ਅੱਜ ਦੀ ਵਿੱਥਿਆ - ਕੇਹਰ ਸ਼ਰੀਫ਼

ਐਵੇਂ ਟਾਹਰਾਂ ਨਾ ਮਾਰਿਆ ਕਰ
ਚੰਦ ਤਾਰਿਆਂ ਤੇ ਕਿਸੇ ਦਾ ਨਾਂ ਲਿਖਣ ਦੀਆਂ
ਜੇ ਤੂੰ ਬੰਦੇ ਦਾ ਧੀ/ਪੁੱਤ ਹੈ ਐਂ ਤਾਂ
ਧਰਤੀ 'ਤੇ ਬੈਠ ਕੇ ਧਰਤੀ ਦਾ ਗੀਤ ਲਿਖ
ਧਰਤੀ 'ਤੇ ਵਸਦਿਆਂ ਦਾ ਗੀਤ ਲਿਖ
ਧਰਤੀ ਨੂੰ ਬਚਾਉਣ ਵਾਲਿਆਂ ਦਾ ਗੀਤ ਲਿਖ
ਧਰਤੀ ਨੂੰ ਬਹੁਤ ਖਤਰਾ ਹੋ ਗਿਆ ਹੈ
ਮੁਨਾਫੇ ਖੱਟਣ ਵਾਲੇ ਮੁਨਾਫੇਖੋਰਾਂ ਵਲੋਂ
ਕਿਸੇ ਹੋਰ ਦੀ ਤਾਂ ਗੱਲ ਛੱਡ --
ਇਹ ਜ਼ਮੀਰ ਵਿਹੂਣੇ ਮੁਨਾਫ਼ੇਖੋਰ ਤਾਂ
ਆਪਣੀ ਹੀ ਮਾਂ ਨੂੰ ਵੀ ਵੇਚ ਦੇਣਗੇ,
ਅੰਤਹੀਣ, ਅੰਨ੍ਹੇ ਮੁਨਾਫੇ ਦੇ ਲੋਭ ਖਾਤਰ।

ਅੱਜ ਬਹੁਤ ਹੀ ਖਤਰੇ 'ਚ ਨੇ
ਮਨੁੱਖ ਨੂੰ ਜ਼ਿੰਦਗੀ ਦਿੰਦੇ ਰੁੱਖ
ਅਤੇ ਜ਼ਿੰਦਗੀ ਦੇ ਮੁੱਖ ਸਰੋਤ ਪਾਣੀ 'ਤੇ
ਇਨ੍ਹਾਂ ਦੀ ਗਹਿਰੀ ਜ਼ੁਲਮੀ ਅੱਖ ਹੈ
ਮੁਨਾਫ਼ੇਖੋਰ ਖੂਨ ਪੀਣੀਆਂ ਗਿਰਝਾਂ ਦੀ
ਸਮੇਂ ਦਾ ਕਹਿਰ ਕਿ ਹੁਣ ਇਹ ਗਿਰਝਾਂ
ਇਨਸਾਨੀ ਜਾਮੇ 'ਚ ਵੀ ਮਿਲਦੀਆਂ ਹਨ
ਬੇਸ਼ਰਮ ਸੱਤਾ ਦੀਆਂ ਭਾਗੀਦਾਰ ਹਨ ਇਹ
ਇਨ੍ਹਾਂ ਨੇ ਸ਼ਰਮ-ਹਯਾ, ਮਾਣ- ਇੱਜ਼ਤ
ਕਿਸੇ ਕੰਧ ਲੱਗੀ ਕਿੱਲੀ 'ਤੇ ਨਹੀ
ਦੂਰ ਅਸਮਾਨ 'ਤੇ ਟੰਗ ਦਿੱਤੀ ਹੈ
ਅਤੇ ਬੇਸ਼ਰਮੀ ਨਾਲ ਆਖਦੇ ਹਨ -
ਲਾਹ ਲਉ ਜਿਹੜਾ ਲਾਹ ਸਕਦੈ
ਜਾਲਮਾਂ ਨੇ ਵੰਗਾਰ ਪਾਈ ਹੈ, ਲੋਕਾਈ ਨੂੰ
ਸੂਰਮੇ ਜਵਾਬ ਦੇਣਾ ਅਜੇ ਭੁੱਲੇ ਵੀ ਨਹੀਂ
ਇਹ ਹਰ ਹੀਲੇ ਜਵਾਬ ਦਿੰਦੇ ਹਨ
ਚੱਜ ਨਾਲ ਜੀਊਣ ਦਾ ਹੋਕਾ ਵੀ ਦਿੰਦੇ ਹਨ
ਇਹੋ ਸਾਡੇ ਵਿਰਸੇ ਦੀ ਤਾਸੀਰ ਰਹੀ ਹੈ।