ਪਹਿਲਵਾਨਾਂ ਦਾ ਧੋਬੀ ਪਟੜਾ - ਚੰਦ ਫਤਿਹਪੁਰੀ

ਇਹ ਕੋਈ ਅਣਹੋਣੀ ਨਹੀਂ ਕਿ ਪਿਛਲੇ ਅੱਠ ਸਾਲਾਂ ਦੌਰਾਨ ਇੱਕ ਤੋਂ ਬਾਅਦ ਇੱਕ ਦਰਜਨਾਂ ਭਾਜਪਾ ਆਗੂਆਂ ਉੱਤੇ ਔਰਤਾਂ ਨਾਲ ਜ਼ਬਰਦਸਤੀ ਦੇ ਕੇਸ ਬਣੇ ਤੇ ਉਨ੍ਹਾਂ ਵਿੱਚੋਂ ਕਈ ਜੇਲ੍ਹਾਂ ਅੰਦਰ ਬੰਦ ਹਨ । ਅਸਲ ਵਿੱਚ ਇਸ ਪਿੱਛੇ ਉਹ ਮਨੂੰਵਾਦੀ ਵਿਚਾਰਧਾਰਾ ਹੈ, ਜਿਸ ਅੰਦਰ ਔਰਤ ਨੂੰ ਸਿਰਫ਼ ਭੋਗਣ ਦੀ ਵਸਤੂ ਸਮਝਿਆ ਜਾਂਦਾ ਹੈ । ਇਹੋ ਹੀ ਨਹੀਂ, ਸੰਘ ਦੇ ਸੰਤ ਸਮਾਜ ਨਾਲ ਜੁੜੇ ਕਈ ਸਾਧ ਵੀ ਇਸ ਸਮੇਂ ਬਲਾਤਕਾਰਾਂ ਦੇ ਕੇਸਾਂ ਹੇਠ ਜੇਲ੍ਹੀਂ ਤੜੇ ਹੋਏ ਹਨ ।
ਤਾਜ਼ਾ ਮਾਮਲਾ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ, ਜਿਹੜਾ ਭਾਜਪਾ ਦਾ ਸਾਂਸਦ ਵੀ ਹੈ, ਨਾਲ ਜੁੜਿਆ ਹੋਇਆ ਹੈ । ਉਸ ਵਿਰੁੱਧ ਪਹਿਲਵਾਨ ਕੁੜੀਆਂ-ਮੁੰਡੇ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਮਾਰੀ ਬੈਠੇ ਹਨ । ਇਨ੍ਹਾਂ ਵਿੱਚ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਵਰਗੇ ਨਾਮਣੇ ਵਾਲੇ ਪਹਿਲਵਾਨ ਹਨ, ਜਿਨ੍ਹਾਂ ਨੇ ਰਾਸ਼ਟਰ ਮੰਡਲ ਖੇਡਾਂ ਤੇ ਉਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ । ਰਾਸ਼ਟਰ ਮੰਡਲ ਖੇਡਾਂ ਵਿੱਚ ਭਾਰਤ ਨੇ 22 ਗੋਲਡ ਮੈਡਲ ਜਿੱਤੇ ਸਨ, ਜਿਨ੍ਹਾਂ ਵਿੱਚੋਂ 12 ਮੈਡਲ ਪਹਿਲਵਾਨਾਂ ਦੇ ਸਨ । ਉਲੰਪਿਕ ਵਿੱਚ ਵੀ ਪਹਿਲਵਾਨਾਂ ਨੇ 7 ਮੈਡਲ ਭਾਰਤ ਨੂੰ ਦਿਵਾਏ ਸਨ ।
      ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਤੇ ਕੁਝ ਕੋਚਾਂ ਉੱਤੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਹਨ । ਵਿਨੇਸ਼ ਫੋਗਾਟ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸ ਨੇ ਕੁਸ਼ਤੀ ਸੰਘ ਵਿੱਚ ਲੜਕੀਆਂ ਦੇ ਯੌਨ ਸ਼ੋਸ਼ਣ ਬਾਰੇ ਅਕਤੂਬਰ 2021 ‘ਚ ਮੋਦੀ ਨੂੰ ਮਿਲ ਕੇ ਉੱਥੇ ਹੋ ਰਹੇ ਕੁਕਰਮਾਂ ਤੋਂ ਜਾਣੂੰ ਕਰਵਾਇਆ ਸੀ, ਪਰ ਉਨ੍ਹਾ ਕੁਝ ਵੀ ਨਹੀਂ ਕੀਤਾ ।
      ਫੋਗਾਟ ਨੇ ਅੱਖਾਂ ਭਰ ਕੇ ਕਿਹਾ ਕਿ-ਜਦੋਂ ਸ਼ੋਸ਼ਣ ਹੁੰਦਾ ਹੈ ਤਾਂ ਬੰਦ ਕਮਰੇ ਵਿੱਚ ਹੁੰਦਾ ਹੈ, ਜਿਥੇ ਕੈਮਰੇ ਨਹੀਂ ਹੁੰਦੇ । ਯੌਨ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਕੁੜੀਆਂ ਇੱਥੇ ਹੀ ਬੈਠੀਆਂ ਹੋਈਆਂ ਹਨ । ਮੈਂ ਘੱਟੋ-ਘੱਟ 20 ਕੁੜੀਆਂ ਨੂੰ ਜਾਣਦੀ ਹਾਂ, ਜਿਨ੍ਹਾਂ ਨੂੰ ਕੌਮੀ ਕੈਂਪਾਂ ਵਿੱਚ ਯੌਨ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ । ਉਸ ਨੇ ਕਿਹਾ ਕਿ ਕੌਮੀ ਕੈਂਪਾਂ ਦੇ ਕੋਚਾਂ ਵਿੱਚੋਂ ਕੁਝ ਕੋਚ ਸਾਲਾਂ ਤੋਂ ਔਰਤ ਪਹਿਲਵਾਨਾਂ ਦਾ ਯੌਨ ਸ਼ੋਸ਼ਣ ਕਰਦੇ ਆ ਰਹੇ ਹਨ । ਕੌਮੀ ਕੈਂਪ ਇਸ ਕਰਕੇ ਲਖਨਊ ਵਿੱਚ ਲਾਇਆ ਜਾਂਦਾ ਹੈ ਕਿਉਂਕਿ ਉੱਥੇ ਪ੍ਰਧਾਨ ਦਾ ਘਰ ਹੈ ਤੇ ਉਸ ਲਈ ਕੁੜੀਆਂ ਦਾ ਸ਼ੋਸ਼ਣ ਕਰਨਾ ਸੌਖਾ ਰਹਿੰਦਾ ਹੈ । ਵਿਨੇਸ਼ ਫੋਗਾਟ ਉਸ ਮਹਾਂਵੀਰ ਫੋਗਾਟ ਦੀ ਬੇਟੀ ਹੈ, ਜਿਸ ਦੇ ਜੀਵਨ ਉੱਤੇ ਦੰਗਲ ਫਿਲਮ ਬਣੀ ਸੀ ।
     ਵਿਨੇਸ਼ ਫੋਗਾਟ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ-ਜੇਕਰ ਸਾਨੂੰ ਮਜਬੂਰ ਕੀਤਾ ਗਿਆ ਤਾਂ ਉਹ ਦਿਨ ਕੁਸ਼ਤੀ ਲਈ ਕਾਲਾ ਦਿਨ ਹੋਵੇਗਾ, ਜਦੋਂ ਬੇਟੀਆਂ ਨਾਂ ਲੈ ਕੇ ਮੀਡੀਆ ਸਾਹਮਣੇ ਆਉਣਗੀਆਂ ਤੇ ਦੱਸਣਗੀਆਂ ਕਿ ਉਨ੍ਹਾਂ ਨਾਲ ਆਹ ਕੁਝ ਵਾਪਰਿਆ ਸੀ । ਲੜਾਈ ਕੁਸ਼ਤੀਆਂ ਦੀਆਂ ਕੁੜੀਆਂ ਦੀ ਨਹੀਂ, ਦੇਸ਼ ਦੀਆਂ ਬੇਟੀਆਂ ਦੀ ਹੈ । ਇਸ ਲਈ ਪ੍ਰਧਾਨ ਮੰਤਰੀ ਜੀ ਸਾਨੂੰ ਇੱਥੋਂ ਤੱਕ ਪਹੁੰਚਣ ਲਈ ਮਜਬੂਰ ਨਾ ਕੀਤਾ ਜਾਵੇ । ਇਸ ਮੌਕੇ ਉਸ ਨੇ ਇਹ ਵੀ ਕਿਹਾ ਕਿ ਹਰਿਆਣਾ ਕੁਸ਼ਤੀ ਸੰਘ ਦਾ ਪ੍ਰਧਾਨ ਵੀ ਬ੍ਰਿਜ ਭੂਸ਼ਣ ਸ਼ਰਣ ਦਾ ਬੰਦਾ ਹੈ ਤੇ ਉਹੋ ਜਿਹਾ ਹੀ ਹੈ ।
      ਪਹਿਲਵਾਨਾਂ ਦੀ ਮੰਗ ਹੈ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਤੇ ਨਾਲ ਹੀ ਕੁਸ਼ਤੀ ਸੰਘ ਨੂੰ ਭੰਗ ਕਰਕੇ ਇਸ ਦੀਆਂ ਚੋਣਾਂ ਕਰਵਾਈਆਂ ਜਾਣ । ਪਹਿਲਵਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਐਫ਼ ਆਈ ਆਰ ਦਰਜ ਕਰਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ । ਇਸੇ ਦੌਰਾਨ ਹਰਿਆਣਾ ਦੀਆਂ 7 ਖਾਪਾਂ ਨੇ ਪਹਿਲਵਾਨਾਂ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ । ਖੁਦ ਪਹਿਲਵਾਨ ਰਹੀ ਭਾਜਪਾ ਆਗੂ ਬਬੀਤਾ ਫੋਗਾਟ ਨੇ ਵੀ ਪਹਿਲਵਾਨਾਂ ਦਾ ਸਮਰਥਨ ਕਰਦਿਆਂ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ । ਇਹ ਸ਼ੁੱਭ ਸ਼ਗਨ ਹੈ ਕਿ ਔਰਤ ਪਹਿਲਵਾਨਾਂ ਨਾਲ ਕੈਂਪ ਵਿੱਚ ਹੁੰਦੇ ਯੌਨ ਸ਼ੋਸ਼ਣ ਵਿਰੁੱਧ ਪਹਿਲਵਾਨਾਂ ਨੇ ਸਮੂਹਕ ਅਵਾਜ਼ ਉਠਾ ਕੇ ਭਾਜਪਾ ਦੇ ਬੇਟੀ ਬਚਾਓ, ਬੇਟੀ ਪੜ੍ਹਾਓ ਨਾਹਰੇ ਦਾ ਸੱਚ ਉਜਾਗਰ ਕਰ ਦਿੱਤਾ ਹੈ । ਅਗਾਂਹਵਧੂ ਸੋਚ ਰੱਖਣ ਵਾਲੇ ਹਰ ਵਿਅਕਤੀ ਨੂੰ ਔਰਤਾਂ ਵਿਰੁੱਧ ਹੁੰਦੇ ਇਨ੍ਹਾਂ ਕੁਕਰਮਾਂ ਵਿਰੁੱਧ ਅਵਾਜ਼ ਉਠਾਉਣੀ ਚਾਹੀਦੀ ਹੈ ।