ਸ਼ਬਦ ਸ਼ਬਦ ਇਤਿਹਾਸ – ਸਵਰਾਜਬੀਰ

ਭਾਸ਼ਾ ਮਨੁੱਖ ਦੀਆਂ ਸਭ ਤੋਂ ਮਹਾਨ ਪ੍ਰਾਪਤੀਆਂ ਵਿਚੋਂ ਸਿਰਮੌਰ ਮੰਨੀ ਜਾਂਦੀ ਹੈ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਬੁਨਿਆਦੀ ਤੌਰ ’ਤੇ ਮਨੁੱਖ ਜਾਨਵਰਾਂ ਤੋਂ ਇਸ ਲਈ ਵੱਖਰਾ ਹੈ ਕਿ ਉਹ ਬਹੁਤ ਵਿਕਸਿਤ ਭਾਸ਼ਾਵਾਂ ਤੇ ਬੋਲੀਆਂ ਦਾ ਖੋਜੀ ਅਤੇ ਵਰਤਣ ਵਾਲਾ ਹੈ। ਇਕ ਉੱਘੇ ਚਿੰਤਕ ਅਨੁਸਾਰ ‘‘ਮਨੁੱਖਾਂ ਨੂੰ ਚੇਤਨਾ ਜਾਂ ਧਰਮ ਜਾਂ ਹੋਰ ਜੋ ਵੀ ਮਨ ਵਿਚ ਆਏ, ਕਰ ਕੇ ਜਾਨਵਰਾਂ ਤੋਂ ਵੱਖਰਾ ਸਮਝਿਆ ਜਾਂਦਾ ਹੈ ਪਰ ਮਨੁੱਖਾਂ ਨੇ ਆਪਣੇ ਆਪ ਨੂੰ ਤਦ ਵੱਖਰਾ ਸਮਝਣਾ ਸ਼ੁਰੂ ਕੀਤਾ ਜਦ ਉਨ੍ਹਾਂ ਨੇ ਆਪਣੇ ਗੁਜ਼ਾਰੇ ਲਈ ਵਸੀਲਿਆਂ ਦੀ ਪੈਦਾਵਾਰ ਕਰਨੀ ਸ਼ੁਰੂ ਕੀਤੀ।’’
       ‘ਮਨੁੱਖ ਜਾਨਵਰਾਂ ਤੋਂ ਕਿਵੇਂ ਵੱਖਰਾ ਹੈ’ ਇਹ ਬਹਿਸ ਬਹੁਤ ਲੰਮੀ ਤੇ ਜਟਿਲ ਹੈ, ਜੇ ਸਿਰਫ਼ ਭਾਸ਼ਾ ਦੀ ਗੱਲ ਕਰੀਏ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖਾਂ ਦੇ ਮਨਾਂ ਵਿਚ ਪੈਦਾ ਹੋਏ ਸੂਝ-ਸੰਸਾਰ, ਖੋਜਾਂ, ਧਰਮ, ਕਾਨੂੰਨ, ਇਤਿਹਾਸ ਦੇ ਬਿਰਤਾਂਤ, ਸਾਹਿਤ ਤੇ ਹੋਰ ਬਹੁਤ ਸਾਰੇ ਵਰਤਾਰੇ ਮਨੁੱਖੀ ਸੋਚ ਨੂੰ ਮੌਖਿਕ ਤੇ ਲਿਖ਼ਤ ਰੂਪ (ਭਾਸ਼ਿਕ) ਰੂਪ ਦੇਣ ਦੀ ਸਮਰੱਥਾ ’ਤੇ ਆਧਾਰਿਤ ਹਨ। ਬੋਲੀ ਤੇ ਭਾਸ਼ਾ ਰਾਹੀਂ ਹੀ ਮਨੁੱਖ ਨੇ ਮਹਾਨ ਪ੍ਰਾਪਤੀਆਂ ਕੀਤੀਆਂ ਅਤੇ ਮਨੁੱਖਤਾ ਦੇ ਬਹੁਤ ਵੱਡੇ ਨੁਕਸਾਨ ਵੀ ਇਸੇ ਕਾਰਨ ਹੋਏ ਹਨ। ਨਸਲ, ਜਾਤ, ਧਰਮ, ਰੰਗ ਆਦਿ ’ਤੇ ਆਧਾਰਿਤ ਵੰਡਾਂ, ਘਿਰਣਾ ਤੇ ਬਦਲਾ ਲੈਣ ਦੀਆਂ ਭਾਵਨਾਵਾਂ, ਇਨ੍ਹਾਂ ਸਭ ਵਰਤਾਰਿਆਂ ਦੇ ਵੱਡੇ ਹਿੱਸੇ ਭਾਸ਼ਾ ਰਾਹੀਂ ਹੀ ਪ੍ਰਫੁੱਲਿਤ ਹੋਏ। ਭਾਸ਼ਾ ਰਾਹੀਂ ਕਦੇ ਕਿਸੇ ਕੁਦਰਤੀ ਸ਼ਕਤੀ ਨੂੰ ਦੇਵੀ-ਦੇਵਤਾ ਬਣਾ ਦਿੱਤਾ ਗਿਆ, ਕਦੇ ਸਰਬ-ਸ਼ਕਤੀਮਾਨ ਰੱਬ ਦੀ ਕਲਪਨਾ ਕੀਤੀ ਗਈ ਅਤੇ ਭਾਸ਼ਾ ਰਾਹੀਂ ਹੀ ਇਨ੍ਹਾਂ ਸਿਧਾਂਤਾਂ ਦਾ ਵਿਰੋਧ ਕਰ ਕੇ ਨਾਸਤਿਕਤਾ ਦਾ ਸਿਧਾਂਤ ਉਸਾਰਿਆ ਗਿਆ। ਇਸ ਤਰ੍ਹਾਂ ਮਨੁੱਖੀ ਸੰਸਾਰ ਦਾ ਬਹੁਤ ਵੱਡਾ ਹਿੱਸਾ ਭਾਸ਼ਾ ਵਿਚ ਹੀ ਜਿਊਂਦਾ ਹੈ। ਭਾਸ਼ਾ ਮਨੁੱਖਾਂ ਵਿਚ ਪਿਆਰ ਪੈਦਾ ਕਰਦੀ ਹੈ ਤੇ ਉਨ੍ਹਾਂ ਦੇ ਮਨਾਂ ਵਿਚ ਸਾਂਝੀਵਾਲਤਾ, ਭਾਈਚਾਰੇ ਤੇ ਸਹਿਯੋਗ ਦੇ ਬੀਜ ਬੀਜਦੀ ਹੈ ਅਤੇ ਭਾਸ਼ਾ ਹੀ ਨਫ਼ਰਤ ਤੇ ਦੁਸ਼ਮਣੀ ਵਧਾਉਂਦੀ ਹੈ। ਸ਼ਬਦ ਸਾਨੂੰ ਸਕੂਨ ਵੀ ਦਿੰਦੇ ਹਨ, ਸਾਡੇ ’ਤੇ ਕਹਿਰ ਵੀ ਢਾਹੁੰਦੇ ਹਨ।
      ਪਿਛਲੇ ਦਿਨੀਂ ਤਾਮਿਲ ਨਾਡੂ ਦੇ ਰਾਜਪਾਲ ਆਰਐੱਨ ਰਵੀ ਨੇ ਕਿਹਾ ਕਿ ਤਾਮਿਲ ਨਾਡੂ ਦਾ ਨਾਮ ਤਾਮਿਲ ਨਾਡੂ ਨਹੀਂ, ਤਾਮਿਜ਼ਗਮ ਹੋਣਾ ਚਾਹੀਦਾ ਹੈ। ਤਾਮਿਲ ਨਾਡੂ ਦਾ ਮਤਲਬ ਹੈ ਤਾਮਿਲਾਂ ਦਾ ਦੇਸ਼ ਜਾਂ ਧਰਤੀ ਤੇ ਤਾਮਿਜ਼ਗਮ ਦੇ ਅਰਥ ਹਨ ਤਾਮਿਲਾਂ ਦਾ ਘਰ। ਕੌਮਾਂ, ਭਾਈਚਾਰਿਆਂ ਤੇ ਸਮਾਜਾਂ ਨੂੰ ਨਾਮ ਦੇਣ ਵਾਲੇ ਸ਼ਬਦ ਇਤਿਹਾਸਕ ਸਥਿਤੀਆਂ ਵਿਚੋਂ ਜੰਮਦੇ ਹਨ, ਇਤਿਹਾਸ ਦੀ ਕੁਠਾਲੀ ਵਿਚੋਂ ਨਿਕਲੇ ਹੋਣ ਕਰਕੇ ਉਨ੍ਹਾਂ ਦਾ ਪ੍ਰਤੀਕਾਤਮਕ ਮਹੱਤਵ ਅਥਾਹ ਹੁੰਦਾ ਹੈ, ਏਨਾ ਅਥਾਹ ਕਿ ਕਿਸੇ ਵੀ ਤਰ੍ਹਾਂ ਦਾ ਤਰਕ ਤੇ ਬਹਿਸ ਉਨ੍ਹਾਂ ਦੇ ਪੂਰੇ ਅਰਥਾਂ ਦੀ ਥਾਹ ਕਦੇ ਨਹੀਂ ਪਾ ਸਕਦੇ। ਉਦਾਹਰਨ ਦੇ ਤੌਰ ’ਤੇ ਅਸੀਂ ਸ਼ਬਦ ‘ਪੰਜਾਬ’ ਬਾਰੇ ਸੋਚ-ਵਿਚਾਰ ਕਰ ਸਕਦੇ ਹਾਂ।
       ਇਹ ਬਹਿਸ ਵੱਖਰੀ ਹੈ ਕਿ ਇਹ ਸ਼ਬਦ ਕਿਵੇਂ ਹੋਂਦ ਵਿਚ ਆਇਆ, ਪਹਿਲਾਂ ਪੰਜ-ਨਦ ਸੀ ਜਾਂ ਸਪਤ-ਸਿੰਧੂ, ਮਦਰ ਦੇਸ਼ ਸੀ ਜਾਂ ਕੈਕੈਯ, ਜਾਂ ਕੁਝ ਹੋਰ ਸੀ। ਇਸ ਬਾਰੇ ਵੀ ਵਾਦ-ਵਿਵਾਦ ਹੋ ਸਕਦਾ ਹੈ ਕਿ ਸਭ ਤੋਂ ਪਹਿਲਾਂ ਇਸ ਨੂੰ ਲਿਖ਼ਤ ਰੂਪ ਵਿਚ ਅਮੀਰ ਖੁਸਰੋ ਨੇ ਵਰਤਿਆ ਜਾਂ ਹੋਰ ਕਿਸੇ ਨੇ। ਬਾਅਦ ਵਿਚ ਇਸ ਨੂੰ ਭਾਈ ਗੁਰਦਾਸ, ਹਾਫ਼ਿਜ਼ ਬਰਖੁਰਦਾਰ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਮੱਧਕਾਲੀਨ ਇਤਿਹਾਸਕਾਰਾਂ ਤੇ ਹੋਰਨਾਂ ਨੇ ਵਰਤਿਆ ਪਰ ਕੀ ਆਪਣੇ ਹੁਣ ਵਾਲੇ ਰੂਪ ਵਿਚ ਇਸ ਸ਼ਬਦ (ਪੰਜਾਬ) ਨੂੰ ਪੰਜਾਬੀਆਂ ਦੀ ਹੋਂਦ ਤੇ ਹੋਣੀ ਤੋਂ ਵੱਖਰਾ ਕੀਤਾ ਜਾ ਸਕਦਾ ਹੈ? ਕੀ ਕੋਈ ਵਿਅਕਤੀ ਚੜ੍ਹਦੇ ਜਾਂ ਲਹਿੰਦੇ ਪੰਜਾਬ ਦੇ ਵਾਸੀਆਂ ਨੂੰ ਇਹ ਸੁਝਾਅ ਦੇ ਸਕਦਾ ਹੈ ਕਿ ਉਹ ਆਪਣੇ ਸੂਬੇ ਦਾ ਨਾਂ ਬਦਲ ਕੇ ਕੁਝ ਹੋਰ ਰੱਖ ਲੈਣ? ਲਗਭਗ ਸਾਰੇ ਪੰਜਾਬੀ ਇਹ ਜਵਾਬ ਦੇਣਗੇ ਕਿ ਇਹ ਕਦੇ ਨਹੀਂ ਹੋ ਸਕਦਾ, ਉਨ੍ਹਾਂ ਦੇ ਸੂਬੇ ਦਾ ਨਾਂ (ਪੰਜਾਬ), ਉਨ੍ਹਾਂ ਦੀ ਬੋਲੀ (ਪੰਜਾਬੀ) ਅਤੇ ਉਨ੍ਹਾਂ ਦੇ ਹੋਣ ਦੀ ਪਛਾਣ (ਪੰਜਾਬੀ ਹੋਣਾ) ਨੂੰ ਪਰਿਭਾਸ਼ਿਤ ਕਰਨ ਵਾਲੇ ਇਨ੍ਹਾਂ ਸ਼ਬਦਾਂ (ਪੰਜਾਬ ਤੇ ਪੰਜਾਬੀ) ਨੂੰ ਕਦੇ ਨਹੀਂ ਬਦਲਿਆ ਜਾ ਸਕਦਾ। ਇਹ ਨਹੀਂ ਕਿ ਖੇਤਰਾਂ, ਸ਼ਹਿਰਾਂ, ਸੂਬਿਆਂ, ਦੇਸ਼ਾਂ ਆਦਿ ਦੇ ਨਾਂ ਬਦਲੇ ਨਹੀਂ ਜਾਂਦੇ ਪਰ ਜਦ ਬਦਲੇ ਜਾਂਦੇ ਹਨ ਤਾਂ ਉਨ੍ਹਾਂ ਪਿੱਛੇ ਇਤਿਹਾਸਕ ਕਾਰਨ ਪਏ ਹੁੰਦੇ ਹਨ।
       ਸ਼ਬਦ ‘ਤਾਮਿਲ ਨਾਡੂ’ ਤਾਮਿਲ ਲੋਕਾਂ ਦੇ ਇਤਿਹਾਸ ਦੀ ਕੁਠਾਲੀ ਵਿਚੋਂ ਨਿਕਲਿਆ ਹੈ, ਇਹ ਦਰਾਵਿੜ ਲਹਿਰਾਂ ਤੇ ਸਿਆਸਤ ’ਚੋਂ ਜਨਮਿਆ ਹੈ। 1925 ਵਿਚ ਉੱਘੇ ਸੁਧਾਰਕਾਂ ਈਵੀ ਰਾਮਾਸਾਮੀ ‘ਪੇਰੀਆਰ’ ਅਤੇ ਸੀਐੱਨ ਅੰਨਾਦੁਰਾਈ ਨੇ ਤਾਮਿਲ, ਮਲਿਆਲੀ, ਤੇਲਗੂ ਅਤੇ ਕੰਨੜ ਬੋਲਣ ਵਾਲੇ ਲੋਕਾਂ ਲਈ ਆਜ਼ਾਦ ਦੇਸ਼ ‘ਦਰਾਵਿੜ ਨਾਡੂ’ ਬਣਾਉਣ ਦੀ ਤਜਵੀਜ਼ ਰੱਖੀ। ਉਨ੍ਹਾਂ ਨੇ ਦਰਾਵਿੜ ਕੜਗਮ (ਡੀਕੇ) ਨਾਂ ਦੀ ਪਾਰਟੀ ਬਣਾਈ। 1948 ਵਿਚ ਸੀਐੱਨ ਅੰਨਾਦੁਰਾਈ ਨੇ ਨਵੀਂ ਪਾਰਟੀ ਡੀਐੱਮਕੇ ਬਣਾਈ। ਇਨ੍ਹਾਂ ਸਮਿਆਂ ਵਿਚ ਹੀ ਤਾਮਿਲਾਂ ਲਈ ‘ਤਾਮਿਲ ਨਾਡੂ’ ਦੀ ਮੰਗ ਪ੍ਰਚਲਿਤ ਹੋਈ। 