ਵਾਤਾਵਰਨ ਦੇ ਸੰਕਟ ਬਾਰੇ ਗੱਲਬਾਤ ਨੂੰ ਕੁਰਾਹੇ ਪਾਉਣ ਵਿੱਚ ਕਾਰਪੋਰੇਸ਼ਨਾਂ ਦੀ ਭੂਮਿਕਾ - ਸੁਖਵੰਤ ਹੁੰਦਲ

ਤਕਰੀਬਨ ਇਕ ਦਹਾਕਾ ਪਹਿਲਾਂ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਇਕਨਾਮਿਕਸ ਦੇ ਪ੍ਰੋਫੈਸਰ ਅਤੇ ਇਕਨਾਮਿਕ ਸਾਇੰਸਜ਼ ਵਿੱਚ ਨੋਬਲ ਮੈਮੋਰੀਅਲ ਇਨਾਮ ਜੇਤੂ ਜੋਸਫ ਸਟਿਗਲੈਟਸ ਨੇ ਅਮਰੀਕਾ ਵਿੱਚ ਦੌਲਤ ਅਤੇ ਸਿਆਸੀ ਨਾਬਰਾਬਰੀ ਬਾਰੇ ਲਿਖੇ ਇਕ ਆਰਟੀਕਲ ਦਾ ਨਾਂ "ਆਫ ਦੀ 1%, ਬਾਈ ਦੀ 1%, ਫਾਰ ਦੀ 1% - ਭਾਵ 1% ਦੀ, 1% ਵਲੋਂ, 1% ਲਈ" ਰੱਖਿਆ ਹੈ।  ਆਪਣੇ ਆਰਟੀਕਲ ਦਾ ਇਹ ਨਾਂ ਰੱਖ ਕੇ ਉਹ ਇਹ ਕਹਿ ਰਹੇ ਜਾਪਦੇ ਹਨ ਕਿ ਅਮਰੀਕਾ ਦੀ ਸਰਕਾਰ ਉਪਰਲੇ 1% ਅਮੀਰਾਂ ਦੀ ਸਰਕਾਰ ਹੈ, ਇਹ ਇਹਨਾਂ 1% ਅਮੀਰਾਂ ਵਲੋਂ ਚਲਾਈ ਜਾਂਦੀ ਹੈ ਅਤੇ ਇਹ 1% ਅਮੀਰਾਂ ਲਈ ਹੈ। ਪ੍ਰੋਫੈਸਰ ਸਟਿਗਲੈਟਸ ਦੀ ਇਹ ਧਾਰਨਾ ਲੋਕਤੰਤਰ ਬਾਰੇ ਪ੍ਰਚਲਤ ਉਸ ਆਮ ਧਾਰਨਾ ਦੇ ਬਿਲਕੁਲ ਉਲਟ ਹੈ ਜੋ ਇਹ ਕਹਿੰਦੀ ਹੈ ਕਿ ਲੋਕਤੰਤਰ ਵਿਚਲੀ ਸਰਕਾਰ ਲੋਕਾਂ ਦੀ ਸਰਕਾਰ ਹੁੰਦੀ ਹੈ, ਲੋਕਾਂ ਵਲੋਂ ਚਲਾਈ ਜਾਂਦੀ ਹੈ ਅਤੇ ਲੋਕਾਂ ਲਈ ਕੰਮ ਕਰਦੀ ਹੈ। ਉਹਨਾਂ ਦੀ ਅਮਰੀਕਾ ਬਾਰੇ ਇਸ ਧਾਰਨਾ ਨੂੰ ਸਮੁੱਚੇ ਪੂੰਜੀਵਾਦੀ ਪ੍ਰਬੰਧ ਹੇਠ ਕੰਮ ਕਰਦੀਆਂ ਸਰਕਾਰਾਂ `ਤੇ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਪੂੰਜੀਵਾਦੀ ਪ੍ਰਬੰਧ ਹੇਠ ਕੰਮ ਕਰਦੀਆਂ ਸਰਕਾਰਾਂ ਦਾ ਰੋਲ 1% ਪੂੰਜੀਵਾਦੀ ਲੋਕਾਂ ਦੇ ਹਿਤਾਂ ਦੀ ਰਾਖੀ ਕਰਨਾ ਹੁੰਦਾ ਹੈ। ਇਹ ਪੱਕਾ ਕਰਨ ਲਈ ਕਿ ਸਰਕਾਰਾਂ ਵਲੋਂ ਬਣਾਏ ਜਾਂਦੇ ਕਾਨੂੰਨ ਅਤੇ ਨੀਤੀਆਂ ਇਹਨਾਂ 1% ਲੋਕਾਂ ਦੇ ਹਿਤਾਂ ਵਿੱਚ ਹੋਣ, ਇਹ 1% ਲੋਕ ਜੋ ਢੰਗ ਵਰਤਦੇ ਹਨ, ਉਨ੍ਹਾਂ ਵਿੱਚੋਂ ਕੁੱਝ ਇਸ ਪ੍ਰਕਾਰ ਹਨ: ਉਹ ਇਲੈਕਸ਼ਨਾਂ ਵਿੱਚ ਉਮੀਦਵਾਰਾਂ ਦੀ ਮਦਦ ਲਈ ਫੰਡ ਦਿੰਦੇ ਹਨ, ਉਹ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਲੌਬੀ ਕਰਨ ਵਾਲੇ ਲੋਕਾਂ ਨੂੰ ਪੈਸੇ ਦਿੰਦੇ ਹਨ ਅਤੇ ਉਹ ਉਹਨਾਂ ਥਿੰਕ ਟੈਂਕਾਂ, ਖੋਜ ਸੰਸਥਾਂਵਾਂ ਆਦਿ ਨੂੰ ਫੰਡ ਕਰਦੇ ਹਨ ਜੋ ਇਹਨਾਂ ਅਮੀਰਾਂ ਦੇ ਹੱਕ ਵਿੱਚ ਲੋਕ ਰਾਇ ਪੈਦਾ ਕਰਦੇ ਹਨ ਅਤੇ ਇਹਨਾਂ ਦੇ ਹਿਤਾਂ ਵਿਰੁੱਧ ਜਾਣ ਵਾਲੀ ਜਾਣਕਾਰੀ `ਤੇ ਸ਼ੰਕੇ ਖੜ੍ਹੇ ਕਰਨ ਦਾ ਕਾਰਜ ਕਰਦੇ ਹਨ। ਆਪਣੀ ਇਸ ਧਾਰਨਾ ਨੂੰ ਸਾਬਤ ਕਰਨ ਲਈ ਅਸੀਂ ਇਸ ਲੇਖ ਵਿੱਚ ਅਮੀਰ ਲੋਕਾਂ ਅਤੇ ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਪਿਛਲੇ ਕੁੱਝ ਦਹਾਕਿਆਂ ਦੌਰਾਨ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਗੱਲਬਾਤ ਨੂੰ ਪ੍ਰਭਾਵਿਤ ਕਰਨ ਲਈ ਵਰਤੇ ਗਏ ਵੱਖ ਵੱਖ ਤਰੀਕਿਆਂ ਬਾਰੇ ਗੱਲ ਕਰਾਂਗੇ।     
ਜੇਮਜ਼ ਹੋਗਨ ਅਤੇ ਰਿਚਰਡ ਲਿਟਲਮੋਰ ਵਲੋਂ ਲਿਖੀ ਕਿਤਾਬ ਕਲਾਈਮੇਟ ਕਵਰਅੱਪ: ਦੀ ਕਰੂਸੇਡ ਟੂ ਡਿਨਾਈ ਗਲੋਬਲ ਵਾਰਮਿੰਗ ਅਨੁਸਾਰ, ਜਦੋਂ ਜੌਰਜ ਡਬਲਿਊ ਬੁੱਸ਼ ਨੇ ਪ੍ਰੈਜ਼ੀਡੈਂਟ ਬਣਨ ਲਈ ਪਹਿਲੀ ਇਲੈਕਸ਼ਨ ਲੜੀ ਤਾਂ ਉਸ ਸਮੇਂ ਬੁੱਸ਼ ਨੂੰ ਤੇਲ ਸਨਅਤ ਵਲੋਂ 15 ਲੱਖ (1.5 ਮਿਲੀਅਨ) ਡਾਲਰ ਤੋਂ ਜ਼ਿਆਦਾ ਰਕਮ ਇਲੈਕਸ਼ਨ ਲੜ੍ਹਨ ਲਈ ਦਿੱਤੀ ਗਈ। ਸੰਨ 2001 ਅਤੇ 2004 ਦੌਰਾਨ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ ਦੀ ਮਾਲਕ ਸਾਊਦਰਨ ਕੰਪਨੀ ਨੇ ਸਿਆਸੀ ਖੇਤਰ ਵਿੱਚ 44 ਲੱਖ (4.4 ਮਿਲੀਅਨ) ਡਾਲਰ ਦੀ ਰਕਮ ਦਾਨ ਦਿੱਤੀ ਸੀ।ਆਪਣੀ ਪਹਿਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਜਾਰਜ ਬੁੱਸ਼ ਦੇ ਪ੍ਰਸ਼ਾਸਨ ਵਲੋਂ ਲਏ ਗਏ ਪਹਿਲੇ ਕੁੱਝ ਫੈਸਲਿਆਂ ਵਿੱਚ ਇਕ ਫੈਸਲਾ ਜਲਵਾਯੂ ਦੀ ਤਬਦੀਲੀ ਨਾਲ ਸੰਬੰਧਤ ਕਿਓਟੋ ਪ੍ਰੋਟੋਕਲ ਹੇਠ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋਣ ਲਈ ਕੀਤਾ ਗਿਆ ਫੈਸਲਾ ਸੀ। ਕਿਓਟੋ ਪ੍ਰੋਟੋਕਲ ਯੂਨਾਈਟਿਡ ਨੇਸ਼ਨਜ਼ ਦੀ ਅਗਵਾਈ ਹੇਠ ਕੀਤਾ ਗਿਆ ਇਕ ਸਮਝੌਤਾ ਸੀ ਜੋ ਵਿਕਸਤ ਦੇਸ਼ਾਂ ਨੂੰ ਸੰਨ 2012 ਤੱਕ ਆਪਣੇ ਕਾਰਬਨ ਡਾਈਔਕਸਾਈਡ ਦੇ ਪ੍ਰਦੂਸ਼ਣ ਨੂੰ ਇਕ ਨਿਸ਼ਚਿਤ ਮਾਤਰਾ ਵਿੱਚ ਘਟਾਉਣ ਲਈ ਵਚਨਬੱਧ ਕਰਦਾ ਸੀ। ਬਾਅਦ ਵਿੱਚ ਬੁੱਸ਼ ਨੇ ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ (ਈ ਪੀ ਏ) ਵਲੋਂ 2002 ਵਿੱਚ ਪ੍ਰਦੂਸ਼ਣ ਘਟਾਉਣ ਲਈ ਕਲੀਅਰ ਸਕਾਈਜ਼ ਇਨੀਸ਼ੀਏਟਿਵ ਨਾਂ ਹੇਠ ਤਿਆਰ ਕੀਤੇ ਨਿਯਮਾਂ ਨੂੰ ਕਮਜ਼ੋਰ ਕਰਨ ਲਈ ਕਦਮ ਚੁੱਕੇ ਸਨ। ਜੇ ਈ ਪੀ ਏ ਵਲੋਂ ਤਿਆਰ ਕੀਤੇ ਇਹ ਨਿਯਮ ਆਪਣੇ ਮੁਢਲੇ ਰੂਪ ਵਿੱਚ ਲਾਗੂ ਹੋ ਜਾਂਦੇ ਤਾਂ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾ ਰਾਹੀਂ ਬਿਜਲੀ ਤਿਆਰ ਕਰਨ ਵਾਲੀ ਅਮਰੀਕਾ ਦੀ ਸਨਅਤ ਨੂੰ ਇਸ ਵਿੱਚ ਸੁਝਾਏ ਉਪਾਅ ਲਾਗੂ ਕਰਨ ਲਈ 6.5 ਅਰਬ (ਬਿਲੀਅਨ) ਡਾਲਰ ਖਰਚਣੇ ਪੈਣੇ ਸਨ, ਅਤੇ ਇਹਨਾਂ ਉਪਾਵਾਂ ਕਾਰਨ ਅਮਰੀਕਾ ਦੇ ਲੋਕਾਂ ਨੂੰ ਸਿਹਤ ਦੇ ਖੇਤਰ 93 ਅਰਬ (ਬਿਲੀਅਨ) ਡਾਲਰ ਦੇ ਫਾਇਦੇ ਹੋਣੇ ਸਨ। ਪਰ ਬੁੱਸ਼ ਪ੍ਰਸ਼ਾਸਨ ਦੇ ਦਬਾਅ ਕਾਰਨ ਈ ਪੀ ਏ ਨੇ ਇਸ ਉੱਦਮ ਵਿੱਚ ਤਬਦੀਲੀਆਂ ਕਰਕੇ ਇਹਨਾਂ ਨਿਯਮਾਂ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਸੀ। ਇਸ ਦੇ ਬਾਵਜੂਦ ਕਲੀਅਰ ਸਕਾਈਜ਼ ਇਨੀਸ਼ੀਏਟਿਵ ਅਮਰੀਕਾ ਦੀ ਕਾਂਗਰਸ ਵਿੱਚ ਪਾਸ ਨਾ ਹੋ ਸਕਿਆ। ਫਿਰ ਬੁੱਸ਼ ਪ੍ਰਸ਼ਾਸਨ ਨੇ ਕਲੀਅਰ ਸਕਾਈਜ਼ ਇਨੀਸ਼ੀਏਟਿਵ ਦੀ ਥਾਂ ਨਵੇਂ ਨਿਯਮ ਲਿਆਂਦੇ ਜਿਹੜੇ ਕਿ ਕਾਫੀ ਕਮਜ਼ੋਰ ਸਨ। ਅਸਲ ਵਿੱਚ ਈ ਪੀ ਏ ਵੱਲੋਂ ਤਿਆਰ ਕੀਤੇ ਇਹਨਾਂ ਨਵੇਂ ਨਿਯਮਾਂ ਵਿੱਚ ਦਰਜਨ ਤੋਂ ਵੱਧ ਪੈਰ੍ਹੇ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ ਦੀ ਸਨਅਤ ਦੀ ਨੁਮਾਇੰਦਗੀ ਕਰਨ ਵਾਲੀ ਵੈਸਟ ਐਸੋਸੀਏਸ਼ਨ ਅਤੇ ਵਾਤਾਵਰਨ ਦੇ ਸੰਬੰਧ ਵਿੱਚ ਕਾਰਪੋਰੇਸ਼ਨਾਂ ਦੇ ਕੇਸ ਲੜ੍ਹਨ ਵਾਲੀ ਵਕੀਲਾਂ ਦੀ ਫਰਮ ਲੱਠਮ ਐਂਡ ਵਾਟਕਿਨਜ਼ ਵਲੋਂ ਪੇਸ਼ ਕੀਤੇ ਮੀਮੋਆਂ ਵਿੱਚੋਂ ਲਏ ਗਏ ਸਨ।     
ਚੌਣਾਂ ਵਿੱਚ ਸਿਆਸੀ ਪਾਰਟੀਆਂ ਨੂੰ ਸਿੱਧੇ ਪੈਸੇ ਦੇਣ ਤੋਂ ਬਿਨਾਂ ਦੁਨੀਆ ਦੀ ਦੌਲਤ `ਤੇ ਕਾਬਜ਼ ਇਹ ਮੁੱਠੀ ਭਰ ਲੋਕ ਅਤੇ ਉਹਨਾਂ ਦੀ ਅਗਵਾਈ ਹੇਠ ਚਲਦੀਆਂ ਵੱਡੀਆਂ ਕਾਰਪੋਰੇਸ਼ਨਾਂ ਸਰਕਾਰਾਂ ਦੇ ਕਾਨੂੰਨਾਂ ਅਤੇ ਨੀਤੀਆਂ ਨੂੰ ਆਪਣੇ ਹਿਤਾਂ ਅਨੁਸਾਰ ਪ੍ਰਭਾਵਿਤ ਕਰਨ ਲਈ, ਸਰਕਾਰਾਂ ਦੇ ਨੁਮਾਇੰਦਿਆਂ ਨੂੰ ਲੌਬੀ ਕਰਨ ਲਈ ਬਹੁਤ ਸਾਰਾ ਪੈਸਾ ਖਰਚ ਕਰਦੀਆਂ ਹਨ। ਜਦੋਂ ਵੀ ਕੋਈ ਅਜਿਹੇ ਕਾਨੂੰਨ ਬਣਾਉਣ ਦੇ ਯਤਨ ਹੁੰਦੇ ਹਨ, ਜਿਹੜੇ ਵੱਡੀਆਂ ਕਾਰਪੋਰੇਸ਼ਨਾਂ ਵਲੋਂ ਮੁਨਾਫਾ ਕਮਾਉਣ ਦੇ ਕਾਰਜਾਂ ਵਿੱਚ ਰੁਕਾਵਟ ਬਣ ਸਕਦੇ ਹੋਣ ਤਾਂ ਇਨ੍ਹਾਂ ਵੱਡੀਆਂ ਕੰਪਨੀਆਂ ਲਈ ਕੰਮ ਕਰਦੇ ਲੌਬੀ ਕਰਨ ਵਾਲੇ ਸਰਕਾਰਾਂ ਦੇ ਨੁਮਾਇੰਦਿਆਂ ਤੱਕ ਪਹੁੰਚ ਕਰਕੇ ਇਸ ਤਰ੍ਹਾਂ ਦੇ ਕਾਨੂੰਨਾਂ ਨੂੰ ਪਾਸ ਹੋਣ ਤੋਂ ਰੋਕਣ ਜਾਂ ਕਾਨੂੰਨਾਂ ਦੀ ਕਾਰਪੋਰੇਸ਼ਨਾਂ ਵਿਰੋਧੀ ਧਾਰ ਨੂੰ ਖੁੰਡੀ ਕਰਨ ਲਈ ਜ਼ੋਰ ਲਾਉਂਦੇ ਹਨ। ਉਹਨਾਂ ਦੇ ਇਸ ਕੰਮ ਲਈ ਮੁੱਠੀ ਭਰ ਅਮੀਰ ਲੋਕ ਅਤੇ ਉਹਨਾਂ ਦੀਆਂ ਕਾਰਪੋਰੇਸ਼ਨਾਂ ਲੌਬੀ ਕਰਨ ਵਾਲਿਆਂ `ਤੇ ਪਾਣੀ ਵਾਂਗ ਪੈਸਾ ਵਹਾਉਂਦੀਆਂ ਹਨ। ਓਕਬਾਜ਼ਗੀ ਯੋਹੈਨਸ ਆਪਣੀ ਕਿਤਾਬ ਦੀ ਬਾਇਓਫਿਊਲ ਡਿਸੈਪਸ਼ਨ ਵਿੱਚ ਦੱਸਦਾ ਹੈ ਕਿ ਜਨਵਰੀ 2009 ਅਤੇ ਜੂਨ 2010 ਵਿਚਕਾਰ ਤੇਲ ਅਤੇ ਗੈਸ ਦੀ ਸਨਅਤ ਨੇ ਕਲੀਨ ਐਨਰਜੀ ਬਿੱਲਾਂ ਨੂੰ ਪਾਸ ਹੋਣ ਤੋਂ ਰੋਕਣ ਲਈ ਅਮਰੀਕਾ ਦੀ ਕਾਂਗਰਸ ਨੂੰ ਲਾਬੀ ਕਰਨ ਲਈ 25 ਕ੍ਰੋੜ (250 ਮਿਲੀਅਨ) ਡਾਲਰ ਖਰਚ ਕੀਤੇ ਸਨ। ਇਸ ਹੀ ਸਮੇਂ ਦੌਰਾਨ ਚੈਂਬਰ ਆਫ ਕਮਰਸ ਨੇ ਆਲਮੀ ਤਪਸ਼ (ਗਲੋਬਲ ਵਾਰਮਿੰਗ) ਨਾਲ ਸੰਬੰਧਿਤ ਕਾਨੂੰਨਾਂ ਨੂੰ ਹਰਾਉਣ ਲਈ 19 ਕ੍ਰੋੜ (190 ਮਿਲੀਅਨ) ਡਾਲਰ ਖਰਚੇ ਸਨ।  