ਨਵੇਂ ਸਾਲ ਦੀਆਂ ਤਰਜੀਹਾਂ ਤੈਅ ਕਰਨ ਦਾ ਵੇਲਾ - ਅਵਿਜੀਤ ਪਾਠਕ

ਸਮੇਂ ਦੇ ਨਿਰੰਤਰ ਪ੍ਰਵਾਹ ਅਤੇ ਇਸ ਨਾਲ ਜੁੜੀਆਂ ਨਿਰਾਸ਼ਾ ਤੇ ਆਸ਼ਾ ਦੀਆਂ ਕਹਾਣੀਆਂ ਦੇ ਅੰਗ ਸੰਗ ਸਾਡੇ ਸਾਹਮਣੇ ਇਕ ਹੋਰ ਸਾਲ ਆ ਗਿਆ ਹੈ ਜਿਸ ਨਾਲ ਜਸ਼ਨ, ਅਹਿਦ, ਵਾਅਦੇ ਅਤੇ ਖ਼ਦਸ਼ਿਆਂ ਦੇ ਭਾਵ ਜੁੜੇ ਹਨ। ਅਕਲ ਦੀ ਕਸੌਟੀ ਸੰਕੇਤ ਦਿੰਦੀ ਹੈ ਕਿ ਸਾਡੇ ਖਿੰਡੇ-ਖੱਪਰੇ ਸਮਾਜ ਅੰਦਰ ਹਿੰਸਾ ਤੇ ਸਭਿਆਚਾਰਕ ਨਿਘਾਰ ਅਤੇ ਘੋਰ ਸਮਾਜਿਕ ਤੇ ਆਰਥਿਕ ਨਾ-ਬਰਾਬਰੀ ਦੇ ਪੇਸ਼ੇਨਜ਼ਰ ਸਾਲ 2023 ਪਿਛਲੇ ਕੁਝ ਸਾਲਾਂ ਤੋਂ ਵੱਖਰਾ ਨਹੀਂ ਹੋਣ ਵਾਲਾ। ਫਿਰ ਵੀ ਹਨੇਰੀ ਸੁਰੰਗ ਦੇ ਕਿਨਾਰੇ ’ਤੇ ਰੋਸ਼ਨੀ ਦੇਖਣ ਦੇ ਇੱਛਕ ਸਾਡੇ ਕੁਝ ਲੋਕ ਆਸ ਦਾ ਪੱਲਾ ਨਹੀਂ ਛੱਡਦੇ ਅਤੇ ਉਹ ਹੌਸਲੇ ਦੀ ਸ਼ਕਤੀ ਦਾ ਜਸ਼ਨ ਮਨਾਉਂਦੇ ਹੋਏ ਪ੍ਰਾਰਥਨਾਵਾਂ ਦੇ ਜਲ ਨਾਲ ਸਿੰਜੇ ਜਾਂਦੇ ਸਾਰਥਕ ਸਮਾਜਿਕ ਉਦਮ ਲਈ ਯਤਨਸ਼ੀਲ ਰਹਿੰਦੇ ਹਨ।
ਜ਼ਰੂਰੀ ਨਹੀਂ ਕਿ ਪ੍ਰਾਰਥਨਾਵਾਂ ਦੀ ਤੁਲਨਾ ਸੰਸਥਾਈ ਧਰਮਾਂ ਦੇ ਅਡੰਬਰਾਂ ਨਾਲ ਕੀਤੀ ਜਾਵੇ ਸਗੋਂ ਇਹ ਪ੍ਰਾਰਥਨਾਵਾਂ ਬਿਹਤਰ ਦੁਨੀਆ ਸਿਰਜਣ ਦੀਆਂ ਸਾਡੀਆਂ ਅੰਦਰੂਨੀ ਸੰਭਾਵਨਾਵਾਂ ਅਤੇ ਸ਼ਕਤੀ ਦੀ ਤਲਾਸ਼ ਲਈ ਸਾਡੀ ਮਾਨਵੀ ਅਰਜ਼ ਵਿਚੋਂ ਉਗਮਦੀਆਂ ਹਨ। ਦਰਅਸਲ, ਪ੍ਰਾਰਥਨਾਵਾਂ ਆਤਮ ਸ਼ੁੱਧੀ ਦਾ ਕਾਰਜ ਹੁੰਦੀਆਂ ਹਨ ਜੋ ਸਾਨੂੰ ਚੇਤੇ ਕਰਾਉਂਦੀਆਂ ਹਨ ਕਿ ਸਾਡੇ ਅੰਦਰ ਸੰਭਾਵਨਾਵਾਂ ਭਰੀਆਂ ਹਨ ਅਤੇ ਅਸੀਂ ਅਧਿਆਤਮਕ ਤੌਰ ’ਤੇ ਉਚੇ, ਚੌਗਿਰਦੇ ਦੀ ਸੋਝੀ ਵਾਲੇ ਅਤੇ ਸਮਤਾਪੂਰਨ ਸੰਸਾਰ ਸਿਰਜਣ ਦੇ ਸਮਰੱਥ ਹਾਂ। ਇਸ ਲਿਹਾਜ਼ ਤੋਂ ਕਾਰਲ ਮਾਰਕਸ ਤੋਂ ਲੈ ਕੇ ਅੰਤੋਨੀਓ ਗ੍ਰਾਮਸ਼ੀ ਜਾਂ ਮਹਾਤਮਾ ਗਾਂਧੀ ਤੋਂ ਲੈ ਕੇ ਭਗਤ ਸਿੰਘ ਤੱਕ ਸਾਰੇ ਪ੍ਰਾਰਥਨਾਵਾਂ ਦੇ ਭਾਵ ਤੋਂ ਪ੍ਰੇਰਿਤ ਸਨ। ਅਸੀਂ ਜਦੋਂ ਇਕ ਹੋਰ ਨਵੇਂ ਸਾਲ ਦੀ ਆਮਦ ਦਾ ਸੁਆਗਤ ਕਰ ਰਹੇ ਹਾਂ ਤਾਂ ਕੀ ਸਾਡੇ ਲਈ ਇਹ ਸੰਭਵ ਹੈ ਕਿ ਅਸੀਂ ਹਥਲੀਆਂ ਪ੍ਰਾਰਥਨਾਵਾਂ ਨਾਲ ਆਪਣੇ ਸਮਾਜਿਕ-ਸਿਆਸੀ ਤੇ ਸਭਿਆਚਾਰਕ ਰੀਤਾਂ ਨੂੰ ਮੁੜ ਪਰਿਭਾਸ਼ਤ ਕਰ ਸਕੀਏ?
ਪਹਿਲੀ, ਕਿਉਂਕਿ ਧਾੜਵੀ ਰਾਸ਼ਟਰਵਾਦ ਦੇ ਨਾਂ ਹੇਠ ਨਫ਼ਰਤ ਤੇ ਹਿੰਸਾ ਅਤੇ ਚੇਤਨਾ ਨੂੰ ਕੁੰਦ ਕਰਨ ਦੇ ਅਮਲ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ, ਤਾਂ ਕੀ ਸਾਡੇ ਲਈ ਇਹ ਸੰਭਵ ਹੈ ਕਿ ਅਸੀਂ ਆਪਸੀ ਪਿਆਰ ਤੇ ਕਰੁਣਾ ਦੇ ਭਾਵ ਨਾਲ ਓਤ-ਪੋਤ ਆਪਣੇ ਆਪ ਨੂੰ ਇਕੋ ਸਾਗਰ ਦੇ ਪ੍ਰਾਣੀ ਵਜੋਂ ਮੁੜ ਚਿਤਵ ਸਕਦੇ ਹਾਂ? ਜ਼ਰਾ ਸੋਚੋ, ਜਿਵੇਂ ਹਿੰਦੂ ਰਾਸ਼ਟਰਵਾਦ ਸਾਨੂੰ ਬਣਾਉਣਾ ਚਾਹੁੰਦਾ ਹੈ, ਤਾਂ ਸਾਡੀ ਹੋਣੀ ਕਿਹੋ ਜਿਹੀ ਹੋਵੇਗੀ : ‘ਜੈ ਸ਼੍ਰੀ ਰਾਮ’ ਦੀ ਕਾਵਾਂਰੌਲੀ ਨਾਲ ਬੇਸੁਧ ਹੋਏ ਮਾਰਖੋਰੇ ਅਤੇ ਬੜਬੋਲੇ ਹਿੰਦੂ ਵਾਂਗ ਜੋ ਹਰ ਇੱਕ ਮੁਸਲਮਾਨ ਨੂੰ ਗੱਦਾਰ ਜਾਂ ਦੇਸ਼ ਦੇ ਦੁਸ਼ਮਣ ਦੀ ਨਜ਼ਰ ਨਾਲ ਦੇਖੇਗਾ।
