ਪਾਕਿਸਤਾਨ-ਤਾਲਿਬਾਨ ਟਕਰਾਅ ਦੀ ਦਿਸ਼ਾ - ਜੀ  ਪਾਰਥਾਸਾਰਥੀ

ਨਿਊਯਾਰਕ ਵਿਚ ਅਲ ਕਾਇਦਾ ਦੇ 9/11 ਵਾਲੇ ਦਹਿਸ਼ਤੀ ਹਮਲੇ ਤੋਂ ਬਾਅਦ ਅਮਰੀਕਾ ਨੇ ਇਸ ਹਮਲੇ ਵਿਚ ਸ਼ਾਮਲ ਅਨਸਰਾਂ ਦਾ ਖੁਰਾ ਨੱਪਣ ਲਈ ਆਲਮੀ ਨਿਗਰਾਨੀ ਸ਼ੁਰੂ ਕਰ ਦਿੱਤੀ ਸੀ। ਹਮਲੇ ਦਾ ਮੁੱਖ ਸੂਤਰਧਾਰ ਉਸਾਮਾ ਬਿਨ ਲਾਦਿਨ 11 ਮਈ, 2011 ਨੂੰ ਐਬਟਾਬਾਦ ਸ਼ਹਿਰ ਵਿਚਲੀ ਪਾਕਿਸਤਾਨ ਦੀ ਕੁਲੀਨ ਮਿਲਟਰੀ ਟਰੇਨਿੰਗ ਅਕੈਡਮੀ ਨੇੜੇ ਛਾਪਾਮਾਰ ਕਾਰਵਾਈ ਦੌਰਾਨ ਮਾਰਿਆ ਗਿਆ ਸੀ। 9/11 ਹਮਲੇ ਦੇ ਸੂਤਰਧਾਰਾਂ ਦੀ ਤਲਾਸ਼ ਬਾਦਸਤੂਰ ਜਾਰੀ ਰਹੀ ਤੇ 2 ਅਗਸਤ, 2022 ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਉਸਾਮਾ ਦਾ ਜਾਨਸ਼ੀਨ 71 ਸਾਲਾ ਆਇਮਨ ਅਲ ਜਵਾਹਰੀ ਅਮਰੀਕੀ ਹਮਲੇ ਵਿਚ ਮਾਰਿਆ ਗਿਆ ਜੋ ਤਾਲਿਬਾਨ ਦੇ ਸ਼ਾਸਨ ਹੇਠ ਕਾਬੁਲ ਵਿਚ ਰਹਿ ਰਿਹਾ ਸੀ। ਬਾਇਡਨ ਨੇ ਦੱਸਿਆ ਸੀ ਕਿ ਜਵਾਹਰੀ ਅਮਰੀਕੀ ਧਰਤੀ ’ਤੇ ਹੋਏ ਉਸ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਵਿਚ ਸ਼ੁਮਾਰ ਸੀ ਜਿਸ ਵਿਚ 2977 ਲੋਕ ਮਾਰੇ ਗਏ ਸਨ।
ਉਂਝ, ਹਕੀਕਤ ਇਹ ਹੈ ਕਿ ਅਮਰੀਕੀ ਸਪੈਸ਼ਲ ਫੋਰਸਿਜ਼ ਵਲੋਂ ਉਸਾਮਾ ਬਿਨ ਲਾਦਿਨ ਨੂੰ ਮਾਰ ਗਿਰਾਉਣ ਤੋਂ ਬਾਅਦ ਦੁਨੀਆ ਭਰ ਵਿਚ ਅਲ-ਕਾਇਦਾ ਦਾ ਢਾਂਚਾ ਬਿਖਰਨਾ ਸ਼ੁਰੂ ਹੋ ਗਿਆ ਸੀ। ਸਮਾਂ ਬੀਤਣ ਨਾਲ ਹੋਰ ਕੱਟੜਪੰਥੀ ਪਾਕਿਸਤਾਨੀ ਦਹਿਸ਼ਤਗਰਦ ਗਰੁੱਪ ਉਭਰ ਆਏ ਜਿਨ੍ਹਾਂ ਨੇ ਭਾਰਤ ਨੂੰ ਨਿਸ਼ਾਨਾ ਨਹੀਂ ਬਣਾਇਆ। ਬਲੋਚਿਸਤਾਨ ਵਿਚ ਗਵਾਦਰ ਬੰਦਰਗਾਹ ਦਾ ਨਿਰਮਾਣ ਕਰ ਰਹੇ ਚੀਨ ਨੂੰ ਪਾਕਿਸਤਾਨੀ ਫ਼ੌਜ ਨਾਲ ਸਾਂਝ ਪਾਉਣ ਕਰ ਕੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਉਪ ਮਹਾਦੀਪ ਵਿਚ ਅਜੇ ਵੀ ਦੋ ਬਹੁਤ ਅਹਿਮ ਹਥਿਆਰਬੰਦ ਕੱਟੜਪੰਥੀ ਇਸਲਾਮਿਕ ਗਰੁਪ ਚੱਲ ਰਹੇ ਹਨ ਜਿਨ੍ਹਾਂ ਵਿਚ ਅਫ਼ਗਾਨ ਤਾਲਿਬਾਨ ਅਤੇ ਇਸ ਦਾ ਪਖ਼ਤੂਨ ਰੂਪ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਸ਼ਾਮਲ ਹਨ। ਇਹ ਦੋਵੇਂ ਗਰੁੱਪਾਂ ਨੇ ਪਾਕਿਸਤਾਨ ਦੀ ਆਈਐੱਸਆਈ ਦੇ ਸਹਿਯੋਗੀਆਂ ਦੇ ਰੂਪ ਵਿਚ ਸ਼ੁਰੂਆਤ ਕੀਤੀ ਸੀ ਪਰ ਹੁਣ ਇਹ ਦੋਵੇਂ ਆਈਐੱਸਆਈ ਦਾ ਮੌਜੂ ਉਡਾਉਂਦੇ ਹਨ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਖੈਬਰ ਪਖ਼ਤੂਨਖ਼ਵਾ ਦੇ ਕਬਾਇਲੀ ਇਲਾਕੇ ਅੰਦਰ ਕਾਫ਼ੀ ਪ੍ਰਭਾਵ ਰੱਖਦਾ ਹੈ ਤੇ ਇਸ ਦੇ ਕੁਝ ਹਮਾਇਤੀ ਪਾਕਿਸਤਾਨ ਦੇ ਉੱਤਰੀ ਬਲੋਚਿਸਤਾਨ ਵਿਚ ਵੀ ਸਰਗਰਮ ਹਨ। ਅਫ਼ਗਾਨ ਤਾਲਿਬਾਨ ਦੀ ਹਮਾਇਤ ਪਾ ਕੇ ਤਹਿਰੀਕ-ਏ-ਤਾਲਿਬਾਨ ਦਾ ਦੋਵੇਂ ਦੇਸ਼ਾਂ ਦੀ ਸਰਹੱਦ ਅਤੇ ਖ਼ੈਬਰ ਪਖ਼ਤੂਨਖ਼ਵਾ ਦੇ ਉੱਤਰੀ ਕਬਾਇਲੀ ਖੇਤਰਾਂ ਵਿਚ ਦਬਦਬਾ ਵਧ ਰਿਹਾ ਹੈ ਜਿਸ ਦੀ ਪਾਕਿਸਤਾਨ ਨੂੰ ਡਾਢੀ ਚਿੰਤਾ ਹੋ ਰਹੀ ਹੈ। ਤਹਿਰੀਕ-ਏ-ਤਾਲਿਬਾਨ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਪਾਕਿਸਤਾਨ ਅੰਦਰ ਕਰੀਬ 140 ਹਮਲੇ ਕੀਤੇ ਹਨ ਜਿਨ੍ਹਾਂ ਵਿਚ ਇਸਲਾਮਾਬਾਦ ਵਿਚ ਕੀਤਾ ਆਤਮਘਾਤੀ ਹਮਲਾ ਵੀ ਸ਼ਾਮਲ ਹੈ। ਪਾਕਿਸਤਾਨ ਸਰਕਾਰ ਅਤੇ ਤਹਿਰੀਕ-ਏ-ਤਾਲਿਬਾਨ ਵਿਚਕਾਰ ਗੱਲਬਾਤ ਸ਼ੁਰੂ ਹੋਣ ਦੇ ਆਸਾਰ ਬਹੁਤ ਘੱਟ ਹਨ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਹਾਲੀਆ ਟੈਲੀਵਿਜ਼ਨ ਇੰਟਰਵਿਊ ਵਿਚ ਆਖਿਆ ਸੀ ਕਿ ਜੇ ਕਾਬੁਲ ਵਿਚਲੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਦੇ ਤਾਂ ਪਾਕਿਸਤਾਨ ਦਸਤੇ ਅਫ਼ਗਾਨਿਸਤਾਨ ਬੈਠੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਜੰਗਜੂਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਪਾਕਿਸਤਾਨ ਸਰਕਾਰ ਦਾ ਖਿਆਲ ਹੈ ਕਿ ਤਹਿਰੀਕ-ਏ-ਤਾਲਿਬਾਨ ਕੋਲ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਪਖ਼ਤੂਨ ਕਬਾਇਲੀ ਖੇਤਰਾਂ ਵਿਚ 7000-10000 ਕੇਡਰ ਮੌਜੂਦ ਹੈ। ਅਫ਼ਗਾਨਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਹਿਮਦ ਯਾਸਿਰ ਨੇ ਪਾਕਿਸਤਾਨ ਦੇ ਦੋਸ਼ਾਂ ਦਾ ਮਜ਼ਾਕ ਉਡਾਉਂਦਿਆਂ ਚਿਤਾਵਨੀ ਦਿੱਤੀ ਕਿ ਜੇ ਉਸ ਨੇ ਅਫ਼ਗਾਨਿਸਤਾਨ ’ਤੇ ਹਮਲਾ ਕੀਤਾ ਤਾਂ ਇਸ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ। ਉਨ੍ਹਾਂ ਟਵੀਟ ਨਾਲ 17 ਦਸੰਬਰ, 1971 ਨੂੰ ਬੰਗਲਾਦੇਸ਼ ’ਚ ਜਨਰਲ ਨਿਆਜ਼ੀ ਵਲੋਂ ਪਾਕਿ ਫ਼ੌਜ ਦੇ ਆਤਮ ਸਮਰਪਣ ਕਰਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਤਹਿਰੀਕ-ਏ-ਤਾਲਿਬਾਨ ਦੇ ਉਭਾਰ ਲਈ ਪਾਕਿਸਤਾਨ ਖ਼ੁਦ ਕਸੂਰਵਾਰ ਹੈ ਕਿਉਂਕਿ ਜਦੋਂ ਉਸ ਦੀ ਸਰਜ਼ਮੀਨ ’ਤੇ ਤਾਲਿਬਾਨ ਆਗੂਆਂ ਨੂੰ ਹਥਿਆਰ ਤੇ ਸਿਖਲਾਈ ਦਿੱਤੀ ਜਾ ਰਹੀ ਸੀ ਤਾਂ ਉਸ ਨੇ ਇਸ ਬਾਰੇ ਕੁਝ ਨਹੀਂ ਕੀਤਾ ਸੀ। ਅਫ਼ਗਾਨਿਸਤਾਨ ’ਚੋਂ ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਇਨ੍ਹਾਂ ’ਚੋਂ ਹੀ ਕੁਝ ਤਾਲਿਬਾਨ ਆਗੂਆਂ ਨੇ ਕਾਬੁਲ ਵਿਚ ਅਹਿਮ ਮੰਤਰਾਲਿਆਂ ਵਿਚ ਪੁਜ਼ੀਸ਼ਨਾਂ ਸੰਭਾਲੀਆਂ ਹਨ।
ਪਾਕਿਸਤਾਨ ਵਲੋਂ ਤਾਲਿਬਾਨ ਨੂੰ ਹਮਾਇਤ ਦੇਣ ਨੂੰ ਇਸ ਆਧਾਰ ’ਤੇ ਸਹੀ ਠਹਿਰਾਇਆ ਜਾਂਦਾ ਰਿਹਾ ਹੈ ਕਿ ਕਾਬੁਲ ਵਿਚ ਤਾਲਿਬਾਨ ਦੀ ਮੌਜੂਦਗੀ ਨਾਲ ਉਸ ਨੂੰ ਭਾਰਤ ਖਿਲਾਫ਼ ‘ਰਣਨੀਤਕ ਗਹਿਰਾਈ’ ਹਾਸਲ ਹੁੰਦੀ ਹੈ। ਇਸ ਗੱਲ ਦਾ ਸੰਕੇਤ ਉਦੋਂ ਮਿਲਿਆ ਸੀ ਜਦੋਂ ਆਈਸੀ 814 ਹਵਾਈ ਜਹਾਜ਼ ਨੂੰ ਅਗਵਾ ਕਰ ਕੇ ਕਾਬੁਲ ਲਿਜਾਇਆ ਗਿਆ ਸੀ,  ਉਦੋਂ ਤਾਲਿਬਾਨ ਨੇ ਆਈਐੱਸਆਈ ਦੀ ਪੂਰੀ ਮਦਦ ਕੀਤੀ ਸੀ। ਹਾਲਾਂਕਿ ਭਾਰਤ ਨੇ ਤਾਲਿਬਾਨ ਸਰਕਾਰ ਨੂੰ ਰਸਮੀ ਤੌਰ ’ਤੇ ਮਾਨਤਾ ਨਹੀਂ ਦਿੱਤੀ ਪਰ ਇਸ ਨੇ ਤਾਲਿਬਾਨ ਪ੍ਰਸ਼ਾਸਨ ਨਾਲ ਕੰਮਕਾਜੀ ਰਿਸ਼ਤਾ ਕਾਇਮ ਕਰ ਲਿਆ ਹੈ ਤਾਂ ਕਿ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮੈਡੀਕਲ ਤੇ ਹੋਰ ਤਰ੍ਹਾਂ ਦੀ ਇਮਦਾਦ ਮੁਹੱਈਆ ਕਰਵਾਈ ਜਾ ਸਕੇ। ਕਾਬੁਲ ਵਿਚ ਦਫ਼ਤਰ ਵੀ ਖੋਲ੍ਹਿਆ ਗਿਆ ਹੈ। ਰੂਸ ਅਤੇ ਚੀਨ ਵਾਂਗ ਭਾਰਤ ਨੇ ਤਾਲਿਬਾਨ ਨਾਲ ਆਪਣੇ ਸਬੰਧਾਂ ਬਾਰੇ ਵਿਰੋਧਭਾਸੀ ਜਾਂ ਫ਼ਤਵੇਬਾਜ਼ੀ ਵਾਲੀ ਪੁਜ਼ੀਸ਼ਨ ਲੈਣ ਤੋਂ ਗੁਰੇਜ਼ ਕੀਤਾ ਹੈ। ਆਸ ਹੈ ਕਿ ਅਫ਼ਗਾਨਿਸਤਾਨ ਦੇ ਲੋਕਾਂ ਲਈ ਖੁਰਾਕ, ਮੈਡੀਕਲ ਤੇ ਆਰਥਿਕ ਇਮਦਾਦ ਬੱਝਵੇਂ ਰੂਪ ਵਿਚ ਜਾਰੀ ਰੱਖੀ ਜਾਵੇਗੀ। ਪਾਕਿਸਤਾਨ ਵਲੋਂ ਅਮਰੀਕਾ ਦੀ ਇਮਦਾਦ ਅਤੇ ਸ਼ਹਿ ’ਤੇ ਹੁਣ ਤਹਿਰੀਕ-ਏ-ਤਾਲਿਬਾਨ ਦੇ ਮੈਂਬਰਾਂ, ਪਖ਼ਤੂਨ ਬਹੁਤਾਤ ਵਾਲੇ ਕਬਾਇਲੀ ਖੇਤਰਾਂ ਦੇ ਬਾਸ਼ਿੰਦਿਆਂ ਅਤੇ ਸਰਹੱਦ ਪਾਰ ਅਫ਼ਗਾਨਿਸਤਾਨ ਵਿਚ ਰਹਿੰਦੇ ਪਖ਼ਤੂਨਾਂ ਨੂੰ ਹਮਲੇ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦਾ ਸਿੱਟਾ ਇਹ ਹੋ ਸਕਦਾ ਹੈ ਕਿ ਡੁਰੰਡ ਲਾਈਨ ਦੇ ਦੋਵੇਂ ਪਾਸੀਂ ਰਹਿੰਦੇ ਪਖ਼ਤੂਨ ਇਕਜੁੱਟ ਹੋ ਕੇ ਪਾਕਿਸਤਾਨੀ ਫ਼ੌਜ ਦਾ ਟਾਕਰਾ ਕਰ ਸਕਦੇ ਹਨ ਜਿਸ ਨਾਲ ਖ਼ੂਨੀ ਅਤੇ ਬਿਲਕੁੱਲ ਬੇਲੋੜਾ ਸੰਘਰਸ਼ ਛਿੜ ਸਕਦਾ ਹੈ। ਇਕ ਅੰਦਾਜ਼ੇ ਮੁਤਾਬਕ ਪਿਛਲੇ ਸਾਲ ਹੋਈਆਂ ਝੜਪਾਂ ਵਿਚ 374 ਪਾਕਿਸਤਾਨੀ ਸੁਰੱਖਿਆ ਕਰਮੀ ਅਤੇ 365 ਟੀਟੀਪੀ ਲੜਾਕੂ ਮਾਰੇ ਗਏ ਸਨ।
ਅਫ਼ਗਾਨਿਸਤਾਨ ਦੀ ਭੂ-ਰਾਜਨੀਤੀ ਉੱਤੇ ਜਿਸ ਤਰ੍ਹਾਂ ਪਾਕਿਸਤਾਨ ਅਤੇ ਅਮਰੀਕਾ ਦਾ ਧਿਆਨ ਕੇਂਦਰਤ ਹੈ, ਉਸ ਤਹਿਤ ਪਾਕਿਸਤਾਨ ਦੀ ਅਵਾਮ ਨੂੰ ਕਿੰਨਾ ਨੁਕਸਾਨ ਉਠਾਉਣਾ ਪਵੇਗਾ, ਉਸ ਵੱਲ ਬਣਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਜਦਕਿ ਅਮਰੀਕਾ, ਆਈਐੱਮਐੱਫ ਅਤੇ ਸਾਊਦੀ ਅਰਬ ਤੇ ਚੀਨ ਜਿਹੇ ਮਿੱਤਰ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੁਲਕ ਦੀ ਆਰਥਿਕ ਹਾਲਤ ਦਿਨੋ-ਦਿਨ ਦੀਵਾਲੀਏਪਣ ਵੱਲ ਵਧ ਰਹੀ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਕਾਫ਼ੀ ਤਜਰਬੇਕਾਰ ਤੇ ਸੂਝਵਾਨ ਹਨ ਅਤੇ ਨਵਾਜ਼ ਸ਼ਰੀਫ਼ ਦੇ ਚਹੇਤੇ ਗਿਣੇ ਜਾਂਦੇ ਹਨ। ਉਹ ਯੋਜਨਾ ਮੰਤਰੀ ਅਹਿਸਾਨ ਇਕਬਾਲ ਨਾਲ ਸਲਾਹ ਮਸ਼ਵਰਾ ਕਰ ਕੇ ਚੱਲ ਰਹੇ ਹਨ ਜੋ ਆਰਥਿਕ ਸੰਕਟ ਨਾਲ ਸਿੱਝਣ ਲਈ ਤਰਕਸੰਗਤ ਤਰੀਕੇ ਨਾਲ ਕਦਮ ਉਠਾ ਰਹੇ ਹਨ। ਪਾਕਿ ਨੂੰ ਜਲਦੀ ਹੀ ਸਾਊਦੀ ਅਰਬ ਤੋਂ ਤਿੰਨ ਅਰਬ ਡਾਲਰ ਦਾ ਰਾਹਤ ਪੈਕੇਜ ਮਿਲਣ ਦੀ ਆਸ ਹੈ। ਜੇ ਪਾਕਿਸਤਾਨ ਆਪਣੇ ਵਿਦੇਸ਼ੀ ਮੁਦਰਾ ਭੰਡਾਰਾਂ ਦਾ ਪ੍ਰਬੰਧ ਸੁਚੱਜੇ ਤਰੀਕੇ ਨਾਲ ਨਾ ਕਰ ਸਕਿਆ ਤਾਂ ਇਸ ਨੂੰ ਅਦਾਇਗੀਆਂ ਨਾ ਕਰ ਸਕਣ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਮਰੀਕਾ ਤਹਿਰੀਕ-ਏ-ਤਾਲਿਬਾਨ ਅਤੇ ਅਫ਼ਗਾਨ ਤਾਲਿਬਾਨ ਦੇ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਲੇ ਟਿਕਾਣਿਆਂ ’ਤੇ ਪਾਕਿਸਤਾਨੀ ਹਮਲਿਆਂ ਤੋਂ ਖੁਸ਼ ਹੋ ਸਕਦਾ ਹੈ ਪਰ ਤਾਲਿਬਾਨ ਅਜਿਹੇ ਹਮਲਿਆਂ ਨੂੰ ਉਂਝ ਹੀ ਬਰਦਾਸ਼ਤ ਨਹੀਂ ਕਰੇਗਾ, ਖ਼ਾਸਕਰ ਜੇ ਪਾਕਿਸਤਾਨ ਫ਼ੌਜ ਜਾਂ ਹਵਾਈ ਸੈਨਾ ਵਲੋਂ ਉਸ ਦੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸੇ ਦੌਰਾਨ, ਪਾਕਿਸਤਾਨ ਦੀ ਅਵਾਮ ਅੰਦਰ ਸ਼ਾਹਬਾਜ਼ ਸ਼ਰੀਫ਼ ਹਕੂਮਤ ਪ੍ਰਤੀ ਭਰੋਸਾ ਘਟ ਰਿਹਾ ਹੈ। ਪਾਕਿਸਤਾਨ ਚਲੰਤ ਆਰਥਿਕ ਸੰਕਟ ’ਚੋਂ ਹੌਲੀ ਹੌਲੀ ਬਾਹਰ ਨਿਕਲ ਸਕਦਾ ਹੈ ਪਰ ਹਕੀਕਤ ਇਹ ਹੈ ਕਿ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੂੰ ਅਜਿਹੇ ਕਰੜੇ ਫ਼ੈਸਲੇ ਕਰਨੇ ਪੈਣਗੇ ਜਿਨ੍ਹਾਂ ਕਰ ਕੇ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਸੱਤਾਧਾਰੀ ਗੱਠਜੋੜ ਨੂੰ ਭਾਰੀ ਕੀਮਤ ਤਾਰਨੀ ਪੈ ਸਕਦੀ ਹੈ। ਸਾਊਦੀ ਅਰਬ ਤੇ ਹੋਰਨਾਂ ਮੁਲ਼ਕਾਂ ਵਲੋਂ ਇਮਦਾਦ ਦੇ ਵਾਅਦਿਆਂ ਦੇ ਹੁੰਦੇ ਸੁੰਦੇ ਸ਼ਾਹਬਾਜ਼ ਹਕੂਮਤ ਲਈ ਆਉਣ ਵਾਲੇ ਦਿਨ ਔਖੇ ਹੋਣਗੇ ਕਿਉਂਕਿ ਹਕੂਮਤ ਦੀ ਲੋਕਪ੍ਰਿਯਤਾ ਦਿਨੋ-ਦਿਨ ਘਟ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਗਲੀਆਂ ਚੋਣਾਂ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਸਰਕਾਰ ਵਲੋਂ ਕੀਤੀ ਜਾ ਰਹੀ ਚਾਰਾਜੋਈ ਕਰ ਕੇ ਹਾਲਾਤ ਹੋਰ ਵਿਗੜ ਰਹੇ ਹਨ।
