਈ ਹੈ। ਉਨ੍ਹਾਂ ਦੀ ਸੰਪਰਕ ਰੇਖਾ ਦੀ ਪਰਤ-ਦਰ-ਪਰਤ ਕਿਲ੍ਹੇਬੰਦੀ ਕਰੀਬ 815 ਕਿਲੋਮੀਟਰ ਤੱਕ ਪਹੁੰਚ ਗਈ ਹੈ ਜਿਸ ਵਿਚ ਯੂਕਰੇਨੀ ਦਸਤੇ ਸੰਨ੍ਹ ਨਹੀਂ ਲਾ ਸਕੇ। ਰੂਸ ਵਲੋਂ ਯੂਕਰੇਨ ਦੇ ਖ਼ਾਸ ਬੁਨਿਆਦੀ ਢਾਂਚੇ ਉਪਰ ਮਿਜ਼ਾਈਲ ਹਮਲੇ ਜਾਰੀ ਹਨ ਜਿਸ ਕਰ ਕੇ ਕੀਫ ਦੇ ਜੰਗੀ ਉੱਦਮਾਂ ਨੂੰ ਸੱਟ ਵੱਜ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਚੀਨ ਰਣਨੀਤਕ ਤੌਰ ’ਤੇ ਰੂਸ ਦੇ ਨਾਲ ਖੜ੍ਹਾ ਹੈ।
ਟਕਰਾਅ ਸ਼ੁਰੂ ਹੋਇਆਂ ਦਸ ਮਹੀਨੇ ਹੋ ਗਏ ਹਨ ਅਤੇ ਯੂਕਰੇਨ ਦੇ ਮੁੱਦੇ ’ਤੇ ਯੂਰੋਪ ਦੇ ਨਜ਼ਰੀਏ ਵਿਚ ਵਖਰੇਵੇਂ ਨਜ਼ਰ ਆ ਰਹੇ ਹਨ ਅਤੇ ਕਈ ਦੇਸ਼ਾਂ ਵਲੋਂ ਗੱਲਬਾਤ ਤੇ ਕੂਟਨੀਤਕ ਹੱਲ ਦੇ ਸੱਦੇ ਦਿੱਤੇ ਜਾ ਰਹੇ ਹਨ। ਰਾਸ਼ਟਰਪਤੀ ਬਾਇਡਨ ਨੇ ਮੰਨਿਆ ਹੈ ਕਿ ਫਰਾਂਸ ਤੇ ਜਰਮਨੀ ਨੇ ਰੂਸ ਨਾਲ ਕਿਸੇ ਵੀ ਤਰ੍ਹਾਂ ਜੰਗ ਸ਼ੁਰੂ ਕਰਨ ਦੀ ਮੁਖ਼ਾਲਫ਼ਤ ਕੀਤੀ ਸੀ ਅਤੇ ਉਨ੍ਹਾਂ ਦੇ ਪੱਖ ਨੂੰ ਨਜ਼ਰਅੰਦਾਜ਼ ਕਰਨ ਦਾ ਮਤਲਬ ਸੀ ਕਿ ‘ਨਾਟੋ’ ਪਾਟੋਧਾੜ ਹੋ ਸਕਦਾ ਸੀ ਅਤੇ ਯੂਰੋਪੀਅ ਸੰਘ ਟੁੱਟ ਸਕਦਾ ਸੀ। ਬਾਇਡਨ ਨੇ ਇਹ ਗੱਲ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੀ ਮੌਜੂਦਗੀ ਵਿਚ ਆਖੀ ਹੈ।
ਫਰਾਂਸ ਅਤੇ ਜਰਮਨੀ ਇਤਿਹਾਸਕ ਤੌਰ ’ਤੇ ਯੂਰੋਪੀਅਨ ਨੀਤੀ ਦੀ ਬਹਿਸ ਦੀ ਧੁਰੀ ਬਣੇ ਰਹੇ ਹਨ। ਉਹ ਜੰਗ ਨੂੰ ਵਡੇਰੇ ਯੂਰੇਸ਼ੀਅਨ ਮਹਾਦੀਪ ਦੇ ਆਪਣੇ ਰਣਨੀਤਕ ਹਿੱਤਾਂ ਦੇ ਝਰੋਖੇ ’ਚੋਂ ਦੇਖਦੇ ਹਨ। ਇਹ ਬੁਨਿਆਦੀ ਤੌਰ ’ਤੇ ਪ੍ਰਭਾਵਸ਼ਾਲੀ ਐਂਗਲੋ-ਸੈਕਸਨ ਕੁਮੈਂਟਰੀਆਟ (ਟਿੱਪਣੀਕਾਰ/ਵਿਚਾਰਵਾਨ ਸਮੂਹ) ਅਤੇ ਉੱਤਰੀ ਤੇ ਪੂਰਬੀ ਯੂਰੋਪੀਅਨ ਸਿਆਸਤਦਾਨਾਂ ਦੇ ਨਜ਼ਰੀਏ ਨਾਲ ਮੇਲ ਨਹੀਂ ਖਾਂਦਾ। ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਹਾਲ ਹੀ ਵਿਚ (ਅਮਰੀਕਾ ਦੇ ਦੌਰੇ ਤੋਂ ਬਾਅਦ) ਆਖਿਆ ਸੀ ਕਿ ਕਿਸੇ ਵੀ ਤਰ੍ਹਾਂ ਦੇ ਸ਼ਾਂਤੀ ਸਮਝੌਤੇ ਤਹਿਤ ਰੂਸੀ ਸੁਰੱਖਿਆ ਸਰੋਕਾਰਾਂ ਦਾ ਇਹਤਰਾਮ ਕਰਨਾ ਪੈਣਾ ਹੈ। ਜਰਮਨ ਚਾਂਸਲਰ ਓਲਾਫ ਸ਼ੋਲਜ਼ ਨੇ ਵੀ ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ।
ਯੂਕਰੇਨ ਦੇ ਮਾਮਲੇ ’ਤੇ ਬਰਲਿਨ ਵਲੋਂ ਪੇਈਚਿੰਗ ਨਾਲ ਰਣਨੀਤਕ ਸੰਪਰਕ ਬਣਾਇਆ ਹੋਇਆ ਹੈ ਅਤੇ ਉਸ ਵਲੋਂ ਚੀਨ ਨੂੰ ਵਡੇਰੀ ਭੂਮਿਕਾ ਨਿਭਾਉਣ ਦੀ ਬੇਨਤੀ ਕੀਤੀ ਜਾ ਰਹੀ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਰੂਸ ਨੇ ਲਗਾਤਾਰ ਗੱਲਬਾਤ ਸ਼ੁਰੂ ਕਰਨ ਦੀ ਰੁਚੀ ਦਿਖਾਈ ਹੈ ਅਤੇ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਸ ਨੇ ਇਸ ਮੁੱਦੇ ’ਤੇ ਚੀਨ ਨਾਲ ਗੱਲਬਾਤ ਵਿਚ ਆਪਣੀਆਂ ਭਾਵਨਾਵਾਂ ਅਤੇ ਵਿਚਾਰ ਸਾਂਝੇ ਕੀਤੇ ਹੋਣਗੇ। ਇਸ ਕਰ ਕੇ ਯੂਨਾਈਟਡ ਰਸ਼ੀਆ ਪਾਰਟੀ ਦੇ ਚੇਅਰਮੈਨ ਅਤੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੈਦਵੇਦੇਵ ਦੇ ਹਾਲੀਆ ਅਚਨਚੇਤ ਪੇਈਚਿੰਗ ਦੌਰੇ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਲੈ ਕੇ ਰਹੱਸ ਬਣਿਆ ਹੋਇਆ ਹੈ।
ਸ਼ੀ ਅਤੇ ਮੈਦਵੇਦੇਵ ਨੇ ਯੂਕਰੇਨ ਸੰਕਟ ਬਾਰੇ ਵਿਚਾਰ ਚਰਚਾ ਕੀਤੀ ਸੀ। ਚੀਨ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੀ ਨੇ ਉਮੀਦ ਜਤਾਈ ਹੈ ਕਿ ਸੰਬੰਧਿਤ ਧਿਰਾਂ ਹੋਸ਼ ਤੇ ਸੰਜਮ ਤੋਂ ਕੰਮ ਲੈਣਗੀਆਂ ਅਤੇ ਵਿਆਪਕ ਗੱਲਬਾਤ ਵਿਚ ਸ਼ਾਮਲ ਹੋ ਕੇ ਸਿਆਸੀ ਸਾਧਨਾਂ ਜ਼ਰੀਏ ਆਪਣੇ ਸਾਂਝੇ ਸੁਰੱਖਿਆ ਸਰੋਕਾਰਾਂ ਨੂੰ ਮੁਖ਼ਾਤਬ ਹੋਣਗੀਆਂ। ਸਿਨਹੂਆ ਖਬਰ ਏਜੰਸੀ ਦੀ ਰਿਪੋਰਟ ਮੁਤਾਬਕ ਮੈਦਵੇਦੇਵ ਦਾ ਕਹਿਣਾ ਸੀ ਕਿ ਯੂਕਰੇਨ ਸੰਕਟ ਦੇ ਕਈ ਕਾਰਨ ਹਨ ਤੇ ਇਹ ਕਾਫ਼ੀ ਜਟਿਲ ਹਨ ਅਤੇ ਰੂਸ ਸ਼ਾਂਤੀ ਵਾਰਤਾ ਜ਼ਰੀਏ ਸਮੱਸਿਆਵਾਂ ਨੂੰ ਸੁਲਝਾਉਣ ਲਈ ਤਿਆਰ ਹੈ।
ਪੇਈਚਿੰਗ ਜਰਮਨੀ ਅਤੇ ਫਰਾਂਸ ਦੀ ਹਮਾਇਤ ਹਾਸਲ ਕਰ ਕੇ ਕਿਸੇ ਪੜਾਅ ’ਤੇ ਕੂਟਨੀਤਕ ਰਾਜ਼ੀਨਾਮਾ ਕਰਾਉਣ ਦੀ ਪੈਰਵੀ ਦਾ ਐਲਾਨ ਕਰ ਸਕਦਾ ਹੈ। ਫਿਲਹਾਲ, ਅਜਿਹੇ ਕਿਸੇ ਰਾਜ਼ੀਨਾਮੇ ਲਈ ਸਹੀ ਸਮਾਂ ਨਹੀਂ ਜਾਪਦਾ। ਸਰਦ ਰੁੱਤ ਵਿਚ ਹਮਲੇ ਦੀ ਰੂਸੀ ਦਸਤਿਆਂ ਵਲੋਂ ਪਹਿਲ ਕੀਤੀ ਗਈ ਹੈ। ਰੂਸ ਨੂੰ ਤੁੰਨ ਕੇ ਰੱਖਣ ਅਤੇ ਯੂਰਕੇਨ ਦੀਆਂ ਸਰਹੱਦਾਂ ਦੀ ਫਰਵਰੀ ਤੋਂ ਪਹਿਲਾਂ ਵਾਲੀ ਹਾਲਤ ਬਹਾਲ ਕਰਨ ਦੇ ਨਤੀਜੇ ਦੀ ਆਸ ਨਹੀਂ ਕੀਤੀ ਜਾ ਸਕਦੀ। ਇੱਥੋਂ ਤੱਕ ਕਿ ਹੁਣ ਬਾਇਡਨ ਵੀ ‘ਮੁਕੰਮਲ ਜਿੱਤ’ ਦੀ ਗੱਲ ਨਹੀਂ ਕਰ ਰਹੇ। ਰੂਸ ਨੂੰ ਗੋਡਿਆਂ ਭਾਰ ਕਰਨ ਦੀ ਪੱਛਮ ਦੀ ਰਣਨੀਤੀ ਕਾਰਆਮਦ ਹੁੰਦੀ ਨਹੀਂ ਜਾਪ ਰਹੀ।
* ਲੇਖਕ ਭਾਰਤ ਦਾ ਸਾਬਕਾ ਰਾਜਦੂਤ ਹੈ।