ਇਹ ਤੰਗਨਜ਼ਰ ਪਛਾਣ ਸਾਨੂੰ ਵਹਿਸ਼ੀ ਬਣਾ ਦੇਵੇਗੀ, ਸਾਡੀਆਂ ਸੰਭਾਵਨਾਵਾਂ ਸੀਮਤ ਕਰ ਦੇਵੇਗੀ ਅਤੇ ਸਾਡੇ ਕੋਲੋਂ ਆਪਣੀ ਚੇਤਨਾ, ਭਾਵ ਦੁਨੀਆ ਨੂੰ ਹਿੰਦੂ/ਮੁਸਲਿਮ ਵੰਨਗੀਆਂ ਤੋਂ ਪਰ੍ਹੇ ਤੱਕਣ, ਸਮੁੱਚੀ ਦੁਨੀਆ ਨੂੰ ਕਲਾਵੇ ਵਿਚ ਲੈਣ ਅਤੇ ਆਪਣੀ ਅਸਲ ਸ਼ਕਤੀ ਪਿਆਰ, ਅਪਣੱਤ, ਕਰੁਣਾ ਤੇ ਬਹੁਵਾਦ ਤੇ ਵੰਨ-ਸਵੰਨਤਾ ਨੂੰ ਚਾਹੁਣ ਦੀ ਸਾਡੀ ਕਾਬਲੀਅਤ ਖੋਹ ਲਵੇਗੀ। ਸਾਨੂੰ ਹੁਣ ਮੰਨ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਕਿਸਮ ਦਾ ਧਾੜਵੀ ਰਾਸ਼ਟਰਵਾਦ ਜਾਂ ਧਾਰਮਿਕ ਮੂਲਵਾਦ ਸਾਨੂੰ ਮਾਨਵੀ ਦਰਜੇ ਤੋਂ ਹੇਠਾਂ ਸੁੱਟਦਾ ਹੈ।
ਸਿਰਫ਼ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਬਣ ਕੇ ਜੀਣ ਅਤੇ ਪੁਜਾਰੀਆਂ/ਪਾਦਰੀਆਂ/ਮੁਲਾਣਿਆਂ ਅਤੇ ਉਨ੍ਹਾਂ ਦੇ ਬੁਰਛਾਗਰਦ ਸਿਆਸੀ ਆਕਾਵਾਂ ਦੇ ਨਾਪਾਕ ਗੱਠਜੋੜ ਦੇ ਇਸ਼ਾਰਿਆਂ ’ਤੇ ਚੱਲਣਾ ਕੋਈ ਬਹਾਦਰੀ ਦੀ ਗੱਲ ਨਹੀਂ ਹੈ। ਇਸ ਦੀ ਬਜਾਇ ਸਾਡੀ ਆਪਣੀ ਸਾਂਝੀ ਇਨਸਾਨੀਅਤ ’ਤੇ ਮੁੜ ਹੱਕ ਜਤਾਉਣਾ ਅਤੇ ਸਾਡੇ ਅਸਲ ਖਾਸੇ ਨਾਲ ਇਕਮਿਕ ਹੋਣਾ ਬਹਾਦਰੀ ਦਾ ਕਾਰਜ ਹੈ।
ਇਸ ਲਈ 2023 ’ਚ ਕੀ ਸਾਡੇ ਲਈ ਇਹ ਸੰਭਵ ਹੈ ਕਿ ਅਸੀਂ ਇਹ ਪ੍ਰਾਰਥਨਾ ਕਰੀਏ- ਸਾਨੂੰ ਅੰਦਰੂਨੀ ਸ਼ਕਤੀ ਅਤੇ ਆਪਣੇ ਗੁਆਚੇ ਖਾਸੇ ਨੂੰ ਮੁੜ ਹਾਸਲ ਕਰਨ ਦੀ ਸਮਝ ਦੀ ਭਰਪੂਰ ਦਾਤ ਮਿਲੇ ਅਤੇ ਅਸੀਂ ਇਹ ਅਹਿਸਾਸ ਕਰ ਸਕੀਏ ਕਿ ਧਾੜਵੀ ਰਾਸ਼ਟਰਵਾਦ ’ਚ ਜ਼ਾਹਿਰ ਹੁੰਦੀ ਇਹ ਵੰਡਪਾਊ ਸਿਆਸਤ ਜਾਂ ਧਾਰਮਿਕ ਮੂਲਵਾਦ ਸਾਡੀ ਮਾਨਵਤਾ, ਅਧਿਆਤਮ ਜਾਂ ਸੁਹਿਰਦਤਾ ਅਤੇ ਸਾਡੇ ਦਿਸਹੱਦਿਆਂ ਨੂੰ ਮੋਕਲਾ ਕਰਨ ਦੀ ਸਮੱਰਥਾ ਨੂੰ ਵਿਗਸਣ ਨਹੀਂ ਦਿੰਦੇ?