1960ਵਿਆਂ ਵਿਚ ਡੀਐੱਮਕੇ ਨੇ ‘ਦਰਾਵਿੜ ਨਾਡੂ’ ਦੀ ਮੰਗ ਕਰਨੀ ਬੰਦ ਕਰ ਦਿੱਤੀ। ਆਜ਼ਾਦੀ ਸਮੇਂ ਮਦਰਾਸ ਪ੍ਰੈਜੀਡੈਂਸੀ ਵਿਚ ਅੱਜ ਦਾ ਤਾਮਿਲ ਨਾਡੂ ਅਤੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਦੇ ਕਈ ਹਿੱਸੇ ਸ਼ਾਮਲ ਸਨ। ਮੌਜੂਦਾ ਤਾਮਿਲ ਨਾਡੂ ਸੂਬਾ 1956 ਵਿਚ ਭਾਸ਼ਾਈ ਆਧਾਰ ’ਤੇ ਸੂਬੇ ਬਣਨ ਦੌਰਾਨ ਮਦਰਾਸ ਸੂਬੇ ਵਜੋਂ ਹੋਂਦ ਵਿਚ ਆਇਆ ਅਤੇ 1969 ਵਿਚ ਇਸ ਦਾ ਨਾਂ ਤਾਮਿਲ ਨਾਡੂ ਰੱਖਿਆ ਗਿਆ। ਇਸ ਲਈ ਰਾਜਪਾਲ ਦੁਆਰਾ ਸੂਬੇ ਦਾ ਨਾਮ ਕੁਝ ਹੋਰ ਰੱਖਣ ਦਾ ਸੁਝਾਅ ਦੇਣਾ ਇਸ ਖ਼ਿੱਤੇ ਦੇ ਇਤਿਹਾਸ ਤੋਂ ਮੂੰਹ ਮੋੜਨਾ ਹੈ। ਸ਼ਬਦ ‘ਤਾਮਿਲ ਨਾਡੂ’ ਲੋਕ-ਮਨ ਦੁਆਰਾ ਸਵੀਕਾਰ ਕੀਤਾ ਜਾ ਚੁੱਕਾ ਹੈ। ਹੋ ਸਕਦਾ ਸੀ ਜੇ ਇਤਿਹਾਸਕ ਘਟਨਾਕ੍ਰਮ ਸ਼ਬਦ ਤਾਮਿਜ਼ਗਮ ਘੜਦਾ ਤਾਂ ਲੋਕ-ਮਨ ਇਸ ਨੂੰ ਸਵੀਕਾਰ ਕਰ ਲੈਂਦਾ।
     ਰਾਜਪਾਲ ਨੇ ਆਪਣੇ ਭਾਸ਼ਣ ਦੌਰਾਨ ਉਸ ਪੈਰੇ ਨੂੰ ਵੀ ਨਹੀਂ ਪੜ੍ਹਿਆ ਜਿਸ ਵਿਚ ਈਵੀ ਰਾਮਾਸਾਮੀ, ਡਾ. ਬੀਆਰ ਅੰਬੇਡਕਰ ਅਤੇ ਸਾਬਕਾ ਮੁੱਖ ਮੰਤਰੀਆਂ ਕੇ ਕਾਮਰਾਜ ਅਤੇ ਸੀਐੱਨ ਅੰਨਾਦੁਰਾਈ ਦਾ ਜ਼ਿਕਰ ਸੀ। ਇਹ ਤਾਮਿਲ ਨਾਡੂ ਦੀ ਸਿਆਸੀ ਸੋਚ ਦੇ ਵਿਕਾਸ ਦੇ ਇਤਿਹਾਸ ਨੂੰ ਅਣਡਿੱਠ ਕਰਨਾ ਹੈ। ਰਾਜਪਾਲ ਰਾਸ਼ਟਰੀ ਗੀਤ ਦੀ ਧੁਨ ਵਜਾਏ ਜਾਣ ਤੋਂ ਪਹਿਲਾਂ ਹੀ ਵਿਧਾਨ ਸਭਾ ਦੇ ਇਜਲਾਸ ’ਚੋਂ ਵੀ ਚਲੇ (ਵਾਕ-ਆਊਟ ਕਰ) ਗਏ।
