ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

ਚੰਨ ‘ਤੇ ਕਬਜ਼ਾ ਕਰਨ ਦੀ ਤਿਆਰੀ ‘ਚ ਚੀਨ, ਨਾਸਾ ਦੀ ਵਧੀ ਚਿੰਤਾ-ਇਕ ਖ਼ਬਰ

ਕਰਮੋ ਕਰਾ ਦੂੰ ਡੰਡੀਆਂ, ਕੇਰਾਂ ਦੇਖ ਲਾ ਛੜੇ ਨਾਲ ਲਾ ਕੇ।

ਕਾਂਗਰਸ ‘ਚੋਂ ਗਏ ਨੇਤਾ ਭਾਜਪਾ ‘ਚ ਹੋਣ ਲੱਗੇ ਹਾਵੀ –ਇਕ ਖ਼ਬਰ

ਸੇਜ ਮੇਰੀ ‘ਤੇ ਸੌਂ ਗਿਆ ਨੀਂ ਉਹ ਰਾਂਝਣ ਮੱਲੋਜ਼ੋਰੀਂ।

ਸੌਦਾ ਸਾਧ ਨੂੰ ਵਾਰ ਵਾਰ ਪੈਰੋਲ ਦੇਣ ‘ਤੇ ਹਰਸਿਮਰਤ ਬਾਦਲ ਨੇ ਚੁੱਕੇ ਸਵਾਲ- ਇਕ ਖ਼ਬਰ

ਵਾਹ ਓਏ ਸਮਿਆਂ ਤੂੰ ਕਿੱਡਾ ਬਲਵਾਨ ਏਂ, ਕੀ ਦਾ ਕੀ ਕਰਵਾ ਦਿੰਨਾ ਏਂ।

ਭਾਜਪਾ ਨਾਲ ਹੱਥ ਮਿਲਾਉਣ ਨਾਲੋਂ ਮੈਂ ਮਰਨਾ ਪਸੰਦ ਕਰਾਂਗਾ- ਨਿਤੀਸ਼ ਕੁਮਾਰ

ਅੱਖਾਂ ਮੀਟ ਕੇ ਰੱਬ ਦਾ ਧਿਆਨ ਧਰਿਆ, ਚਾਰੇ ਤਰਫ਼ ਹੀ ਧੂਣੀਆਂ ਲਾਇ ਬੈਠਾ।

ਪੰਜਾਬ ਵਿਚ 70 ਹਜ਼ਾਰ ਜਾਅਲੀ ਸਮਾਰਟ ਰਾਸ਼ਨ ਕਾਰਡ ਫੜੇ ਗਏ- ਖ਼ਬਰ

ਉਹ ਸਮਾਰਟ ਕਾਰਡ ਹੀ ਕੀ ਜਿਹੜਾ ਸਮਾਰਟ ਕੰਮ ਨਾ ਕਰੇ।

ਰਾਸ਼ਟਰਪਤੀ ਦੇ ਭਾਸ਼ਣ ‘ਚ ਕੁਝ ਵੀ ਨਵਾਂ ਨਹੀਂ ਹੈ- ਖੜਗੇ

ਸੁਪਨੇ ‘ਚ ਪੈਣ ਜੱਫੀਆਂ, ਅੱਖ ਖੁੱਲ੍ਹੀ ‘ਤੇ ਨਜ਼ਰ ਨਾ ਆਵੇ।

ਭਾਜਪਾ ਆਪਣੇ ਦਮ ‘ਤੇ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ- ਭਾਜਪਾ

ਘੜਾ ਚੁੱਕ ਲਉਂ ਪੱਟਾਂ ‘ਤੇ ਹੱਥ ਧਰ ਕੇ, ਖ਼ਸਮਾਂ ਨੂੰ ਖਾਣ ਕੁੜੀਆਂ।

ਸਟੱਡੀ ਵੀਜ਼ਿਆਂ ਨੇ ਖਾਲੀ ਕੀਤੇ ਪੰਜਾਬ ਦੇ ਕਾਲਜ- ਇਕ ਖ਼ਬਰ

ਤੇਰਾ ਲੁੱਟ ਲਿਆ ਸ਼ਹਿਰ ਭੰਬੋਰ, ਨੀਂ ਸੱਸੀਏ ਬੇਖ਼ਬਰੇ।

ਵਿਜੀਲੈਂਸ ਦੀ ਕਾਰਵਾਈ ਮਗਰੋਂ ਅਕਾਲੀ ਤੇ ਕਾਂਗਰਸੀ ਮਿਹਣੋ-ਮਿਹਣੀ- ਇਕ ਖ਼ਬਰ

