ਐਡੀਲੇਡ ਦੀ ਯਾਤਰਾ ਅਪ੍ਰੈਲ -- ਮਈ 2021 - ਗਿਆਨੀ ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ

ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਨਾਂ ਤੋਂ ਤੇ ਭਾਵੇਂ ਮੈਂ 1979 ਦੀਆਂ ਗਰਮੀਆਂ ਦੇ ਸਮੇ ਦੌਰਾਨ ਸਿੰਘਾਪੁਰ ਤੋਂ ਹੀ ਜਾਣੂ ਹੋ ਗਿਆ ਸਾਂ ਪਰ ਯਾਤਰਾ ਆਸਟ੍ਰੇਲੀਆ ਦੇ ਇਸ ਖ਼ੂਬਸੂਰਤ ਦੱਖਣੀ ਸ਼ਹਿਰ ਦੀ ਕਰਨ ਦਾ ਸੁਭਾਗ, ਅਪ੍ਰੈਲ 1988 ਵਿਚ ਹੋਇਆ। ਇਸ ਯਾਤਰਾ ਦੀ ਗੱਲ ਮੈਂ ਅੱਗੇ ਜਾ ਕੇ ਕਰੂੰਗਾ, ਪਹਿਲਾਂ ਸਿੰਘਾਪੁਰ ਵਾਲ਼ੀ ਗੱਲ ਪੂਰੀ ਕਰ ਲਵਾਂ। ਸਬੱਬ ਇਹ ਇਉਂ ਬਣਿਆ ਕਿ ਦੱਖਣੀ ਏਸ਼ੀਆ ਦੇ ਮੁਲਕਾਂ ਦੀ ਯਾਤਰਾ ਦੌਰਾਨ ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਿੰਘਾਪੁਰ ਦੇ ਦਫ਼ਤਰ ਵਿਚ ਕੁਝ ਸੱਜਣਾਂ ਨਾਲ਼ ਵਾਰਤਾਲਾਪ ਕਰ ਰਿਹਾ ਸਾਂ ਕਿ ਇਕ ਚਿੱਟੀ ਦਾਹੜੀ, ਜੇਹੜੀ ਸੋਹਣੀ ਤਰ੍ਹਾਂ ਸੰਤੋਖੀ ਹੋਈ ਸੀ, ਅਤੇ ਚਿੱਟੇ ਝੱਗੇ ਪਜਾਮੇ ਅਤੇ ਚਿੱਟੀ ਹੀ ਦਸਤਾਰ ਵਿਚ ਸਜੇ ਹੋਏ ਸੱਜਣ ਆਏ। ਉਹਨਾਂ ਨੇ ਖ਼ਜਾਨਚੀ ਨੂੰ ਕੁਝ ਮਾਇਆ ਦਿਤੀ ਅਤੇ ਰਸੀਦ ਪ੍ਰਾਪਤ ਕੀਤੀ। ਪਤਾ ਲੱਗਾ ਕਿ ਇਹ ਸੁਘੜ ਸੱਜਣ ਸਿੰਘਾਪੁਰ ਤੋਂ ਪ੍ਰਕਾਸ਼ਤ ਹੋ ਰਹੇ ਪੰਜਾਬੀ ਅਖ਼ਬਾਰ ’ਨਵਜੀਵਨ’ ਦੇ ਮਾਲਕ/ਸੰਪਾਦਕ ਸ. ਦੀਵਾਨ ਸਿੰਘ ਰੰਧਾਵਾ ਜੀ ਹਨ। ਇਹ ਗੁਰਦੁਆਰਾ ਸਾਹਿਬ ਨੂੰ ਭੇਟਾ ਕੀਤੀ ਜਾਣ ਵਾਲ਼ੀ ਮਾਇਆ, ਉਹਨਾਂ ਦੇ ਸਪੁਤਰ ਸ. ਅਜਮੇਰ ਸਿੰਘ ਰੰਧਾਵਾ ਜੀ ਨੇ, ਜੋ ਉਹਨਾਂ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਸਮੇ ਇਕੱਤਰ ਹੋਈ ਸੀ, ਐਡੀਲੇਡ ਤੋਂ ਭੇਜੀ ਹੈ। ਮਾਇਆ ਵਾਲ਼ੀ ਰਸੀਦ ਉਪਰ ਜੇਹੜਾ ਸਿਰਨਾਵਾਂ ਸੀ ਉਸ ਵਿਚ ਐਡੀਲੇਡ ਸ਼ਹਿਰ ਦਾ ਨਾਂ ਲਿਖਿਆ ਹੋਇਆ ਮੈਂ ਪੜ੍ਹ ਲਿਆ ਤੇ ਆਪਣੀ ਯਾਦ ਦੇ ਵਿਚੇ ਵਿਚ ਘੋਟਾ ਵੀ ਲਾ ਲਿਆ ਤਾਂ ਕਿ ਜੇ ਕਦੀ ਐਡੀਲੇਡ ਦਾ ਚੱਕਰ ਲੱਗੇ ਤਾਂ ਓਥੇ ਇਸ ਚੰਗੇ ਵਿਅਕਤੀ ਦੇ ਵੀ ਦਰਸ਼ਨ ਕੀਤੇ ਜਾ ਸਕਣ।

ਘੁੰਮਦੇ ਘੁੰਮਾਉਂਦੇ 25 ਅਕਤੂਬਰ 1979 ਵਾਲ਼ੇ ਦਿਨ, ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਸ਼ਹਿਰ ਵਿਚ ਆ ਉਤਾਰਾ ਕੀਤਾ। ਏਥੇ ਆ ਕੇ ਕੀ ਕੀ ਪਾਪੜ ਵੇਲ਼ੇ! ਇਹਨਾਂ ਦਾ ਜ਼ਿਕਰ ਪ੍ਰਸੰਗ ਵੱਸ ਕਈ ਲੇਖਾਂ ਵਿਚ ਸਮੇ ਸਮੇ ਆ ਚੁੱਕਾ ਹੈ। ਕਰਦੇ ਕਰਾਉਂਦੇ 1988 ਆ ਗਿਆ। ਐਡੀਲੇਡ ਦੇ ਸਿੱਖਾਂ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿਡਨੀ ਦੀ ਕਮੇਟੀ ਨੂੰ ਸੱਦਾ ਆਇਆ ਕਿ ਓਥੇ ਪਹਿਲੇ ਅਖੰਡ ਪਾਠ ਦੇ ਭੋਗ ਉਪ੍ਰੰਤ, ਪਹਿਲੇ ਹੀ ਗੁਰਦੁਆਰੇ ਦਾ ਉਦਘਾਟਨ ਹੋਣਾ ਹੈ। ਉਸ ਵਿਚ ਸ਼ਾਮਲ ਹੋਣ ਲਈ ਆਇਆ ਜਾਵੇ। ਉਸ ਸਮੇ ਕਮੇਟੀ ਵਿਚ ਮੈਂ ਹੀ ਇਕੱਲਾ ਵੇਹਲਾ ਮੈਂਬਰ ਸੀ ਤੇ ਇਸ ਲਈ ਓਥੇ ਜਾਣ ਲਈ ਗੁਣਾ ਮੇਰੇ ਉਪਰ ਹੀ ਪਿਆ।

ਮੈਂ ਬੱਸ ਰਾਹੀਂ ਡੇਢ ਹਜਾਰ ਕਿਲੋਮੀਟਰ ਦਾ ਸਫ਼ਰ ਕਰਕੇ, ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ, ਐਡੀਲੇਡ ਪਹੁੰਚ ਗਿਆ। ਅੱਗੋਂ ਓਥੋਂ ਦੇ ਸਿੱਖਾਂ ਦੇ ਮੁਖੀ ਸ. ਮਹਾਂਬੀਰ ਸਿੰਘ ਗਰੇਵਾਲ ਨੇ ਮੈਨੂੰ ਬੱਸ ਅੱਡੇ ਤੋਂ ਚੁੱਕਿਆ ਤੇ ਆਪਣੇ ਘਰ ਲੈ ਗਏ। ਸਰਦਾਰਨੀ ਬਲਬੀਰ ਕੌਰ ਗਰੇਵਾਲ ਨੌਕਰੀ ‘ਤੇ ਗਏ ਹੋਣ ਕਰਕੇ ਸਰਦਾਰ ਗਰੇਵਾਲ ਜੀ ਨੇ ਖ਼ੁਦ ਹੀ ਮੈਨੂੰ ਚਾਹ ਨਾਲ਼ ਸੈਂਡਵਿਚ ਬਣਾ ਕੇ ਛਕਾਇਆ ਤੇ ਮੇਰੀਆਂ ਅੱਖਾਂ ਖੁਲ੍ਹੀਆਂ।

ਓਥੇ, ਐਡੀਲੇਡ ਵਿਚ, ਤਿੰਨ ਦਿਨ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਦਾ ਪ੍ਰਬੰਧ ਕੀਤਾ। ਭੋਗ ਪਿੱਛੋਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ। ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਦਾ ਆਰੰਭ ਹੋਇਆ, ਜੇਹੜੀਆਂ ਓਦੋਂ ਤੋਂ ਲੈ ਕੇ, ਹੁਣ ਤੱਕ, ਹਰੇਕ ਸਾਲ ਵਾਰੀ ਵਾਰੀ ਆਸਟ੍ਰੇਲੀਆ ਦੇ ਕਿਸੇ ਨਾ ਕਿਸੇ ਸ਼ਹਿਰ ਵਿਚ ਹੁੰਦੀਆਂ ਹਨ। ਖੇਡਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ‘ਸਿੱਖ ਫੋਰਮ’, ਜੋ ਕਿ ਇਹਨਾਂ ਖੇਡਾਂ ਦਾ ਇਕ ਖਾਸ ਹਿੱਸਾ ਹੈ, ਵੀ ਸਫ਼ਲਤਾ ਸਹਿਤ ਹੋਇਆ। ਰਾਤ ਨੂੰ ਸਭਿਆਚਾਰਕ ਪ੍ਰੋਗਰਾਮ ਵਿਚ ਵੀ ਸ਼ਾਮਲ ਹੋ ਕੇ, ਸਾਰੇ ਸੱਜਣਾਂ ਨੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ।

ਅਪ੍ਰੈਲ 1988 ਗਿਆ ਤੇ ਮਾਰਚ 2021 ਆਇਆ। ਇਸ ਦੌਰਾਨ ਕਈ ਚੱਕਰ ਰਾਜਧਾਨੀ ਐਡੀਲੇਡ ਸ਼ਹਿਰ ਸਮੇਤ ਸਾਊਥ ਆਸਟ੍ਰੇਲੀਆ ਦੇ ਲੱਗੇ ਜਿਨ੍ਹਾਂ ਦੀ ਗਿਣਤੀ ਇਸ ਵੇਲ਼ੇ ਯਾਦ ਨਹੀਂ ਰਹੀ। ਇਸ ਵਾਰੀਂ ਵਾਹਵਾ ਸਮਾ ਰਹਿੰਦਿਆਂ ਹੀ ਐਡੀਲੇਡ ਤੋਂ ਸੂਝਵਾਨ ਸੱਜਣ, ਰੋਜ਼ਾਨਾ ਅਜੀਤ ਦੇ ਪੱਤਰਕਾਰ, ਸ. ਗੁਰਮੀਤ ਸਿੰਘ ਵਾਲ਼ੀਆ ਜੀ ਦਾ ਫ਼ੋਨ ਆਇਆ ਕਿ 21 ਅਪ੍ਰੈਲ ਤੋਂ 3 ਮਈ ਤੱਕ ਦਾ ਸਮਾ, ਵੈਸਾਖੀ ਨਾਲ਼ ਸਬੰਧਤ ਧਾਰਮਿਕ ਕਾਰਜਾਂ ਵਿਚ ਹਿੱਸਾ ਲੈਣ ਲਈ, ਮੈਂ ਉਹਨਾਂ ਵਾਸਤੇ ਰੱਖਾਂ। ਖਿੱਚ ਤੇ ਮੇਰੀ ਸਾਲਾਨਾ ਸਿੱਖ ਖੇਡਾਂ ਸਮੇ ਪਰਥ ਜਾਣ ਦੀ ਸੀ ਪਰ ਉਹਨਾਂ ਵੱਲੋਂ ਅਜੇ ਕੱਚ/ਪੱਕ ਹੋਣ ਕਰਕੇ ਏਧਰ ਐਡੀਲੇਡ ਹਾਜਰ ਹੋਣ ਦੀ ਹਾਂ ਹੋ ਗਈ। ਪਿਛਲੇ ਸਾਲ ਵੀ ਪਰਥ ਵਿਚ ਖੇਡਾਂ ਹੋਣੀਆਂ ਸਨ ਪਰ ਕਰੋਨਾ ਦੇ ਕਹਿਰ ਕਰਕੇ ਨਾ ਹੋ ਸਕੀਆਂ, ਇਸ ਲਈ ਇਸ ਵਾਰੀ ਵੀ ਕੰਮ ਕੁਝ ਭੰਬਲ਼ਭੂਸੇ ਜਿਹੇ ਵਿਚ ਹੀ ਸੀ। ਅਖੀਰ ਸਿਆਣੇ ਪ੍ਰਬੰਧਕਾਂ ਨੇ ਸਿਆਣਾ ਫੈਸਲਾ ਕਰ ਲਿਆ ਕਿ ਕਰੋਨੇ ਕਾਰਨ ਯਾਤਰਾ ਵਿਚ ਵਿਘਨ ਪੈਣ ਕਰਕੇ, ਹਰੇਕ ਸਟੇਟ ਆਪਣੀ ਆਪਣੀ ਰਾਜਧਾਨੀ ਵਿਚ, ਸਥਾਨਕ ਪਧਰ ਉਪਰ ਹੀ ਖੇਡਾਂ ਕਰਵਾ ਲੈਣ। ਮੈਨੂੰ ਪ੍ਰਬੰਧਕਾਂ ਵੱਲੋਂ ਸੱਦਾ ਆਇਆ ‘ਸਿੱਖ ਫੋਰਮ’ ਵਿਚ ਹਰੇਕ ਸਾਲ ਵਾਂਗ ਸਰਗਰਮ ਹਿੱਸਾ ਪਾਉਣ ਲਈ ਪਰ ਮੈ ਐਡੀਲੇਡ ਵਾਸਤੇ ਵਾਲੀਆ ਜੀ ਨਾਲ਼ ਪਹਿਲਾਂ ਇਕਰਾਰ ਕਰ ਚੁੱਕਾ ਸਾਂ।

ਸ. ਗੁਰਮੀਤ ਸਿੰਘ ਵਾਲੀਆ ਜੀ ਦੇ ਸੱਦੇ ਉਪਰ 21 ਦੀ ਬਜਾਇ 22 ਮਾਰਚ ਨੂੰ ਐਡੀਲੇਡ ਦੇ ਹਵਾਈ ਅੱਡੇ ਉਪਰ ਉਤਰਿਆ ਤਾਂ ਬਾਹਰ ਨਿਕਲਣ ਲਈ ਬਹੁਤ ਲੰਮੀ ਕਤਾਰ ਵਿਚ ਲੱਗਣਾ ਪਿਆ ਕਿਉਂਕਿ ਕਰੋਨਾ ਕਰਕੇ ਓਥੇ ਵਾਹਵਾ ਸਾਰੀ ਪੁੱਛ ਪੜਤਾਲ ਹੋ ਰਹੀ ਸੀ। ਜਦੋਂ ਮੇਰੀ ਵਾਰੀ ਆਈ ਤਾਂ ਮੇਰਾ ਵਾਹ ਇਕ ਕੁਝ ਕੁ ਵਡੇਰੀ ਉਮਰ ਦੀ ਮੇਮ ਬੀਬੀ ਨਾਲ਼ ਪਿਆ। ਉਸ ਨੇ ਜਦੋਂ ਇਹ ਪੁੱਛਿਆ ਕਿ ਕੀ ਮੇਰੇ ਕੋਲ਼ ਇਕ ਸਟੇਟ ਤੋਂ ਦੂਜੀ ਸਟੇਟ ਵਿਚ ਜਾਣ ਦੀ ਮਨਜ਼ੂਰੀ ਹੈ! ਤਾਂ ਮੇਰੀ ਤੇ ਖਾਨਿਉਂ ਗਈ! ਮੈਂ ਸੋਚਿਆ ਕਿ ਇਹ ਬੀਬੀ ਹੁਣ ਮੈਨੂੰ ਖੋਟੇ ਪੈਸੇ ਵਾਂਗ ਵਾਪਸ ਸਿਡਨੀ ਨੂੰ ਮੋੜੂਗੀ! ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਉਹ ਕੀ ਹੁੰਦੀ ਹੈ! ਮੇਰੀ ਧੀ ਨੇ ਮੇਰੀ ਸੀਟ ਬੁੱਕ ਕੀਤੀ ਸੀ ਤੇ ਜੋ ਕੁਝ ਵੀ ਕਰਨਾ ਬਣਦਾ ਹੈ ਉਸ ਨੇ ਹੀ ਕੀਤਾ ਹੈ; ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਖੈਰ, ਉਸ ਸਿਆਣੀ ਅਤੇ ਹਮਦਰਦ ਮੇਮ ਨੇ ਮੇਰਾ ਮੋਬਾਇਲ ਵੇਖਿਆ ਤੇ ਕੁਝ ਸਵਾਲ ਪੁੱਛਣ ਪਿੱਛੋਂ ਮੈਨੂੰ ਇਕ ਪਰਚੀ ਜਿਹੀ ਫੜਾ ਕੇ ਤੇ ਇਹ ਕਹਿ ਕੇ ਤੋਰ ਦਿਤਾ ਕਿ ਇਹ ਪੁਲਿਸ ਵਾਲ਼ੇ ਨੂੰ ਵਿਖਾ ਕੇ ਬਾਹਰ ਨਿਕਲ਼ ਜਾਵੀਂ। ਇਉਂ ਹਵਾਈ ਅੱਡੇ ਤੋਂ ਮੇਰੀ ਬੰਦ ਖਲਾਸੀ ਹੋ ਗਈ।

ਹਵਾਈ ਅੱਡੇ ਤੋਂ ਬਾਹਰ ਨਿਕਲ਼ ਕੇ ਵਾਲੀਆ ਜੀ ਨੂੰ ਫ਼ੋਨ ਕੀਤਾ ਤੇ ਉਹ ਛੇਤੀ ਹੀ ਆ ਕੇ ਮੈਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਚ ਲੈ ਗਏ, ਜਿਥੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਚੱਲ ਰਹੀ ਸੀ। ਚੱਲ ਰਹੀ ਲੜੀ ਵਿਚ ਮੈਂ ਵੀ ਸ਼ਾਮਲ ਹੋ ਗਿਆ। ਪਹਿਲੇ ਪ੍ਰੋਗਰਾਮ ਦੀ ਸਮਾਪਤੀ ਪਿੱਛੋਂ, 25 ਮਾਰਚ ਨੂੰ, ਬੱਸ ਰਾਹੀਂ ਰਿਵਰਲੈਂਡ ਨੂੰ ਜਾਣ ਦਾ ਵਿਚਾਰ ਬਣਾ ਲਿਆ। ਤੁਰਨ ਤੋਂ ਪਹਿਲਾਂ ਬਹੁਤ ਪੁਰਾਣੇ ਮਿੱਤਰ ਸ. ਕੁਲਦੇਵ ਸਿੰਘ ਨੂੰ ਰਿੰਗ ਕੀਤਾ ਪਰ ਉਹ ਨਾ ਮਿਲ਼ ਸਕੇ ਤੇ ਘਰੋਂ ਹੁੰਗਾਰਾ ਵੀ ਕੋਈ ਉਤਸ਼ਾਹਜਨਕ ਨਾ ਮਿਲਣ ਕਰਕੇ, ਇਕ ਹੋਰ ਪੁਰਾਣੇ ਮਿੱਤਰ ਰੈਨਮਾਰਕ ਵਾਸੀ ਸ. ਪਿਆਰਾ ਸਿੰਘ ਅਟਵਾਲ ਵੱਲ ਜਾਣ ਦਾ ਵਿਚਾਰ ਬਣਾ ਲਿਆ। ਮਨਪ੍ਰੀਤ ਸਿੰਘ ਦੇ ਨਾਲ਼ ਜਾ ਕੇ ਸ਼ਹਿਰੋਂ ਰੈਨਮਾਰਕ ਦੀ ਟਿਕਟ ਖ਼ਰੀਦ ਲਈ। ਅਗਲੇ ਦਿਨ ਬੱਸ ਵਿਚ ਬਹਿ ਕੇ ਰੈਨਮਾਰਕ ਵੱਲ ਚਾਲੇ ਪਾ ਦਿਤੇ। “ਅੰਨ੍ਹੇ ਕੁੱਤੇ ਹਰਨਾਂ ਦੇ ਸ਼ਿਕਾਰੀ” ਦੀ ਤਰਜ ਉਪਰ, ਸਦਾ ਵਾਂਗ ਅਜਿਹੀਆਂ ਯਾਤਰਾਵਾਂ ਲਈ, ਦੇਸ ਹੋਵੇ ਜਾਂ ਪਰਦੇਸ, ਤੁਰ ਪੈਣਾ ਤੇ ਮੇਰੀ ਮੁੱਢ ਦੀ ਵਾਦੀ ਹੈ। ਉਸ ਬੱਸ ਵਿਚ ਇਕ ਸਿੱਖ ਬੱਚੀ ਵੀ ਬੈਠੀ ਹੋਈ ਸੀ। ਮੇਰੀ ਨਿਸਚਿਤ ਸੀਟ ਲੱਭਣ ਵਿਚ ਮੈਨੂੰ ਕੁਝ ਭੰਬਲ਼ਭੂਸਾ ਜਿਹਾ ਪੈ ਜਾਣ ਕਰਕੇ ਉਸ ਬੱਚੀ ਨੇ ਮੇਰੀ ਸਹਾਇਤਾ ਕਰਨ ਸਮੇ ਜਦੋਂ ਪੰਜਾਬੀ ਬੋਲੀ ਤਾਂ ਸਾਡੀ ਗੱਲ ਬਾਤ ਸ਼ੁਰੂ ਹੋ ਗਈ। ਬੱਚੀ ਵੱਲੋਂ ਕਿੱਥੇ ਜਾਣਾ, ਕਿਉਂ ਜਾਣਾ, ਉਹਨਾਂ ਨੂੰ ਪਤਾ ਕਿ ਤੁਸੀਂ ਆ ਰਹੇ ਹੋ, ਉਹਨਾਂ ਦਾ ਫ਼ੋਨ ਨੰਬਰ ਹੈਗਾ ਤੁਹਾਡੇ ਕੋਲ਼ ਆਦਿ ਦੇ ਪੁੱਛ ਪੁਛੱਈਏ ਕਰਕੇ, ਉਸ ਬੱਚੀ ਨੂੰ ਮੇਰੀ ‘ਹਾਲਤ’ ਦਾ ਪਤਾ ਲੱਗ ਗਿਆ ਕਿ ਮੈਂ ਹਨੇਰੇ ਵਿਚ ਹੀ ਟੱਕਰਾਂ ਮਾਰ ਰਿਹਾਂ। ਜਦੋਂ ਰਾਤ ਦੇ ਹਨੇਰੇ ਵਿਚ ਬੱਸ ਬੈਰੀ ਟਾਊਨ ਜਾ ਕੇ ਰੁਕੀ ਤਾਂ ਅੱਗੋਂ ਪ੍ਰਕਾਸ਼ਤ ਦਾਹੜੇ ਵਾਲ਼ਾ ਨੌਜਵਾਨ, ਉਸ ਦਾ ਪਤੀ, ਉਸ ਨੂੰ ਲੈਣ ਵਾਸਤੇ ਆਇਆ ਹੋਇਆ ਸੀ। ਉਹ ਬੱਸ ਤੋਂ ਉਤਰ ਕੇ ਜਾ ਕੇ ਕਾਰ ਵਿਚ ਬੈਠ ਗਈ ਪਰ ਕੁਝ ਪਲ ਰੁਕ ਕੇ ਉਹ ਨੌਜਾਵਨ ਮੁੜ ਆਇਆ ਤੇ ਮੈਨੂੰ ਉਸ ਨੇ ਬੜਾ ਹੀ ਜੋਰ ਲਾਇਆ ਕਿ ਰਾਤ ਮੈਂ ਉਹਨਾਂ ਕੋਲ਼ ਰਹਾਂ ਤੇ ਸਵੇਰੇ ਮੈਂ ਜਿਥੇ ਜਾਣਾ ਹੋਵੇਗਾ, ਉਹ ਮੈਨੂੰ ਛੱਡ ਆਉਣਗੇ ਪਰ ਮੈਂ ਇਕੋ ਨੰਨਾ ਹੀ ਫੜੀ ਰੱਖਿਆ ਤੇ ਉਹਨਾਂ ਦੇ ਨਾਲ਼ ਨਾ ਹੀ ਗਿਆ। ਉਸ ਬੀਬੀ ਨੇ ਆਪਣੇ ਪਤੀ ਨੂੰ ਮੇਰੀ ਅਨਿਸਚਤ ਜਿਹੀ ਹਾਲਤ ਬਾਰੇ ਜਾ ਕੇ ਦੱਸਿਆ ਹੋਊਗਾ ਤਾਂ ਹੀ ਉਹ ਮੈਨੂੰ ਬੱਸੋਂ ਲਾਹ ਕੇ ਆਪਣੇ ਨਾਲ਼ ਖੜਨ ਲਈ ਆਇਆ। ਨਾ ਮੈਂ ਉਸ ਸੁਭਾਗੀ ਜੋੜੀ ਨੂੰ ਪਹਿਲਾਂ ਜਾਣਾ ਤੇ ਨਾ ਉਹ ਮੈਨੂੰ ਜਾਨਣ।

ਅਗਲਾ ਕਸਬਾ ਰੈਨਮਾਰਕ ਸੀ ਜਿੱਥੇ ਮੈਂ ਜਾਣਾ ਸੀ। ਓਥੇ ਨਾ ਕਿਸੇ ਨੂੰ ਪਤਾ ਕਿ ਮੈਂ ਆ ਰਿਹਾਂ ਤੇ ਨਾ ਹੀ ਕਿਸੇ ਦਾ ਮੇਰੇ ਕੋਲ਼ ਫ਼ੋਨ ਨੰਬਰ। ਜਿਸ ਦੇ ਘਰ ਐਡੀਲੇਡੋਂ ਤੁਰਨ ਤੋਂ ਪਹਿਲਾਂ ਰਿੰਗ ਕੀਤਾ ਸੀ, ਉਹ ਨੰਬਰ ਵੀ ਨਾਲ਼ ਨਾ ਚੁੱਕਿਆ। ਸੋਚ ਇਹ ਸੀ ਕਿ ਰੈਨਮਾਰਕ, ਜਿੱਥੇ ਦਰਿਆ ਦੇ ਕਿਨਾਰੇ ਜਾ ਕੇ ਬੱਸ ਰੁਕਣੀ ਹੈ, ਓਥੋਂ ਦੋ ਸੜਕਾਂ ਅਤੇ ਉਹਨਾਂ ਦੋਹਾਂ ਦੇ ਵਿਚਾਲ਼ੇ ਇਕ ਛੋਟਾ ਜਿਹਾ ਕਾਰ ਪਾਰਕਿੰਗ ਸਥਾਨ ਤੇ ਦੂਜੀ ਸੜਕ ਦੇ ਕਿਨਾਰੇ ਗੁਰਦੁਆਰਾ ਹੈ, ਤੇ ਗ੍ਰੰਥੀ ਗਿਆਨੀ ਹਰਦਿਆਲ ਸਿੰਘ ਜੀ ਗੁਰਦੁਆਰੇ ਵਿਚ ਹੋਣਗੇ ਹੀ। ਚੱਲ ਮੇਰੇ ਭਾਈ। ਹੋਰ ਕਿਸੇ ਗੱਲ ਬਾਰੇ ਫਿਕਰ ਕਰਨ ਦੀ ਕੀ ਲੋੜ! ਪਰ, “ਨਰੁ ਚਾਹਤ ਕਛੁ ਔਰ ਅਉਰੈ ਕੀ ਅਉਰੈ ਭਈ॥“ ਪਹਿਲਾਂ ਤੇ ਬੱਸ ਨਿਸਚਤ ਸਮੇ ਤੋਂ ਕੁਝ ਲੇਟ ਹੋ ਗਈ। ਦੂਜਾ ਉਸ ਨੇ ਮੈਨੂੰ ਅਸਲੀ ਅੱਡੇ ਤੋਂ ਇਕ ਅੱਡਾ ਪਹਿਲਾਂ, ਸ਼ਹਿਰ ਦੇ ਸ਼ੁਰੂ ਵਿਚ ਹੀ ਉਤਾਰ ਦਿਤਾ। ਮੇਰੇ ਪੁੱਛਣ ‘ਤੇ ਦੱਸਿਆ ਕਿ ਸ਼ਹਿਰ ਦੀ ਕਮੇਟੀ ਨੇ ਦਰਿਆ ਤੱਕ ਬੱਸ ਖੜਨੀ ਚਿਰੋਕਣੀ ਬੰਦ ਕੀਤੀ ਹੋਈ ਹੈ। ਚਾਰ ਚੁਫੇਰੇ ਹਨੇਰਾ। ਕੋਲ਼ ਮੇਰੇ, ਭਾਵੇਂ ਛੋਟਾ ਹੀ ਪਰ ਕਿਤਾਬਾਂ ਦਾ ਭਰਿਆ ਅਟੈਚੀ ਕੇਸ। ਡਰਾਈਵਰ ਦੇ ਦੱਸਣ ਅਨੁਸਾਰ ਮੈਂ ਗੁਰਦੁਆਰੇ ਨੂੰ ਜਾਣ ਵਾਲ਼ੀ ਸਿਧੀ ਸੜਕੇ ਪੈ ਗਿਆ। ਅਟੈਚੀ ਧੂੰਹਦਾ ਦਸ ਕੁ ਵਜੇ ਜਾ ਗੁਰਦੁਆਰੇ ਦਾ ਬਾਹਰਲਾ ਗੇਟ ਖੜਕਾਇਆ ਪਰ ਆਵਾਜ਼ ਕੋਈ ਨਾ ਅੰਦਰੋਂ ਆਈ। ਇਮਾਰਤ ਦੇ ਆਲ਼ੇ ਦੁਆਲ਼ੇ ਚੱਕਰ ਵੀ ਲਾਇਆ ਪਰ ਚੁੱਪਚਾਪ। ਆਵਾਜ਼ਾਂ ਦਿਤੀਆਂ ਰੌਲ਼ਾ ਬੜਾ ਪਾਇਆ ਪਰ ਕਿਸੇ ਨਾ ਮੇਰੀ ਹਾਮੀ ਭਰੀ। ਓਧਰੋਂ ‘ਲਘੂਸ਼ੰਕਾ’ ਆਖੇ ਕਿ ਮੈਂ ਵੀ ਅੱਜ ਹੀ ਆਪਣੀ ਮਹੱਤਤਾ ਵਿਖਾਉਣੀ ਹੈ। ਇਸ ਦਾ ਹੱਲ ਤਾਂ ਕੱਢਣਾ ਹੀ ਕੱਢਣਾ ਸੀ। ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀਂ ਸੀ। ਕਿਵੇਂ ਨਾ ਕਿਵੇਂ ਇਹ ਮਸਲਾ ਤੇ ਹੱਲ ਕਰ ਹੀ ਲਿਆ। ਰਹੀ ਰਾਤ ਕੱਟਣ ਦੀ ਗੱਲ! ਉਸ ਬਾਰੇ ਬਹੁਤੇ ਫਿਕਰ ਵਾਲ਼ੀ ਗੱਲ ਕੋਈ ਨਹੀਂ ਸੀ ਕਿਉਂਕਿ ਗੁਰਦੁਆਰੇ ਦੇ ਨਾਲ਼ ਹੀ ਵਾਹਵਾ ਵੱਡਾ ਹੋਟਲ ਹੈਗਾ। ਹੋਟਲਾਂ, ਟੈਕਸੀਆਂ ਵਰਗੀਆਂ ਫੈਲਸੂਫੀਆਂ ਕਰਨ ਤੋਂ ਤੇ ਮੈਂ ਵਾਹ ਲੱਗਦੀ ਸੰਕੋਚ ਹੀ ਕਰਦਾ ਹਾਂ ਪਰ ਜੇ ਕਿਤੇ “ਫਸੀ ਨੂੰ ਫਟਕਣ ਕੀ!” ਵਾਲੀ ਹਾਲਤ ਬਣ ਹੀ ਜਾਵੇ ਤਾਂ ਫਿਰ ਇਹ ਅੱਗ ਵੀ .... ਹੀ ਲਈਦੀ ਹੈ ਪਰ ਇਸ ਤੋਂ ਪਹਿਲਾਂ ਸਾਰਾ ਜਤਨ ਇਸ ਬੇਲੋੜੇ ਖ਼ਰਚ ਨੂੰ ਬਚਾਉਣ ਵਾਸਤੇ ਕਰ ਲਈਦਾ ਹੈ।

ਗੁਰਦੁਆਰੇ ਦੇ ਨੇੜੇ ਇਕ ਘਰ ਵਿਚ ਭਾਰਤੀ ਪਰਵਾਰ ਰਹਿੰਦਾ ਹੁੰਦਾ ਸੀ। ਉਸ ਦਾ ਬੂਹਾ ਖੜਕਾਇਆ ਪਰ ਓਥੋਂ ਇਕ ਗੋਰੇ ਨੌਜਵਾਨ ਨੇ ਬੂਹਾ ਖੋਹਲਿਆ। ਅਸੀਂ ਇਕ ਦੂਜੇ ਨੂੰ ਆਪਣੀ ਗੱਲ ਸਮਝਾ ਹੀ ਰਹੇ ਸੀ ਕਿ ਗਵਾਂਢ ਤੋਂ ਇਕ ਹੋਰ ਗੋਰਾ, ਪਹਿਲੇ ਨਾਲ਼ੋਂ ਕੁਝ ਵਡੇਰੀ ਉਮਰ ਦਾ ਆਪਣੇ ਘਰੋਂ ਨਿਕਲ਼ ਕੇ ਸਾਡੇ ਕੋਲ਼ ਆ ਗਿਆ। ਮੇਰੀ ਸਮੱਸਿਆ ਸੁਣ ਕੇ ਉਸ ਨੇ ਕਿਹਾ ਕਿ ਬੈਰੀ ਟਾਊਨ ਵਿਚ ਇਕ ਇੰਡੀਅਨ ਦਾ ਰੈਸਟੋਰੈਂਟ ਹੈ ਤੇ ਉਸ ਦਾ ਫ਼ੋਨ ਨੰਬਰ ਉਸ ਪਾਸ ਹੈ। ਉਸ ਨੇ ਨੰਬਰ ਮਿਲ਼ਾ ਕੇ ਫ਼ੋਨ ਮੇਰੇ ਹੱਥ ਫੜਾਇਆ ਤੇ ਅਗੋਂ ਪੰਜਾਬੀ ਵਿਚ ਇਕ ਸੱਜਣ ਬੋਲਿਆ। ਮੇਰੇ ਸਮੱਸਿਆ ਦੱਸਣ ‘ਤੇ ਉਸ ਨੇ ਗਿਆਨੀ ਹਰਦਿਆਲ ਸਿੰਘ ਜੀ ਦਾ ਨੰਬਰ ਦੇ ਦਿਤਾ। ਮੈਂ ਗਿਆਨੀ ਜੀ ਨੂੰ ਰਿੰਗਿਆ ਤੇ ਉਹ ਦੋਵੇਂ ਜੀ ਫੌਰਨ ਕਾਰ ਲੈ ਕੇ ਆ ਗਏ। ਕਹਿੰਦੇ ਬੈਠੋ ਕਾਰ ਵਿਚ ਤੇ ਘਰ ਚੱਲ ਕੇ ਰੋਟੀ ਖਾ ਕੇ ਫਿਰ ਗੁਰਦੁਆਰੇ ਆ ਜਾਣਾ। ਮੈਂ ਕਿਹਾ ਕਿ ਗੁਰਦੁਆਰਾ ਖੋਹਲ ਦਿਓ। ਲੰਗਰ ਵਿਚ ਬਰੈਡ ਪਈ ਹੋਵੇਗੀ। ਮੈਂ ਚਾਹ ਬਣਾ ਕੇ ਉਸ ਨਾਲ਼ ਖਾ ਲਊਂਗਾ। ਤੁਸੀਂ ਰਾਤ ਸਮੇ ਖੇਚਲ਼ ਨਾ ਕਰੋ। ਤੁਸੀਂ ਵੀ ਸਵੇਰ ਦੇ ਕੰਮ ਤੋਂ ਆਏ ਹੋ ਤੇ ਸਵੇਰੇ ਫੇਰ ਕੰਮ ‘ਤੇ ਜਾਣਾ ਹੈ।

ਮੁੱਕਦੀ ਗੱਲ ਕਿ ਉਹ ਭਲੇ ਪੁਰਸ਼ ਮੈਨੂੰ ਆਪਣੇ ਘਰ ਲੈ ਗਏ ਪ੍ਰਸ਼ਾਦਾ ਛਕਾਇਆ ਤੇ ਘਰੋਂ ਦੁਧ ਵਾਲ਼ੀ ਬੋਤਲ ਅਤੇ ਬਰੈਡ ਚੁੱਕੀ ਤੇ ਮੈਨੂੰ ਗੁਰਦੁਆਰਾ ਖੋਹਲ ਕੇ, ਸੌਣ ਕਮਰਾ ਵਿਖਾਇਆ। ਫਰਿਜ ਵਿਚ ਦੁਧ ਅਤੇ ਬਰੈਡ ਰੱਖੀ। ਸਾਰਾ ਕੁਝ ਮੈਨੂੰ ਸਮਝਾਇਆ ਤੇ ਤੁਰਨ ਸਮੇ ਸਵੇਰ ਦੇ ਪ੍ਰੋਗਰਾਮ ਬਾਰੇ ਪੁੱਛਿਆ। ਮੈਂ ਸਵੇਰ ਬਾਰੇ ਉਹਨਾਂ ਨੂੰ ਬੇਫਿਕਰ ਹੋ ਜਾਣ ਲਈ ਕਿਹਾ ਕਿ ਤੁਸੀਂ ਆਪਣਾ ਕਾਰਜ ਕਰੋ। ਮੈਂ ਆਪਣੇ ਪਿਓੁ ਦੇ ਘਰ ਆ ਵੜਿਆ ਹਾਂ। ਹੁਣ ਟੁੰਡੇ ਲਾਟ ਦੀ ਪਰਵਾਹ ਨਹੀਂ ਮੈਨੂੰ।

