ਨਵੀਂ ਸੰਸਾਰ ਵਿਵਸਥਾ ਪੁੰਗਰਨ ਦੀਆਂ ਆਸਾਂ - ਐੱਮ ਕੇ ਭੱਦਰਕੁਮਾਰ*

ਲੰਘੀ 13 ਜਨਵਰੀ ਨੂੰ ਨਵੀਂ ਦਿੱਲੀ ਵਿਚ ਹੋਏ ‘ਵਾਇਸ ਆਫ ਗਲੋਬਲ ਸਾਊਥ ਸਮਿਟ’ (ਜੀ20 ਵਿਚਲੇ ਪ੍ਰਮੁੱਖ ਵਿਕਾਸਸ਼ੀਲ ਦੇਸ਼ਾਂ ਦੇ ਸਿਖਰ ਸੰਮੇਲਨ) ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਵੱਲੋਂ ਕੀਤੀਆਂ ਤਕਰੀਰਾਂ ਨੂੰ ਜੇ ਜੋੜ ਕੇ ਦੇਖਿਆ ਜਾਵੇ ਤਾਂ ਵਿਦੇਸ਼ ਨੀਤੀ ਵਿਚ ਇਕ ਨਵੀਂ ਸੋਚ ਦੀ ਸ਼ੁਰੂਆਤ ਹੁੰਦੀ ਨਜ਼ਰ ਆਉਂਦੀ ਹੈ। ਭਾਰਤ ਨੇ ਪੱਛਮ ਦੇ ਹੋ ਰਹੇ ਪਤਨ ਅਤੇ ਨਵੇਂ ਉੱਭਰ ਰਹੇ ਬਹੁ-ਧਰੁਵੀਕਰਨ ਅਤੇ ਬਹੁ-ਧਿਰੀਵਾਦ ਦੇ ਸਵਾਗਤ ਲਈ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਮੁੜ ਸਥਾਪਤ ਕੀਤਾ ਹੈ। ਆਲਮੀ ਪ੍ਰਬੰਧ ਵਿਚ ਇਤਿਹਾਸਕ ਰੱਦੋਬਦਲ ਹੋ ਰਹੀ ਹੈ ਜਿਸ ਦੇ ਮੱਦੇਨਜ਼ਰ ਭਾਰਤ ਗਲੋਬਲ ਸਾਉੂਥ ਨੂੰ ਆਪਣੇ ਸੁਭਾਵਿਕ ਹਲਕੇ ਦੇ ਰੂਪ ਵਿਚ ਦੇਖਦਾ ਹੈ।
     ਸ੍ਰੀ ਮੋਦੀ ਅਤੇ ਸ੍ਰੀ ਜੈਸ਼ੰਕਰ ਦੀਆਂ ਤਕਰੀਰਾਂ ’ਚੋਂ ਝਲਕ ਰਹੇ ਸੋਚ ਪ੍ਰਵਾਹ ਦੀ ਨੁਹਾਰ ਦਲੇਰਾਨਾ ਤੇ ਅਗਾਂਹਵਧੂ ਹੈ। ਸ੍ਰੀ ਜੈਸ਼ੰਕਰ ਨੇ ਪੱਛਮ ਦੀ ਲਕੀਰ ਕੱਢਵੀਂ ਮਨੋਦਸ਼ਾ ਤਹਿਤ ਸਮੂਹਿਕ ਤੌਰ ’ਤੇ ਆਲਮੀ ਪ੍ਰਬੰਧ ਦੇ ਧਰੁਵੀਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਰੱਦ ਕਰਦਿਆਂ ਨਿਸ਼ਚੇ ਨਾਲ ਆਖਿਆ: ‘ਬਸਤੀਕਰਨ ਤੋਂ ਮੁਕਤੀ ਦੀਆਂ ਲਹਿਰਾਂ ਤੋਂ ਲੈ ਕੇ ਦੁਨੀਆ ਦੇ ਲੱਕ ਬੰਨ੍ਹ ਕੇ ਕੀਤੇ ਜਾ ਰਹੇ ਧਰੁਵੀਕਰਨ ਦੇ ਮੱਦੇਨਜ਼ਰ ਗਲੋਬਲ ਸਾਊਥ ਨੇ ਹਮੇਸ਼ਾਂ ਮੱਧ ਮਾਰਗ ਅਪਣਾਉਣ ਦਾ ਸੰਦੇਸ਼ ਦਿੱਤਾ ਹੈ ਜੋ ਇਕ ਅਜਿਹਾ ਮਾਰਗ ਹੈ ਜਿੱਥੇ ਮੁਕਾਬਲੇਬਾਜ਼ੀ, ਟਕਰਾਅ ਅਤੇ ਵੰਡੀਆਂ ਦੀ ਨਿਸਬਤ ਕੂਟਨੀਤੀ, ਗੱਲਬਾਤ ਤੇ ਸਹਿਯੋਗ ਨੂੰ ਪਹਿਲ ਦਿੱਤੀ ਜਾਂਦੀ ਹੈ।’’
     ਸ੍ਰੀ ਜੈਸ਼ੰਕਰ ਨੇ ਆਖਿਆ : ‘‘ਕੋਵਿਡ ਮਹਾਮਾਰੀ ਹੋਵੇ ਜਾਂ ਜਲਵਾਯੂ ਤਬਦੀਲੀ, ਦਹਿਸ਼ਤਗਰਦੀ, ਚੱਲ ਰਹੇ ਟਕਰਾਅ ਹੋਣ ਜਾਂ ਕਰਜ਼ ਸੰਕਟ, ਇਨ੍ਹਾਂ ਮਸਲਿਆਂ ਦੇ ਹੱਲਾਂ ਦੀ ਤਲਾਸ਼ ਵੇਲੇ ਗਲੋਬਲ ਸਾਊਥ ਦੀਆਂ ਲੋੜਾਂ ਤੇ ਉਮੰਗਾਂ ਨੂੰ ਬਣਦਾ ਵਜ਼ਨ ਨਹੀਂ ਦਿੱਤਾ ਜਾਂਦਾ। ਇਸ ਕਰ ਕੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਭਾਰਤ ਵੱਲੋਂ ਜੀ20 ਦੀ ਕੀਤੀ ਜਾ ਰਹੀ ਮੇਜ਼ਬਾਨੀ ਵੇਲੇ ਗਲੋਬਲ ਸਾਊਥ ਦੀ ਆਵਾਜ਼, ਨਜ਼ਰੀਆਂ, ਤਰਜੀਹਾਂ ਉੱਭਰ ਕੇ ਸਾਹਮਣੇ ਆਉਣ ਤੇ ਇਸ ਦੀਆਂ ਬਹਿਸਾਂ ਵਿਚ ਇਨ੍ਹਾਂ ਨੂੰ ਥਾਂ ਵੀ ਮਿਲੇ।’’
       ਲੰਮੇ ਅਰਸੇ ਬਾਅਦ ਨਵੀਂ ਦਿੱਲੀ ਇਸ ਤਰ੍ਹਾਂ ਦਾ ਨਜ਼ਰੀਆ ਪੇਸ਼ ਕਰ ਰਹੀ ਹੈ। 1990ਵਿਆਂ ਦੇ ਸ਼ੁਰੂ ਵਿਚ ਭਾਰਤੀ ਕੂਟਨੀਤੀ ਨੇ ਹੌਲੀ ਹੌਲੀ ਗਲੋਬਲ ਸਾਉੂਥ ਤੋਂ ਮੁੱਖ ਮੋੜਨਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਨੇ ਆਲਮੀ ਸ਼ਾਸਨ ਦੇ ਨੇਮਾਂ ਦੇ ਪੁਨਰ ਸਥਾਪਨ ਦੇ ਪੱਛਮੀ ਏਜੰਡੇ ਨਾਲ ਮਿਲ ਕੇ ਕੰਮ ਕਰਨ ਨੂੰ ਤਰਜੀਹ ਦਿੱਤੀ ਸੀ। ਇਸ ਪਿੱਛੇ ਅਮੀਰ ਪੱਛਮੀ ਦੇਸ਼ਾਂ ਦੇ ਦਬਦਬੇ ਨੂੰ ਕਾਇਮ ਰੱਖਣ ਲਈ ਕੁਝ ਕੁ ਵਿਕਾਸਸ਼ੀਲ ਦੇਸ਼ਾਂ ਨਾਲ ਗੰਢ ਤੁਪ ਜ਼ਰੀਏ ‘ਵਾਸ਼ਿੰਗਟਨ ਕਨਸੈਂਸਸ’ (ਆਮ ਰਾਏ) ਨੇ ਕਾਫ਼ੀ ਅਹਿਮ ਭੂਮਿਕਾ ਨਿਭਾਈ ਹੈ। ਜੀ20 ਹੁਣ ‘ਨੇਮ ਆਧਾਰਿਤ ਵਿਵਸਥਾ’ ਦੇ ਸਿਧਾਂਤ ਤਹਿਤ ਇਸ ਚੌਖਟੇ ਨੂੰ ਉਭਾਰ ਕੇ ਪੇਸ਼ ਕਰ ਰਿਹਾ ਹੈ।
         ਜੀ20 ਦੇ 2010 ਵਿਚ ਟੋਰਾਂਟੋ ਵਿਖੇ ਹੋਏ ਸਿਖਰ ਸੰਮੇਲਨ ਦੌਰਾਨ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਤਤਕਾਲੀ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਆਖਿਆ ਸੀ: ਜਦੋਂ ਵੀ ਕਦੇ ਭਾਰਤ ਦੇ ਪ੍ਰਧਾਨ ਮੰਤਰੀ ਬੋਲਦੇ ਹਨ ਤਾਂ ਪੂਰੀ ਦੁਨੀਆ ਉਨ੍ਹਾਂ ਨੂੰ ਸੁਣਦੀ ਹੈ।’’ ਉਹ ਵੀ ਜਾਣਦੇ ਸਨ, ਅਸੀਂ ਜਾਣਦੇ ਸਾਂ ਤੇ ਪੂਰੀ ਦੁਨੀਆ ਜਾਣਦੀ ਸੀ ਕਿ ਇਹ ਓਬਾਮਾ ਦੀ ਬੇਮਿਸਾਲ ਤਕਰੀਰ ਸੀ ਅਤੇ ਜੋ ਕੁਝ ਉਨ੍ਹਾਂ ਆਖਿਆ ਸੀ, ਉਸ ਦੇ ਕੋਈ ਸਥਾਈ ਮਾਆਨੇ ਨਹੀਂ ਸਨ। ਉਂਝ, ਭਾਰਤ-ਅਮਰੀਕਾ ਪਰਮਾਣੂ ਸੰਧੀ ਤੋਂ ਫੌਰੀ ਬਾਅਦ ਉਹ ਸਰੂਰ ਦੇ ਦਿਨ ਸਨ।
      ਹੋਇਆ ਇਹ ਕਿ ਸਾਡੇ ਕੁਲੀਨ ਵਰਗ ਨੂੰ ਇਹ ਗੱਲ ਜਚਾ ਦਿੱਤੀ ਗਈ ਕਿ ਭਾਰਤ ਦੇ ਹਿੱਤਾਂ ਦੀ ਸਭ ਤੋਂ ਵਧੀਆ ਢੰਗ ਨਾਲ ਪੂਰਤੀ ਤਾਂ ਹੋ ਸਕੇਗੀ ਜੇ ਅਸੀਂ ਪੁਲ ਦਾ ਕੰਮ ਦੇ ਸਕੀਏ। ਉਂਝ, ਅਮਰੀਕਾ ਦੇ ਰੂਸ (ਤੇ ਚੀਨ) ਨਾਲ ਟਕਰਾਅ ਤੋਂ ਇਹ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਕਿਸੇ ਤਰ੍ਹਾਂ ਦੇ ਵਡੇਰੇ ਆਧਾਰ ਵਾਲੇ ਸਮਤਾਵਾਦੀ ਆਲਮੀ ਪ੍ਰਬੰਧ ਸਿਰਜਣ ਦੀ ਕੋਈ ਇੱਛਾ ਨਹੀਂ ਹੈ। ਇੱਥੋਂ ਤੱਕ ਕਿ ਆਲਮੀ ਤੇਲ ਮੰਡੀਆਂ ’ਤੇ ਵੀ ਜੀ7 ਆਪਣੇ ਫ਼ਰਮਾਨ ਲਾਗੂ ਕਰਵਾ ਰਿਹਾ ਹੈ। ਇਸ ਦੌਰਾਨ, ਯੂਕਰੇਨ ਵਿਚ ਚੱਲ ਰਹੇ ਟਕਰਾਅ ਨੇ ਇਹ ਗੱਲ ਬੇਨਕਾਬ ਕਰ ਦਿੱਤੀ ਹੈ ਕਿ ‘ਨੇਮ ਅਧਾਰਿਤ ਵਿਵਸਥਾ’ ਅਸਲ ਵਿਚ ਦੁਨੀਆ ਵਿਚ ਪੱਛਮ ਦੇ ਦਬਦਬੇ ਨੂੰ ਬਰਕਰਾਰ ਰੱਖਣ ’ਤੇ ਹੀ ਸੇਧਤ ਹੈ। ਇਸ ਲਈ ਜਦੋਂ ਸ੍ਰੀ ਜੈਸ਼ੰਕਰ ਨੇ ਕੜਵਾਹਟ ਭਰੇ ਰੌਂਅ ਵਿਚ ਇਹ ਗੱਲ ਆਖੀ ਕਿ ‘‘ਉਹ ਜਿਹੜੇ ਅੰਤਰਸਬੰਧਤ ਦੁਨੀਆ ਦੀਆਂ ਗੱਲਾਂ ਕਰਦੇ ਸਨ, ਹੁਣ ਦੁਨੀਆ ਅੰਦਰ ਕੰਧਾਂ ਉੱਚੀਆਂ ਕਰਨ ਲੱਗੇ ਹੋਏ ਹਨ।’’ ਉਨ੍ਹਾਂ ਦਾ ਇਸ਼ਾਰਾ ਅਮੀਰ ਦੇਸ਼ਾਂ ਵੱਲੋਂ ਪੂਰੇ ਨਾ ਕੀਤੇ ਗਏ ਕਈ ਵਾਅਦਿਆਂ ਵੱਲ ਸੀ ਜਿਨ੍ਹਾਂ ਦਾ ਮਲਬਾ ਦੁਨੀਆ ਭਰ ਵਿਚ ਖਿਲਰਿਆ ਪਿਆ ਹੈ, ਮਸਲਨ ਜਲਵਾਯੂ ਤਬਦੀਲੀ ਬਰਦਾਸ਼ਤ ਕਰਨ ਦੀ ਸਮੱਰਥਾ ਵਿਕਸਤ ਕਰਨ ਦਾ ਬੋਝ, ਕਾਰਬਨ ਗੈਸਾਂ ਦੀ ਨਿਕਾਸੀ ਕੀਤੇ ਬਿਨਾਂ ਸਨਅਤੀਕਰਨ ਕਰਨਾ ਆਦਿ-ਤੇ ਉਸੇ ਸਮੇਂ ਆਲਮੀ ਸਪਲਾਈ ਚੇਨਾਂ ਵਿਚ ਪੈ ਰਹੇ ਵਿਘਨਾਂ ਤੇ ਬੇਯਕੀਨੀਆਂ ਨਾਲ ਵੀ ਸਿੱਝਣਾ ਪੈ ਰਿਹਾ ਹੈ।
       ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਦੀਆਂ ਤਕਰੀਰਾਂ ਨੇ ਸੰਕੇਤ ਦਿੱਤਾ ਹੈ ਕਿ ਭਾਰਤ ਇਸ ਸਾਲ ਸਤੰਬਰ ਮਹੀਨੇ ਨਵੀਂ ਦਿੱਲੀ ਵਿਖੇ ਹੋਣ ਵਾਲੇ ਜੀ20 ਸਿਖਰ ਸੰਮੇਲਨ ਨੂੰ ‘ਹਾਈਜੈਕ’ ਕਰਨ ਬਾਬਤ ਪੱਛਮ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨ ਲਈ ਅਮਾਦਾ ਹੈ। ਬਿਨਾਂ ਸ਼ੱਕ, ਦੋਵਾਂ ਵੱਲੋਂ ਉਭਾਰ ਕੇ ਪੇਸ਼ ਕੀਤੇ ਗਏ ਵਿਚਾਰਾਂ ਅਤੇ ਪ੍ਰਸਤਾਵਾਂ ਮੁਤੱਲਕ ਜੀ20 ਦੇ ਮੈਂਬਰਾਂ ਨੇ ਪੂਰੀ ਗੰਭੀਰਤਾ ਦਿਖਾਈ ਹੈ। ਦਿਲਚਸਪ ਗੱਲ ਇਹ ਹੈ ਕਿ ਬ੍ਰਾਜ਼ੀਲ ਨੇ ਬ੍ਰਿਕਸ ਵਿਚ ਆਪਣੇ ਭਾਈਵਾਲਾਂ ਨੂੰ ਗਰੁੱਪ ਵਿਚ ਆਪਣੀ ਪ੍ਰਧਾਨਗੀ 2024 ਤੋਂ ਟਾਲ ਕੇ 2025 ਕਰਨ ਲਈ ਆਖ ਦਿੱਤਾ ਹੈ। ਬ੍ਰਾਜ਼ੀਲ ਦੇ ਵਿੱਤ ਮੰਤਰੀ ਫਰਨੈਂਡੋ ਹਡਾਡ ਨੇ ਲੰਘੇ ਬੁੱਧਵਾਰ ਦੱਸਿਆ ‘‘ਅਸੀਂ ਬ੍ਰਿਕਸ ਦੀ ਆਪਣੀ ਪ੍ਰਧਾਨਗੀ ਮੁਲਤਵੀ ਕਰ ਦਿੱਤੀ ਹੈ ਤਾਂ ਕਿ ਇਸ ਦਾ ਜੀ20 ਨਾਲ ਟਕਰਾਅ ਨਾ ਹੋਵੇ।’’
      ਉਨ੍ਹਾਂ ਇਹ ਵੀ ਆਖਿਆ ਕਿ ਇਸ ਪੇਸ਼ਕਦਮੀ ਦਾ ਮੰਤਵ ਇਹ ਹੈ ਕਿ ‘‘ਦੋਵੇਂ ਸੂਰਤਾਂ ਵਿਚ ਮਿਆਰੀ ਕੰਮ ਕੀਤਾ ਜਾ ਸਕੇ।’’ ਬ੍ਰਾਜ਼ੀਲ ਦੇ ਨਵੇਂ ਚੁਣੇ ਰਾਸ਼ਟਰਪਤੀ ਲੂਈਜ਼ ਇਨੈਸ਼ੀਓ ਲੂਲਾ ਡਾ ਸਿਲਵਾ ਨੇ ਆਖਿਆ ਸੀ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਵਿਚ ਲਾਤੀਨੀ ਅਮਰੀਕਾ ਨੂੰ ਇਕਜੁੱਟ ਕਰਨ ਅਤੇ ਬ੍ਰਿਕਸ ਅਤੇ ਜੀ20 ਦੀ ਭੂਮਿਕਾ ਨੂੰ ਉਭਾਰਨ ਦੀਆਂ ਯੋਜਨਾਵਾਂ ਸ਼ਾਮਲ ਹੋਣਗੀਆਂ। ਬੁਨਿਆਦੀ ਗੱਲ ਇਹ ਹੈ ਕਿ ਗਲੋਬਲ ਸਾਉੂਥ ਦੀ ਆਵਾਜ਼ ਸਿਖਰ ਸੰਮੇਲਨ ਵਿਚ ਜਿਹੜੇ ਜ਼ਿਆਦਾਤਰ ਮੁੱਦੇ ਉਭਾਰੇ ਗਏ ਹਨ, ਉਨ੍ਹਾਂ ਦੀਆਂ ਜੜਾਂ ਬ੍ਰਿਕਸ ਵਿਚਾਰ ਚਰਚਾਵਾਂ ਨਾਲ ਮਿਲਦੀਆਂ ਹਨ। ਭਾਰਤ ਬਾਲੀ (ਇੰਡੋਨੇਸ਼ੀਆ) ਵਿਖੇ ਹੋਏ ਜੀ20 ਸਿਖਰ ਸੰਮੇਲਨ ਦੇ ਦੁਹਰਾਓ ਤੋਂ ਬਚਣ ਲਈ ਇਹ ਕਵਾਇਦ ਕਰ ਰਿਹਾ ਹੈ ਜਿੱਥੇ ਪੱਛਮੀ ਦੇਸ਼ਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ‘ਨੇਮ ਆਧਾਰਿਤ ਵਿਵਸਥਾ’ ਨੂੰ ਗੱਲਬਾਤ ਦਾ ਮੋਹਰੀ ਨੁਕਤਾ ਬਣਾਇਆ ਜਾਵੇ। ਮੋਦੀ ਸਰਕਾਰ ਦੀ ਇਸ ਕਵਾਇਦ ਨਾਲ ਯਕੀਨਨ ਪੱਛਮੀ ਸਮੂਹ ਖਫ਼ਾ ਹੋਵੇਗਾ। ਇਸ ਲਈ ਸਤੰਬਰ ਵਿਚ ਹੋਣ ਵਾਲੇ ਸਮਾਗਮ ਨੂੰ ਵੱਖਰੇ ਤਰਜ ’ਤੇ ਪਾਉਣ ਲਈ ਪੱਛਮ ਦੇ ਤਹਿਖ਼ਾਨੇ ’ਚੋਂ ਕੋਈ ਨਵੀਂ ਭਾਂਤ ਦੀ ਆਵਾਜ਼ ਸੁਣਾਈ ਦੇਵੇਗੀ ਜਿਸ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।
     ਬਹਰਹਾਲ, ਇਹ ਸਾਰੇ ਮਾਯੂਸੀ ਦੇ ਤੇਵਰ ਜਾਪਦੇ ਹਨ ਕਿਉਂਕਿ ਜੀ20 ਦੀ ਯਥਾਸਥਿਤੀ ਹੁਣ ਲੰਮਾ ਸਮਾਂ ਨਹੀਂ ਚੱਲ ਸਕਣੀ ਤੇ ਨਵੀਂ ਵਿਸ਼ਵ ਵਿਵਸਥਾ ਉੱਭਰ ਰਹੀ ਹੈ। ਯੂਕਰੇਨ ਦੇ ਮੁਹਾਜ਼ ਤੋਂ ਆ ਰਹੀਆਂ ਸੱਜਰੀਆਂ ਤਰੰਗਾਂ ਪੱਛਮੀ ਦਬਦਬੇ ਦੀ ਇਤਿਹਾਸਕ ਸ਼ਿਕਸਤ ਦਾ ਪੈਗ਼ਾਮ ਦੇ ਰਹੀਆਂ ਹਨ। ਹੁਣ ਬੁਨਿਆਦੀ ਤੌਰ ’ਤੇ ਇਕ ਵੱਖਰੀ ਕੌਮਾਂਤਰੀ ਵਿਵਸਥਾ ਅਣਸਰਦੀ ਲੋੜ ਬਣ ਗਈ ਹੈ। ਮੋਦੀ ਦਾ ਆਸ਼ਾਵਾਦ ਨਿਰਾਧਾਰ ਨਹੀਂ ਹੈ ਅਤੇ ਇਤਿਹਾਸਕ, ਨੈਤਿਕ, ਸਭਿਆਚਾਰਕ ਤੇ ਸਿਆਸੀ ਤੌਰ ’ਤੇ ਇਹੀ ਮੁਨਾਸਬ ਹੈ ਕਿ ਭਾਰਤ ਤਬਦੀਲੀ ਦੇ ਦੌਰ ਦੀ ਅਗਵਾਈ ਕਰਨ ਦੀਆਂ ਆਪਣੀਆਂ ਪੁਜ਼ੀਸ਼ਨਾਂ ਬਣਾਵੇ।
* ਲੇਖਕ ਸਾਬਕਾ ਰਾਜਦੂਤ ਹਨ ।