ਦਲ ਜਾਂ ਲੀਡਰ ਦੀ ਹੋਂਦ ਬਚਾਣ ਦਾ ਸੰਘਰਸ਼ - ਜਸਵੰਤ ਸਿੰਘ 'ਅਜੀਤ'

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਟਿਆਲਾ ਵਿਖੇ ਕਥਤ 'ਜਬਰ ਵਿਰੋਧੀ' ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਕੁਝ ਅਕਾਲੀ ਮੁੱਖੀਆਂ ਨੇ ਰੱਜ ਕੇ ਕਾਂਗ੍ਰਸ ਨੂੰ ਕੋਸਿਆ ਅਤੇ ਉਸਦੇ ਵਿਰੁਧ ਦਿੱਲ ਦੀ ਭੜਾਸ ਕਢੀ। ਸ. ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਨੂੰ ਕਾਂਗ੍ਰਸ ਦੀ ਸ਼੍ਰੋਮਣੀ ਅਕਾਲੀ ਦਲ ਵਿਰੁਧ ਅਤੇ ਸਿੱਖ ਗੁਰਧਾਮਾਂ ਪੁਰ ਕਬਜ਼ਾ ਕਰਨੇ ਦੀ ਸੋਚੀ ਸਮਝੀ ਸਾਜਸ਼ ਕਰਾਰ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਕਾਂਗ੍ਰਸ ਵਲੋਂ ਪੈਦਾ ਕੀਤੇ ਗਏ ਹਾਲਾਤ ਤੋਂ ਇਹ ਗਲ ਸਪਸ਼ਟ ਹੋ ਗਈ ਹੈ ਕਿ ਹੁਣ ਲੜਾਈ 'ਖਾਲਸਾ ਪੰਥ ਅਤੇ ਕਾਂਗ੍ਰਸ ਪੰਥ' ਵਿੱਚ ਹੈ। ਕਾਂਗ੍ਰਸ ਨੂੰ ਸਿੱਖ ਗੁਰਧਾਮਾਂ ਪੁਰ ਕਬਜ਼ਾ ਕਰਨ ਤੋਂ ਰੋਕਣ ਲਈ ਖਾਲਸਾ ਪੰਥ ਨੂੰ ਅੱਗੇ ਆਉਣਾ ਹੀ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪ ਹੀ ਖਾਲਸਾ ਪੰਥ ਵਲੋਂ ਜਵਾਬ ਦਿੰਦਿਆਂ ਦਾਅਵਾ ਕਰ ਦਿੱਤਾ ਕਿ ਖਾਲਸਾ ਪੰਥ ਸਿੱਖਾਂ ਦੀ ਦੁਸ਼ਮਣ, ਕਾਂਗ੍ਰਸ ਪਾਰਟੀ ਨੂੰ ਕਦੀ ਵੀ ਅਤੇ ਕਿਸੇ ਵੀ ਕੀਮਤ 'ਤੇ ਗੁਰਦੁਅਰਿਆਂ ਪੁਰ ਕਬਜ਼ਾ ਕਰਨ ਤੇ ਸਿੱਖ ਕੌਮ ਦੀ ਕਿਸਮਤ ਦੇ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਸ. ਪ੍ਰਕਾਸ਼ ਸਿੰਘ ਬਾਦਲ ਨੇ ਹੋਰ ਕਿਹਾ ਕਿ ਕਾਂਗ੍ਰਸ ਦਾ ਉਦੇਸ਼ ਗੁਰਦੁਆਰਿਆਂ ਪੁਰ ਕਬਜ਼ਾ ਕਰ ਹਰਿਮੰਦਿਰ ਸਾਹਿਬ ਪੁਰ ਹਮਲਾ ਅਤੇ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਕਲੀਨ ਚਿੱਟ ਦੇਣਾ ਹੈ।
ਇਹ ਗਲ ਇਥੇ ਵਰਨਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਜਿਸ ਜਾਂਚ ਰਿਪੋਰਟ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਵਿਰੁਧ ਕਾਂਗ੍ਰਸ ਦੀ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ, ਉਸ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਮੁੱਖੀ, ਮੁਖ ਮੰਤਰੀ, ਸ. ਪ੍ਰਕਾਸ਼ ਸਿੰਘ ਬਾਲ ਅਤੇ ਉਪ ਮੁਖ ਮੰਤਰੀ, ਸ. ਸੁਖਬੀਰ ਸਿੰਘ ਬਾਦਲ ਪੁਰ ਜੋ ਦੋਸ਼ ਸਾਬਤ ਕੀਤੇ ਗਏ ਹੋਏ ਹਨ, ਉਨ੍ਹਾਂ ਨੂੰ ਕਿਵੇਂ ਝੁਠਲਾਇਆ ਜਾ ਸਕਦਾ ਹੈ। ਜਦਕਿ ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ, ਉਨ੍ਹਾਂ ਦੁਖਦਾਈ ਘਟਨਾਵਾਂ ਲਈ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ ਰਹਿ ਰਹੇ ਸਨ ਅਤੇ ਇਨ੍ਹਾਂ ਘਟਨਾਵਾਂ ਵਿਰੁੱਧ ਨਾਮ ਸਿਮਰਨ ਕਰ ਸ਼ਾਂਤੀ-ਪੂਰਣ ਰੋਸ ਪ੍ਰਗਟ ਕਰ ਰਹੇ ਸਿੱਖਾਂ ਪੁਰ ਜਦੋਂ ਗੋਲੀ ਚਲਾਈ ਗਈ ਸੀ, ਤਾਂ ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਸ. ਸੁਖਬੀਰ ਸਿੰਘ ਬਾਦਲ ਉਪ-ਮੁੱਖ ਮੰਤਰੀ ਸਨ, ਜਿਨ੍ਹਾਂ ਅਧੀਨ ਗ੍ਰਹਿ ਵਿਭਾਗ ਸੀ! ਇਸ ਸਥਿਤੀ ਵਿੱਚ ਉਹ ਕਿਵੇਂ ਉਨ੍ਹਾਂ ਦੁਖਦਾਈ ਘਟਨਾਵਾਂ ਦੀ ਨਿਜੀ ਜ਼ਿਮੇਂਦਾਰੀ ਤੋਂ ਬਚ ਸਕਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਸਿੱਖ ਪੰਥ ਨੂੰ ਅਗੇ ਕਰ, ਆਪਣੀ ਲੜਾਈ ਉਸਦੇ ਗਲ ਪਾ, ਆਪਣਾ ਦਾਮਨ ਬਚਾ ਲਿਜਾਣਾ ਚਾਹੂੰਦੇ ਹਨ।
ਉਨ੍ਹਾਂ ਦੀ ਇਸ ਸੋਚ ਤੋਂ ਕਈ ਵਰ੍ਹੇ ਪਹਿਲਾਂ ਦੀ ਇੱਕ ਗਲ ਯਾਦ ਆ ਜਾਂਦੀ ਹੈ। ਗਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼ਿਮਲਾ ਵਿੱਚ ਚਿੰਤਨ ਬੈਠਕ ਦਾ ਆਯੋਜਨ ਕੀਤਾ ਗਿਆ ਸੀ। ਜਿਸਦੇ ਸੰਬੰਧ ਵਿੱਚ ਦਸਿਆ ਗਿਆ ਸੀ ਕਿ ਦੋ-ਕੁ ਸਾਲ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਰਣਨੀਤੀ ਬਣਾਉਣ ਅਤੇ ਦਲ ਦੀ ਕਾਰਜ-ਪ੍ਰਣਾਲੀ ਨੂੰ ਸਾਰਥਕਤਾ ਦੇਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼ਿਮਲਾ ਵਿਖੇ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਅਰਦਾਸ ਕੀਤੇ ਦੇ, ਤਿੰਨ ਦਿਨਾ-ਚਿੰਤਨ ਬੈਠਕ ਦਾ ਆਯੋਜਨ ਕੀਤਾ ਗਿਆ ਹੈ। ਉਸ ਸਮੇਂ ਜਦੋਂ ਅਕਾਲੀ ਦਲ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠਕਾਂ ਕੀਤੇ ਜਾਣ ਦੀ ਸਥਾਪਤ ਪਰੰਪਰਾ ਤੋਂ ਹਟ ਕੇ ਇਹ ਬੈਠਕ ਕੀਤੇ ਜਾਣ ਪੁਰ ਸੁਆਲ ਉਠਾਇਆ ਗਿਆ ਤਾਂ ਦਲ ਦੇ ਆਗੂਆਂ ਦਸਿਆ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਗੁਰਦੁਆਰਿਆਂ ਦੀ ਵਲਗਣ ਵਿਚੋਂ ਬਾਹਰ ਕਢਣ ਦਾ ਫੈਸਲਾ ਕਰ ਲਿਆ ਹੈ। ਇਸ ਪਾਸੇ ਪਹਿਲ ਕਰਨ ਦੇ ਉਦੇਸ਼ ਨਾਲ ਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਗੁਰਦੁਆਰਿਆਂ ਤੋਂ ਬਾਹਰ, ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕੀਤੇ ਦੇ ਕੀਤੀ ਗਈ ਹੈ।