ਅਗਲੇ ਸਵੇਰੇ ਨਿਤ ਕਿਰਿਆ ਤੋਂ ਵੇਹਲਾ ਹੋ ਕੇ, ਸ. ਪਿਆਰਾ ਸਿੰਘ ਅਟਵਾਲ ਨੂੰ ਰਿੰਗ ਮਾਰਿਆ। ਉਹਨਾਂ ਦਾ ਜਵਾਬ ਆਇਆ, “ਟਿੰਡ ਫਹੁੜੀ ਚੁੱਕ ਕੇ ਤਿੰਨ ਮਿੰਟਾਂ ਵਿਚ ਗੁਰਦੁਆਰੇ ਤੋਂ ਬਾਹਰ ਨਿਕਲ਼ ਕੇ ਸੜਕ ਉਪਰ ਖਲੋ ਜਾਓ। ਮੈਂ ਆ ਰਿਹਾਂ।“ ਅਟਵਾਲ ਜੀ ਆਏ ਅਤੇ ਮੈਨੂੰ, ਸਣੇ ਮੇਰੀ ਟਿੰਡ ਫਹੁੜੀ ਦੇ, ਆਪਣੇ ਫਾਰਮ ਹਾਊਸ ਵਿਚ ਲੈ ਗਏ ਤੇ ਘਰ ਦੇ ਨਾਲ਼ ਬਣੇ ਸਪੈਸ਼ਲ ਗੈਸਟ ਹਾਊਸ ਦੇ ਬੈਡ ਰੂਮ ਵਿਚ ਮੇਰਾ ਡੇਰਾ ਲਵਾ ਦਿਤਾ, ਜਿਸ ਵਿਚ ਚਾਰ ਡਬਲ ਬੈਡ ਲੱਗੇ ਹੋਏ ਸਨ। ਪਰਵਾਰਕ ਘਰ ਦੇ ਬਿਲਕੁਲ ਨਾਲ਼ ਪਰ ਵੱਖਰਾ ਵੱਡਾ ਸਾਰਾ ਬੈਡਰੂਮ, ਲਾਂਜ ਰੂਮ ਕਿਚਨ ਅਤੇ ਇਕ ਵੱਡਾ ਸਾਰਾ ਬਰਾਂਡਾ ਬਣਿਆ ਹੋਇਆ ਹੈ, ਜਿਥੇ ਹਰੇਕ ਆਏ ਗਏ ਦਾ ਉਤਾਰਾ ਕਰਵਾਉਂਦੇ ਹਨ। “ਪਿਆਰਾ ਸਿੰਘ ਜੀ, ਏਥੇ ਤੇ ਵੱਡੇ ਵੱਡੇ ਚਾਰ ਡਬਲ ਬਿਸਤਰੇ ਲੱਗੇ ਹੋਏ ਨੇ ਜਿਨ੍ਹਾਂ ਉਪਰ ਅੱਠ ਵਿਅਕਤੀ ਸੌਂ ਸਕਦੇ ਹਨ ਪਰ ਮੈਂ ਤੇ ਇਕੋ ਹੀ ਹਾਂ। ਫਿਰ ਕਿਵੇਂ ਇਹਨਾਂ ਚੌਹਾਂ ਬਿਸਤਰਿਆਂ ਉਪਰ ਸੌਵਾਂਗਾ?” ਕੁਝ ਨਕਲੀ ਫਿਕਰ ਜਿਹਾ ਜਤਾਉਂਦੇ ਹੋਏ ਮੈਂ ਸ਼ੰਕਾ ਪਰਗਟ ਕੀਤੀ। ਮੇਰਾ ਅਜਿਹਾ ਫਿਕਰ ਸੁਣ ਕੇ ਉਹ ਵੀ ਕੁਝ ਫਿਕਰ ਜਿਹੇ ਵਿਚ ਪੈ ਗਏ ਦਿਸੇ ਤੇ ਗੰਭੀਰਤਾ ਸਹਿਤ ਨੀਵੀਂ ਜਿਹੀ ਪਾ ਕੇ, ਕੰਨ ਕੋਲ਼ ਧੌਣ ‘ਤੇ ਖੁਰਕਦੇ ਹੋਏ, ਕਹਿਣ ਲੱਗੇ, “ਹੂੰਅ, ਜੇ ਤੁਹਾਡੇ ਚਾਰ ਟੋਟੇ ਕੀਤੇ ਗਏ ਤਾਂ ਫਿਰ ਜੋੜਨੇ ਮੁਸ਼ਕਲ ਹੋ ਜਾਣਗੇ। ਚੰਗਾ ਹੈ ਕਿ ਤੁਸੀਂ ਰਾਤ ਦੇ ਸਮੇ ਦੀ ਵੰਡ ਕਰਕੇ, ਇਕੋ ਜਿਹਾ ਸੌਣ ਦਾ ਸਮਾ ਹਰੇਕ ਬਿਸਤਰੇ ਉਪਰ ਪੈ ਲੈਣਾ। ਇਸ ਤਰ੍ਹਾਂ ਕਰਨ ਨਾਲ਼ ਕਿਸੇ ਬਿਸਤਰੇ ਨਾਲ਼ ਵਿਤਕਰਾ ਨਹੀਂ ਹੋਵੇਗਾ।“ ਸਿਆਣਾ ਬੰਦਾ ਸਿਆਣੀ ਸਲਾਹ ਹੀ ਦਿੰਦਾ ਹੈ। ਐਵੇਂ ਤੇ ਨਹੀਂ ਸੀ ਜੰਞ ਨਾਲ ਬਜ਼ੁਰਗ ਨੂੰ ਸੰਦੂਕ ਵਿਚ ਬੰਦ ਕਰਕੇ ਲੈ ਗਏ!

ਆਏ ਗਏ ਲਈ ਪ੍ਰਸ਼ਾਦਾ ਤੇ ਦੋਵੇਂ ਵੇਲ਼ੇ ਭਾਵੇਂ ਘਰ ਵਿਚੋਂ ਸੁਚੱਜੀ ਨੋਹ ਬਣਾ ਕੇ ਭੇਜ ਦਿੰਦੀ ਹੈ ਪਰ ਚਾਹ ਪਾਣੀ, ਛਾਹ ਵੇਲ਼ਾ ਆਦਿ ਦਾ ਪ੍ਰਬੰਧ ਗੈਸਟ ਹਾਊਸ ਵਿਚ ਹੀ ਹੋ ਜਾਂਦਾ ਹੈ।

ਸ. ਪਿਆਰਾ ਸਿੰਘ ਅਟਵਾਲ ਪੁਰਾਣੇ ਅਕਾਲੀ ਪਰਵਾਰ ਵਿਚੋਂ ਹਨ। ਇਹਨਾਂ ਦੇ ਬਾਬਾ ਜੀ ਦੇ ਵੇਲ਼ੇ ਤੋਂ ਸੰਤ ਫਤਿਹ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ ਜੀ, ਸ. ਜਗਦੇਵ ਸਿੰਘ ਤਲਵੰਡੀ ਵਰਗੇ ਅਕਾਲੀ ਆਗੂ ਅਤੇ ਵਰਕਰ ਆਦਿ ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ। ਉਸ ਸਮੇ ਬਚਪਨ ਤੋਂ ਹੀ ਸ. ਪਿਆਰਾ ਸਿੰਘ ਉਹਨਾਂ ਸਾਰਿਆਂ ਦੇ ਛਕਣ ਛਕਾਉਣ ਦੀ ਸੇਵਾ ਕਰਿਆ ਕਰਦੇ ਸਨ। ਇਹੋ ਸੇਵਾ ਭਾਵਨਾ ਇਹਨਾਂ ਦੀ ਸੋਚ ਵਿਚ ਬਚਪਨ ਤੋਂ ਹੀ ਪਰਵਾਰਕ ਪਿਛੋਕੜ ਕਾਰਨ ਭਰੀ ਹੋਈ ਹੋਣ ਕਰਕੇ, ਹੁਣ ਵੀ ਰੈਨਮਾਰਕ ਵਿਚ ਉਹ ਹਰੇਕ ਆਏ ਗਏ ਦੇ ਰਹਿਣ ਬਹਿਣ ਖਾਣ ਪੀਣ ਦੀ ਸੇਵਾ ਕਰਕੇ ਪ੍ਰਸੰਨਤਾ ਪ੍ਰਾਪਤ ਕਰਦੇ ਹਨ। ਮੈਂ ਜਦੋਂ ਵੀ ਜਾਵਾਂ ਮੈਨੂੰ ਪ੍ਰੇਮ ਨਾਲ਼ ਆਪਣੇ ਘਰ ਲੈ ਜਾਂਦੇ ਹਨ ਤੇ ਮੈਂ ਓਥੇ ਆਪਣੇ ਘਰ ਵਾਂਗ ਹੀ ਮਹਿਸੂਸ ਕਰਦਾ ਹਾਂ। ਭਾਵੇਂ ਮੇਰੇ ਨਾਲ਼ ਕੋਈ ਹੋਰ ਵੀ ਹੋਵੇ ਤਾਂ ਵੀ ਮੱਥੇ ਵੱਟ ਨਹੀਂ ਪਾਉਂਦੇ। ਇਸ ਵਾਰ ਵੀ ਮੈਂ ਪੰਜ ਰਾਤਾਂ ਓਥੇ ਰਿਹਾ। ਛਨਿਛਰਵਾਰ ਗਲਾੱਸਪ ਦੇ ਗੁਰਦੁਆਰਾ ਸਾਹਿਬ ਵਿਖੇ ਸਜਣ ਵਾਲ਼ੇ ਦੀਵਾਨ ਵਿਚ ਮੈਨੂੰ ਲੈ ਕੇ ਗਏ। ਉਸ ਦਿਨ, ਪੰਥ ਸੇਵਕ, ਕੌਮੀ ਵਿਚਾਰਾਂ ਦੇ ਧਾਰਨੀ ਸ. ਅਜੀਤ ਸਿੰਘ ਜੀ ਦੇ ਪਰਵਾਰ ਵੱਲੋਂ ਸੰਗਤ ਵਾਸਤੇ ਲੰਗਰ ਦੀ ਸੇਵਾ ਪ੍ਰਾਪਤ ਕੀਤੀ ਗਈ ਸੀ। “ਜਾ ਕੈ ਮਸਤਕ ਭਾਗ ਸਿ ਸੇਵਾ ਲਾਇਆ॥” ਸਜੇ ਦੀਵਾਨ ਅੰਦਰ ਸਤਿਗੁਰੂ ਜੀ ਦੀ ਹਜੂਰੀ ਵਿਚ, ਸੰਗਤ ਦੇ ਸਨਮੁਖ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਐਤਵਾਰ ਦੇ ਦੀਵਾਨ ਦੀ ਹਾਜਰੀ ਰੈਨਮਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਗੁਰੂ ਸ਼ਬਦ ਰਾਹੀਂ ਸੰਬੋਧਨ ਕਰਨ ਦਾ ਸ਼ੁਭ ਅਵਸਰ ਮਿਲ਼ਿਆ। ਇਹ ਪੰਜ ਰਾਤਾਂ ਵੀ ਅਟਵਾਲ ਭਵਨ ਵਿਚ, “ਗੁਨ ਗਾਵਤ ਰੈਨ ਬਿਹਾਨੀ॥” ਵਾਂਗ ਬੀਤੀਆਂ। ਹਾਲਾਂ ਕਿ ਮੈਂ ਇਕ ਘਰ ਵਿਚ ਇਕ ਰਾਤ ਤੋਂ ਵਧੇਰੇ ਟਿਕ ਕੇ ਖ਼ੁਸ਼ ਨਹੀਂ ਹੁੰਦਾ।

ਮੇਰੇ ਕੋਲ਼ ਮੰਗਲਵਾਰ ਦੀ ਰਾਤ ਖਾਲੀ ਸੀ। ਬੁਧਵਾਰ ਸਵੇਰੇ ਬੱਸ ਰਾਹੀਂ ਵਾਪਸ ਐਡੀਲੇਡ ਨੂੰ ਚਾਲੇ ਪਾਉਣੇ ਸਨ। ਇਸ ਸ਼ਾਮ ਨੂੰ ਮੈਂ ਆਪਣੇ ਚਿਰਕਾਲੀ ਦੋ ਮਿੱਤਰਾਂ ਨਾਲ਼ “ਦੁਖ ਸੁਖ ਫੋਲਣ” ਲਈ ਮਿਲਣਾ ਚਾਹੁੰਦਾ ਸਾਂ ਪਰ ਸ਼ਾਇਦ ਕੁਝ ਨਾਸਾਜ਼ ਘਰੇਲੂ ਹਾਲਾਤ ਕਾਰਨ ਉਹਨਾਂ ਮਿੱਤਰਾਂ ਵੱਲੋਂ ਇਸ ਮਿਲਣੀ ਲਈ ਉਤਸ਼ਾਹ ਨਾ ਵਿਖਾਇਆ ਗਿਆ। ਦੋਵੇਂ ਸੱਜਣ ਧਾਰਮਿਕ ਵਿਚਾਰਾਂ ਵਾਲ਼ੇ ਦਸਵੰਧ ਦੀ ਮਰਯਾਦਾ ਦੀ ਦ੍ਰਿੜ੍ਹਤਾ ਸਹਿਤ ਪਾਲਣਾ ਕਰਨ ਵਾਲ਼ੇ, ਜਿਨ੍ਹਾਂ ਨਾਲ਼ ਮੇਰੀ ਮਿੱਤਰਤਾ ਜਨਵਰੀ 1980 ਤੋਂ ਹੈ, ਏਥੇ ਪਰਵਾਰਾਂ ਸਮੇਤ ਰਹਿ ਰਹੇ ਹਨ। ਕਈ ਵਾਰ ਮਾਨਸਕ ਜਾਂ ਪਰਵਾਰਕ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਜੀ ਨਹੀਂ ਚਾਹੁੰਦਾ ਹੁੰਦਾ ਕਿ ਕਿਸੇ ਸੱਜਣ ਮਿੱਤਰ ਨਾਲ਼, ਪਹਿਲਾਂ ਵਾਂਗ ਖੁਲ੍ਹੇ ਮਾਹੌਲ ਵਿਚ ਖੁਲ੍ਹੇ ਵਿਚਾਰ ਸਾਂਝੇ ਕੀਤੇ ਜਾ ਸਕਣ। ਵੈਸੇ ਇਕ ਸੱਜਣ ਦੇ ਦਰਸ਼ਨ ਗੁਰਦੁਆਰਾ ਸਾਹਿਬ ਵਿਚ ਹੋ ਗਏ ਸਨ ਤੇ ਦੂਜੇ ਸੱਜਣ ਦੇ ਘਰ ਲਿਜਾ ਕੇ ਅਟਵਾਲ ਸਾਹਿਬ ਮਿਲ਼ਾ ਲਿਆਏ ਸਨ। ਸਾਡੀ ਧਾਰਮਿਕ, ਪੰਥਕ ਵਿਚਾਰਧਾਰਾ ਸਾਂਝੀ ਹੋਣ ਕਰਕੇ ਵੀ ਗੂਹੜੀ ਮਿੱਤਰਤਾ ਹੈ। ਚਲੋ, ਅਗਲੀ ਵਾਰ ਸਹੀ।