       ਰਾਜਪਾਲ ਨੇ ਪਹਿਲਾਂ ਕਿਹਾ ਸੀ ਕਿ ਤਾਮਿਲ ਨਾਡੂ ਦੇ ਅਰਥ ਹਨ ਤਾਮਿਲਾਂ ਦਾ ਦੇਸ਼ ਅਤੇ ਇਸ ਨਾਮ ਕਾਰਨ ਇਹ ਅਹਿਸਾਸ ਪੈਦਾ ਹੁੰਦਾ ਹੈ ਕਿ ਤਾਮਿਲਾਂ ਦਾ ਆਪਣਾ ਵੱਖਰਾ ਦੇਸ਼ ਹੈ (ਜਾਂ ਹੋ ਸਕਦਾ ਹੈ), ਇਸ ਲਈ ਭਾਰਤ ਜਿਹੇ ਦੇਸ਼ ਵਿਚ ਉਨ੍ਹਾਂ ਲਈ ਉੱਚਿਤ ਨਾਂ ਤਾਮਿਜ਼ਗਮ ਹੈ ਭਾਵ ਭਾਰਤ ਦੇਸ਼ ਹੈ ਅਤੇ ਉਸ ਵਿਚ ਤਾਮਿਜ਼ਗਮ ਹੈ, ਭਾਵ ਤਾਮਿਲਾਂ ਦਾ ਘਰ ਹੈ।
        ਇਨ੍ਹਾਂ ਸ਼ਬਦਾਂ ਦੇਸ, ਦੇਸ਼, ਵਤਨ, ਮੁਲਕ, ਕੌਮ ਆਦਿ ਨੇ ਸਮਾਜਾਂ, ਦੇਸ਼ ਤੇ ਕੌਮਾਂ ਨੂੰ ਸਿਰਜਿਆ-ਸੰਵਾਰਿਆ ਵੀ ਹੈ ਅਤੇ ਉਨ੍ਹਾਂ ’ਤੇ ਕਹਿਰ ਵੀ ਢਾਏ ਹਨ। ਜੇ ਸ਼ਬਦ ਦੇਸ/ਦੇਸ਼/ਵਤਨ/ਮੁਲਕ ਹੀ ਸੀਮਤ ਰਹੀਏ ਤਾਂ ਸਦੀਆਂ ਪਹਿਲਾਂ ਇਸ ਦੇ ਅਰਥ ਉਹ ਨਹੀਂ ਸਨ ਜੋ ਅੱਜ ਹਨ। ਉਦਾਹਰਨ ਦੇ ਤੌਰ ’ਤੇ ਪੰਜਾਬ ਵਿਚ ‘ਵਤਨ’ ਦੇ ਅਰਥ ਸਥਾਨਕ ਇਲਾਕੇ ਤੋਂ ਸਨ। ਹੀਰ ਵਾਰਿਸ ਵਿਚ ਰਾਂਝੇ ਦੇ ਤਖਤ ਹਜ਼ਾਰੇ ਨੂੰ ਛੱਡਣ ’ਤੇ ਇਹ ਕਿਹਾ ਗਿਆ ਹੈ, ‘‘ਨਾ ਉਮੈਦ ਹੋ ਵਤਨ ਛੱਡ ਆਇਆ, ਮੋਤੀ ਟੁਰੇ ਜਿਉਂ ਪੱਟ ਦੀ ਤਾਰ ਉੱਤੇ।’’ ਇੱਥੇ ਵਤਨ ਤਖਤ ਹਜ਼ਾਰਾ ਹੈ, ਝੰਗ ਸਿਆਲ ਪਰਦੇਸ ਹੈ। ਇਸੇ ਤਰ੍ਹਾਂ ਜਦ ਹੀਰ ਦੇ ਵਿਆਹ ਹੋਣ ਤੇ ਉਹ ਝੰਗ ਸਿਆਲ ਛੱਡਣ ਬਾਰੇ ਸੋਚਦਾ ਹੈ ਤਾਂ ਵਾਰਿਸ ਸ਼ਾਹ ਲਿਖਦਾ ਹੈ, ‘‘ਸੋਟਾ ਵੰਝਲੀ ਕੰਬਲੀ ਸੁੱਟ ਘੱਤੇ, ਛੱਡ ਦੇਸ ਪਰਦੇਸ ਨੂੰ ਚੱਲਿਆ ਈ।’’ ਪੰਜਾਬ ਦੇ ਆਜ਼ਾਦ ਮੁਲਕ ਹੋਣ ਦਾ ਸੰਕਲਪ ਸ਼ਾਹ ਮੁਹੰਮਦ ਤੇ ਕਾਦਰ ਯਾਰ ਦੀ ਸ਼ਾਇਰੀ ਵਿਚ ਉੱਭਰਦਾ ਹੈ ਜਦ ਸ਼ਾਹ ਮੁਹੰਮਦ ਲਿਖਦਾ ਹੈ, ‘‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੀ।’’ ਅੰਗਰੇਜ਼ਾਂ ਦੇ ਰਾਜ ਦੌਰਾਨ ਪੰਜਾਬੀ ਆਪਣੀ ਹੋਣੀ ਦੂਸਰੇ ਰਾਜਾਂ ਦੇ ਲੋਕਾਂ ਨਾਲ ਜੋੜਦੇ ਹਨ ਪਰ ਉਨ੍ਹਾਂ ਦੇ ਮਨ ਵਿਚ ਦੇਸ ਪੰਜਾਬ ਦਾ ਸੰਕਲਪ ਹਮੇਸ਼ਾਂ ਬਣਿਆ ਰਹਿੰਦਾ ਹੈ। ਹਿੰਦੀ ਨਾਵਲਕਾਰ ਯਸ਼ਪਾਲ ਦੇ ਪੰਜਾਬ ਵੰਡ ਬਾਰੇ ਲਿਖੇ ਨਾਵਲ ‘ਸੱਚਾ ਝੂਠ’ ਵਿਚ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਪੰਜਾਬੀ ਆਪਣੇ ਜੱਦੀ ਇਲਾਕੇ ਨੂੰ ਵਤਨ ਕਹਿੰਦੇ ਹਨ (ਅਸੀਂ ਵਤਨ ਛੱਡ ਆਏ ਹਾਂ) ਤੇ ਚੜ੍ਹਦੇ ਪੰਜਾਬ ’ਚ ਪਹੁੰਚਣ ’ਤੇ ਕਹਿੰਦੇ ਹਨ ਕਿ ਅਸੀਂ ਹੁਣ ‘ਆਪਣੇ ਦੇਸ਼’ ਵਿਚ ਪਹੁੰਚ ਗਏ ਹਾਂ। ਪਰਵਾਸੀ ਪੰਜਾਬੀ ਆਪਣੇ ਜੱਦੀ ਇਲਾਕਿਆਂ ਨੂੰ ‘ਦੇਸ’, ‘ਦੇਸਵਾ’ ਆਦਿ ਸ਼ਬਦਾਂ ਨਾਲ ਯਾਦ ਕਰਦੇ ਹਨ। ਸ਼ਬਦ ‘ਦੇਸ/ਦੇਸ਼’ ਵਰਤ ਲੈਣ ਨਾਲ ਕੋਈ ਸੂਬਾ ਜਾਂ ਲੋਕ-ਸਮੂਹ ਦੇਸ਼ ਤੋਂ ਵੱਖਰਾ ਜਾਂ ਦੇਸ਼-ਵਿਰੋਧੀ ਨਹੀਂ ਹੋ ਜਾਂਦਾ। ਇਹ ਵਰਤਾਰੇ ਇਹ ਵੀ ਦੱਸਦੇ ਹਨ ਕਿ ਭਾਵਨਾਤਮਕ ਰੰਗਤ ਵਿਚ ਰੰਗੇ ਹੋਣ ਦੇ ਬਾਵਜੂਦ ਇਨ੍ਹਾਂ ਸ਼ਬਦਾਂ ਦੇ ਅਰਥ ਕਦੇ ਸਥਿਰ ਨਹੀਂ ਹੁੰਦੇ, ਬਦਲਦੇ ਹਾਲਾਤ ਅਨੁਸਾਰ ਬਦਲਦੇ ਰਹਿੰਦੇ ਹਨ। ਸ਼ਬਦਾਂ ਤੇ ਭਾਸ਼ਾ ਨੂੰ ਅਸੰਵੇਦਨਸ਼ੀਲ ਤਰੀਕੇ ਨਾਲ ਵਰਤਣ ਦੇ ਸਿੱਟੇ ਗੰਭੀਰ ਹੋ ਸਕਦੇ ਹਨ।