ਭੂਆ ਭਤੀਜੀ ਲੜੀਆਂ, ਵਿਚ ਦਰਵਾਜ਼ੇ ਦੇ।

ਕੌਮੀ ਮਾਰਗ ਦੇ ਟੌਲ ਟੈਕਸ ਨੇ ਕੀਤੇ ਪੰਜਾਬੀਆਂ ਦੇ ਖੀਸੇ ਖ਼ਾਲੀ-ਇਕ ਖ਼ਬਰ

ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੈਂਚਾਂ, ਕੁਝ ਲੁੱਟ ਲਈ ਸਰਕਾਰਾਂ।

ਨਵੇਂ ਕੇਂਦਰੀ ਬਜਟ ਵਿਚ ਪੰਜਾਬ ਨੂੰ ਬਿਲਕੁਲ ਦਰਕਿਨਾਰ ਕੀਤਾ ਗਿਆ- ਇਕ ਖ਼ਬਰ

ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।

ਅਡਾਨੀ ਨੂੰ ਪਛਾੜ ਕੇ ਅੰਬਾਨੀ ਬਣਿਆ ਭਾਰਤ ਦਾ ਸਭ ਤੋਂ ਅਮੀਰ ਵਿਅਕਤੀ- ਇਕ ਖ਼ਬਰ

ਤੀਲੀ ਵਾਲ਼ੀ ਖਾਲ ਟੱਪ ਗਈ, ਲੌਂਗ ਵਾਲੀ ਨੇ ਭੰਨਾ ਲਏ ਗੋਡੇ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਯੂ.ਕੇ. ਵਿਚ ‘ਲਾਈਫ਼ ਟਾਈਮ ਅਚੀਵਮੈਂਟ’ ਨਾਲ਼ ਸਨਮਾਨ- ਇਕ ਖਬਰ

ਸੁੱਚਿਆਂ ਰੁਮਾਲਾਂ ਨੂੰ ਲਾ ਦੇ ਧੰਨ ਕੁਰੇ ਗੋਟਾ।

ਆਸਟਰੇਲੀਆ ਆਪਣੇ ਬੈਂਕਾਂ ਤੋਂ ਬ੍ਰਿਟਿਸ਼ ਰਾਜਸ਼ਾਹੀ ਦੀ ਤਸਵੀਰ ਹਟਾਏਗਾ- ਇਕ ਖ਼ਬਰ

ਪੱਤ ਝੜੇ ਪੁਰਾਣੇ ਮਾਹੀ ਵੇ, ਰੁੱਤ ਨਵਿਆਂ ਦੀ ਆਈ ਆ ਢੋਲਾ।

ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਰਕਾਰ ਬਚਾਅ ਰਹੀ ਹੈ- ਕੁੰਵਰ ਵਿਜੈ ਪ੍ਰਤਾਪ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।

ਹਰਿਅਣਾ ਕਮੇਟੀ ਬਾਰੇ ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਰੱਦ- ਇਕ ਖ਼ਬਰ

ਛੜੇ ਬੈਠ ਕੇ ਸਲਾਹਾਂ ਕਰਦੇ, ਰੱਬਾ ਹੁਣ ਕੀ ਕਰੀਏ?

                          ==============