ਬੁਧਵਾਰ ਦੁਪਹਿਰ ਤੋਂ ਬਾਅਦ ਮੈਂ ਐਡੀਲੇਡ ਪਹੁੰਚ ਗਿਆ ਤੇ ਅਗੋਂ ਅੱਡੇ ਤੋਂ ਸਦਾ ਵਾਂਙ ਕਾਕਾ ਮਨਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਲੈ ਗਿਆ। ਰਾਤ ਪੈਣ ਤੋਂ ਪਹਿਲਾਂ ਸ. ਮਹਾਂਬੀਰ ਸਿੰਘ ਗਰੇਵਾਲ ਜੀ ਦਾ ਫ਼ੋਨ ਆ ਗਿਆ ਕਿ ਸਵੇਰੇ ਪੋਰਟ ਅਗੱਸਤਾ ਜਾਣ ਲਈ ਤਿਆਰ ਰਹਾਂ। ਅਗਲੇ ਦਿਨ ਉਹਨਾਂ ਨਾਲ਼ ਕਾਰ ਉਪਰ ਸਵਾਰ ਹੋ ਕੇ ਪੋਰਟ ਅਗੱਸਤਾ ਵੱਲ ਨੂੰ ਚਾਲੇ ਪਾ ਦਿਤੇ।

ਇਹ ਟਾਊਨ ਰਾਜਧਾਨੀ ਐਡੀਲੇਡ ਤੋਂ ਉਤਰ ਅਰਥਾਤ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਾਲ਼ੇ ਪਾਸੇ ਸਵਾ ਕੁ ਤਿੰਨ ਸੌ ਕਿਲੋ ਮੀਟਰ ਉਪਰ ਮੌਜੂਦ ਹੈ। ਏਥੋਂ ਦੀ ਆਬਾਦੀ ਚੌਦਾਂ ਪੰਦਰਾਂ ਕੁ ਹਜਾਰ ਹੈ। ਐਡੀਲੇਡ, ਮੈਲਬਰਨ ਆਦਿ ਸ਼ਹਿਰਾਂ ਤੋਂ ਸੜਕੀ ਅਤੇ ਰੇਲ ਦਾ ਰਾਹ ਇਸ ਦੇ ਵਿਚਦੀ ਲੰਘਦਾ ਹੈ ਤੇ ਇਹ ਹਾਈਵੇ ਦੇ ਐਨ ਉਪਰ ਵਾਕਿਆ ਹੈ। ਗਰੇਵਾਲ ਪਰਵਾਰ ਓਥੇ ਵੱਸਦਾ ਹੈ। ਸ਼ਹਿਰ ਦੇ ਦੋਹੀਂ ਪਾਸੀਂ ਇਹਨਾਂ ਦੇ ਮੋਟਲ ਹਨ। ਇਕ ਅੰਦਰ ਜਾਣ ਤੋਂ ਪਹਿਲਾਂ ਅਤੇ ਦੂਜਾ ਬਾਹਰ ਨਿਕਲਣ ਵਾਲ਼ੇ ਸਥਾਨ ਉਪਰ। ਪਰਵਾਰ ਦੇ ਵਿਚਕਾਰਲੇ ਭਰਾ ਡਾ. ਦਵਿੰਦਰ ਸਿੰਘ ਦੀ ਵੱਡੀ ਸਰਜਰੀ ਏਥੇ ਹੈ ਤੇ ਉਸ ਦਾ ਪਰਵਾਰ ਵੀ ਏਥੇ ਹੀ ਰਹਿੰਦਾ ਹੈ। ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੀ ਉਹਨਾਂ ਦੀਆਂ ਸਰਜਰੀਆਂ ਹਨ। ਮਲੇਸ਼ੀਆ ਤੋਂ ਸ. ਮਹਾਂਬੀਰ ਸਿੰਘ 1980 ਦੇ ਸ਼ੁਰੂ ਵਿਚ ਪਹਿਲਾਂ ਏਥੇ ਹੀ ਆਪਣੇ ਭਰਾ ਅਤੇ ਪਿਤਾ ਡਾ. ਮਨਮੋਹਨ ਸਿੰਘ ਗਰੇਵਾਲ ਜੀ ਕੋਲ਼ ਆਏ ਸਨ। ਉਹਨਾਂ ਦੀਆਂ ਸਰਗਰਮੀਆਂ ਦਾ ਦਾਇਰਾ ਤੇ ਭਾਵੇਂ ਬਹੁਤ ਵਿਸ਼ਾਲ ਹੈ ਪਰ ਹੈਡ ਕੁਆਰਟਰ ਏਥੇ ਹੀ ਰਖਿਆ। ਹੁਣ ਕੁਝ ਸਾਲਾਂ ਤੋਂ ਐਡੀਲੇਡ ਵਿਚ ਰਹਿੰਦੇ ਹਨ। ਗਰੇਵਾਲ ਪਰਵਾਰ ਨੇ ਆਪਣੇ ਵਿਸ਼ਾਲ ਕਾਰੋਬਾਰਾਂ ਰਾਹੀਂ ਬਹੁਤ ਸਾਰੇ ਸਿੱਖ ਨੌਜਵਾਨ ਵਿਦਿਆਰਥੀ ਬੱਚੇ ਬੱਚੀਆਂ ਨੂੰ ਕੰਮਾਂ ਉਪਰ ਲਾ ਕੇ ਪੱਕੇ ਕਰਵਾਇਆ ਹੈ।

ਪਰਵਾਰ ਦਾ ਇਕ ਸ਼ਾਪਿੰਗ ਸੈਂਟਰ ਸੀ ਜਿਸ ਨੂੰ ਖਾਲੀ ਕਰਵਾ ਕੇ ਗੁਰਦੁਆਰੇ ਵਿਚ ਬਦਲ ਕੇ, ਇਕ ਗ੍ਰੰਥੀ ਸਿੰਘ ਪੱਕੇ ਤੌਰ ਤੇ ਰੱਖ ਕੇ, ਚਿਰੋਕਣਾ ਗੁਰਦਆਰਾ ਸਾਹਿਬ ਸ਼ੁਰੂ ਕਰਵਾ ਦਿਤਾ ਹੋਇਆ ਹੈ। ਵਿੱਦਵਾਨ ਕੀਰਤਨੀਏ ਭਾਈ ਸੁਖਦੇਵ ਸਿੰਘ ਜੀ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਹਨ। ਹਾਈਵੇ ਉਪਰ ਹੋਣ ਕਰਕੇ ਆਉਂਦੇ ਜਾਂਦੇ ਮੁਸਾਫਰਾਂ ਨੂੰ ਲੋੜ ਅਨੁਸਾਰ ਰਾਤ ਦਾ ਟਿਕਾਣਾ, ਲੰਗਰ ਚਾਹ ਪਾਣੀ ਪ੍ਰਾਪਤ ਹੋ ਜਾਂਦਾ ਹੈ।

ਦੁਪਹਿਰ ਤੋਂ ਪਹਿਲਾਂ ਹੀ ਅਸੀਂ ਗੁਰਦੁਆਰਾ ਸਾਹਿਬ ਅੱਪੜ ਗਏ। ਗਰੇਵਾਲ ਸਾਹਿਬ ਮੈਨੂੰ ਭਾਈ ਸੁਖਦੇਵ ਸਿੰਘ ਪਾਸ ਗੁਰਦੁਆਰੇ ਉਤਾਰ ਕੇ ਆਪ ਆਪਣੇ ਕੁਝ ਜਰੂਰੀ ਕਾਰਜ ਨਿਬੇੜਨ ਲਈ ਚਲੇ ਗਏ।

ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਜੋ ਕਿ ਹਰ ਸਾਲ ਹੁੰਦੀਆਂ ਹਨ, ਕਰੋਨੇ ਦਾ ਕਹਿਰ ਕਰਕੇ ਪਿਛਲੇ ਸਾਲ ਨਹੀਂ ਸਨ ਹੋਈਆਂ ਤੇ ਇਸ ਵਾਰੀ ਵੀ ਇਹ ਕਹਿਰ ਕਾਇਮ ਸੀ। ਖੇਡ ਕਮੇਟੀ ਨੇ ਫੈਸਲਾ ਕਰ ਲਿਆ ਕਿ ਇਸ ਵਾਰ, ਕੇਵਲ ਇਕ ਸ਼ਹਿਰ ਪਰਥ ਵਿਚ ਹੀ ਸਾਰਾ ਇਕੱਠ ਕਰਨ ਦੀ ਬਜਾਇ ਹਰੇਕ ਸਟੇਟ ਆਪਣੀ ਆਪਣੀ ਸਟੇਟ ਦੀ ਰਾਜਧਾਨੀ ਵਾਲ਼ੇ ਸ਼ਹਿਰ ਵਿਚ, ਛੋਟੇ ਪੈਮਾਨੇ ਉਪਰ ਹੀ ਇਹ ਖੇਡਾਂ ਖੇਡ ਲੈਣ। ਪਰਥ ਵਿਚ ਸ਼ੁੱਕਰਵਾਰ ਨੂੰ ਇਹਨਾਂ ਨਾਲ਼ ਸਬੰਧਤ ‘ਸਿੱਖ ਫੋਰਮ’ ਦਾ ਵੀ ਆਰੰਭ ਹੋਇਆ। ਸੱਦੇ ਜਾਣ ਦੇ ਬਾਵਜੂਦ, ਮੈਂ ਪਹਿਲਾਂ ਐਡੀਲੇਡ ਦਾ ਸੱਦਾ ਪ੍ਰਵਾਨ ਕਰ ਲੈਣ ਕਰਕੇ, ਹਾਜਰ ਨਾ ਹੋ ਸਕਿਆ। ਇਸ ਲਈ ਸੁਚੱਜੇ ਪ੍ਰਬੰਧਕਾਂ ਨੇ ਇੰਟਰਨੈਟ ਰਾਹੀਂ ਮੇਰੇ ਲੈਕਚਰ ਦਾ ਪ੍ਰਬੰਧ ਕਰ ਲਿਆ। ਸਮਾਗਮ ਦੇ ਆਰੰਭਲੇ ਭਾਸ਼ਨ ਦੇਣ ਦਾ ਮਾਣ ਮੈਨੂੰ ਬਖ਼ਸ਼ਿਆ। ਇਹ ਮੌਕਾ ਮੇਲ਼ ਹੀ ਸਮਝ ਲਵੋ ਕਿ ਮੈਂ ਇਹ ਭਾਸ਼ਨ ਉਸ ਸ਼ਹਿਰ ਵਿਚੋਂ ਦੇ ਰਿਹਾ ਸਾਂ ਜਿੱਥੋਂ, 1986 ਵਿਚ, ਇਹਨਾਂ ਖੇਡਾਂ ਦਾ ਮੁੱਢ ਬੱਝਾ ਸੀ ਤੇ ਫਿਰ ਇਕ ਸਾਲ ਦੇ ਨਾਗੇ ਨਾਲ਼, 1988 ਵਿਚ, ਐਡੀਲੇਡ ਸ਼ਹਿਰ ਤੋਂ ਵਿਧੀਵੱਤ ਹਰੇਕ ਸਾਲ ਇਹ ਖੇਡਾਂ ਹੋਣੀਆਂ ਸ਼ੁਰੂ ਹੋ ਗਈਆਂ। 1986 ਵਿਚ ਗਰੇਵਾਲ ਪਰਵਾਰ ਨੇ ਉਦਮ ਕਰਕੇ, ਆਪਣੇ ਦਾਦਾ ਜੀ ਸ. ਸਰਦਾਰਾ ਸਿੰਘ ਗਰੇਵਾਲ਼ ਦੀ ਯਾਦ ਵਿਚ ਹਾਕੀ ਦਾ ਟੂਰਨਾਮੈਂਟ ਕਰਵਾ ਕੇ, ਆਸਟ੍ਰੇਲੀਆ ਵਿਚ ਸਿੱਖ ਖੇਡਾਂ ਦਾ ਮੁੱਢ ਬੱਧਾ ਸੀ। ਸ. ਸਰਦਾਰਾ ਸਿੰਘ ਗਰੇਵਾਲ਼ ਕੱਪ ਮੈਲਬਰਨ ਦੀ ਟੀਮ ਜਿੱਤ ਕੇ ਲੈ ਗਈ ਸੀ।

ਦੁਪਹਿਰ ਦਾ ਪ੍ਰਸ਼ਾਦਾ ਭਾਈ ਸਾਹਿਬ ਸੁਖਦੇਵ ਸਿੰਘ ਜੀ ਨੇ ਤਾਜਾ ਤਿਆਰ ਕਰਕੇ ਛਕਾਇਆ। ਦਿਨੇ ਟਾਵੀਂ ਟਾਵੀਂ ਸੰਗਤ ਵੀ ਮੱਥਾ ਟੇਕਣ ਆਉਂਦੀ ਰਹੀ। ਇਕ ਨੌਜਵਾਨ ਬੱਚੀ ਨੇ ਕਾਰ ਤੋਂ ਉਤਰ ਕੇ ਕਾਹਲ਼ੀ ਕਾਹਲ਼ੀ ਬੂਟ ਉਤਾਰ ਕੇ ਮੱਥਾ ਟੇਕਿਆ ਤੇ ਬੂਟ ਪਾਉਂਦੀ ਨੇ ਹੀ ਮੇਰੇ ਨਾਲ਼ ਦੋ ਚਾਰ ਗੱਲਾਂ ਕੀਤੀਆਂ ਤੇ ਤੇਜੀ ਨਾਲ਼ ਹੀ ਕਾਰ ਚਲਾ ਕੇ ਚਲੀ ਗਈ।

ਲੌਢੇ ਕੁ ਵੇਲ਼ੇ ਆਪਣੇ ਕਾਰਜ ਮੁਕਾ ਕੇ ਸ. ਮਹਾਂਬੀਰ ਸਿੰਘ ਜੀ ਨੇ ਮੈਨੂੰ ਆ ਚੁੱਕਿਆ ਤੇ ਆਪਣੇ ਮੋਟਲ ਦੇ ਇਕ ਕਮਰੇ ਵਿਚ ਮੇਰਾ ਡੇਰਾ ਜਾ ਲਵਾਇਆ ਤੇ ਕਿਹਾ ਕਿ ਰਾਤ ਤੁਸੀਂ ਏਥੇ ਹੀ ਕੱਟਣੀ ਹੈ ਤੇ ਰਾਤ ਦਾ ਪ੍ਰਸ਼ਾਦਾ ਆਪਾਂ ਸਾਰੇ ਏਥੇ ਮੋਟਲ ਵਿਚ ਹੀ ਛਕਾਂਗੇ। ਆਦਤ ਮੁਤਾਬਕ ਮੈਂ ਪਿੰਡਾ ਗਿੱਲਾ ਕਰਕੇ ਤੇ ਝੱਗਾ ਬਦਲ ਕੇ ਤਕਾਲੀਂ ਜਿਹੀਂ ਬਾਹਰ ਨਿਕਲ਼ਿਆ ਤੇ ਇਕ ਕਾਲ਼ੇ ਰੰਗ ਦੇ ਵੱਡੇ ਸਾਰੇ ਲੈਂਡਰੋਵਰ ਦੀ ਨੰਬਰ ਪਲੇਟ ਉਪਰ ਸ.ਸਿੰਘ ਲਿਖਿਆ ਹੋਇਆ ਦਿਸਿਆ। ਉਸ ਵਿਚੋਂ ਇਕ ਦਰਮਿਆਨੇ ਕੱਦ ਦਾ ਨੌਜਵਾਨ ਫੁਰਤੀ ਨਾਲ਼ ਨਿਕਲਿਆ ਤੇ ਮੈਨੂੰ ਆਣ ਸਤਿ ਸ੍ਰੀ ਅਕਾਲ ਬੁਲਾਈ। ਮੈਂ ਪੁੱਛਿਆ, “ਤੁਸੀਂ ਏਥੇ ਮੋਟਲ ਵਿਚ ਕੰਮ ਕਰਦੇ ਹੋ?” “ਨਹੀਂ ਮੇਰਾ ਨਾਂ ਬਲਦੇਵ ਸਿੰਘ ਹੈ ਤੇ ਮੇਰੀ ਘਰ ਵਾਲ਼ੀ ਨੇ ਤੁਹਾਨੂੰ ਅੱਜ ਗੁਰਦੁਆਰੇ ਵਿਚ ਵੇਖਿਆ ਸੀ ਤੇ ਉਸ ਨੇ ਦੱਸਿਆ ਕਿ ਕੋਈ ਨਵਾਂ ਹੀ ਗਿਆਨੀ ਧਿਆਨੀ ਜਿਹਾ ਬੰਦਾ ਗੁਰਦੁਆਰੇ ਵਿਚ ਆਇਆ ਹੈ, ਜਾ ਕੇ ਪਤਾ ਕਰੋ ਕਿ ਉਸ ਨੂੰ ਕਿਸੇ ਚੀਜ ਦੀ ਲੋੜ ਨਾ ਹੋਵੇ! ਮੈਨੂੰ ਗਰੇਵਾਲ ਸਾਹਿਬ ਤੋਂ ਪਤਾ ਲੱਗਾ ਕਿ ਤੁਸੀਂ ਏਥੇ ਮੋਟਲ ਵਿਚ ਹੋ। ਤੁਹਾਨੂੰ ਮੈਂ ਲੈਣ ਲਈ ਆਇਆ ਹਾਂ।“ ਉਸ ਦੀ ਪਤਨੀ ਓਹੀ ਬੱਚੀ ਸੀ ਜੇਹੜੀ ਦਿਨੇ ਕਾਹਲ਼ੀ ਕਾਹਲ਼ੀ ਗੁਰਦੁਆਰੇ ਆਈ ਸੀ। ਮੈਂ ਦੱਸਿਆ ਕਿ ਗਰੇਵਾਲ ਸਾਹਿਬ ਦਾ ਹੁਕਮ ਹੈ ਕਿ ਰਾਤ ਮੈਂ ਏਥੇ ਹੀ ਰਹਿਣਾ ਹੈ ਤੇ ਰੋਟੀ ਵੀ ਅਸੀਂ ਸਾਰਿਆਂ ਨੇ ਏਥੇ ਹੀ ਖਾਣੀ ਹੈ। ਫਿਰ ਇਸ ਗੱਲ ਤੇ ਸਹਿਮਤੀ ਹੋਈ ਕਿ ਉਹ ਮੈਨੂੰ ਚਾਨਣ ਰਹਿੰਦੇ ਸਮੇ ਵਿਚ ਸ਼ਹਿਰ ਦੇ ਆਲ਼ੇ ਦੁਆਲ਼ੇ ਹੂਟਾ ਦੁਆਵੇਗਾ। ਉਸ ਨੇ ਫਿਰ ਆਪਣੇ ਘਰ ਸਮੇਤ ਕੁਝ ਹੋਰ ਸਿੱਖ ਨੌਜਵਾਨਾਂ ਦੇ ਘਰ ਵੀ ਵਿਖਾਏ ਪਰ ਕਿਸੇ ਦੇ ਘਰ ਅੰਦਰ ਜਾਣ ਦਾ ਸਮਾ ਨਹੀਂ ਸੀ।

ਕੁਝ ਸਿਖ ਨੌਜਵਾਨ ਵਿਦਿਆਰਥੀ ਏਥੇ ਗਰੇਵਾਲਾਂ ਦੇ ਕਾਰੋਬਾਰਾਂ ਵਿਚ ਕੰਮ ਕਰਦੇ ਹਨ ਤੇ ਕੁਝ ਟੈਕਸੀਆਂ ਚਲਾਉਂਦੇ ਹਨ। ਏਸੇ ਸੁਖਾਵੀਂ ਯਾਤਰਾ ਦੌਰਾਨ ਹੀ ਉਸ ਨੇ, ਵਿਦਿਆਰਥੀ ਦੇ ਰੂਪ ਵਿਚ ਆਰੰਭਲੀਆਂ ਤੰਗੀਆਂ ਤੋਂ ਲੈ ਕੇ ਹੁਣ ਤੱਕ ਦੀ ਆਪਣੀ ਯਾਤਰਾ ਦਾ ਜ਼ਿਕਰ ਕਰਦਿਆਂ ਇਹ ਵੀ ਦੱਸਿਆ ਕਿ ਅੱਜ ਉਹ ਇਸ ਸ਼ਹਿਰ ਦੀ ਕੌਂਸਲ ਦਾ ਸਭ ਤੋਂ ਵਧ ਵੋਟਾਂ ਲੈ ਕੇ ਚੁਣਿਆ ਗਿਆ ਕੌਸਲਰ ਹੈ। ਇਸ ਨੌਜਵਾਨ ਦਾ ਨਾਂ ਬਲਦੇਵ ਸਿੰਘ ਹੈ ਤੇ ਵੱਸ ਲੱਗਦੇ ਹਰੇਕ ਲੋੜਵੰਦ ਦੀ ਸਹਾਇਤਾ ਵਾਸਤੇ ਹਰ ਸਮੇ ਇਹ ਨੌਜਵਾਨ ਜੋੜਾ ਤਿਆਰ ਰਹਿੰਦਾ ਹੈ।

ਰਾਤ ਦਾ ਪ੍ਰਸ਼ਾਦਾ ਓਥੇ ਰਹਿ ਰਹੇ ਗਰੇਵਾਲ ਦੇ ਸਾਰੇ ਪਰਵਾਰ ਨੇ ਮੋਟਲ ਵਿਚ ਹੀ ਛਕਿਆ। ਸਾਡੇ ਪ੍ਰਸ਼ਾਦਾ ਛਕਦਿਆਂ ਹੀ ਇਕ ਹੋਰ ਸਿੱਖ ਪਰਵਾਰ, ਜੋ ਕਿ ਮੈਲਬਰਨ ਤੋਂ ਐਲਿਸ ਸਪਰਿੰਗ ਨੂੰ ਸੈਰ ਸਪਾਟੇ ਲਈ ਜਾਂਦਾ ਹੋਇਆ, ਕਿਸੇ ਹੋਰ ਮੋਟਲ ਵਿਚ ਰੁਕਿਆ ਹੋਇਆ ਸੀ ਪਰ ਪੰਜਾਬੀ ਰੋਟੀ ਖਾਣ ਲਈ ਏਥੇ ਆ ਗਿਆ ਸੀ। ਕੁਝ ਸਮਾ ਵਿਚਾਰਾਂ ਹੋਈਆਂ ਤੇ ਉਹ ਰੋਟੀ ਖਾ ਕੇ ਆਪਣੇ ਮੋਟਲ ਵਿਚ ਚਲੇ ਗਏ। ਅਗਲੇ ਦਿਨ ਸਵੇਰੇ, ਅੱਗੇ ਦੀ ਯਾਤਰਾ ਉਪਰ ਤੁਰਨ ਤੋਂ ਪਹਿਲਾਂ, ਉਹ ਪਰਵਾਰ ਗੁਰਦੁਆਰੇ ਮੱਥਾ ਟੇਕਣ ਆਇਆ ਤੇ ਮੇਰੀਆਂ ਕਿਤਾਬਾਂ ਬੜੇ ਚਾਅ ਨਾਲ਼ ਲੈ ਕੇ ਗਿਆ।

ਓਥੇ ਟਿਕਣ ਸਮੇ ਦੌਰਾਨ ਉਸ ਸ਼ਹਿਰ ਦੇ ਆਲ਼ੇ ਦੁਆਲ਼ੇ ਦੇ ਛੋਟੇ ਛੋਟੇ ਟਾਊਨਾਂ ਵਿਚੋਂ ਕੁਝ ਨੌਜਵਾਨਾਂ ਦੇ ਫ਼ੋਨ ਆਏ ਜੇਹੜੇ ਹਰਮਨ ਰੇਡੀਉ, ਅਖ਼ਬਾਰਾਂ ਅਤੇ ਫੇਸਬੁੱਕ ਰਾਹੀਂ ਮੈਨੂੰ ਜਾਣਦੇ ਸਨ। ਉਹਨਾਂ ਵਿਚੋਂ ਇਕ ਮਨਪ੍ਰੀਤ ਸਿੰਘ ਮਾਨ ਵਾਅਲਾ ਤੋਂ ਸੀ। ਉਸ ਨੇ ਕਿਹਾ ਕਿ ਉਸ ਨੂੰ ਮੇਰੇ ਆਉਣ ਦਾ ਪਤਾ ਲੱਗਾ ਹੈ ਤੇ ਉਹ ਮੈਨੂੰ ਮਿਲਣ ਆ ਰਿਹਾ ਹੈ। ਉਹ ਮੈਨੂੰ ਮਿਲਣ ਦੇ ਨਾਲ਼ ਨਾਲ਼ ਮੇਰੀਆਂ ਕਿਤਾਬਾਂ ਲੈ ਕੇ ਪੜ੍ਹਨੀਆਂ ਚਾਹੁੰਦਾ ਹੈ। ਮੈਂ ਕਿਹਾ ਕਿ ਹੁਣ ਤੇ ਅਸੀਂ ਵਾਪਸ ਐਡੀਲੇਡ ਜਾ ਰਹੇ ਹਾਂ। ਓਥੇ ਸ. ਮਨਪ੍ਰੀਤ ਸਿੰਘ ਕੋਲ਼ੋਂ ਮੇਰੀਆਂ ਚਾਰ ਕਿਤਾਬਾਂ, ਜਦੋਂ ਗਿਆ ਲੈ ਆਵੀਂ।