ਦੂਜੀ, ਕੀ ਅਸੀਂ ਇਹ ਪ੍ਰਾਰਥਨਾ ਕਰ ਸਕਦੇ ਹਾਂ ਕਿ ਅਸੀਂ ਆਪਣੀ ਸੋਚ ਅਤੇ ਤਰਜੀਹਾਂ ਵਿਚ ਤਬਦੀਲੀ ਲਿਆ ਸਕੀਏ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਖੁੱਲ੍ਹਾ ਡੁੱਲ੍ਹਾ ਮਾਹੌਲ ਦੇ ਸਕੀਏ ਜਿੱਥੇ ਉਹ ਫੁੱਲ ਬਣ ਕੇ ਖਿੜ ਸਕਣ, ਅਸੀਂ ਉਨ੍ਹਾਂ ਦੀਆਂ ਖਾਸ ਦਿਲਚਸਪੀਆਂ ਨੂੰ ਪਛਾਣ ਸਕੀਏ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ, ਕਰੁਣਾਮਈ ਤੇ ਇਕਜੁੱਟ ਇਨਸਾਨਾਂ ਦੇ ਰੂਪ ਵਿਚ ਵਿਕਸਤ ਹੋਣ ਦੇਈਏ? ਭਵਿੱਖ ਸਾਡੇ ਬੱਚਿਆਂ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦਾ ਪਾਲਣ-ਪੋਸ਼ਣ ਕਿਵੇਂ ਹੁੰਦਾ ਹੈ ਜਾਂ ਉਹ ਕਿਹੋ ਜਿਹੀ ਸਿੱਖਿਆ ਗ੍ਰਹਿਣ ਕਰਦੇ ਹਨ। ਜਾਪਦਾ ਹੈ ਕਿ ਅਸੀਂ ਇਸ ਪ੍ਰਤੀ ਬਹੁਤੇ ਸੰਜੀਦਾ ਨਹੀਂ ਹਾਂ। ਅਸੀਂ ਆਪਣੇ ਡਰ ਤੇ ਬੇਚੈਨੀ, ਲਾਲਚ ਤੇ ਖਾਹਿਸ਼ਾਂ ਆਪਣੇ ਬੱਚਿਆਂ ’ਤੇ ਮੜ੍ਹਨ ਦੇ ਆਦੀ ਹਾਂ। ਇਸ ਲਈ ਕੋਈ ਹੈਰਾਨੀ ਨਹੀਂ ਹੁੰਦੀ ਕਿ ਅਸੀਂ ਸਿੱਖਿਆ ਨੂੰ ਕਿਸੇ ਨੌਕਰੀ ਦੇ ਹੁਨਰ ਜਾਂ ਸਿਖਲਾਈ ਨਾਲ ਮਿਲਾ ਕੇ ਰੱਖ ਦਿੱਤਾ ਹੈ, ਅਸੀਂ ਸਿੱਖਿਆ ਨੂੰ ਮਹਿਜ਼ ਕਿਤਾਬੀ ਗਿਆਨ ਇਕੱਤਰ ਕਰਨ ਤਕ ਮਹਿਦੂਦ ਕਰ ਲਿਆ ਹੈ, ਅਤੇ ਅਸੀਂ ਆਪਣੇ ਬੱਚਿਆਂ ਦੀ ਇਹੋ ਜਿਹੀ ਮਨੋਦਸ਼ਾ ਬਣਾ ਦਿੱਤੀ ਹੈ ਕਿ ਉਹ ਇਹ ਵਿਸ਼ਵਾਸ ਕਰਨ ਲੱਗ ਪਏ ਹਨ ਕਿ ‘ਜੋਖ਼ਮ ਰਹਿਤ’ ਤੇ ‘ਸੁਰੱਖਿਅਤ’ ਕਰੀਅਰ ਤੋਂ ਬਿਨਾ ਜ਼ਿੰਦਗੀ ਜਿਊਣ ਦਾ ਹੋਰ ਕੋਈ ਮਾਰਗ ਹੀ ਨਹੀਂ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪਰਿਵਾਰਕ ਸਮਾਜੀਕਰਨ ਅਤੇ ਸਿੱਖਿਆ ਸਨਅਤ ਜ਼ਰੀਏ ਅਸੀਂ ਆਪਣੇ ਬੱਚਿਆਂ ਤੋਂ ਬਦਲਵੀਂ ਕਲਪਨਾ ਸ਼ਕਤੀ ਦੀ ਚਿਣਗ ਹੀ ਖੋਹ ਲਈ ਹੈ। ਇਸੇ ਕਰ ਕੇ ਉਹ ਖ਼ਬਤੀਆਂ ਅਤੇ ਆਸਾਨੀ ਨਾਲ ਹਾਰ ਮੰਨ ਜਾਣ ਵਾਲੇ ਬਾਲਗਾਂ ਵਾਂਗ ਵਿਹਾਰ ਕਰਨ ਲੱਗ ਪਏ ਹਨ।
ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਉਨ੍ਹਾਂ ਨੇ ਇਸ ਗਲੇ ਸੜੇ ਸਮਾਜ ਦੇ ਮੰਤਰ ’ਤੇ ਕਿੰਤੂ ਕਰਨ ਦੀ ਦਲੇਰੀ ਤਜ ਦਿੱਤੀ ਹੈ ਜੋ ਸਮਾਜਿਕ ਡਾਰਵਿਨਵਾਦ ਦੀ ਜੀਵਨ ਜਾਚ, ਨਿਰੀ ਪੁਰੀ ਚਲਾਕੀ/ਮਕਰ ਦੇ ਰਣਨੀਤਕ ਝੁਕਾਅ, ਖੁਸ਼ੀ ਦੇ ਰੂਪ ਵਿਚ ਖਪਤਵਾਦ ਦਾ ਵਕਤੀਪਣ, ਸਥਾਪਤ ਅਤੇ ਸਫ਼ਲ ਜ਼ਿੰਦਗੀ ਦੇ ਮਿਰਗਜਾਲ ਦੀ ਭਾਲ ਵਿਚ ਦੌੜਦੇ ਰਹਿਣ ਵਿਚੋਂ ਝਲਕਦਾ ਹੈ।
ਇਸ ਲਈ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਮਾਪਿਆਂ/ਅਧਿਆਪਕਾਂ ਦੇ ਤੌਰ ’ਤੇ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਰਾਬਿੰਦਰਨਾਥ ਟੈਗੋਰ ਅਤੇ ਜਿੱਦੂ ਕ੍ਰਿਸ਼ਨਾਮੂਰਤੀ ਵਰਗਿਆਂ ਨੂੰ ਚਿਤਵਣ ਅਤੇ ਆਪਣੇ ਬੱਚਿਆਂ ਨੂੰ ਉਹ ਸਿੱਖਿਆ ਹਾਸਲ ਕਰਨ ਲਈ ਤਿਆਰ ਹਾਂ ਜੋ ਉਨ੍ਹਾਂ ਦੀਆਂ ਅੱਖਾਂ ਖੋਲ੍ਹਦੀ ਹੋਵੇ, ਉਨ੍ਹਾਂ ਦੀ ਰਚਨਾਤਮਿਕਤਾ ਨੂੰ ਊਰਜਿਤ ਕਰਦੀ ਹੋਵੇ, ਉਨ੍ਹਾਂ ਨੂੰ ਜੀਵਨ ਨੂੰ ਗੱਲਵਕੜੀ ਪਾਉਣ ਅਤੇ ਭ੍ਰਿਸ਼ਟ ਤੇ ਹਿੰਸਕ ਦੁਨੀਆ ਨੂੰ ਨਕਾਰਨ ਦਾ ਹੌਸਲਾ ਦਿੰਦੀ ਹੋਵੇ।
