ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

09 ਜਨਵਰੀ 2023

ਲੰਮੇ ਸਮੇਂ ਤੋਂ ਆਪਣੇ ਬੈਂਕ ਖਾਤਿਆਂ ’ਚੋਂ ਤਨਖਾਹਾਂ ਨਾ ਕਢਵਾਉਣ ਵਾਲੇ ਅਫ਼ਸਰਾਂ ‘ਤੇ ਸਰਕਾਰ ਦੀ ਨਜ਼ਰ-ਇਕ ਖ਼ਬਰ

ਆਉਣ ਜਾਣ ਲਈ ਤਾਂ ਕਾਰ ਰੱਖੀ ਐ, ਬੁਲੇਟ ਤਾਂ ਰੱਖਿਐ ਪਟਾਕੇ ਪਾਉਣ ਨੂੰ।

 ਪਾਰਟੀ ਦੇ ਹਰ ਵਰਕਰ ਦੀ ਰਾਇ ਲਵਾਂਗੇ-ਸੁਖਬੀਰ ਬਾਦਲ

ਪਰ ਹੋਊਗਾ ਉਹੀ ਜੋ ਅਸੀਂ ਚਾਹਾਂਗੇ।

2047 ਤੱਕ ਭਾਰਤ ‘ਚ ਪ੍ਰਤੀ ਵਿਅਕਤੀ ਆਮਦਨ 10,000 ਡਾਲਰ ਹੋ ਜਾਵੇਗੀ- ਭਾਰਤੀ ਆਰਥਿਕ ਸਲਾਹਕਾਰ

ਜਿਵੇਂ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਬਈ।

ਮੀਡੀਆ ਨੂੰ ਮੇਰੀ ਟੀ-ਸ਼ਰਟ ਦਿਖਦੀ ਹੈ, ਗ਼ਰੀਬਾਂ ਦੇ ਪਾਟੇ ਕੱਪੜੇ ਨਹੀਂ- ਰਾਹੁਲ ਗਾਂਧੀ

ਗ਼ਰੀਬ! ਕਿੱਥੇ ਨੇ ਗ਼ਰੀਬ? 32 ਰੁਪਏ ਰੋਜ਼ਾਨਾ ‘ਚ ਐਸ਼ਾਂ ਕਰ ਰਹੇ ਨੇ ਲੋਕ

ਅਕਾਲੀ ਦਲ ਨੂੰ ਕਿਸਾਨਾਂ ਲਈ ਕੀਤੀ ਕੁਰਬਾਨੀ ਮਹਿੰਗੀ ਪੈ ਗਈ-ਸੁਖਬੀਰ ਬਾਦਲ

ਲਉ ਜੀ, ਹੋਰ ਸੁਣੋ, ਕਿਸਾਨੀ ਬਿੱਲਾਂ ਦੇ ਹੱਕ ‘ਚ ਬੋਲਣ ਨੂੰ ਸਾਰਾ ਟੱਬਰ ਕੁਰਬਾਨੀ ਕਹੀ ਜਾਂਦੈ।

ਪਟਿਆਲਾ ਜੇਲ੍ਹ ‘ਚ ਬਿੱਟੂ ਵਲੋਂ ਆਸ਼ੂ ਨਾਲ ਮੁਲਾਕਾਤ- ਇਕ ਖ਼ਬਰ

ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵੀ ਵਿੰਗਾ ਨਾ ਹੋਵੇ।

ਪਾਣੀਆਂ ਦੇ ਮੁੱਦੇ ‘ਤੇ ਸਹਿਯੋਗ ਕਰਨ ਸੂਬੇ- ਮੋਦੀ  

ਧੀਏ ਗੱਲ ਸੁਣ, ਨੂੰਹੇਂ ਕੰਨ ਕਰ।