ਸ਼ੁੱਕਰਵਾਰ ਸ਼ਾਮ ਤੱਕ ਅਸੀਂ ਵਾਪਸ ਐਡੀਲੇਡ ਪਹੁੰਚ ਗਏ। ਸੁਭਾ ਛਨਿਛਰਵਾਰ ਸ. ਗੁਰਮੀਤ ਸਿੰਘ ਅਤੇ ਬੀਬੀ ਜਸਬੀਰ ਕੌਰ ਵਾਲ਼ੀਆ ਜੀ ਵੱਲੋਂ, ਸਾਥੀਆਂ ਦੇ ਸਹਿਯੋਗ ਨਾਲ਼, ਵੈਸਾਖੀ ਦੇ ਸਬੰਧ ਵਿਚ ਸਜਾਉਣ ਵਾਲ਼ਾ ਦੀਵਾਨ ਧਾਰਮਿਕ ਰੰਗ ਵਿਚ ਸਜਾਇਆ ਜਾਣਾ ਸੀ। ਇਸ ਮੇਲੇ ਵਿਚ ਹਾਜਰ ਹੋਣ ਲਈ ਹੀ ਉਚੇਚਾ ਮੈਨੂੰ ਸੱਦਿਆ ਗਿਆ ਸੀ। ਗਰਾਊਂਡ ਵਿਚ ਬਣੀ ਸਟੇਜ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਸਰਦਾਰਨੀ ਜਸਬੀਰ ਕੌਰ ਜੀ ਦੁਆਰਾ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ, ਜਿਸ ਵਿਚ ਹੋਰ ਸੰਗਤਾਂ ਨੇ ਵੀ ਸਹਿਯੋਗ ਦਿਤਾ। ਪਾਠ ਉਪ੍ਰੰਤ ਸ਼ਹਿਰ ਦੇ ਤਿੰਨਾਂ ਹੀ ਗੁਰਦੁਆਰਿਆਂ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਸਰਦਾਰਨੀ ਜਸਬੀਰ ਕੌਰ ਜੀ ਨੇ ਵੀ ਦੋ ਸ਼ਬਦਾਂ ਦੇ ਕੀਰਤਨ ਦੀ ਹਾਜਰੀ ਲਵਾਈ। ਰਿਵਰਲੈਂਡ ਤੋਂ ਪਹੁੰਚੇ ਭਾਈ ਰਵਿੰਦਰ ਸਿੰਘ ਜੀ, ਮੈਲਬਰਨ ਤੋਂ ਗਿਆਨੀ ਹਰਜੀਤ ਸਿੰਘ ਜੀ ਪੱਟੀਵਾਲ਼ੇ ਅਤੇ ਮੈਂ ਵੀ ਖ਼ਾਲਸੇ ਦੇ ਜਨਮ ਦਿਨ (ਵੈਸਾਖੀ) ਬਾਰੇ ਸੰਗਤਾਂ ਨਾਲ਼ ਵਿਚਾਰ ਸਾਂਝੇ ਕੀਤੇ।

ਧਾਰਮਿਕ ਮਰਯਾਦਾ ਉਪ੍ਰੰਤ ਦੁਪਹਿਰ ਤੋਂ ਪਿੱਛੋਂ ਵੈਸਾਖੀ ਮੇਲੇ ਦੀਆਂ ਰੌਣਕਾਂ ਲੱਗ ਗਈਆਂ। ਨਿੱਕਿਆਂ ਵੱਡਿਆਂ, ਬੰਦੇ ਬੰਦੀਆਂ ਦੀਆਂ, ਕਈ ਪ੍ਰਕਾਰ ਦੀਆਂ ਖੇਡਾਂ ਹੋਈਆਂ। ਸਭਿਆਚਾਰਕ ਪ੍ਰੋਗਰਾਮ ਹੋਏ। ਹਨੇਰਾ ਹੋਣ ਤੱਕ ਮੇਲੇ ਦੀਆਂ ਰੌਣਕਾਂ ਲੱਗੀਆਂ ਰਹੀਆਂ।

ਅਗਲੇ ਦਿਨ ਐਤਵਾਰ ਨੂੰ ਪਰਥ ਵਿਚ ਹੋ ਰਹੀਆਂ ਖੇਡਾਂ ਦੇ ਹਿੱਸੇ ਵਜੋਂ, ਦੱਖਣੀ ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਦੇ ਹਿੱਸੇ ਦੇ ਰੂਪ ਵਿਚ ਹੋਈਆਂ। ਉਸ ਵਿਚ ਵੀ ਹਾਜਰੀ ਭਰੀ। ਸਾਰੀ ਸਟੇਟ ਵਿਚੋਂ ਆਏ ਸੱਜਣਾਂ ਨਾਲ਼ ਮੇਲ ਮਿਲਾਪ ਹੋਇਆ। ਕੁਝ ਨਵੇਂ ਸੂਝਵਾਨ ਸੱਜਣਾਂ ਨਾਲ਼ ਵੀ ਜਾਣ ਪਛਾਣ ਹੋਈ। ਮੇਰੇ ਪਹਿਲਾਂ ਤੋਂ ਮਿੱਤਰ ਪੰਥਕ ਸੋਚ ਦੇ ਧਾਰਨੀ, ਸ ਬਖ਼ਸ਼ੀਸ਼ ਸਿੰਘ ਜੀ ਨੇ ਉਸ ਮੇਲੇ ਵਿਚ ਇਕ ਅਜਿਹੀ ਸ਼ਖ਼ਸ਼ੀਅਤ ਨਾਲ਼ ਮੇਲ ਕਰਵਾਇਆ ਜੇਹੜੀ ਜਿੰਨੀ ਪ੍ਰਭਾਵਸ਼ਾਲੀ ਬਾਹਰੋਂ ਦਿਸਦੀ ਸੀ ਓਨੀ ਹੀ ਅੰਦਰੋਂ ਵੀ ਖ਼ੂਬਸੂਰਤ ਨਿਕਲ਼ੀ। ਇਸ ਸ਼ਾਨਦਾਰ ਗੁਰਸਿੱਖੀ ਸਰੂਪ ਦੇ ਧਾਰਨੀ ਗੁਰਮੁਖ ਪਿਆਰੇ ਦਾ ਨਾਂ ਸ. ਜੁਗਰਾਜ ਸਿੰਘ ਖਹਿਰਾ ਹੈ। ਛਨਿਛਰਵਾਰ ਵਾਲ਼ੇ ਮੇਲੇ ਵਿਚ ਕੁਝ ਉਹਨਾਂ ਨੌਜਵਾਨਾਂ ਦੇ ਵੀ ਦਰਸ਼ਨ ਹੋਏ ਜੇਹੜੇ ਅੰਮ੍ਰਿਤਸਰ ਦੇ ਆਲ਼ੇ ਦਆਲ਼ੇ ਦੇ ਪਿੰਡਾਂ ਤੋਂ ਆਏ ਹਨ। ਉਹਨਾਂ ਨੇ ਦੱਸਿਆ ਕਿ ਉਹ ਮੈਨੂੰ ਹਰਮਨ ਰੇਡੀਉ ਤੋਂ ਸੁਣਦੇ ਹਨ ਤੇ ਮਿੰਟੂ ਬਰਾੜ ਜੀ ਦੀ ‘ਪੰਜਾਬੀ ਅਖ਼ਬਾਰ’ ਵਿਚੋਂ ਪੜ੍ਹਦੇ ਵੀ ਹਨ। ਉਹ ਸਾਰੇ ਪਰਵਾਰਕ ਵਾਤਾਵਰਨ ਵਿਚ ਚਾਹ ਦੇ ਕੱਪ ਉਪਰ ਬੈਠਣ ਦਾ ਵਿਚਾਰ ਰੱਖਦੇ ਹਨ। ਮੇਲੇ ਦੀ ਸਮਾਪਤੀ ਉਪ੍ਰੰਤ ਇਕ ਘਰ ਵਿਚ ਇਕੱਤਰ ਹੋਏ, ਚਾਹ ਪਾਣੀ ਛਕਿਆ ਅਤੇ ਖ਼ੁਸ਼ਗਵਾਰ ਮਾਹੌਲ ਵਿਚ ਵਿਚਾਰਾਂ ਹੋਈਆਂ।

ਸਦਾ ਵਾਂਗ ਠਾਹਰ ਮੇਰੀ ਕਾਕਾ ਮਨਪ੍ਰੀਤ ਸਿੰਘ ਅਤੇ ਬੱਚੀ ਮਨਦੀਪ ਕੌਰ ਕੋਲ਼ ਹੀ ਸੀ। ਉਹਨਾਂ ਨੂੰ ਰਾਤ ਦੇ ਪ੍ਰਸ਼ਾਦੇ ਵਾਸਤੇ ਕਿਸੇ ਘਰੋਂ ਸੱਦਾ ਸੀ। ਮੈਨੂੰ ਨਾਲ਼ ਚੱਲਣ ਲਈ ਕਿਹਾ ਪਰ ਮੈਂ ਸੀ.ਐਮ. ਮੂਵੀ ਵੇਖਣ ਦੇ ਲਾਲਚ ਵਿਚ ਨਾ ਜਾਣਾ ਹੀ ਠੀਕ ਸਮਝਿਆ ਤੇ ਉਹਨਾਂ ਨੂੰ ਕਿਹਾ ਕਿ ਵੱਡੇ ਸਕਰੀਨ ਉਪਰ ਮੈਨੂੰ ਇਹ ਮੂਵੀ ਖੋਹਲ ਕੇ ਦੇ ਜਾਓ ਤੇ ਤੁਸੀਂ ਜਾਓ। ਮੈਂ ਤੇ ਗੁਰਦੁਆਰਾ ਸਾਹਿਬ ਦੇ ਨਾਲ਼ ਲੱਗਵੇਂ ਘਰ ਵਿਚ ਮੂਵੀ ਵੇਖਦਾ ਰਿਹਾ ਤੇ ਓਧਰ ਸ਼ਾਮ ਵੇਲ਼ੇ ਸ. ਤੇਜਸ਼ਦੀਪ ਸਿੰਘ ਅਜਨੌਦਾ ਅਤੇ ਕੁਝ ਹੋਰ ਸੱਜਣ ਮਿਲਣ ਲਈ ਆਏ ਅਤੇ ਰਾਗੀ ਸਿੰਘਾਂ ਤੋਂ ਪੁੱਛ ਕੇ ਤੇ ਮੱਥਾ ਟੇਕ ਕੇ ਮੁੜ ਜਾਂਦੇ ਰਹੇ। ਰਾਗੀ ਸਿੰਘਾਂ ਨੂੰ ਨਹੀਂ ਸੀ ਪਤਾ ਕਿ ਮੈਂ ਨਾਲ਼ ਦੇ ਘਰ ਵਿਚ ਹੀ ਬੈਠਾ ਸਾਂ।

ਐਡੀਲੇਡ ਦਾ ਵਾਸੀ ਸਾਹਿਤ ਰਸੀਆ ਅਤੇ ਰਚੀਆ ਮਲਹਾਂਸ ਜੋੜਾ, ਸ. ਮੋਹਨ ਸਿੰਘ ਅਤੇ ਬੀਬਾ ਬਲਜੀਤ ਕੌਰ ਜੀ, 2005 ਤੋਂ ਹੀ ਮੇਰੇ ਨਾਲ਼ ਸਨੇਹ ਕਰਦੇ ਆ ਰਹੇ ਹਨ। ਇਕ ਦਿਨ ਮੈਨੂੰ ਮਿਲਣ ਆਏ। ਅਸੀਂ ਤਿੰਨੇ ਜਣੇ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਚ ਬੈਠੇ ਵਿਚਾਰਾਂ ਕਰ ਰਹੇ ਸਾਂ। ਬਲਜੀਤ ਕੌਰ ਬੀਬਾ ਜੀ, ਕਹਿੰਦੇ, “ਅਸੀਂ ਤਾਇਆ ਜੀ, ਤੁਹਾਡਾ ਐਡੀਲੇਡ ਦੇ ਸਾਹਿਤਕਾਰਾਂ ਵੱਲੋਂ ਰੂ-ਬ-ਰੂ ਅਤੇ ਸਨਮਾਨ ਕਰਨਾ ਚਾਹੁੰਦੇ ਹਾਂ ਪਰ ਕਰੋਨੇ ਦੇ ਕਹਿਰ ਕਰਕੇ ਵੱਡਾ ਇਕੱਠ ਨਹੀਂ ਕੀਤਾ ਜਾ ਸਕਦਾ; ਇਸ ਲਈ ਛੋਟੇ ਪੈਮਾਨੇ ਉਪਰ, ਆਪਣੇ ਘਰ ਵਿਚ ਹੀ ਕੁਝ ਤੁਹਾਡੇ ਪ੍ਰੇਮੀ ਸਾਹਿਤਕਾਰਾਂ ਨੂੰ ਸੱਦ ਕੇ ਤੁਹਾਡਾ ਮਾਣ ਸਤਿਕਾਰ ਕਰਨ ਦਾ ਵਿਚਾਰ ਬਣਾ ਲਿਆ ਹੈ।“ ਮੈਂ ਕਿਹਾ, “ਕੋਈ ਗੱਲ ਨਹੀਂ ਬੀਬਾ ਜੀ, ਅਗਲੀ ਵਾਰ ਸਹੀ।” “ਨਹੀਂ, ਪਹਿਲਾਂ ਹੀ ਬਹੁਤ ਪਛੜ ਗਏ ਹਾਂ, ਅਗਲੀ ਵਾਰ ਅਗਲੀ ਵਾਰ ਕਰਦਿਆਂ। ਇਸ ਵਾਰੀ ਛੋਟਾ ਈ ਸਹੀ, ਵੱਡਾ ਹਾਲਾਤ ਸੁਧਰ ਜਾਣ ਤੇ ਕਰਾਂਗੇ।“ ਮੁਕਦੀ ਗੱਲ, ਫੈਸਲਾ ਹੋ ਗਿਆ ਕਿ ਮੰਗਲਵਾਰ ਦੀ ਸ਼ਾਮ ਉਹਨਾਂ ਦੇ ਘਰ ਸਾਹਿਤ ਪ੍ਰੇਮੀਆਂ ਨਾਲ਼ ਬਿਤਾਈ ਜਾਵੇ।