ਅਸੀਂ ਡਰ ਦੇ ਭਾਵ ਨਾਲ ਅਤੇ ਹੱਥ ਜੋੜ ਕੇ ਅਧਿਕਾਰਤ ਤੌਰ ’ਤੇ ਐਲਾਨੇ ਧਰਮ ਸਥਾਨਾਂ ’ਤੇ ਅਕਸਰ ਜਾਂਦੇ ਰਹਿੰਦੇ ਹਾਂ, ਹਰ ਤਰ੍ਹਾਂ ਦੇ ਪੁਜਾਰੀਆਂ ਤੇ ਜੋਤਸ਼ੀਆਂ ਦੀਆਂ ਸਲਾਹਾਂ ਲੈਂਦੇ ਰਹਿੰਦੇ ਹਾਂ। ਆਮ ਤੌਰ ’ਤੇ ਇਨ੍ਹਾਂ ਪ੍ਰਾਰਥਨਾਵਾਂ ਵਿਚ ਅਸੀਂ ਆਪਣੇ ਇਸ਼ਟ ਤੋਂ ਧਨ ਦੌਲਤ ਤੇ ਆਪਣੀ ਖੁਸ਼ਹਾਲੀ ਦੀਆਂ ਦਾਤਾਂ ਮੰਗਦੇ ਰਹਿੰਦੇ ਹਾਂ। ਇਨ੍ਹਾਂ ਸਵੈ-ਕੇਂਦਰਤ ਪ੍ਰਾਰਥਨਾਵਾਂ ਵਿਚ ਕਿਸੇ ਦੀ ਧੀ ਦੀ ਸ਼ਾਦੀ, ਪੁੱਤਰ ਦੀ ਨੌਕਰੀ ਜਾਂ ਕਿਸੇ ਨਵੇਂ ਘਰ ਦੀ ਉਸਾਰੀ ਤੋਂ ਪਰ੍ਹੇ ਹੋਰ ਕੁਝ ਨਹੀਂ ਹੁੰਦਾ।
ਇਸ ਕਿਸਮ ਦੀਆਂ ਪ੍ਰਾਰਥਨਾਵਾਂ ਜਾਂ ਫਿਰ ਉਨ੍ਹਾਂ ਸ਼ਾਹਾਨਾ ਦਾਅਵਤਾਂ ਜਿੱਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਖਾਣ ਪੀਣ, ਸ਼ਰਾਬ ਤੇ ਨੱਚਣ ਕੁੱਦਣ ਤੋਂ ਬਿਨਾ ਕੁਝ ਨਹੀਂ ਹੁੰਦਾ - ਸਾਡੀ ਚੇਤਨਾ ਦਾ ਦਾਇਰਾ ਨਹੀਂ ਵਧਾਉਂਦੀਆਂ। ਘੁੰਮ ਫਿਰ ਕੇ ਅਸੀਂ ਉਸੇ ਰੁਟੀਨ ’ਤੇ ਵਾਪਸ ਆ ਜਾਂਦੇ ਹਾਂ - ਉਹੀ ਸਿਆਸਤ, ਉਹ ਖ਼ੁਦਪ੍ਰਸਤੀ ਅਤੇ ਉਹ ਚੂਹਾ ਦੌੜ।
ਬਹਰਹਾਲ, ਸਵਾਲ ਇਹ ਹੈ ਕਿ 2023 ਨੂੰ ਖੁਸ਼ਆਮਦੀਦ ਕਹਿੰਦੇ ਹੋਏ ਕੀ ਅਸੀਂ ਆਪਣੀਆਂ ਪ੍ਰਾਰਥਨਾਵਾਂ ਦਾ ਅਰਥ ਮੁੜ ਪਰਿਭਾਸ਼ਤ ਕਰ ਸਕਦੇ ਹਾਂ, ਪਿਆਰ ਅਤੇ ਖਲੂਸ ਦੇ ਸਾਡੇ ਅੰਦਰੂਨੀ ਖਜ਼ਾਨੇ ਦਾ ਅਹਿਸਾਸ ਜਗਾ ਸਕਦੇ ਹਾਂ ਜਿਸ ਨੂੰ ਕੋਈ ਹਿੰਸਕ/ਭ੍ਰਿਸ਼ਟ ਸਮਾਜ ਹਮੇਸ਼ਾ ਢਕ ਕੇ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ? ਕੀ ਅਸੀਂ ਸਮਾਜਿਕ-ਸਿਆਸੀ ਸੋਚ ਅਤੇ ਇਖ਼ਲਾਕੀ ਤੌਰ ’ਤੇ ਪਾਵਨ ਕਾਰ-ਵਿਹਾਰ ਦੀ ਅਸਲੋਂ ਨਵੀਂ ਤਰਜ਼ ਅਪਣਾ ਸਕਦੇ ਹਾਂ?
* ਲੇਖਕ ਸਮਾਜ ਸ਼ਾਸਤਰੀ ਹੈ।