ਉਸ ਸਮੇਂ ਇਹ ਵੀ ਦਸਿਆ ਗਿਆ ਕਿ ਇਸ ਚਿੰਤਨ ਬੈਠਕ ਵਿਚ, ਜਿਥੇ ਅਕਾਲੀ ਦਲ ਦੀ ਪਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਲੋੜ ਨਹੀਂ ਸਮਝੀ ਗਈ, ਉਥੇ ਹੀ ਪੰਥਕ ਮਸਲਿਆਂ ਦੇ ਬਾਰੇ ਵੀ ਵਿਚਾਰ ਕਰਨਾ ਜ਼ਰੂਰੀ ਨਹੀਂ ਸੀ ਸਮਝਿਆ ਗਿਆ। ਜੋ ਇਸ ਗਲ ਦਾ ਸੰਕੇਤ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਇਹ ਗਲ ਸਵੀਕਾਰ ਕਰ ਲਈ ਸੀ ਕਿ ਹੁਣ ਉਨ੍ਹਾਂ ਨੂੰ ਰਾਜਸੱਤਾ ਦੀ ਪ੍ਰਾਪਤੀ ਲਈ ਨਾ ਤਾਂ ਗੁਰੂ ਦੀ ਅਤੇ ਨਾ ਹੀ ਪੰਥ ਦੀ ਲੋੜ ਰਹਿ ਗਈ। ਹੁਣ ਉਹ ਗੁਰੂ ਦੀ ਓਟ ਤੇ ਪੰਥ ਤੋਂ ਬਿਨਾਂ ਹੀ ਰਾਜਸੱਤਾ ਪੁਰ ਕਾਬਜ਼ ਹੋ ਸਕਦੇ ਹਨ।
ਇਸ ਚਿੰਤਨ ਬੈਠਕ ਦੇ ਕੁਝ ਹੀ ਸਮਾਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਬਿਆਨ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਸਾਲਾਨਾ ਯਾਦ ਮੰਨਾਉਣ ਦੇ ਸਬੰਧ ਵਿੱਚ ਹੋਏ ਸਮਾਗਮ ਵਿੱਚ ਭਾਸ਼ਣ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਤਨੀਆਂ ਮਹਤੱਵਪੂਰਣ ਹਨ, ਉਤਨੀਆਂ ਪੰਜਾਬ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਨਹੀਂ ਹਨ। ਉਨ੍ਹਾਂ ਦਾ ਇਹ ਬਿਆਨ ਪੜ੍ਹ ਕੇ ਹੈਰਾਨੀ ਹੋਈ, ਕਿਉਂਕਿ ਇਹ ਬਿਆਨ ਪੜ੍ਹਦਿਆਂ ਹੀ ਇਸਤੋਂ ਕੁਝ ਹੀ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸ਼ਿਮਲਾ ਵਿੱਖੇ ਹੋਈ ਉਸ ਚਿੰਤਨ ਬੈਠਕ ਦੀ ਯਾਦ ਆ ਗਈ ਜਿਸਦੇ ਸੰਬੰਧ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਵਿਖ ਲਈ ਦਲ ਦੀ ਰਣਨੀਤੀ ਬਣਾਉਣ ਅਤੇ ਕਾਰਜ-ਪ੍ਰਣਾਲੀ ਨੂੰ ਨਵੇਂ ਰੂਪ ਵਿੱਚ ਸਾਰਥਕਤਾ ਦੇਣ ਦੇ ਉਦੇਸ਼ ਨਾਲ ਤਿੰਨ ਦਿਨਾ-ਚਿੰਤਨ ਬੈਠਕ ਦਾ ਆਯੋਜਨ ਕੀਤਾ ਗਿਆ ਹੈ। ਇਸਦੇ ਨਾਲ ਹੀ ਦਲ ਦੇ ਆਗੂਆਂ ਇਹ ਵੀ ਦਸਿਆ ਸੀ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕਢਣ ਦਾ ਫੈਸਲਾ ਕਰ ਲਿਆ ਹੈ। ਇਸੇ ਪਾਸੇ ਪਹਿਲ ਕਰਨ ਦੇ ਉਦੇਸ਼ ਨਾਲ ਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਗੁਰਦੁਆਰੇ ਤੋਂ ਬਾਹਰ, ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਅਰਦਾਸ ਕੀਤੇ ਦੇ ਕੀਤੀ ਗਈ ਹੈ।
ਜਦੋਂ ਇਹ ਗਲ ਯਾਦ ਆ ਜਾਏ ਤਾਂ ਹੈਰਾਨੀ ਹੋਣਾ ਸੁਭਾਵਕ ਹੀ ਹੈ। ਜਿਸ ਅਕਾਲੀ ਦਲ ਦੇ ਮੁੱਖੀਆਂ ਨੇ ਕੁਝ ਹੀ ਸਮਾਂ ਪਹਿਲਾਂ ਇਸ ਦਾਅਵੇ ਨਾਲ ਆਪਣੀਆਂ ਬੈਠਕਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਲੋੜ ਨਹੀਂ ਸੀ ਸਮਝੀ ਕਿ ਉਹ ਆਪਣੇ ਦਲ ਨੂੰ ਗੁਰਦੁਆਰਿਆਂ ਤੋਂ ਬਾਹਰ ਕਢਣਾ ਚਾਹੁੰਦੇ ਹਨ ਤੇ ਪੰਥ ਤੋਂ ਬਿਨਾਂ ਹੀ ਉਹ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਜਿਤ ਸਕਦੇ ਹਨ, ਉਸੇ ਦਲ ਦੇ ਸਰਪ੍ਰਸਤ ਕੁਝ ਹੀ ਸਮਾਂ ਬਾਅਦ ਇਹ ਕਹਿਣ ਤੇ ਮਜਬੂਰ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਨਾਲੋਂ ਵੱਧ ਮਹਤੱਵਪੂਰਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਨ। ਜਿਸਦਾ ਮਤਲਬ ਸਪਸ਼ਟ ਸੀ ਉਨ੍ਹਾਂ ਛੇਤੀ ਹੀ ਸਮਝ ਲਿਆ ਕਿ ਉਹ 'ਗੁਰੂ' ਤੋਂ ਬਿਨਾਂ ਤਾਂ ਚੋਣਾਂ ਜਿਤ ਸਕਦੇ ਪਰ ਸ਼੍ਰੋਮਣੀ ਕਮੇਟੀ ਦੀ 'ਗੋਲਕ' ਤੋਂ ਬਿਨਾਂ ਉਨ੍ਹਾਂ ਲਈ ਕੋਈ ਵੀ ਚੋਣ ਜਿਤ ਪਾਣਾ ਸੰਭਵ ਨਹੀਂ।


 ...ਅਤੇ ਅੰਤ ਵਿੱਚ : ਬੀਤੇ ਦਿਨੀਂ ਅਚਾਨਕ ਪੰਜਾਬ ਤੋਂ ਦਿੱਲੀ ਆਏ ਇੱਕ ਸੀਨੀਅਰ ਅਕਾਲੀ ਮੁੱਖੀ ਨਾਲ ਮੁਲਾਕਾਤ ਹੋ ਗਈ। ਉਨ੍ਹਾਂ ਦੀ ਕੇਸਰੀ ਰੰਗ ਦੀ ਪਗੜੀ ਵੇਖ, ਪੁਰਾਣੇ ਸੰਬੰਧਾਂ ਦੀ ਸਾਂਝ ਕਾਰਣ ਹਾਸੇ-ਠੱਠੇ ਵਿੱਚ ਹੀ ਉਨ੍ਹਾਂ ਪਾਸੋਂ ਪੁਛ ਬੈਠਾ ਕਿ ਸਿੰਘ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਸਮੇਂ ਤਾਂ ਅਕਾਲੀਆਂ ਲਈ ਕਾਲੀ ਪਗੜੀ ਬਨ੍ਹਣਾ ਜ਼ਰੂਰੀ ਹੁੰਦਾ ਸੀ। ਹੁਣ ਅਕਾਲੀਆਂ ਨੇ ਕਾਲੀ ਪਗੜੀ ਛੱਡ ਨੀਲੀ ਜਾਂ ਕੇਸਰੀ ਪਗੜੀ ਬੰਨ੍ਹਣੀ ਕਿਉਂ ਸ਼ੁਰੂ ਕਰ ਦਿੱਤੀ ਹੈ? ਉਹ ਆਸ ਤੋਂ ਕਿਤੇ ਵੱਧ ਹੀ ਮੂੰਹ-ਫਟ ਨਿਕਲੇ। ਇਹ ਸੁਣ ਉਨ੍ਹਾਂ ਹਸਦਿਆਂ, ਝਟ ਜੁਆਬ ਦਿੱਤਾ ਕਿ ਉਸ ਸਮੇਂ ਅਕਾਲੀਆਂ ਦੇ ਦਿਲ ਸਾਫ ਹੋਇਆ ਕਰਦੇ ਸਨ ਅਤੇ ਪਗੜੀਆਂ ਕਾਲੀ, ਪ੍ਰੰਤੂ ਅੱਜ ਦੇ ਅਕਾਲੀ ਇਹ ਮੰਨ ਕੇ ਚਲਦੇ ਹਨ ਕਿ ਦਿਲ ਕਾਲੇ ਹੋਣੇ ਚਾਹੀਦੇ ਹਨ, ਪਗੜੀ ਭਾਂਵੇਂ ਕਿਸੇ ਵੀ ਰੰਗ ਦੀ ਹਵੇੋ, ਚਲ ਜਾਇਗੀ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

11 Oct. 2018