       ਹੁਣ ਤਾਮਿਲ ਨਾਡੂ ਦੀ ਭਾਰਤੀ ਜਨਤਾ ਪਾਰਟੀ ਨੇ ਵੀ ਕਿਹਾ ਹੈ ਕਿ ਰਾਜਪਾਲ ਦਾ ਤਾਮਿਲ ਨਾਡੂ ਦਾ ਨਾਮ ਬਦਲ ਕੇ ਤਾਮਿਜ਼ਗਮ ਰੱਖਣ ਦਾ ਸੁਝਾਅ ਗ਼ੈਰ-ਜ਼ਰੂਰੀ ਸੀ/ਹੈ। ਅਜਿਹੇ ਸੁਝਾਅ ਕੁਲੀਨ ਸੋਚ ਵਿਚੋਂ ਜੰਮਦੇ ਹਨ ਕਿਉਂਕਿ ਕੁਲੀਨ ਵਰਗ ਇਹ ਸਮਝਦੇ ਹਨ ਕਿ ਉਹ, ਲੋਕ ਸੋਚ ਨੂੰ ਜਿਸ ਪਾਸੇ ਚਾਹੁਣ, ਉਸ ਪਾਸੇ ਮੋੜ ਸਕਦੇ ਹਨ। ਰਾਜਪਾਲ ਨੇ ਹੁਣ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਨੇ ਸੂਬੇ ਦਾ ਨਾਂ ਬਦਲਣ ਦਾ ਸੁਝਾਅ ਨਹੀਂ ਸੀ ਦਿੱਤਾ ਪਰ ਉਨ੍ਹਾਂ ਦਾ ਰਵੱਈਆ ਚੁਣੀ ਹੋਈ ਸਰਕਾਰ ਦਾ ਤ੍ਰਿਸਕਾਰ ਕਰਨ ਵਾਲਾ ਰਿਹਾ ਹੈ। ਜਮਹੂਰੀ ਸ਼ਕਤੀਆਂ ਨੂੰ ਅਜਿਹੇ ਰਵੱਈਏ ਤੇ ਰੁਝਾਨਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਹ ਮੁੱਦਾ ਫੈਡਰਲਿਜ਼ਮ ਦੇ ਸਿਧਾਂਤ ਨਾਲ ਸਬੰਧਿਤ ਹੈ, ਦੇਸ਼ ਦੇ ਸੰਵਿਧਾਨ ਵਿਚ ਕੇਂਦਰ ਨੂੰ ਪ੍ਰਾਥਮਿਕਤਾ ਹਾਸਲ ਹੈ ਪਰ ਇਹ ਵੀ ਸਪੱਸ਼ਟ ਹੈ ਕਿ ਸੂਬਿਆਂ ਦੇ ਅਧਿਕਾਰਾਂ ਨੂੰ ਦਰੜਿਆ ਨਹੀਂ ਜਾ ਸਕਦਾ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਇਸ ਮੁੱਦੇ ਨੂੰ ਉਠਾਉਣ ਲਈ ਸਾਂਝਾ ਮੰਚ ਤਿਆਰ ਕਰਨਾ ਚਾਹੀਦਾ ਹੈ।