ਹਿੰਡਨਬਰਗ ਦੀਆਂ ਲਾਟਾਂ ’ਚ ਘਿਰਿਆ ਅਡਾਨੀ ਦਾ ਸਾਮਰਾਜ - ਟੀਐੱਨ ਨੈਨਾਨ

ਗੌਤਮ ਅਡਾਨੀ ਦੇ ਸਿਰ ’ਤੇ ਲੜਾਈ ਆਣ ਪਈ ਹੈ। ਕੋਈ ਭਾਵੇਂ ਕੁਝ ਵੀ ਸੋਚੋ ਕਿ ਅਡਾਨੀ ਦੀਆਂ ਕੰਪਨੀਆਂ ਬਾਰੇ ਹਿੰਡਨਬਰਗ ਰਿਪੋਰਟ ਬਾਰੇ ਗਰੁੱਪ ਵੱਲੋਂ ਕੀਤਾ ਗਿਆ ਖੰਡਨ ਮੰਨਣਯੋਗ ਸੀ ਜਾਂ ਨਹੀਂ (ਇਸ ਵਿਚ ਰਿਪੋਰਟ ’ਚ ਉਭਾਰੇ ਨੁਕਤਿਆਂ ਵਿਚੋਂ ਕੁਝ ਕੁ ਨੁਕਤਿਆਂ ਦਾ ਜਵਾਬ ਦਿੱਤਾ ਗਿਆ ਸੀ) ਪਰ ਲੰਘੇ ਸ਼ੁੱਕਰਵਾਰ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਿਚ ਜੋ ਗਿਰਾਵਟ ਦੇਖਣ ਨੂੰ ਮਿਲੀ, ਉਹ ਕਿਸੇ ‘ਘੱਲੂਘਾਰੇ’ ਤੋਂ ਘੱਟ ਨਹੀਂ ਹੈ। ਅਹਿਮ ਗੱਲ ਇਹ ਹੈ ਕਿ ਸਮੂਹ ਦੀ ਮੋਹਰੀ ਕੰਪਨੀ ਅਡਾਨੀ ਐਂਟਰਪ੍ਰਾਈਜ਼ਜ਼ ਦੀ ਕੀਮਤ ਇਸ ਦੀ ਮੁਢਲੀ ਕੀਮਤ (ਫਲੋਰ ਪ੍ਰਾਈਸ) ਤੋਂ ਵੀ ਹੇਠਾਂ ਆ ਗਈ ਸੀ ਜਿਸ ਦਾ ਪਬਲਿਕ ਇਸ਼ੂ ਖਰੀਦਾਰੀ ਲਈ ਮੰਗਲਵਾਰ ਤੱਕ ਖੁੱਲ੍ਹਾ ਸੀ। ਅਡਾਨੀ ਨੂੰ ਕੰਪਨੀ ਦੇ ਪਬਲਿਕ ਇਸ਼ੂ ਨੂੰ ਸੰਭਾਲਾ ਦੇਣ ਲਈ ਸ਼ੇਅਰ ਦੀ ਐਲਾਨੀਆ ਕੀਮਤ (ਆਸਕਿੰਗ ਪ੍ਰਾਈਸ) ਵਿਚ ਕਾਫ਼ੀ ਕਟੌਤੀ ਕਰਨੀ ਪਈ। ਇਸ ਸਭ ਕਾਸੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਰਈਸਾਂ ਵਿਚ ਸ਼ੁਮਾਰ ਅਡਾਨੀ ਨੂੰ ਤਾਂ ਭਾਜੜ ਪਈ ਹੀ ਹੈ ਸਗੋਂ ਇਸ ਨਾਲ ਸ਼ੇਅਰ ਬਾਜ਼ਾਰ ਨੂੰ ਵੱਡਾ ਝਟਕਾ ਲੱਗਣ ਦਾ ਖ਼ਤਰਾ ਵੀ ਹੈ।
