ਇਨਸਾਨ ਬਣੀਏ  - ਕੇਹਰ ਸ਼ਰੀਫ਼

ਨਵੀਂ ਸਦੀ ਦੇ ਸ਼ੁਰੂ ਹੋਣ ਵੇਲੇ ਹਰ ਪਾਸੇ ਬਹੁਤ ਹੀ ਸ਼ੋਰ ਭਰਿਆ ਉਤਸ਼ਾਹ ਪੂਰਵਕ ਰੌਲ਼ਾ ਸੀ। ਇਸ ਮੌਕੇ ’ਤੇ ਬਿਨਾਂ ਕਾਰਨ ਭਾਵਕ ਹੋਏ ਉਤਸ਼ਾਹੀਆਂ ਵਲੋਂ ਪਾਰਟੀਆਂ-ਮੇਲਿਆਂ ਅਤੇ ਢੋਲ-ਢਮੱਕਿਆਂ ਦੀ ਆਵਾਜ਼ ਉੱਚੀ ਕਰਨ ਦੇ ਬੇਲੋੜੇ ਪਰ ਬੇ-ਥਾਅ ਜਤਨ ਕੀਤੇ ਗਏ ਸਨ। ਭਾਵੇਂ ਕਿ ਇਨ੍ਹਾਂ ਦੀ ਬਹੁਤ ਲੋੜ ਨਹੀਂ ਸੀ। ਭੁੱਖੇ ਅੱਗੇ ਸਵਾਲ ਪਾਇਆਂ, ਗਰੀਬ ਦਾ ਜਵਾਬ ਰੋਟੀ ਹੀ ਹੋਣਾ ਹੁੰਦਾ ਹੈ। ਦੋ ਡੰਗ ਦੀ ਪੇਟ ਭਰ ਕੇ ਰੋਟੀ ਲਈ ਤਰਸਦੇ ਲੋਕਾਂ ਨੂੰ ਅਜਿਹੀਆਂ ਮੂੜ੍ਹਮੱਤੀਆਂ, ਆਪਣਾ ਦਿਲ-ਲੁਭਾਊ ਅਤੇ ਦੂਜਿਆਂ ਦਾ ਦਿਲ ਦੁਖਾਊ ਪਾਰਟੀਆਂ ਨਾਲ ਕਿਰਤੀਆਂ ਨੂੰ ਫੁਕਰੀਆਂ ਟਿੱਚਰਾਂ ਕਰਕੇ ਹੋਰ ਸ਼ਰਮਿੰਦਾ ਕਰਨ ਦੇ ਜਤਨ ਵੀ ਕੀਤੇ ਗਏ ਸਨ। ਮੌਕਾ ਸ਼ੁਭ ਇਸ ਕਰਕੇ ਸੀ ਕਿ ਅਸੀਂ ਇੱਕੀਵੀ ਸਦੀ ਦੀ ਸ਼ੁਰੂਆਤ ਵੇਲੇ, ਮੌਕੇ ਦੇ ਗਵਾਹ ਸਾਂ। ਇਹ ਮੌਕਾ ਭਾਵ ਸਦੀ ਬਦਲਣ ਦਾ ਸਮਾਂ ਸ਼ਾਇਦ ਹਰ ਇਨਸਾਨੀ ਪੀੜ੍ਹੀ ਦੇ ਹਿੱਸੇ ਨਹੀਂ ਆਉਂਦਾ ।
          ਇਸ ਮੌਕੇ ਸਵਾਲ ਉੱਚੇ ਕੀਤੇ ਜਾਣੇ ਜ਼ਰੂਰੀ ਸਨ ਅਤੇ ਕੀਤੇ ਵੀ ਗਏ ਸਨ ਕਿ ਕੀ ਵੀਹਵੀਂ ਸਦੀ ਦੇ ਬੀਤਣ ਤੇ ਇੱਕੀਵੀਂ ਸਦੀ ਦੇ ਸ਼ੁਰੂ ਹੋਣ ਨਾਲ ਕੁਝ ਚੰਗਾ ਵੀ ਵਾਪਰੇਗਾ ? ਸਾਡੀਆਂ ਭਵਿੱਖੀ ਸ਼ੁਭਇੱਛਾਵਾ ਨੂੰ ਬੂਰ ਪਵੇਗਾ? ਜਾਂ ਕੀ ਇਹ ਸ਼ੁਭਇੱਛਾਵਾਂ ਸ਼ੁਭ ਸ਼ਗਨਾਂ ਵਰਗੀਆਂ ਬਣਨਗੀਆਂ? ਕੀ ਅਸੀਂ ਇਸ ਯੋਗ ਵੀ ਹਾਂ ਕਿ ਸਦੀ ਦੀ ਪਹਿਲਾਂ ਤੋਂ ਚੱਲ ਰਹੀ ਤੋਰ ਨੂੰ ਸੋਧ ਕੇ ਚੰਗੇ ਪਾਸੇ ਵਲ ਮੋੜਾ ਦੇ ਸਕੀਏ? ਅੱਜ ਲੋੜਾਂ ਦੀ ਲੋੜ ਅਤਿ ਵਿਕਸਤ ਆਧੁਨਿਕ ਤਕਨੀਕ ਅਤੇ ਮਨੁੱਖੀ ਸੂਝ ਦੀ ਸੁਚੱਜੀ ਤੇ ਈਮਾਨਦਾਰ ਵਰਤੋਂ ਅਤੇ ਉਸ ਦੇ ਸਿੱਟਿਆਂ ਨੂੰ ਹਾਂਅ–ਪੱਖੀ ਮੋੜਾ ਦੇਣਾ ਹੈ। ਲੋੜ ਹੈ ਭਰੋਸੇ ਅਤੇ ਹੌਸਲੇ ਵਾਲੇ ਪਾਸੇ ਤੁਰਨ ਦੀ ਅਤੇ ਅੱਗੇ ਵਧਣ ਲਈ ਸੁਚੱਜੇ, ਜੋਸ਼ ਭਰਪੂਰ ਤੇ ਹੋਸ਼ਮੰਦ ਕਦਮਾਂ ਦੀ। ਗੰਭੀਰਤਾ ਭਰਪੂਰ ਇਮਾਨਦਾਰੀ ਨਾਲ ਚੌਤਰਫੇ ਦਾ ਗਹਿਰਾ ਅਧਿਅਨ ਕਰਨਾ ਅਤੇ ਸਰਵਪੱਖੀ ਚਿੰਤਨ ਇਸ ਵਾਸਤੇ ਲਾਜ਼ਮੀ ਸ਼ਰਤ ਹੈ। ਪਰ ਦੇਖਣਾ ਇਹ ਹੈ ਕਿ ਕਿੰਨੇ ਕੁ ਸਿਆਣੇ ਲੋਕ ਜੁੜਨਗੇ, ਜੋ ਅਜਿਹੇ ਜਤਨਾਂ ਵਾਸਤੇ ਗੰਭੀਰਤਾ ਭਰੀ ਦਿਲਚਸਪੀ ਨਾਲ ਜਤਨਸ਼ੀਲ ਹੋਣਗੇ । ਅਪਣੇ ਆਪ ਜਾਂ ਸਿਰਫ ਚਾਹੁਣ ਨਾਲ ਤਾਂ ਕੁਝ ਵੀ ਨਹੀਂ ਬਦਲ ਸਕਦਾ। ਇਸ ਵਾਸਤੇ ਲੋਕ ਭਲਾਈ ਨੂੰ ਪ੍ਰਣਾਈ ਗੰਭੀਰ ਸੋਚ ਵਾਲੀ ਮਨੁੱਖਤਾਵਾਦੀ ਸੋਚ ਵਲੋਂ ਜਬਰਦਸਤ ਸੰਘਰਸ਼ਸ਼ੀਲ ਸਾਂਝੀ ਲਹਿਰ ਦੀ ਤਿੱਖੀ ਤੋਰ ਵਾਲੀ ਹਰਕਤ ਲੋੜੀਂਦੀ ਹੈ, ਜੋ ਇਨਸਾਨੀ ਭਾਈਚਾਰਕ ਸਾਂਝ ਨੂੰ ਤੋੜਦੀ ਕਿਸੇ ਵੀ ਖੜੋਤ ਨੂੰ ਹਰਕਤ 'ਚ ਲਿਆਉਣ ਦਾ ਦਮ ਭਰਦੀ ਹੋਵੇ।
