ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

03 ਜਨਵਰੀ 2023

ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਦੀ ਮੰਗ ਕੀਤੀ ਬੀਬੀ ਜਗੀਰ ਕੌਰ ਨੇ-ਇਕ ਖ਼ਬਰ
ਬੀਬੀ ਜੀ, ਤੁਹਾਡੀ ਮੰਗ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਾਲ਼ੇ ਕੁਰਾਲ਼ੀ ਵਾਲੇ ਪੰਡਤਾਂ ਤੋਂ ਪੁੱਛਣ ਗਏ ਐ।   

ਦੋ ਨਾਬਾਲਗ਼ ਗੈਂਗਸਟਰਾਂ ਦੀ ਸਿਰਸਾ ਤੋਂ ਹੋਈ ਗ੍ਰਿਫ਼ਤਾਰੀ- ਇਕ ਖ਼ਬਰ
ਲਗਦੈ ਹੁਣ ਭਾਰਤ ਵਿਚ ਗੈਂਗਸਟਰ ਹੀ ਜੰਮਿਆਂ ਕਰਨਗੇ।

ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ 23 ਪੋਹ ਦੀ ਬਜਾਇ 14 ਨੂੰ ਕਿਉਂ ਮਨਾ ਰਹੀ ਹੈ ਸ਼੍ਰੋਮਣੀ ਕਮੇਟੀ-ਸੈਕਰਾਮੈਂਟੋ
ਸਿਰਦਾਰ ਜੀ, ਇਹ ਦੋ ਮਹਾਨ ‘ਤਾਰਾ ਵਿਗਿਆਨੀਆਂ’ ਵਲੋਂ ‘ਸੋਧੇ’ ਹੋਏ ਕੈਲੰਡਰ ਅਨੁਸਾਰ ਹੈ ਜੀ।

ਜ਼ੇਲੈਂਸਕੀ ਨੇ ਅਮਨ ਲਈ ਭਾਰਤ ਤੋਂ ਮਦਦ ਮੰਗੀ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਗੁਰੂ ਕੇ ਮਹਿਲ(ਸ੍ਰੀ ਅੰਮ੍ਰਿਤਸਰ) ਦਾ ਇਤਿਹਾਸਕ ਖੂਹ ਕਾਰਸੇਵਾ ਦੀ ਭੇਟ ਚੜ੍ਹਿਆ- ਇਕ ਖ਼ਬਰ
ਯਾਰ ਏਨਾ ਥੋੜ੍ਹੈ ਕਿ ਬਾਬੇ ਤੁਹਾਨੂੰ ਹੁਣ ਸੰਗਮਰਮਰੀ ਖੂਹ ਦਾ ਜਲ ਛਕਾਉਣਗੇ।

ਮੈਨੂੰ ਸਿਆਸੀ ਬਦਲਾਖੋਰੀ ਤਹਿਤ ਜੇਲ੍ਹ ਭੇਜਣ ਦੀ ਤਿਆਰੀ ‘ਚ ਸਰਕਾਰ- ਚੰਨੀ
ਚੰਨੀ ਸਾਬ ਇਹ ਜੁਮਲਾ ਪੁਰਾਣਾ ਹੋ ਗਿਐ, ਕੋਈ ਹੋਰ ਗੱਲ ਬਣਾਉ ਜੀ।

ਬਠਿੰਡੇ ‘ਚ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਧੜੇ ਦੀ ਸਿਆਸੀ ਸ਼ਰੀਕੇਬਾਜ਼ੀ ਸਿਖ਼ਰਾਂ ‘ਤੇ- ਇਕ ਖ਼ਬਰ
ਵਾਰਿਸਸ਼ਾਹ ਦੋ ਲੜਨ ਮਾਸ਼ੂਕ ਏਥੇ, ਮੇਰੀ ਸੰਗਲੀ ਸ਼ਗਨ ਵਿਚਾਰਦੀ ਏ।

ਚੀਨ ਸਬੰਧਾਂ ਦੀ ਮਜ਼ਬੂਤੀ ਲਈ ਭਾਰਤ ਨਾਲ਼ ਮਿਲਕੇ ਕੰਮ ਕਰਨ ਨੂੰ ਤਿਆਰ- ਵਾਂਗ ਯੀ
ਨੀਂ ਚਰਖ਼ਾ ਬੋਲ ਪਿਆ, ਹਰ ਗੱਲ ਨਾਲ਼ ਭਰਦਾ ਹੁੰਗਾਰੇ।

ਕੋਰੋਨਾ ਦੇ ਰੋਜ਼ ਆਉਣ ਵਾਲੇ ਅੰਕੜੇ ਜਾਰੀ ਨਹੀਂ ਕਰੇਗਾ ਚੀਨ- ਸਿਹਤ ਕਮਿਸ਼ਨ ਚੀਨ
ਨ੍ਹਾਉਂਦੀ ਫਿਰੇਂ ਤੀਰਥਾਂ ‘ਤੇ, ਤੇਰੇ ਅੰਦਰੋਂ ਮੈਲ਼ ਨਾ ਜਾਵੇ।

ਕਿਸਾਨ ਅੰਦੋਲਨ ਟੁੱਟ-ਭੱਜ ਤੋਂ ਬਾਅਦ ਮੁੜ ਏਕਤਾ ਵਲ......!-ਇਕ ਖ਼ਬਰ
ਭੱਜੀਆਂ ਬਾਹੀਂ ਗਲ਼ ਆ ਲੱਗਣ, ਝਗੜੇ ਝੇੜੇ ਸਭ ਮੁੱਕ ਜਾਂਦੇ।

ਕਾਂਗਰਸ ਨੇ ਸਰਕਾਰ ਤੋਂ ਕਿਸਾਨਾਂ ਦੀ ਆਮਦਨ ‘ਤੇ ‘ਵ੍ਹਾਈਟ ਪੇਪਰ’ ਲਿਆਉਣ ਦੀ ਕੀਤੀ ਮੰਗ- ਇਕ ਖ਼ਬਰ
ਕਾਂਗਰਸ ਨੇ ਆਪਣੀਆਂ ਕਰਤੂਤਾਂ ਦੇ ਕਿੰਨੇ ਕੁ ਵ੍ਹਾਈਟ ਪੇਪਰ ਲਿਆਂਦੇ ਬਈ।

ਭਾਜਪਾ ਨੇ ਸਿੱਖਾਂ ਨੂੰ ਪਤਿਆਉਣ ਲਈ ਰਣਨੀਤੀ ਉਲੀਕੀ- ਇਕ ਖ਼ਬਰ
ਸੀਤਾ ਦੇ ਛਲਣੇ ਨੂੰ, ਸੋਨੇ ਦਾ ਮਿਰਗ ਬਣਾਇਆ।

ਮੁੰਬਈ ਮਹਾਂਰਾਸ਼ਟਰ ਦੀ ਹੈ, ਕਿਸੇ ਦੇ ਪਿਉ ਦੀ ਨਹੀਂ- ਫੜਨਵੀਸ
ਨੱਚ ਲੈ ਸ਼ਾਮ ਕੁਰੇ, ਹੁਣ ਭੌਰ ਬੋਲੀਆਂ ਪਾਵੇ।

ਆਈ.ਐਮ.ਐਫ਼. ਦਾ ਪ੍ਰੋਗਰਾਮ ਲਾਗੂ ਕਰਨ ਤੋਂ ਸਿਵਾ ਹੋਰ ਕੋਈ ਬਦਲ ਨਹੀਂ ਸੀ- ਸ਼ਾਹਬਾਜ਼ ਸ਼ਰੀਫ਼
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

‘ਆਪ’ ਸਰਕਾਰ ਹਿਸਾਬ ਦੇਵੇ ਕਿ ਤੀਹ ਹਜ਼ਾਰ ਕਰੋੜ ਦਾ ਕਰਜ਼ਾ ਕਿੱਥੇ ਖਰਚਿਆ- ਬਾਜਵਾ
ਲਾਣੇਦਾਰਾ ਸੱਚ ਦੱਸ ਦੇ, ਮੇਰੇ ਗੋਖਰੂ ਕਿੰਨੇ ‘ਚ ਵੇਚ ਆਇਐਂ।