ਬਹੁਤ ਤੇਜ਼ੀ ਨਾਲ ਮੋਹਰੀ ਸਫ਼ਾਂ ਵਿਚ ਆਉਣ ਵਾਲੇ ਇਸ ਵਿਵਾਦਗ੍ਰਸਤ ਕਾਰੋਬਾਰੀ ਉੱਤੇ ਮੰਦੜੀਆਂ (ਸ਼ੇਅਰਾਂ ਦੇ ਭਾਅ ਡੇਗ ਕੇ ਮੁਨਾਫ਼ਾ ਕਮਾਉਣ ਵਾਲੇ) ਦਾ ਹਮਲਾ ਉਦੋਂ ਹੋਇਆ ਸੀ ਜਦੋਂ 1980ਵਿਆਂ ਦੇ ਸ਼ੁਰੂ ਵਿਚ ਦਲਾਲਾਂ ਦੇ ਇਕ ਗੁੱਟ ਨੇ ਰਿਲਾਇੰਸ ਦੇ ਸ਼ੇਅਰਾਂ ਨੂੰ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਬਾਰੇ ਉਨ੍ਹਾਂ ਦਾ ਖਿਆਲ ਸੀ ਕਿ ਇਨ੍ਹਾਂ ਦੀ ਕੀਮਤ, ਗਿਣ ਮਿੱਥ ਕੇ, ਬਣਦੀ ਕੀਮਤ ਤੋਂ ਉਪਰ ਚੁੱਕੀ ਗਈ ਸੀ। ਉਸ ਵੇਲੇ ਕੰਪਨੀ ਦਾ ਪ੍ਰੋਮੋਟਰ ਧੀਰੂਭਾਈ ਅੰਬਾਨੀ ਸੀ ਜਦੋਂ ਉਹ ਸ਼ੇਅਰ ਬਾਜ਼ਾਰ ਦਾ ਕਹਿੰਦਾ ਕਹਾਉਂਦਾ ਖਿਡਾਰੀ ਸੀ। ਉਸ ਨੇ ਰਿਲਾਇੰਸ ਦੇ ਮਿੱਤਰਾਂ ਨੂੰ ਮਦਦ ਲਈ ਪੁਕਾਰਿਆ ਜਿਨ੍ਹਾਂ ਵਿਚੋਂ ਬਹੁਤੇ ਵਿਦੇਸ਼ ਵਿਚ ਸਨ ਤੇ ਇੰਝ ਮੋੜਵਾਂ ਹੱਲਾ ਬੋਲਿਆ ਜਿਸ ਕਰ ਕੇ ਮੰਦੜੀਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਪੁਜ਼ੀਸ਼ਨਾਂ ਬਚਾਉਣੀਆਂ ਪੈ ਰਹੀਆਂ ਸਨ ਤੇ ਰਿਲਾਇੰਸ ਦੇ ਸ਼ੇਅਰ ਮੁੜ ਸ਼ੂਟ ਵੱਟ ਗਏ ਸਨ। ਉਸ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਕਿਸੇ ਵੀ ਖਿਡਾਰੀ ਨੇ ਮੁੜ ਕੇ ਅੰਬਾਨੀ ਨਾਲ ਪੰਗਾ ਨਹੀਂ ਲਿਆ।
       ਉਂਝ, ਐਤਕੀਂ ਫ਼ਰਕ ਇਹ ਹੈ ਕਿ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰ ਪਿਛਲੇ ਕੁਝ ਮਹੀਨਿਆਂ ਤੋਂ ਡਿੱਗ ਰਹੇ ਹਨ ਜੋ ਪਿਛਲੇ ਕੁਝ ਸਾਲਾਂ ਤੋਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦੇ ਰਹੇ ਸਨ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 2022 ਵਿਚ ਸਿਖਰ ’ਤੇ ਪਹੁੰਚ ਗਏ ਸਨ, ਉਸ ਤੋਂ ਬਾਅਦ ਇਨ੍ਹਾਂ ਵਿਚੋਂ ਕੁਝ ਕੰਪਨੀਆਂ ਦੇ ਸ਼ੇਅਰਾਂ ਵਿਚ 35 ਫ਼ੀਸਦ ਤੇ ਕੁਝ ਵਿਚ 45 ਫ਼ੀਸਦ ਤੱਕ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਵਾਪਰਿਆ ‘ਘੱਲੂਘਾਰਾ’ ਇਸ ਤੋਂ ਜ਼ੁਦਾ ਸੀ। ਲਿਮਟਿਡ ਪਬਲਿਕ ਹੋਲਡਿੰਗਜ਼ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਹੇਠ ਉਪਰ ਹੁੰਦੇ ਰਹੇ ਹਨ, ਭਾਵੇਂ ਉਨ੍ਹਾਂ ਦੇ ਸ਼ੇਅਰਾਂ ਦੀ ਖਰੀਦਾਰੀ ਘੱਟ ਹੀ ਹੁੰਦੀ ਹੈ। ਇਸੇ ਗੱਲ ਦਾ ਜੋਖ਼ਮ ਹੈ ਪਰ ਇਸ ਤੋਂ ਧੀਰੂਭਾਈ ਵਾਂਗ ਅਡਾਨੀ ਦੇ ਬਚਾਓ ਕਾਰਜ ਦਾ ਵੀ ਸੰਕੇਤ ਮਿਲਦਾ ਹੈ।
        ਇਕ ਦਿੱਕਤ ਇਹ ਹੈ ਕਿ ਗਰੁੱਪ ਦੀਆਂ ਕੰਪਨੀਆਂ ਦੀ ਕਾਰਗੁਜ਼ਾਰੀ ਬਾਬਤ ਟਾਹਰਾਂ ਮਾਰਨ ਲਈ ਕੁਝ ਵੀ ਨਹੀਂ ਹੈ। ਮਿਸਾਲ ਦੇ ਤੌਰ ’ਤੇ ਅਡਾਨੀ ਐਂਟਰਪ੍ਰਾਈਜ਼ਜ਼ ਦੀ 75 ਫ਼ੀਸਦ ਕੀਮਤ 2021-22 ਵਿਚ ਵੱਟੀ ਗਈ ਸੀ ਜਿਸ ਤੋਂ ਤਿੰਨ ਸਾਲ ਪਹਿਲਾਂ ਇਨ੍ਹਾਂ ਦੀ ਕੀਮਤ ਜਿਉਂ ਦੀ ਤਿਉਂ ਚੱਲ ਰਹੀ ਸੀ; ਫਿਰ ਵੀ ਉਸ ਸਾਲ ਕੰਪਨੀ ਦੇ ਸ਼ੁੱਧ ਮੁਨਾਫ਼ੇ ਵਿਚ ਕਮੀ ਦਰਜ ਹੋਈ ਸੀ ਤੇ ਵਿਕਰੀ ਵੀ 1.5 ਫ਼ੀਸਦ ਤੋਂ ਘੱਟ ਰਹੀ ਸੀ। ਚਾਰ ਸਾਲਾਂ ਦੌਰਾਨ ਅਡਾਨੀ ਪੋਰਟਜ਼ ਦੇ ਮਾਲੀਏ ਵਿਚ 40 ਫ਼ੀਸਦ ਇਜ਼ਾਫ਼ਾ ਹੋਇਆ ਹੈ ਪਰ ਸ਼ੁੱਧ ਮੁਨਾਫ਼ੇ ਵਿਚ ਮਸਾਂ 2 ਫ਼ੀਸਦ ਵਾਧਾ ਦਰਜ ਹੋਇਆ ਹੈ। ਅਡਾਨੀ ਟ੍ਰਾਂਸਮਿਸ਼ਨ ਦੇ ਮਾਲੀਏ ਵਿਚ ਪਿਛਲੇ ਦੋ ਸਾਲਾਂ ਤੋਂ ਕੋਈ ਵਾਧਾ ਨਹੀ ਹੋ ਸਕਿਆ, ਅਡਾਨੀ ਟੋਟਲ ਗੈਸ ਦਾ ਮੁਨਾਫ਼ਾ ਵੀ ਘਟ ਰਿਹਾ ਹੈ।
       ਇਹ ਅਜਿਹੇ ਵਿੱਤੀ ਮਾਮਲੇ ਹਨ ਜਿਨ੍ਹਾਂ ਦੀ ਉਨ੍ਹਾਂ ਕੰਪਨੀਆਂ ਤੋਂ ਉਮੀਦ ਨਹੀਂ ਕੀਤੀ ਜਾਂਦੀ ਜਿਨ੍ਹਾਂ ਦੀ ਕਮਾਈ ਦੀ ਕੀਮਤ ਤਿੰਨ ਸੌ ਜਾਂ ਇੱਥੋਂ ਤੱਕ ਕਿ 600 ਗੁਣਾ ਹੈ। ਉੱਚੇ ਅੰਬਰਾਂ ਦੀਆਂ ਉੁਡਾਣਾਂ ਭਰਨ ਵਾਲਿਆਂ ਦੇ ਹਿਸਾਬ ਕਿਤਾਬ ਤੋਂ ਹੀ ਇਹੋ ਜਿਹੀ ਤਰੱਕੀ ਨੂੰ ਸਮਝਿਆ ਜਾ ਸਕਦਾ ਹੈ, ਪੂੰਜੀ ਸੜ੍ਹਾਕਣ ਵਾਲੀਆਂ ਬੁਨਿਆਦੀ ਢਾਂਚੇ ਦੀਆਂ ਕੰਪਨੀਆਂ ਬਾਰੇ ਇਹ ਸੱਚ ਨਹੀਂ ਮੰਨਿਆ ਜਾ ਸਕਦਾ। ਸਿਰਫ਼ ਅਡਾਨੀ ਪਾਵਰ (ਕੀਮਤ ਦੇ ਅਨੁਪਾਤ ਵਿਚ ਕਮਾਈ ਦੀ ਦਰ 12) ਅਤੇ ਅਡਾਨੀ ਪੋਰਟਜ਼ (ਕੀਮਤ ਦੇ ਅਨੁਪਾਤ ਵਿਚ ਕਮਾਈ ਦੀ ਦਰ 27) ਦੀ ਕੀਮਤ ਹੀ ਹਕੀਕੀ ਹੈ। ਪਿਛਲੀ ਵਾਰ ਜਦੋਂ ਅਡਾਨੀ ਦੀਆ ਕੰਪਨੀਆਂ ਦੀ ਕੀਮਤ ਦੇ ਪੈਮਾਨੇ ਨੂੰ ਛੂਹਿਆ ਸੀ ਤਾਂ ਉਹ ਅਨਿਲ ਅੰਬਾਨੀ ਦੀ ਰਿਲਾਇੰਸ ਪਾਵਰ ਸੀ ਜਿਸ ਦੇ 2008 ਵਿਚ ਪਬਲਿਕ ਇਸ਼ੂ ਦੀ ਇਸੇ ਤਰ੍ਹਾਂ ਕੀਮਤ ਚੁੱਕੀ ਗਈ ਸੀ ਅਤੇ ਸਾਨੂੰ ਪਤਾ ਹੈ ਕਿ ਉਸ ਕੰਪਨੀ ਦਾ ਕੀ ਬਣਿਆ ਸੀ।
       ਅਖ਼ਬਾਰੀ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਅਥਾਹ ਕੀਮਤ ਅਤੇ ਇਨ੍ਹਾਂ ਦੇ ਮਾਲੀਏ ਦੀ ਦਰਮਿਆਨੀ ਕਿਸਮ ਦੀ ਕਾਰਗੁਜ਼ਾਰੀ ਹੁਣ ਤੱਕ ਵਿਆਪਕ ਘੋਖ ਪੜਤਾਲ ਤੋਂ ਇਸ ਕਰ ਕੇ ਬਚੀਆਂ ਰਹੀਆਂ ਕਿਉਂਕਿ ਕੁਝ ਬ੍ਰੋਕਿੰਗ ਗਰੁੱਪਾਂ ਅਡਾਨੀ ਦੇ ਜਿ਼ਆਦਾਤਰ ਸ਼ੇਅਰਾਂ ਦੀ ਜਾਂਚ ਕੀਤੀ ਹੈ ਹਾਲਾਂਕਿ ਗਰੁੱਪ ਦੀਆਂ ਕੁਝ ਕੰਪਨੀਆਂ ਮੁੱਖ ਸ਼ੇਅਰ ਬਾਜ਼ਾਰ ਦੇ ਸੰਵੇਦੀ ਸੂਚਕ ਅੰਕਾਂ ਦਾ ਹਿੱਸਾ ਹਨ। ਸੰਭਵ ਹੈ ਕਿ ਗ੍ਰੀਨ ਊਰਜਾ ਤੇ ਰੱਖਿਆ ਉਪਕਰਨ ਤੋਂ ਲੈ ਕੇ ਸੈਮੀ ਕੰਡਕਟਰ ਜਿਹੇ ਖੇਤਰਾਂ ਵਿਚ ਨਵੇਂ ਪ੍ਰਾਜੈਕਟਾਂ ਦੇ ਧੜਾਧੜ ਐਲਾਨ ਹੋਣ ਅਤੇ ਬੰਦਰਗਾਹਾਂ, ਹਵਾਈ ਅੱਡਿਆਂ, ਇਕ ਸੀਮਿੰਟ ਕੰਪਨੀ ਤੇ ਹੁਣ ਇਕ ਕ੍ਰਿਕਟ ਫ੍ਰੈਂਚਾਇਜੀ ਦੀ ਖਰੀਦਾਰੀ ਕਰ ਕੇ ਇਹ ਨਿਸ਼ਾਨਾ ਬਣਨ ਤੋਂ ਬਚ ਗਿਆ ਸੀ, ਜਾਂ ਫਿਰ ਸ਼ੇਅਰਾਂ ਦੇ ਜਾਂਚ ਕਰਤਾ ਸ਼ਾਇਦ ਸਿਆਸੀ ਤੌਰ ’ਤੇ ਜੁੜੇ ਕਿਸੇ ਗਰੁੱਪ ਦੀ ਵਿੱਤੀ ਹਾਲਤ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਡਰ ਗਏ ਹੋਣ।
ਇਹ ਸਵਾਲ ਕਰਨਾ ਬਣਦਾ ਹੈ ਕਿ ਸਟਾਕ ਮਾਰਕਿਟ ਦੇ ਰੈਗੂਲੇਟਰ ਅਤੇ ਹੋਰ ਫੁਟਕਲ ਜਾਂਚ ਏਜੰਸੀਆਂ ਇਸ ਅਰਸੇ ਦੌਰਾਨ ਕੀ ਕਰਦੀਆਂ ਰਹੀਆਂ ਸਨ। ਪਿਛਲੇ ਕੁਝ ਸਾਲਾਂ ਤੋਂ ਸਮੇਂ ਸਮੇਂ ’ਤੇ ਅਖ਼ਬਾਰੀ ਰਿਪੋਰਟਾਂ ਆਉਂਦੀਆਂ ਰਹੀਆਂ ਹਨ ਜਿਨ੍ਹਾਂ ਵਿਚ ਉਨ੍ਹਾਂ ਕੁਝ ਕੁ ਮੁੱਦਿਆਂ ਦਾ ਜਿ਼ਕਰ ਕੀਤਾ ਗਿਆ ਸੀ ਜਿਨ੍ਹਾਂ ਦੀ ਹਿੰਡਨਬਰਗ ਰਿਪੋਰਟ ਵਿਚ ਚਰਚਾ ਕੀਤੀ ਗਈ ਹੈ। ਸੁਣਨ ਵਿਚ ਆਇਆ ਹੈ ਕਿ ਛੋਟੀਆਂ ਮੋਟੀਆਂ ਜਾਂਚਾਂ ਸ਼ੁਰੂ ਤਾਂ ਕੀਤੀਆਂ ਗਈਆਂ ਸਨ ਪਰ ਇਹ ਅਧਵਾਟੇ ਹੀ ਫਸ ਕੇ ਰਹਿ ਗਈਆਂ ਸਨ।
* ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।