    ਬੀਤ ਗਈ ਸਦੀ ਬਹੁਤ ਹੀ ਹਲਚਲ ਭਰਭੂਰ ਸੀ। ਚੰਗੀਆਂ, ਮੰਦੀਆਂ ਬਹੁਤ ਸਾਰੀਆਂ ਘਟਨਾਵਾਂ ਇਤਿਹਾਸ ਦੇ ਸਫੇ ਤੇ ਤੇਜ ਧੁੱਪ ਨਾਲ ਚਮਕਦੇ ਸੂਰਜ ਵਾਂਗ ਚਮਕੀਆਂ ਅਤੇ ਫੇਰ ਕਈ ਅਲੋਪ ਹੋ ਗਈਆਂ, ਪਰ ਉਹ ਸਦੀ ਦੇ ਇਤਿਹਾਸ ਨਾਲ ਜੁੜੀਆਂ ਰਹਿਣਗੀਆਂ। ਅਜਿਹੇ ਹਾਂਅ-ਪੱਖੀ ਤੇ ਨਾਂਹ-ਪੱਖੀ ਬੀਤ ਗਏ ਵਰਤਾਰੇ ਲੋਕਾਈ ਦੀ ਬਹਿਸ ਦਾ ਵਿਸ਼ਾ ਬਣਦੇ ਰਹੇ ਹਨ ਅੱਗੇ ਵੀ ਬਣਦੇ ਰਹਿਣਗੇ। ਅਜਿਹੇ ਵਰਤਾਰਿਆਂ ਦੀਆਂ ਰਹੀਆਂ ਘਾਟਾਂ ਤੋਂ ਸਿੱਖ ਕੇ ਮਨੁੱਖ ਸਦਾ ਹੀ ਅੱਗੇ ਵਧਦਾ ਰਿਹਾ ਹੈ। ਇਹੋ ਹੀ ਸਮਾਜ ਦੇ ਬੌਧਿਕ ਤੇ ਇਤਹਿਾਸਕ ਵਿਕਾਸ ਦੇ ਸੱਚ ਦਾ ਨਾ ਝੁਠਲਾਇਆ ਜਾਣ ਵਾਲਾ ਪ੍ਰਮਾਣ ਹੈ। ਬੀਤੇ ਤੋਂ ਸਬਕ ਸਿੱਖਣ ਵਾਸਤੇ ਅਜਿਹਾ ਕਰਨਾ ਜ਼ਰੂਰੀ ਵੀ ਹੈ।
    ਉਂਜ ਵੀ ਭਵਿੱਖ ਨੂੰ ਰੋਸ਼ਨ ਕਰਨ ਵਾਸਤੇ ਇਤਿਹਾਸ ਨੂੰ ਦਲੀਲ ਭਰੀ ਤਰਕਸ਼ੀਲ ਜਾਂ ਕਹੀਏ ਕਿ ਹਾਂਅ-ਪੱਖੀ ਸੋਚ ਰਾਹੀਂ ਰਿੜਕਦੇ ਰਹਿਣਾ ਚਾਹੀਦਾ ਹੈ ਤਾਂ ਜੋ ਹੋ ਗਈਆਂ ਭੁੱਲਾਂ, ਰਹਿ ਗਈਆਂ ਘਾਟਾਂ ਤੋਂ ਸਬਕ ਸਿੱਖਿਆ ਜਾ ਸਕੇ। ਆਪਣੀਆਂ ਗਲਤੀਆਂ ਜਾਂ ਘਾਟਾਂ ਨੂੰ ਸੋਧ ਕੇ ਅੱਗੇ ਤੁਰਨ ਵਾਲੇ ਹਮੇਸ਼ਾ ਹੀ ਮੰਜਿ਼ਲਾਂ ਤੇ ਪਹੁੰਚਣ ਲਈ ਜਤਨਸ਼ੀਲ ਰਹਿੰਦੇ ਹਨ। ਜਤਨਸ਼ੀਲ ਰਹਿਣਾ ਸਿਰਜਣਾ ਵਾਸਤੇ ਲਾਜਮੀ ਸ਼ਰਤ ਹੁੰਦੀ ਹੈ। ਸਿਰਜਣਾਤਮਕ ਸ਼ਕਤੀ ਹੀ ਇਸ ਸੰਸਾਰ ਦੇ ਪਹੀਏ ਨੂੰ ਅੱਗੇ ਤੋਰਦੀ ਹੈ । ਦੁਨੀਆਂ ਵਿਚ ਹਰ ਰੌਸ਼ਨ ਦਿਮਾਗ ਇਨਸਾਨ ਇਸ ਦਾ ਸਦਾ ਤੋਂ ਹੀ ਇਛੁੱਕ ਰਿਹਾ ਹੈ । ਸਾਰੇ ਦੁੱਖ-ਸੁੱਖ, ਸਭ ਦੇ ਸਾਂਝੇ ਹੋਣ ਤਦ ਹੀ ਸੰਸਾਰ ਨੂੰ ਖੂਬਸੂਰਤ ਆਖਿਆ ਜਾ ਸਕਦਾ ਹੈ।
    ਬੀਤ ਗਈ ਸਦੀ ਹੀ ਸੀ, ਜਦੋਂ ਬੇਕਸੂਰ ਮਨੁੱਖਾਂ ਦੀ ਤਬਾਹੀ ਵਾਸਤੇ ਦੋ ਸੰਸਾਰ ਜੰਗਾਂ ਤੇ ਹਜ਼ਾਰਾਂ ਹੀ ਹੋਰ ਛੋਟੀਆਂ ਜੰਗਾਂ (ਅਤੇ ਘਰੇਲੂ ਯੁੱਧਾਂ) ਰਾਹੀਂ ਮਨੁੱਖੀ ਮਾਨਸਿਕਤਾ ਨੂੰ ਵਾਰ ਵਾਰ ਜ਼ਖ਼ਮੀ ਕੀਤਾ ਗਿਆ। ਜਦੋਂ ਸਿਆਸਤਾਂ ਅਤੇ ਧਰਮਾਂ ਵਾਲਿਆਂ ਨੇ ਮਨੁੱਖੀ ਭਰੱਪਣ, ਇਨਸਾਨੀ ਦੋਸਤੀ ਅਤੇ ਮੁਹੱਬਤ ਦੇ ਅਰਥਾਂ ਨੂੰ ਕਤਲ ਕਰਨ ਵਾਲੇ "ਜਹਾਦ" ਛੇੜੇ। ਸਿਆਸੀ ਧੌਂਸ ਤੇ ਬਦਮਾਸ਼ੀ ਰਾਹੀਂ ਕਿਸੇ ਦਾ ਸਿਰ ਨੀਵਾਂ ਕਰਨ ਵਾਸਤੇ ਪਸ਼ੂਪੁਣੇ ਵਾਲੀ ਬਿਰਤੀ ਅਪਣਾਈ ਅਤੇ ਐਟਮ ਬੰਬ ਸੁੱਟ ਕੇ ਹੀਰੋਸ਼ੀਮਾਂ ਤੇ ਨਾਗਾਸਕੀ ਵਰਗੇ ਬਦਨੁਮਾ ਧੱਬੇ ਇਤਿਹਾਸ ਦੀ ਹਿੱਕ ਤੇ ਦਾਗ ਦਿੱਤੇ। ਜਦੋਂ ਵੱਖਰੇ ਧਰਮ/ਨਸਲ ਰਾਹੀਂ ਆਪਣੀ ਵੱਖਰੀ ਹੋਂਦ, ਪਹਿਚਾਣ ਤੇ ਅਕੀਦਾ ਰੱਖਣ ਵਾਲਿਆਂ ਨੂੰ ਸਿਆਸੀ ਹਵਸ ਨਾਲ ਭਰਪੂਰ ਸੰਸਾਰ ਜਿੱਤਣ ਦੇ ਫੁਕਰੇਪਣ ਵਾਲੇ ਸੁਪਨੇ ਸਿਰਜਣ ਵਾਲੇ ਨਾਜ਼ੀਵਾਦੀਆਂ ਨੇ 65 ਲੱਖ ਤੋਂ ਵੀ ਜ਼ਿਆਦਾ ਗਿਣਤੀ ਵਿੱਚ ਯਹੂਦੀ ਬੱਚਿਆਂ, ਬੁੱਢਿਆਂ, ਜਵਾਨ ਧੀਆਂ, ਮਾਂਵਾਂ ਦਾ ਲਿਹਾਜ਼ ਕੀਤੇ ਬਿਨਾਂ ਸਿਰੇ ਦੀ ਦਰਿੰਦਗੀ ਦਾ ਨੰਗਾ ਨਾਚ ਨੱਚਦਿਆਂ ਜੀਊਂਦਿਆਂ ਨੂੰ ਗੈਸ ਭੱਠੀਆਂ ਵਿਚ ਸੁੱਟ ਕੇ ਫੂਕਿਆ ਸੀ ਤਾਂ ਉਨ੍ਹਾਂ ਸੰਸਾਰ ਇਤਿਹਾਸ ਦੇ ਸਫੇ ਤੇ ਮਨੁੱਖੀ ਪਸ਼ੂਪੁਣੇ ਅਤੇ ਦਰਿੰਦਗੀ ਦੇ ਸੋਗ ਭਰੇ ਕਾਲੇ ਧੱਬੇ ਚਿਪਕਾ ਦਿੱਤੇ ਸਨ – ਅਜਿਹੀ ਤ੍ਰਾਸਦੀ ਨੂੰ ਰਹਿੰਦੀ ਦੁਨੀਆਂ ਤੱਕ ਲੋਕ ਕਦੇ ਵੀ ਭੁੱਲ ਨਹੀਂ ਸਕਣਗੇ|
    ਬਸਤੀਵਾਦੀਆਂ ਦੀ ਲੋਭੀ ਸ਼ਰਾਰਤ, ਤੇ ਮਨੁੱਖੀ ਜਾਮੇ ਵਾਲੇ ਅੰਦਰਲੇ ਮੀਸਣੇ ਲੋਭੀ ਕਹੇ ਜਾਣ ਵਾਲਿਆਂ ਨੇ "ਧਰਮਾਂ" ਦੇ ਬਹਾਨੇ ਇਕਮੁੱਠ ਹੋ ਕੇ ਵਸਦੇ ਲੋਕਾਂ ਦੀ ਸਾਂਝੀ ਧਰਤੀ 'ਤੇ ਵੰਡ ਦੀ ਲਕੀਰ ਹੀ ਨਹੀਂ ਖਿੱਚੀ ਨਾਲ ਹੀ ਇਸੇ ਧਰਤੀ ਨੂੰ ਦਸ ਲੱਖ ਤੋਂ ਵੱਧ ਲੋਕਾਂ ਦੇ ਖੂਨ ਨਾਲ ਲਾਲ ਕੀਤਾ ਗਿਆ, ਇਸ ਧਰਤੀ ਦੀਆਂ ਮਾਵਾਂ-ਭੈਣਾਂ-ਧੀਆਂ ਨਾਲ ਜੋ ਵਾਪਰਿਆਂ ਉਹ ਵੀ ਬਿਆਨੋਂ ਬਾਹਰਾ ਹੈ। ਸਾਂਝੀ ਧਰਤੀ ਅਤੇ ਸਾਂਝੇ ਪਾਣੀਆਂ ਦੀ ਹਿੱਕ 'ਤੇ ਵੰਡ ਦੀ ਲਕੀਰ ਖਿੱਚ ਦਿੱਤੀ ਗਈ, ਕਰੋੜਾਂ ਲੋਕ ਘਰੋਂ ਬੇਘਰ ਕਰ ਦਿੱਤੇ ਗਏ। ਕਦੇ ਫੇਰ ਇਸ ਹੀ ਸਦੀ ਦੇ ਅਖੀਰਲੇ ਪਹਿਰੀਂ ਭਾਰਤ ਦੇਸ਼ ਅੰਦਰ ਸੱਭਿਆ ਕਹੇ ਜਾਂਦੇ ਸ਼ਹਿਰ ਅੰਦਰ ਜਿਊਂਦਿਆਂ ਦੇ ਗਲ਼ਾਂ ਵਿਚ ਸੜਦੇ ਟਾਇਰ ਪਾ ਕੇ ਇਨਸਾਨਾਂ ਨੂੰ ਮਾਰ ਮੁਕਾਇਆ, ਮਾਂਵਾਂ, ਭੈਣਾਂ-ਧੀਆਂ ਦੀਆਂ ਇੱਜ਼ਤਾਂ ਰੋਲੀਆਂ, ਸੁਹਾਗ ਉਜਾੜੇ, ਬੱਚਿਆਂ ਨੂੰ ਸਦਾ ਵਾਸਤੇ ਯਤੀਮ ਬਣਾ ਦਿੱਤਾ ਗਿਆ। ਦਰਿੰਦਿਆਂ ਵਲੋਂ ਕੀ ਕੁੱਝ ਨਹੀਂ ਕੀਤਾ ਗਿਆ, ਕਿਹੜਾ ਕਿਹੜਾ ਕਹਿਰ ਨਹੀਂ ਢਾਹਿਆ ਗਿਆ? ਕੀ ਅਜਿਹੀ ਸਥਿਤੀ ਵਿਚ ਬੇਗੁਨਗਹਾਂ ਦਾ ਕਤਲੇ-ਆਮ ਜ਼ਰੂਰੀ ਹੁੰਦਾ ਹੈ? ਇਹ ਕਿਸੇ ਫਿਰਕੇ ਦੇ ਨਹੀਂ ਇਨਸਾਨੀਅਤ ਦੇ ਖਿਲਾਫ ਕੀਤਾ ਗਿਆ ਘਿਨਾਉਣਾ ਗੁਨਾਹ ਸੀ। ਫੇਰ ਰੱਬ ਦੇ ਭਗਤ ਹੀ ਰੱਬ ਦੇ ਘਰ ਢਾਹੁੰਦੇ ਰਹੇ, ਇਸ ਬਹਾਨੇ ਕਿ ਇੱਥੇ ਫਲਾਣੇ ਨਹੀਂ ਢਿਮਕਾਣੇ "ਰੱਬ" ਨੂੰ ਬਿਠਾਉਣਾ ਹੈ। ਆਪਣੇ ਹੀ ਇਸ਼ਟ ਦੀ ਇਜੱਤ ਨਾਲ ਖੇਡਦੇ ਰਹੇ। ਕਿਹੜਾ ਰੱਬ ਤੇ ਕਿਸਦੇ ਇਹ ਭਗਤ ? ਕੀ ਕੋਈ ਧਰਮੀ ਕਹਾਉਣ ਵਾਲਾ ਵੀ ਇਹੋ ਜਹੀ ਕਰਤੂਤ ਕਰ ਸਕਦਾ ਹੈ ? ਕੀ ਇਹੋ ਜਹੇ ਲੋਕ ਵੀ ਇਨਸਾਨ ਕਹਾਉਣ ਦੇ ਹੱਕਦਾਰ ਹੋ ਸਕਦੇ ਹਨ? ਹੋਰ ਬਹੁਤ ਕੁੱਝ ਹੋਇਆ ਹੈ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲਾ। ਇਤਿਹਾਸ ਅਤੇ ਸਾਹਿਤ ਦੇ ਅਣਗਿਣਤ ਸਫਿਆਂ 'ਤੇ ਬੋਲਦੇ ਦੁੱਖ-ਦਰਦ ਇਸ ਦੇ ਗਵਾਹ ਹਨ।
   ਕਦੇ ਮੁਲਕਾਂ ਦੀਆਂ ਵੰਡਾਂ, ਵੰਡ-ਵੰਡਾਰਿਆਂ, ਧਰਤੀ ਦੇ ਛੋਟੇ ਛੋਟੇ ਹਿੱਸਿਆਂ ’ਤੇ ਕਬਜੇ ਦੀ ਹਵਸ ਨੇ ਮਨੁੱਖ ਨੂੰ ਮਨੁੱਖ ਨਾ ਰਹਿਣ ਦਿੱਤਾ। ਆਪਣਿਆਂ ਨੇ ਹੀ ਆਪਣੇ ਲੱਖਾਂ ਦੇ ਕਤਲ ਕੀਤੇ, ਨਫਰਤ ਦੇ ਵਣਜਾਰੇ ਬੇਗੁਨਾਹ ਮਨੁੱਖਾਂ ਦੇ  ਖੂਨ ਨਾਲ ਧਰਤੀ ਰੰਗਦੇ ਰਹੇ। ਨਵੀਆਂ ਵੰਡੀਆਂ ਨੇ ਮਨੁੱਖਤਾ ਨੂੰ ਸਦਾ ਵਾਸਤੇ ਸ਼ਰਮਸਾਰ ਕਰਦੇ ਕਮੀਨਗੀ ਦੇ ਨਵੇਂ ਪੈਮਾਨੇ ਕਾਇਮ ਕੀਤੇ। ਮਨੁੱਖਾਂ ਦੇ ਅੰਦਰ ਵਸਦੀ ਸਿਆਸੀ ਤੇ ਆਰਥਿਕ ਭੁੱਖ ਨੇ ਉਨ੍ਹਾਂ ਨੂੰ ਹਾਵੜਪੁਣੇ ਦੇ ਵੱਸ ਪਾ ਦਿੱਤਾ ਅਤੇ ਮਨੁੱਖ ਨਿੱਘਰਦਾ ਹੀ ਗਿਆ, ਕਾਫੀ ਸਾਰੇ ਮਨੁੱਖੀ ਸਰੂਪ ਵਿੱਚ ਦੈਂਤ ਬਣ ਕੇ ਵਿਚਰਦੇ ਰਹੇ । ਵਾਰ ਵਾਰ ਮਨੁੱਖੀ ਰੂਹ ਕਤਲ ਕੀਤੀ ਜਾਂਦੀ ਰਹੀ। ਨੇਕੀ ਨੂੰ ਬਦੀ ਵੱਲੋਂ ਲਤਾੜਿਆ ਜਾਂਦਾ ਰਿਹਾ, ਪਰ ਇਹ ਜਰਵਾਣੇ ਭੁੱਲਦੇ ਰਹੇ ਕਿ ਕਦੇ ਨੇਕੀ ਵੀ ਹਾਰੀ ਹੈ? ਹੰਭ-ਹਾਰ ਕੇ ਵੀ ਨੇਕੀ ਕਰਨ ਵਾਲੇ ਕੁਕਨੂਸ ਵਾਂਗ ਆਪਣੀ ਹੀ ਸਵਾਹ ਵਿਚੋਂ ਉੱਠ ਕੇ ਫੇਰ ਆਪਣੇ ਰਾਹੇ ਤੁਰ ਪੈਂਦੇ ਹਨ, ਆਪਣੀ ਮੰਜ਼ਿਲ ਵੱਲ। ਇਤਹਾਸ ਗਵਾਹ ਹੈ ਕਿ ਸਦਾ ਹੀ ਇੰਜ ਵਾਪਰਦਾ ਰਿਹਾ ਹੈ।
    ਬੀਤ ਗਈ ਸਦੀ ਹੀ ਸੀ, ਜਦੋ ਅਸੱਭਿਅਕ ਸਾਮਰਾਜੀਆਂ ਵੱਲੋ ਕੂਟਨੀਤਕ ਚਾਲਾਂ, ਧੱਕੇ ਤੇ ਗੁੰਡਾਗਰਦੀ ਨਾਲ ਦੂਜਿਆਂ ਮੁਲਕਾਂ ਨੂੰ ਆਪਣੀਆਂ ਬਣਾਈਆਂ ਬਸਤੀਆਂ ਦੇ ਹੋਸ਼ਮੰਦ ਲੋਕ ਜਾਗੇ ਤੇ ਬਹੁਤਿਆਂ ਨੇ ਆਪਣੇ ਗਲੋਂ ਗੁਲਾਮੀ ਦਾ ਜੂਲ਼੍ਹਾ ਲਾ ਸੁੱਟਿਆ। ਆਜ਼ਾਦੀ ਪ੍ਰਾਪਤ ਕਰਕੇ ਆਪਣੇ ਚੰਗੇ-ਮਾੜੇ ਰਾਜ ਕਾਇਮ ਕੀਤੇ। ਇਹੋ ਸਦੀ ਹੀ ਸੀ, ਜਦੋਂ ਸਿਆਸੀ ਪੱਧਰ ’ਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਿਆ ਗਿਆ। ਲੰਬੇ ਸੰਘਰਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਵੋਟ ਦਾ ਹੱਕ ਮਿਲਿਆ। ਜਦੋਂ ਤਕੜੇ ਤੋਂ ਕਮਜ਼ੋਰ ਮੁਲਕਾਂ ਦੀ ਰਾਖੀ, ਅਤੇ ਆਪਸੀ ਝਗੜੇ ਅਮਨ ਪੂਰਵਕ ਨਿਪਟਾਉਣ ਵਾਸਤੇ ਸੰਯੁਕਤ ਰਾਸ਼ਟਰ ਤੇ ਹੋਰ ਬਹੁਤ ਸਾਰੇ ਕੌਮਾਂਤਰੀ ਅਦਾਰੇ ਕਾਇਮ ਹੋਏ, ਭਾਵੇਂ ਕਿ ਬਹੁਤੀ ਵਾਰ ਇਹ ਜੋਰਾਵਰਾਂ ਦੀ ਧੌਂਸ ਥੱਲੇ ਆ ਜਾਂਦੇ ਹਨ । ਪਰ "ਨਿਰਪੱਖਤਾ" ਦਾ ਪਰਦਾ ਅਜੇ ਵੀ ਬਣਿਆ ਹੋਇਆ ਹੈ।