ਗੁਲਾਮ ਨਬੀ ਆਜ਼ਾਦ ਦਾ ਸਾਥ ਛੱਡ ਕੇ 17 ਆਗੂ ਮੁੜ ਕਾਂਗਰਸ ‘ਚ ਸ਼ਾਮਲ ਹੋਏ- ਇਕ ਖ਼ਬਰ

ਜਾਨ ਬਚੀ ਔਰ ਲਾਖੋਂ ਪਾਏ, ਲੌਟ ਕੇ ਬੁੱ...ਘਰ ਕੋ ਆਏ।

ਕੈਨੇਡਾ ‘ਚ ਇਕ ਠੱਗ ਜੋੜੇ ਨੇ ਕਿਸੇ ਦਾ ਘਰ ਆਪਣਾ ਕਹਿ ਕੇ ਵੇਚ ਦਿਤਾ- ਇਕ ਖ਼ਬਰ

ਵੇਚਣ ਵਾਲਾ ਉਸ ਦੇਸ਼ ਤੋਂ ਆਇਆ ਲਗਦੈ ਜਿੱਥੇ ਇਕ ਪਲਾਟ ਚਾਰ ਚਾਰ ਵਾਰੀ ਵਿਕ ਜਾਂਦੈ।

ਮਲ਼ਾਈ ਖਾਣ ਵਾਲ਼ੇ ਲੀਡਰ ਵਿਦੇਸ਼ ਜਾਂ ਦੂਜੀਆਂ ਪਾਰਟੀਆਂ ‘ਚ ਚਲੇ ਗਏ- ਲਾਲ ਸਿੰਘ

ਖਾਏ ਪੀਏ ਯਹਾਂ ਸੇ ਖਿਸਕੇ, ਯੇਹ ਅੱਛੀ ਸੂਰਤ ਵਾਲੇ ਯਾਰ ਕਿਸ ਕੇ।

ਮੌਜੂਦਾ ਅਕਾਲੀ ਦਲ ਲੀਹਾਂ ਤੋਂ ਭਟਕ ਚੁੱਕਾ ਹੈ- ਹਰਭਜਨ ਸਿੰਘ ਤੁੜ

ਲੀਹਾਂ ਕਿੱਥੇ! ਹੁਣ ਤਾਂ ਲੀਹਾਂ ਦੀ ਧੂੜ ਵੀ ਨਹੀਂ ਲੱਭਦੀ।

ਭਾਰਤੀ ਵਪਾਰੀ ਆਸਟਰੇਲੀਆ ਨਾਲ ਮੁਕਤ ਵਪਾਰ ਸਮਝੌਤੇ ਦਾ ਲਾਭ ਲੈਣ- ਜੀ.ਟੀ.ਆਰ.ਆਈ.

ਭਰ ਲਉ ਝੋਲ਼ੀਆਂ ਮਿੱਤਰੋ ਕਿ ਲੱਡੂਆਂ ਦਾ ਮੀਂਹ ਵਰ੍ਹਦਾ।

ਮਾਨ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉਠ ਚੁੱਕਾ ਹੈ- ਸੁਖਬੀਰ ਬਾਦਲ

ਤੁਸੀਂ ਕਿਤੇ ਇਸ ਭੁਲੇਖੇ ‘ਚ ਨਾ ਰਹਿਉ ਕਿ ਹੁਣ ਲੋਕਾਂ ਨੂੰ ਤੁਹਾਡੇ ‘ਤੇ ਵਿਸ਼ਵਾਸ ਹੈ।

ਕੈਨੇਡਾ ‘ਚ ਨਸ਼ੀਲਾ ਪਦਾਰਥ ਜੇਲ੍ਹ ‘ਚ ਲਿਜਾਂਦਾ ਇਕ ਕਬੂਤਰ ਫੜਿਆ ਗਿਆ-ਇਕ ਖ਼ਬਰ

ਕੈਨੇਡਾ ਸਰਕਾਰ ਸੋਚ ਰਹੀ ਹੈ ਕਬੂਤਰ ਦਾ ਰਿਮਾਂਡ ਪੰਜਾਬ ਪੁਲੀਸ ਨੂੰ ਦੇ ਦਿਤਾ ਜਾਵੇ

ਪੰਜਾਬੀ ਭਾਸ਼ਾ ਦੇ ਠੇਠ ਸ਼ਬਦਾਂ ਨੂੰ ਹੁਣ ਪੰਜਾਬ ਵਾਸੀ ਵੀ ਨਹੀਂ ਸਮਝਦੇ- ਇਕ ਸਰਵੇਅ

ਆਪੇ ਫਾਥੜੀਏ ਤੈਨੂੰ ਕੌਣ ਛੂਡਾਵੇ।