ਮੈਂ ਨਵੇਂ ਬਣੇ ਮਿੱਤਰ ਸ. ਜੁਗਰਾਜ ਸਿੰਘ ਜੀ ਦੇ ਘਰ ਸਾਂ। ਉਹਨਾਂ ਨੂੰ ਵੀ ਆਪਣੇ ਨਾਲ਼ ਜਾਣ ਲਈ ਸਹਿਮਤ ਕਰ ਲਿਆ। ਉਹਨਾਂ ਦਾ ਪੁੱਤਰ ਸਾਨੂੰ ਮਲਹਾਂਸ ਜੋੜੀ ਦੇ ਘਰ ਛੱਡ ਕੇ ਬਾਹਰੋਂ ਹੀ ਮੁੜ ਗਿਆ। ਅੱਧਾ ਘੰਟਾ ਟਾਈਮ ਦੇ ਅੱਗੇ ਪਿੱਛੇ ਹੋਣ ਦਾ ਭੁਲੇਖਾ ਪੈ ਜਾਣ ਕਰਕੇ, ਸਾਡੇ ਜਾਂਦਿਆਂ ਨੂੰ ਸਾਰੇ ਸੁਹਿਰਦ ਸੱਜਣ ਆਏ ਬੈਠੇ ਸਨ। “ਆਓ ਜੀ, ਆਓ ਜੀ, ਬੈਠੋ ਜੀ, ਬੈਠੋ ਜੀ, ਲੇਟ ਹੋ ਗਏ ਜੀ, ਲੇਟ ਹੋ ਗਏ ਜੀ, ਤੁਸੀਂ ਵੀ ਚੰਗੇ ਜੀ, ਅਸੀਂ ਵੀ ਚੰਗੇ ਜੀ” ਵਰਗੇ ਸਤਿਕਾਰ ਮਈ ਸ਼ਬਦਾਂ ਦੇ ਵਟਾਂਦਰੇ ਪਿਛੋਂ ਚਾਹ ਪਾਣੀ ਛਕ ਕੇ, ਆਪੋ ਆਪਣੀਆਂ ਰਚਨਾਵਾਂ ਸੁਣਨ ਸੁਣਾਉਣ ਦਾ ਦੌਰ ਸ਼ੁਰੂ ਹੋਇਆ। ਹਾਜਰ ਸਾਰੇ ਸੱਜਣਾਂ ਦੇ ਨਾਂ ਯਾਦ ਨਹੀਂ ਤੇ ਜਿਨ੍ਹਾਂ ਦੇ ਯਾਦ ਹਨ ਜੇ ਉਹਨਾਂ ਦੇ ਲਿਖ ਦਿਤੇ ਤਾਂ ਭੁੱਲ ਗਿਆਂ ਨਾਲ਼ ਬੇਇਨਸਾਫ਼ੀ ਹੋਵੇਗੀ। ਇਸ ਲਈ ਮੈਂ ਏਨਾ ਕਹਿ ਕੇ ਹੀ ਸਾਰ ਲੈਂਦਾ ਹਾਂ ਕਿ ਸਾਹਿਤਕ ਨਾਲ਼ੋਂ ਵੀ ਵਧੇਰੇ ਇਹ ਪਰਵਾਰਕ ਮੇਲ਼ ਬਣ ਗਿਆ। ਇਸ ਵਿਚ, ਵਾਰਤਕ ਲਿਖਾਰੀ, ਕਵੀ, ਰੰਗ ਮੰਚ ਕਰਮੀ ਸਾਰੇ ਹੀ ਸਾਹਿਤ ਰਚੀਏ ਅਤੇ ਸਾਹਿਤ ਰਸੀਏ ਹੀ, ਸ਼ਾਮਲ ਹੋਏ ਅਤੇ ਇਹ “ਗੁਣ ਗਾਵਤ ਰੈਨ ਬਿਹਾਨੀ॥” ਵਾਲ਼ਾ ਸਮਾਗਮ ਹੋ ਨਿੱਬੜਿਆ। ਸਾਰੇ ਸ਼ਾਮਲ ਸੱਜਣਾਂ ਦਾ ਵਿਚਾਰ ਸੀ ਕਿ ਅਜਿਹੇ ਸਾਹਿਤਕ ਸਮਾਗਮ ਸਮੇ ਸਮੇ ਰਚੇ ਜਾਂਦੇ ਰਹਿਣੇ ਚਾਹੀਦੇ ਹਨ। ਅੰਤ ਵਿਚ ਪੰਜਾਬੀ ਸਾਹਿਤ ਰਸੀਆਂ ਵਾਸਤੇ ਮਲਹਾਂਸ ਪਰਵਾਰ ਵੱਲੋਂ ਪ੍ਰੇਮ ਸਹਿਤ ਤਿਆਰ ਕੀਤਾ ਪ੍ਰਸ਼ਾਦਾ ਛਕ ਕੇ ਵਿਦਿਆ ਹੋਏ।

ਮੁੜਦਿਆਂ ਰਸਤੇ ਵਿਚ ਸ. ਜੁਗਰਾਜ ਸਿੰਘ ਖਹਿਰਾ ਜੀ ਨੇ ਬੜੀ ਖ਼ੁਸ਼ੀ ਪਰਗਟ ਕਰਦਿਆਂ ਇਸ ਸੁਹਾਵਣੀ ਸ਼ਾਮ ਸਮੇ ਦੀ ਸਰਗਰਮੀ ਬਾਰੇ ਪ੍ਰਸੰਸਕ ਵਿਚਾਰ ਪਰਗਟ ਕੀਤੇ।

ਸ. ਮੋਹਨ ਸਿੰਘ ਮਲਹਾਂਸ ਨੇ, ਕਈ ਸਾਲ ਪਹਿਲਾਂ ਇਕ ਅਧਿਆਪਕਾ, ਬੀਬਾ ਮਹੇਸ਼ ਕੌਰ ਜੀ ਵੱਲੋਂ, ਮੇਰੇ ਬਾਰੇ ਲਿਖੇ ਗਏ ਲੇਖ ਦੇ ਸਿਰਲੇਖ ‘ਬਿਨਾ ਸਕੂਲੋਂ ਸਾਹਿਤਕਾਰ’ ਤੋਂ ਪ੍ਰਭਾਵਤ ਹੋ ਕੇ, ਵਿਚਾਰ ਪਰਗਟ ਕੀਤਾ ਸੀ ਕਿ ਉਹ ਵੀ ਮੇਰੇ ਬਾਰੇ ਇਕ ਲੇਖ ਲਿਖੇਗਾ ਜਿਸ ਦਾ ਸਿਰਲੇਖ ਹੋਵੇਗਾ ‘ਕਾਪੀ ਰਾਈਟ ਰਹਿਤ ਲੇਖਕ’ ਪਰ ਅਜੇ ਤੱਕ ਉਸ ਨੇ ਇਸ ਪਾਸੇ ਉਦਮ ਨਹੀਂ ਕੀਤਾ। ਚਲੋ, “ਦੇਰ ਆਇਦ ਦਰੁਸਤ ਆਇਦ।” ਇਸ ਦੇਰੀ ਵਿਚ ਵੀ ਕੋਈ ਚੰਗੇ ਤੋਂ ਚੰਗੇਰਾ ਹੋ ਜਾਣ ਦੀ ਆਸ ਹੀ ਰੱਖਣੀ ਚਾਹੀਦੀ ਹੈ।

ਬੁਧਵਾਰ 7 ਮਈ ਨੂੰ ਵਾਪਸੀ ਸੀ। ਸਦਾ ਵਾਂਗ ਵਿਚਾਰ ਸੀ ਕਿ ਮੇਰਾ ਮੂੰਹ ਬੋਲਿਆ ਭਤੀਜਾ ਮਨਪ੍ਰੀਤ ਸਿੰਘ ਹੀ ਹਵਾਈ ਅੱਡੇ ਉਪਰ ਛੱਡ ਆਵੇਗਾ। ਹਵਾਈ ਅੱਡਾ ਵੀ ਗੁਰਦੁਆਰਾ ਸਾਹਿਬ ਤੋਂ ਏਨਾ ਨੇੜੇ ਹੈ ਕਿ ਕਦੀ ਕਦਾਈਂ ਮੈਂ ਪੈਦਲ ਹੀ ਓਥੋਂ ਤੱਕ ਆਉਣਾ/ਜਾਣਾ ਕਰ ਲੈਂਦਾ ਹਾਂ। ਪਰ ਇਕ ਦਿਨ ਪਹਿਲਾਂ ਸ. ਗੁਰਮੀਤ ਸਿੰਘ ਵਾਲੀਆ ਜੀ ਵੱਲੋਂ ਫ਼ੋਨ ਆ ਗਿਆ ਕਿ ਉਹ ਖ਼ੁਦ, ਜਿਵੇਂ ਮੈਨੂੰ ਅੱਡੇ ਤੋਂ ਲੈਣ ਗਏ ਸਨ ਓਵੇਂ ਛੱਡ ਕੇ ਵੀ ਓਹੀ ਆਉਣਗੇ। ਬੁਧਵਾਰ ਸਵੇਰ ਦਾ ਛਾਹਵੇਲ਼ਾ ਕਰਨ ਤੇ ਵੀ ਉਹਨਾਂ ਨੇ ਮੇਰੇ ਉਪਰ ਪਾਬੰਦੀ ਲਾ ਦਿਤੀ। ਕਿਹਾ ਕਿ ਇਹ ਕਾਰਜ ਉਹਨਾਂ ਦੇ ਘਰ ਵਿਚ ਉਹਨਾਂ ਦੇ ਨਾਲ਼ ਹੀ ਕਰਨਾ ਪਊਗਾ। ਸਮੇ ਸਿਰ ਵਾਲੀਆ ਜੀ ਮੈਨੂੰ ਆ ਕੇ ਆਪਣੇ ਘਰ ਲੈ ਗਏ। ਉਹਨਾਂ ਦੀ ਜੀਵਨ ਸਾਥਣ ਸਤਿਕਾਰਯੋਗ ਭੈਣ ਜਸਬੀਰ ਕੌਰ ਜੀ ਨੇ ਤਾਜੀਆਂ ਪੂਰੀਆਂ ਤਲ਼ ਕੇ ਪ੍ਰੇਮ ਸਹਿਤ ਛਾਹਵੇਲ਼ਾ ਕਰਵਾਇਆ। ਤਾਜੀਆਂ ਪੂਰੀਆਂ ਵੇਖ ਕੇ 1964,65,66 ਵਾਲ਼ਾ ਸਮਾ ਯਾਦ ਆ ਗਿਆ। ਓਦੋਂ ਮੈਂ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰਾਗੀ ਦੀ ਸੇਵਾ ਕਰਦਾ ਸਾਂ। ਸਵੇਰੇ ਆਸਾ ਦੀ ਵਾਰ ਦੇ ਕੀਰਤਨ ਉਪ੍ਰੰਤ ਗੁਰਦੁਆਰੇ ਦੇ ਗੇਟ ਮੂਹਰਲੀ ਸੜਕ ਦੇ ਦੂਜੇ ਕਿਨਾਰੇ ਉਪਰ, ਪਾਕਿਸਤਾਨੋ ਆਏ ਸਿੱਖਾਂ ਦੀਆਂ ਹਲਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸਨ। ਉਹਨਾਂ ਵੱਲੋਂ ਤਲ਼ੀਆਂ ਜਾ ਰਹੀਆਂ ਗਰਮਾ ਗਰਮ ਪੂਰੀਆਂ, ਮਿੱਠੀ ਚਾਹ ਦੇ ਨਾਲ਼ ਛਕ ਕੇ ਆਨੰਦ ਮਾਨਣਾ। ਓਦੋਂ ਇਹ ਸਾਡਾ ਛਾਹਵੇਲ਼ਾ ਹੋਇਆ ਕਰਦਾ ਸੀ।

ਇਉਂ ਮੇਰੀ ਪੇਟ ਪੂਜਾ ਕਰਵਾ ਕੇ ਤੇ ਬਣਦੇ ਨਾਲ਼ੋਂ ਵਧੇਰੇ ਮਾਣ ਸਤਿਕਾਰ ਸਹਿਤ, ਸ. ਗੁਰਮੀਤ ਸਿੰਘ ਵਾਲੀਆ ਜੀ, ਮੈਨੂੰ ਹਵਾਈ ਅੱਡੇ ਉਪਰ ਉਤਾਰ ਕੇ ਵਾਪਸ ਮੁੜ ਗਏ ਤੇ ਜਹਾਜੇ ਮੈਂ ਖ਼ੁਦ ਹੀ ਚੜ੍ਹ ਕੇ ਤਕਾਲ਼ਾਂ ਤੱਕ ਸਿਡਨੀ ਵਿਚਲੇ ਆਪਣੇ ਰੈਣ ਬਸੇਰੇ ਵਿਚ ਆ ਵੜਿਆ। ਏਨੀ ਮੇਰੀ ਬਾਤ .....।