    ਇਸ ਸਦੀ ਅੰਦਰ ਹੀ ਇਸ ਧਰਤੀ ਉੱਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਹੋਈ। ਹੱਥੀਂ ਕਿਰਤ ਕਰਨ ਵਾਲਿਆਂ ਦੇ ਆਪਣੇ ਰਾਜ ਕਾਇਮ ਹੋਏ। ਪਰ, ਪੌਣੀ ਸਦੀ ਬਾਅਦ ਹੀ ਇਸ ਮਨੁੱਖੀ ਭਲੇ ਵਾਲੇ ਸਮਾਜਵਾਦੀ ਪ੍ਰਬੰਧ ਦੇ ਨਿਘਾਰ ਕਰਕੇ ਇਸਦੇ ਅੰਤ ਦਾ ਵਾਪਰ ਜਾਣਾ ਕਿਰਤੀਆਂ ਦੀ ਖੁਸ਼ੀ ਨੂੰ ਸੋਗ ਵਿੱਚ ਬਦਲ ਗਿਆ। ਕੁੱਲ ਲੋਕਾਈ ਦਾ ਭਲਾ ਕਰਨ ਵਾਲੇ ਆਖਰ ਛੋਟੀ ਮਾਨਸਿਕਤਾ ਦੇ ਮਾਲਕ ਕਿਵੇਂ ਬਣ ਬੈਠੇ? ਕਿਉਂ ਉਨ੍ਹਾਂ ਦੇ ਅੰਦਰੋਂ ਨਵੇਂ ਤੇ ਸੁਚੱਜੇ ਮਨੁੱਖ ਦੀ ਸਿਰਜਣਾ ਦਾ ਸੁਪਨਾ ਮਰ ਮੁੱਕ, ਸੁੱਕ ਗਿਆ । ਇਸ ਸੋਚ ਵਾਲੇ ਪੈਰੋਕਾਰਾਂ ਦੇ ਮਨਾਂ ਅੰਦਰ ਘੋਰ ਉਦਾਸੀ ਦਾ ਪ੍ਰਛਾਵਾਂ ਫੈਲ ਗਿਆ । ੳਹ ਆਪਣੇ ਆਪ ਨੂੰ ਹਾਰਿਆਂ ਵਰਗੇ ਮਹਿਸੂਸ ਕਰਨ ਲੱਗੇ। ਕਿਰਤ ਦੀ ਰਾਖੀ ਕਰਨ ਦੇ ਢੰਗ-ਤਰੀਕੇ ਦੱਸਦੀ ਵਿਚਾਰਧਾਰਾ ਅਜੇ ਵੀ ਲੋਕ ਸੰਘਰਸ਼ਾਂ ਵਾਸਤੇ ਪ੍ਰੇਰਨਾ ਬਣ ਰਹੀ ਹੈ – ਇਹ ਪ੍ਰੇਰਨਾ ਉਦੋਂ ਤੱਕ ਕਾਇਮ ਰਹੇਗੀ ਜਦੋਂ ਤੱਕ ਕਿਰਤ ਦੀ ਲੁੱਟ ਦਾ ਰਾਜ ਰਹੇਗਾ। ਪਰ ਇਸ ਦੇ ਆਸਰੇ ਲੋਕ ਘੋਲਾਂ ਦੀ ਅਗਵਾਈ ਕਰਨ ਵਾਲੇ ਆਪਸ ਵਿਚੀਂ ਪਾਟੇ ਫਿਰਦੇ / ਖੱਖੜੀਆਂ-ਕਰੇਲੇ ਹੋਏ ਚੌਧਰਾਂ ਦੀ ਦੌੜ ਵਿਚ ਬੌਂਦਲੇ ਹੋਏ ਸਮਝ ਨਹੀਂ ਰਹੇ ਕਿ ਕੀਤਾ ਕੀ ਜਾਵੇ? ਨੁਕਤੇ 'ਤੇ ਧਿਆਨ ਦੇਣ ਦੀ ਲੋੜ ਹੈ, ਰਾਹ ਵੀ ਸਿੱਧਾ ਜਿਹਾ ਹੈ – ਇਕੱਠੇ ਹੋ ਕੇ ਇਨਸਾਨੀਅਤ ਦੇ ਖਿਲਾਫ ਹੋ ਰਹੇ ਖਿਲਵਾੜ ਅਤੇ ਜ਼ੁਲਮਾਂ ਦੇ ਖਿਲਾਫ ਸਾਂਝੀ ਲਹਿਰ ਉਸਾਰਨੀ। ਲੋਕਾਈ ਦੀ ਨਿਜਾਤ ਇਸੇ ਵਿਚ ਹੈ। ਇਸ ਤੋਂ ਬਿਨਾਂ ਦੂਜਾ ਕੋਈ ਰਾਹ ਵੀ ਨਹੀਂ।
    ਹੋਈ ਤਰੱਕੀ ਦਾ ਆਪਣੇ ਥਾਂ ਜ਼ਿਕਰ ਕਰਨਾ ਬਣਦਾ ਹੈ। ਮਨੁੱਖ ਦਾ ਚੰਦ ਤੱਕ ਦਾ ਅਤੇ ਉਸ ਤੋਂ ਵੀ ਅੱਗੇ ਮੰਗਲਗਹ੍ਰਿ ਤੱਕ ਦਾ ਸਫਰ ਇਹ ਮਨੁੱਖੀ ਸਿਰਜਣਾ ਦੇ ਉੱਤਮ ਕਾਰਨਾਮੇ ਹਨ। ਇਹ ਤਾਂ ਜਾਰੀ ਹੀ ਰਹਿਣਗੇ| ਅੱਜ ਤੱਕ ਦੀ ਮਨੁੱਖੀ ਨੇੜਤਾ ਵਧਾਉਂਦੀ ਅਜੋਕੀ ਤਕਨੀਕੀ ਤਰੱਕੀ ਨਾਲ ਇੰਟਰਨੈਟ ਦੇ ਯੁੱਗ ਨੇ ਦੁਨੀਆਂ ਨੂੰ ਨੇੜੇ ਲੈ ਆਉਣ ਵਾਲਾ ਹਕੀਕੀ ਇਨਕਲਾਬ ਲਿਆਂਦਾ ਹੈ। ਹੋ ਰਿਹਾ ਤਕਨੀਕੀ ਵਿਕਾਸ ਮਨੁੱਖਤਾ ਦੇ ਭਲੇ ਵਾਸਤੇ ਹੋਣਾ ਚਾਹੀਦਾ ਹੈ। ਮਨੁੱਖੀ ਜ਼ਿੰਦਗੀ ਨੂੰ ਸੌਖਿਆਂ ਕਰਨ ਵਾਲੀਆਂ ਨਵੀਆਂ ਖੋਜਾਂ ਨੂੰ ਤੋਪਾਂ ਅਤੇ ਬੰਬਾ ਵਿੱਚੋਂ ਨਿਕਲਦਾ ਵਹਿਸ਼ੀ ਧੂੰਆਂ ਆਪਣੀ ਜ਼ਹਿਰ ਨਾਲ ਡੰਗਦਾ ਹੈ। ਅੰਨ੍ਹੇ ਮੁਨਾਫੇ ਵਾਲੀ ਲੋਭ ਦੀ ਹਵਸ ਮਨੁੱਖ ਨੂੰ ਨਿਘਾਰ ਵਲ ਧੱਕੀ ਜਾ ਰਹੀ ਹੈ। ਮਨੁੱਖਤਾ ਵਾਸਤੇ ਇਹ ਸਭ ਤੋਂ ਵੱਡਾ ਖਤਰਾ ਹੈ, ਜੋ ਹਰ ਹੀਲੇ ਰੋਕਿਆ ਜਾਣਾ ਚਾਹੀਦਾ ਹੈ| ਤਾਂ ਜੋ ਆਮ ਲੋਕ ਵੀ ਤਕਨੀਕੀ ਤਰੱਕੀ  ਦਾ ਸੁੱਖ ਮਾਣ ਸਕਣ, ਜ਼ਿੰਦਗੀ ਵਿਚ ਦੁੱਖਾਂ ਨੂੰ ਘੱਟ ਕੀਤਾ ਜਾ ਸਕੇ।
     ‘ਧਰਮੀਆਂ’ ਤੇ ਗੈਰ ਧਰਮੀਆਂ ਨੇ ਇੱਕ  ਦੂਜੇ ਦੇ ਵਿਸ਼ਵਾਸ਼ਾਂ/ਅ-ਵਿਸ਼ਵਾਸਾਂ / ਅਕੀਦਿਆਂ ਨੂੰ ਉਜਾੜਿਆਂ, ਤਬਾਹ ਕੀਤਾ, ਜੋ ਗੈਰ ਮਨੁੱਖੀ ਕਿਸਮ ਦਾ ਗੁਨਾਹ ਹੈ। ਇਸ ਦਾ ਹੀ ਸਿੱਟਾ ਹੈ ਕਿ ਕੌਮਾਂ, ਧਰਮ, ਦੇਸ਼ ਸਭ ਸ਼ਬਦ ਬੌਨੇ ਹੁੰਦੇ ਗਏ ਇਸ ਦੇ ਨਾਲ ਹੀ  ਮਨੁੱਖ ਖੁਦ ਵੀ ਬੌਨਾ ਹੁੰਦਾ ਗਿਆ| ਅੱਜ ਇੰਨਾ ਬੌਨਾ ਹੋ ਗਿਆ ਹੈ ਕਿ ਆਪਣੀ ਅਸਲੀ ਪਹਿਚਾਣ ਗਵਾਉਣ ਦੇ ਨੇੜੇ ਪਹੁੰਚ ਗਿਆ ਹੈ। ਧਰਮੀਆਂ ਨੇ ਤਾਂ ਆਪਣੇ ਹੀ ਵਿਸ਼ਵਾਸ ਵਾਲੇ ਭਰਾਵਾਂ ਨੂੰ ਵਿਚਾਰਾਂ ਦੇ ਕੁੱਝ ਵਖਰੇਵੇਂ ਰੱਖਣ ਕਰਕੇ ਦੁਸ਼ਮਣਾਂ ਵਿਚ ਸ਼ਾਮਲ ਕਰ ਲਿਆ ਹੈ। ਬੁਰਾਈ ਦੇ ਲੜ ਲੱਗੇ ਅਜਿਹੇ “ਜੀਊੜੇ" ਮਾੜੇ ਕੰਮ ਕਰਕੇ ਵੀ ਚਾਂਗਰਾਂ ਮਾਰਦੇ ਫਿਰਦੇ ਹਨ। ਮਨੁੱਖ ਭਲਾਂ ਹੋਰ ਕਿੱਥੋਂ ਕੁ ਤੱਕ ਨਿੱਘਰੇਗਾ| ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੀ ਕੁੱਖ ਵਿਚ ਲੁਕਿਆ ਪਿਆ ਹੈ।
        ਕੀ ਧਰਮ, ਮੁਲਕ, ਕੌਮ ਇਹ ਸ਼ਬਦ ਮਨੁੱਖ ਤੋਂ ਵੀ ਉੱਪਰ ਹਨ? ਇਨਸਾਨ ਤੋਂ ਉੱਤਮ ਇੱਥੇ ਕੁਝ ਵੀ ਨਹੀਂ। ਜਿਸ ਇਨਸਾਨ ਨੇ “ਰੱਬ`` ਦੀ ਸਿਰਜਣਾ ਕੀਤੀ, "ਰੱਬ" ਦੇ "ਘਰ" ਉਸਾਰੇ, ਫੇਰ ਉਹ ਆਪਣੇ ਆਪੇ ਸਿਰਜੇ ਰੱਬ ਤੋਂ ਕਿਉਂ ਡਰਨ ਲੱਗਾ? ਆਪਣੇ ਕੀਤੇ ਗੁਨਾਹ ਕਿਸੇ ਦੂਸਰੇ ਦੀ ਮਰਜ਼ੀ ਕਹਿ ਕੇ ਮਨ ਨੂੰ ਕਿਉਂ ਰਾਜ਼ੀ ਰੱਖਣ ਲੱਗਾ? ਦਲੀਲ 'ਤੇ ਇਹ ਵਿਚਾਰ ਪੂਰਾ ਨਹੀਂ ਉਤਰਦਾ, ਇਸ ਨੂੰ ਤਰਕ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ । ਮੰਨਣ ਤੇ ਰੱਦ ਕਰਨ ਵਾਲਿਆਂ ਨੂੰ ਇਕ ਦੂਜੇ ਦੇ ਦੁਸ਼ਮਣ ਨਹੀਂ ਬਣਨਾ ਚਾਹੀਦਾ ਹੈ। ਸਮਝਣ ਵਾਲੀ ਗੱਲ ਕਿ ਵਿਚਾਰ, ਤਕਰਾਰ ਨਾ ਬਣੇ। ਕਿਸੇ ਦੂਸਰੇ ਦੇ ਵਿਸ਼ਵਾਸ਼ ਜਾਂ ਅ-ਵਿਸ਼ਵਾਸ਼ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਕਿਸੇ ਦੀ ਆਪਣੀ ਮਰਜ਼ੀ ਹੈ, ਪਰ ਕਿਸੇ ਵੀ ਹੋਰ ਨੂੰ ਅਪਮਾਨਤ ਕਰਨ ਦਾ ਹੱਕ ਕਿਸੇ ਵੀ ਦੂਜੇ ਨੂੰ ਨਹੀਂ ਅਤੇ ਨਾ ਹੀ ਹੋਣਾ ਚਾਹੀਦਾ ਹੈ। ਪਰ ਇੱਥੇ ਤਾਂ ਵਾਰ ਵਾਰ ਵਾਪਰਦਾ ਹੀ ਇਹੋ ਕੁੱਝ ਹੈ। ਆਖਰ ਕਿਉਂ ? ਫੇਰ ਮਨੁੱਖ ਨੇ ਬੀਤੇ ਤੋਂ ਕੀ ਸਿੱਖਿਆ ? ਜੇ ਨਹੀਂ ਸਿੱਖਿਆ ਤਾਂ ਕਦੋਂ ਸਿੱਖੇਗਾ ? ਧਰਮ ਦੀਆਂ ਕਹੀਆਂ ਜਾਂਦੀਆਂ ਸਿਖਿਆਵਾਂ ਇਸ ਸਮਾਜ ਦੀ ਹੀ ਦੇਣ ਹਨ – ਸਮਾਜ ਸੱਭਿਅਕ ਹੋਵੇ, ਹਰ ਕੋਈ ਇਕ ਦੂਜੇ ਦਾ ਦਰਦ ਸਮਝੇ, ਮਜ਼ਲੂਮ ਦੀ ਬਾਂਹ ਫੜੇ, ਜ਼ੁਲਮ ਨੂੰ ਲਲਕਾਰੇ -  ਇਸ ਵਾਸਤੇ ਅਸੂਲ ਤੈਅ ਕੀਤੇ ਗਏ, ਇਹੀ ਸਾਡਾ ਵਿਰਸਾ ਹੈ। ਇਸ ਨੂੰ ਭਰੱਪਣ ਭਰੀ ਸਾਂਝ ਦੇ ਆਸਰੇ ਸਾਂਭਣ ਦੀ ਲੋੜ ਹੈ। ਸਦੀਆਂ ਪਹਿਲਾਂ ਬਰੂਨੋ ਤੇ ਗੈਲੀਲੀਉ ਵਰਗੇ ਮਹਾਂਪੁਰਸ਼ਾਂ ਦੇ ਬੋਲੇ ਪ੍ਰਵਚਨ ਅਸੀਂ ਕਿਉਂ ਚੇਤੇ ਨਹੀਂ ਰੱਖਣਾ ਚਾਹੁੰਦੇ ? ਉਨ੍ਹਾਂ ਵਲੋਂ ਸੱਚ ਦਾ ਹੋਕਾ ਦਿੰਦਿਆਂ ਦਰਸਾਈ ਅ-ਸਹਿਮਤੀ ਨੂੰ ਸਮੇਂ ਦੇ ਜਾਬਰਾਂ ਦਾ ਜੁਲਮ ਝੱਲਣਾ ਪਿਆ ਪਰ ਅੱਜ ਉਹ ਸੱਚ ਸਭ ਦੇ ਸਾਹਮਣੇ ਹੈ। ਜੁਲਮ ਕਰਨ ਵਾਲਿਆਂ ਨੂੰ ਆਖਰ ਮਾਫੀ ਮੰਗਣੀ ਪਈ ਸੀ। ਸਮੇਂ ਦੇ ਹਰ ਸੁਕਰਾਤ ਨੂੰ ਇੱਥੇ ਜ਼ਹਿਰ ਪੀਣਾ ਹੀ ਪੈਂਦਾ ਹੈ। ਅਜਿਹੀਆਂ ਅਣਗਿਣਤ ਇਨਸਾਨੀ ਕੁਰਬਾਨੀਆਂ ਨੂੰ ਅਸੀਂ ਨਿੱਤ ਯਾਦ ਕਰਦੇ ਹਾਂ।
    ਸਦੀਆਂ ਤੋਂ ਤੁਰਿਆ ਆਉਂਦਾ ਅਣਮਨੁੱਖੀ ਵਿਹਾਰ ਅਤੇ ਵਿਚਾਰ, ਜਿਸ ਨੂੰ ਆਮ ਕਰਕੇ ਭਾਰਤੀ ਨਸਲਵਾਦ (ਜਾਤ–ਪਾਤ ਦਾ ਪ੍ਰਬੰਧ ਅਣਮਨੁੱਖੀ ਤੇ ਗੈਰ ਹਰੀਕੀ ਹੈ) ਵੀ ਕਿਹਾ ਜਾਂਦਾ ਹੈ। ਇਸ ਨਵੀਂ ਸਦੀ ਵਿਚ ਐਹੋ ਜਹੇ ਘਟੀਆ ਵਿਚਾਰਾਂ ਨੂੰ ਨਕਾਰਨਾ/ਭੰਡਣਾਂ ਹੀ ਕਾਫੀ ਨਹੀਂ ਸਗੋਂ ਆਪਣੀ ਪੂਰੀ ਸ਼ਕਤੀ ਨਾਲ ਇਸ ਦੇ ਖਾਤਮੇ ਲਈ ਕੰਮ ਕਰਨਾ ਹਰ ਸੱਚੇ ਇਨਸਾਨ ਦਾ ਫਰਜ਼ ਹੋਣਾ ਚਾਹੀਦਾ ਹੈ ਤਾਂ ਕਿ ‘ਮਹਾਨ’ ਕਹੇ ਜਾਂਦੇ ਭਾਰਤ ਦੇ ਮੱਥੇ ਤੋਂ ਨਸਲਵਾਦ (ਵਰਣ-ਵੰਡ ਇਸੇ ਦਾ ਹੀ ਬੀਜ ਬੀਜਦੀ ਹੈ) ਦਾ ਦਾਗ ਧੋਤਾ ਜਾ ਸਕੇ। ਹਰ ਮਨੁੱਖ ਨੂੰ ਮਨੁੱਖ ਹੋਣ ਦਾ ਬਰਾਬਰ ਦਾ ਹੱਕ ਮਿਲੇ। "ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥੧॥  ਦਾ ਸੰਕਲਪ ਹਕੀਕਤ ਵਿਚ ਸਾਕਾਰ ਹੋਵੇ। ਸੈਮੂਅਲ ਹਟਿੰਗਟਨ ਵਰਗੇ ਮਨੁੱਖਤਾ ਦੋਖੀ ਸ਼ਰਾਰਤੀਆਂ ਵਲੋਂ ਵਿਕਾਊ ਸੰਚਾਰ ਸਾਧਨਾਂ ਦੇ ਆਸਰੇ ‘ਸੱਭਿਆਤਾਵਾਂ ਦੇ ਭੇੜ` ਵਰਗਾ ਲੂਣ ਗੁੰਨਣ ਜਿੰਨਾ ਝੂਠਾ ਰੌਲਾ ਪਾ ਕੇ ਮਨੁੱਖਤਾ ਵਿਚ ਵੰਡੀਆਂ ਪਾਉਣ ਵਾਲਿਆਂ ਨੂੰ ਨਕਾਰਦਿਆਂ, ਪੰਜਾਬੀਆਂ ਦੀ ਸਦੀਆਂ ਪੁਰਾਣੀ ਜੀਊਣ ਵਾਲੀ ਜੁਗਤ ਜਾਂ ਰੀਤ  ‘ਸਰਬੱਤ ਦੇ ਭਲੇ` ਨੂੰ ਸਾਕਾਰ ਕਰਨ ਵਾਸਤੇ ਸਾਂਝੇ ਉਪਰਾਲੇ ਕੀਤੇ ਜਾਣ – ਅਸੀਂ ਸਦੀਆਂ ਤੋਂ ਹੀ ਸੁਣਦੇ ਆਏ ਹਾਂ ਕਿ "ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ " ਤਾਂ ਫੇਰ ਮਨੁੱਖਾਂ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਵੰਡੀਆਂ ਪਾਉਣ ਵਾਲੇ ਕੌਣ ਹਨ? ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਆਪ ਇਨਸਾਨ ਬਣਕੇ ਦੂਜਿਆਂ ਨਾਲ ਮੁਹੱਬਤੀ ਸਾਂਝ ਪਾਲਣੀ।