ਜਨਰਲ ਕਮਰ ਜਾਵੇਦ ਬਾਜਵਾ ਦੇ ਹਾਲ ਹੀ ਵਿਚ ਆਪਣੇ ਅਹੁਦੇ ਤੋਂ ਫ਼ਾਰਗ ਹੋਣ ਅਤੇ ਜਨਰਲ ਸਈਅਦ ਆਸਿਮ ਮੁਨੀਰ ਦੇ ਨਵਾਂ ਸੈਨਾਪਤੀ ਨਿਯੁਕਤ ਹੋਣ ਤੋਂ ਇਹ ਸੰਕੇਤ ਮਿਲੇ ਹਨ ਕਿ ਪਾਕਿਸਤਾਨ ਅਤੇ ਬਾਇਡਨ ਪ੍ਰਸ਼ਾਸਨ ਵਿਚਕਾਰ ਮੌਜੂਦਾ ਸਬੰਧ ਜਾਰੀ ਰਹਿਣਗੇ। ਆਖ਼ਰਕਾਰ, ਉਹ ਜਨਰਲ ਬਾਜਵਾ ਹੀ ਸਨ ਜਿਨ੍ਹਾਂ ਦੀ ਨਿਗਰਾਨੀ ਹੇਠ ਰਾਇਲ ਏਅਰ ਫੋਰਸ ਦੇ ਹਵਾਈ ਜਹਾਜ਼ ਰਾਹੀਂ ਪਾਕਿਸਤਾਨ ਤੋਂ ਯੂਕਰੇਨ ਨੂੰ ਹਥਿਆਰ ਅਤੇ ਅਸਲ੍ਹਾ ਮੁਹੱਈਆ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਵਾਸ਼ਿੰਗਟਨ ਵਲੋਂ ਪਾਕਿਸਤਾਨ ਨੂੰ ਤਾਲਿਬਾਨ ਖਿਲਾਫ਼ ਸਖ਼ਤ ਰੁਖ਼ ਅਪਣਾਉਣ ਲਈ ਦਿੱਤੀ ਜਾ ਰਹੀ ਇਮਦਾਦ ਬਾਰੇ ਪਹਿਲਾਂ ਹੀ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਬਹਰਹਾਲ, ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਫ਼ਗਾਨਿਸਤਾਨ ਨੂੰ ‘ਸਾਮਰਾਜਾਂ ਦੀ ਕਬਰਗਾਹ’ ਆਖਿਆ ਜਾਂਦਾ ਹੈ। ਜੇ ਪਾਕਿਸਤਾਨ ਦੇ ਕਬਾਇਲੀ ਖੇਤਰਾਂ ਜਾਂ ਅਫ਼ਗਾਨਿਸਤਾਨ ਅੰਦਰ ਪਖ਼ਤੂਨ ਵਸੋਂ ਨੂੰ ਧਮਕਾਉਣ ਲਈ ਪਾਕਿਸਤਾਨੀ ਫ਼ੌਜ ਜਾਂ ਇਸ ਦੀ ਹਵਾਈ ਸੈਨਾ ਵਲੋਂ ਕਿਸੇ ਤਰ੍ਹਾਂ ਦਾ ਹਮਲਾ ਕੀਤਾ ਜਾਂਦਾ ਹੈ ਤਾਂ ਅਫ਼ਗਾਨ ਤਾਲਿਬਾਨ ਹੱਥ ’ਤੇ ਹੱਥ ਧਰ ਕੇ ਨਹੀਂ ਬੈਠਣਗੇ।
*  ਲੇਖਕ ਪਾਕਿਸਤਾਨ ’ਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।