    ਹੁਣ ਕੀ ਲੋੜੀਂਦਾ ਹੈ? ਮਨੁੱਖੀ ਮਨ ਪਿਆਰ–ਮੁਹੱਬਤਾਂ ਦਾ ਮੁਜੱਸਮਾ ਬਣੇ । ਕਿਸੇ ਕਵੀ ਦੀ ਕਲਪਨਾ ਕਿ ‘ਹਰ ਇੱਕ ਬੰਦਾ ਸ਼ਾਹ ਦੁਨੀਆਂ ਦਾ, ਹਰ ਇੱਕ ਤੀਵੀਂ ਰਾਣੀ’ ਸੱਚ ਹੋਵੇ, ਸਾਕਾਰ ਹੋਵੇ। ਵੱਡਾ ਤੇ ਮਹੱਤਵਪੂਰਨ ਸੁਪਨਾ ਕਿ ਖਿਲਰਿਆ ਮਨੁੱਖ ਸੁੱਚਾ, ਸੁਚੱਜਾ, ਦੂਜੇ ਦਾ ਦੁੱਖ-ਪੀੜ ਜਰਨ ਵਾਲਾ ਸਮਾਜੀ ਜੀਵ ਬਣੇ। ਮਨੁੱਖੀ ਮਨ ਵਿੱਚ ਵੰਡੀਆਂ ਤੇ ਦੁਸ਼ਮਣੀਆਂ ਦਾ ਮੈਲ਼ ਭਰਿਆ ਪਲ਼ਦਾ ਰੋਗ ਖ਼ਤਮ ਹੋਵੇ। ਮਨੁੱਖੀ ਭਾਈਚਾਰਾ ਆਪਣਾ ਹੀ ਪਰਵਾਰ ਸਮਝਿਆ ਜਾਵੇ। ਇਨ੍ਹਾਂ ਸਭ ਨੂੰ ਇਕੱਠੇ ਕਰਕੇ "ਬੇਗਮਪੁਰੇ" ਵਾਲੇ ਸੰਕਲਪ ਨੂੰ ਸੱਚ ਕਰਨ ਵਾਸਤੇ ਇਨਸਾਨੀ ਜ਼ਿੰਦਗੀ ਸਵਾਰਨ ਵਾਲੇ ਸਾਂਝੇ ਸੰਘਰਸ਼ ਦੇ ਲੜ ਲੱਗਿਆ ਜਾਵੇ। "ਬੇਗਮਪੁਰਾ" ਸਿਰਜਣ ਤੇ "ਬੇਗਮਪੁਰੇ" ਪਹੁੰਚਣ ਦਾ ਜਤਨ ਤਾਂ ਹੋਵੇ।
      ਆਉਣ ਵਾਲਾ ਸਮਾਂ ਹੋਰ ਵੀ ਤੇਜ ਰਫਤਾਰ ਵਾਲਾ ਹੋਵੇਗਾ। ਉਪਭੋਗਤਾਵਾਦੀ ਸਮਾਜੀ-ਸਿਆਸੀ ‘ਸੱਭਿਆਚਾਰਕ’ ਵਰਤਾਰਾ ਮਨੁੱਖੀ ਨਿਘਾਰ ਦਾ ਸੂਚਕ ਹੈ। ਮਨੁੱਖੀ ਸੂਝ ਨੂੰ ਲਾਹੇਵੰਦ ਕਾਰਜਾਂ ਵਾਸਤੇ ਵਰਤਣਾ, ਨਿੱਘਰਦੇ ਜਾ ਰਹੇ ਸਮਾਜ ਨੂੰ ਨਵੀਂ ਸੇਧ ਦੇਣ ਦਾ ਸਬੱਬ ਪੈਦਾ ਕਰ ਸਕਦਾ ਹੈ। ਨਵੀਂ ਸੋਚ, ਨਵੀਆਂ ਜੁਗਤਾਂ ਰਾਹੀਂ ਹੀ ਨਵੇਂ ਸਮਾਜ ਅਤੇ ਨਵੇਂ ਮਨੁੱਖ ਦੀ ਸਿਰਜਣਾ ਤੇ ਉਸਾਰੀ ਹੋ ਸਕਦੀ ਹੈ। ਮਨੁੱਖਤਾ ਵਾਸਤੇ ਇਹੋ ਸੱਚਾ ਸੰਦੇਸ਼ ਬਣੇ ਕਿ ਹੱਥੀਂ ਕਿਰਤ ਕਰਨ ਵਾਲਾ ਜਹਾਨ ਦਾ ਪਾਲਕ ਦੁੱਖ ਭਰੇ ਨਰਕੀ ਜੀਵਨ ਤੋਂ ਮੁਕਤ ਹੋਵੇ। ਗੁਜ਼ਰ ਰਿਹਾ ਸਮਾਂ ਸੱਚ ਦੇ ਨਾਂ ਹੋਵੇ, ਜੱਗ ਨੂੰ ਪਾਲਣ ਅਤੇ ਅੱਗੇ ਵਧਾਉਣ ਵਾਲੀ ਕਿਰਤ ਕਰਦਾ ਹਰ ਕਿਰਤੀ ਸੁਖੀ ਵਸੇ । ਵਰਤਮਾਨ ਅਤੇ ਭਵਿੱਖ ਸਾਡਾ ਸਭ ਦਾ ਸਾਂਝਾ ਹੋਵੇ। ਇਕ ਦੇ ਦੁੱਖ ਦਾ ਦਰਦ ਕਿਸੇ ਦੂਸਰੇ ਦੀ ਅੱਖ ਦਾ ਹੰਝੂ ਬਣੇ। ਮਨੁੱਖ ਜਦੋਂ ਵੀ ਚਾਹੇ ਤਾਂ ਕਿਸੇ ਵੀ ਸਮਾਜੀ, ਸਿਆਸੀ ਵਿਚਾਰਧਾਰਾ ਦਾ ਅੰਗ ਬਣ ਸਕਦਾ ਹੈ, ਕਿਸੇ ਵੀ ਧਰਮ ਦਾ ਲੜ ਫੜ ਸਕਦਾ ਹੈ ਜਾਂ ਧਰਮ ਤੋਂ ਬਿਨਾਂ ਜੀਊਣ ਦਾ ਸੰਕਲਪ ਲੈ ਸਕਦਾ ਹੈ। ਪਰ, ਇਸ ਤੋਂ ਵੀ ਜ਼ਰੂਰੀ ਅੱਜ ਲੋੜਾਂ ਦੀ ਲੋੜ ਕਿ ਸਭ ਤੋਂ ਪਹਿਲਾਂ ਸੱਭਿਆਚਾਰਾਂ ਅਤੇ ਸੱਭਿਆਤਾਵਾਂ ਦੀ ਨੇੜਤਾ ਵਾਸਤੇ ਕਾਰਜਸ਼ੀਲ ਹੁੰਦਿਆਂ, ਸੰਸਾਰ ਅਮਨ ਦਾ ਹੋਕਾ ਦਿੰਦਿਆ, ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਬੋਲ ਉੱਚੇ ਹੋਣ ਕਿ ਹੋਰ ਕੁਝ ਵੀ ਬਣਨ ਤੋਂ ਪਹਿਲਾ ਅਸੀਂ ਸੱਚੇ ਸੁੱਚੇ ਇਨਸਾਨ ਬਣੀਏਂ ।