ਸੰਨ 1999 ਅਤੇ 2009 ਵਿਚਕਾਰ ਤੇਲ ਅਤੇ ਗੈਸ, ਕੋਲੇ ਅਤੇ ਬਿਜਲੀ ਉਤਪਾਦਨ ਨਾਲ ਸੰਬੰਧਿਤ ਕੰਪਨੀਆਂ ਨੇ ਅਮਰੀਕਾ ਦੀ ਕਾਂਗਰਸ ਨੂੰ ਲੌਬੀ ਕਰਨ ਲਈ ਕੁੱਲ ਮਿਲਾ ਕੇ 2 ਅਰਬ (ਬਿਲੀਅਨ) ਡਾਲਰ ਖਰਚੇ ਸਨ ਤਾਂ ਕਿ ਉਹਨਾਂ ਕਾਨੂੰਨਾਂ ਨੂੰ ਹਰਾਇਆ ਜਾ ਸਕੇ ਜੋ ਕਾਨੂੰਨ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੇ ਅਸਰਾਂ ਨੂੰ ਘੱਟ ਕਰਨ ਲਈ ਬਣਾਏ ਜਾਣੇ ਸਨ।  
ਨਵੰਬਰ 2008 ਵਿੱਚ ਜਦੋਂ ਬਰਾਕ ਓਬਾਮਾ ਪਹਿਲੀ ਵਾਰ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ ਤਾਂ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਸ ਨੇ ਕੁੱਝ ਸੰਕੇਤ ਦਿੱਤੇ ਕਿ ਉਹ ਆਲਮੀ ਤਪਸ਼ (ਗਲੋਬਲ ਵਾਰਮਿੰਗ) ਘਟਾਉਣ ਲਈ ਕੁੱਝ ਕਦਮ ਚੁੱਕੇਗਾ। ਉਸ ਦੇ ਇਹਨਾਂ ਸੰਕੇਤਾਂ ਨੂੰ ਧਿਆਨ ਵਿੱਚ ਰੱਖਦਿਆਂ, ਵੱਡੀਆਂ ਕਾਰਪੋਰੇਸ਼ਨਾਂ ਨੇ ਓਬਾਮਾ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਨੂੰ ਰੋਕਣ ਜਾਂ ਖੁੰਡਾ ਕਰਨ ਲਈ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੇ ਸੰਬੰਧ ਵਿੱਚ ਲੌਬੀ ਕਰਨ ਦੇ ਆਪਣੇ ਯਤਨਾਂ ਨੂੰ ਵੱਡੀ ਪੱਧਰ `ਤੇ ਤੇਜ਼ ਕਰ ਦਿੱਤਾ। 25 ਫਰਵਰੀ 2009 ਨੂੰ ਦੀ ਸੈਂਟਰ ਫਾਰ ਪਬਲਿਕ ਐਨਟੈਗਰਟੀ ਦੀ ਰਿਪੋਰਟ ਦੀ ਕਲਾਈਮੇਟ ਚੇਂਜ ਲੌਬੀ ਐਕਪਲੋਜ਼ਨ, ਵਿੱਚ ਇਸ ਬਾਰੇ ਇਸ ਤਰ੍ਹਾਂ ਲਿਖਿਆ ਹੈ, “ਜਦੋਂ ਓਬਾਮਾ ਦੀ ਟੀਮ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੀ ਚੁਣੌਤੀ ਨਾਲ ਨਿਪਟਣ ਲਈ ਤਿਆਰ ਹੋ ਰਹੀ ਹੈ, ਉਸ ਸਮੇਂ ਜਲਵਾਯੂ ਸੰਬੰਧੀ ਨੀਤੀਆਂ ਨੂੰ ਲੀਹੋਂ ਲਾਹੁਣ ਜਾਂ ਖੁੰਡਾ ਕਰਨਾ ਚਾਹੁਣ ਵਾਲੇ ਜਾਂ ਉਹਨਾਂ ਨੂੰ ਆਪਣੇ ਸੌੜੇ ਅਜੰਡਿਆਂ ਮੁਤਾਬਕ ਢਾਲਣਾ ਚਾਹੁਣ ਵਾਲੇ ਖਾਸ ਹਿੱਤਾਂ ਵਾਲੇ ਲੋਕ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਚੁੱਕੇ ਹਨ। ਸੈਂਟਰ ਫਾਰ ਪਬਲਿਕ ਐਨਟੈਗਰਿਟੀ ਵੱਲੋਂ ਸੈਨਟ ਦੇ ਡਿਸਕਲੋਜ਼ਰ ਫਾਰਮਾਂ ਦਾ ਕੀਤਾ ਵਿਸ਼ਲੇਸ਼ਣ ਦਿਖਾਉਂਦਾ ਹੈ ਕਿ ਪਿਛਲੇ ਸਾਲ ਵਿੱਚ ਫੈਡਰਲ ਪੱਧਰ ੱਤੇ ਜਲਵਾਯੂ ਨਾਲ ਸੰਬੰਧਿਤ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ 770 ਤੋਂ ਵੱਧ ਕੰਪਨੀਆਂ ਅਤੇ ਖਾਸ ਹਿੱਤ ਰੱਖਣ ਵਾਲੇ ਗਰੁੱਪਾਂ ਨੇ 2340 ਲੌਬੀ ਕਰਨ ਵਾਲਿਆਂ ਨੂੰ ਹਾਇਰ ਕੀਤਾ ਹੈ। ਇਹ ਗਿਣਤੀ ਪਿਛਲੇ 5 ਸਾਲਾਂ ਦੌਰਾਨ ਜਲਵਾਯੂ ਵਿੱਚ ਤਬਦੀਲੀ ਬਾਰੇ ਲੌਬੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 300 ਫੀਸਦੀ ਦਾ ਵਾਧਾ ਹੈ, ਅਤੇ ਇਸ ਦਾ ਮਤਲਬ ਹੈ ਕਿ ਹੁਣ ਵਸ਼ਿੰਗਟਨ ਵਿੱਚ ਕਾਂਗਰਸ ਦੇ ਇਕ ਮੈਂਬਰ ਮਗਰ ਜਲਵਾਯੂ ਵਿੱਚ ਤਬਦੀਲੀ ਬਾਰੇ ਲੌਬੀ ਕਰਨ ਵਾਲੇ ਚਾਰ ਲੋਕ ਕੰਮ ਕਰ ਰਹੇ ਹਨ।”
ਸ਼ਾਇਦ ਇਹ ਇੰਨੀ ਵੱਡੀ ਪੱਧਰ `ਤੇ ਲੌਬੀ ਕਰਨ ਦੇ ਯਤਨਾਂ ਦਾ ਹੀ ਨਤੀਜਾ ਸੀ ਕਿ ਓਬਾਮਾ ਜਲਵਾਯੂ ਵਿੱਚ ਤਬਦੀਲੀਆਂ ਨਾਲ ਸੰਬੰਧਿਤ ਨੀਤੀਆਂ ਦੇ ਸੰਬੰਧ ਵਿੱਚ ਕੋਈ ਵੱਡਾ ਕਦਮ ਨਹੀਂ ਚੁੱਕ ਸਕਿਆ। ਜਲਵਾਯੂ ਵਿੱਚ ਤਬਦੀਲੀ ਦੇ ਸੰਬੰਧ ਵਿੱਚ ਕੀਤੇ ਓਬਾਮਾ ਦੇ ਕੰਮ ਦਾ ਮੁੱਲਾਂਕਣ ਕਰਨ ਲਈ 29 ਅਪ੍ਰੈਲ 2017 ਵਿੱਚ ਛਪੇ ਇਕ ਆਰਟੀਕਲ ਵਿੱਚ ਡੇਵਿਡ ਬੁੱਕਬਾਈਂਡਰ ਲਿਖਦਾ ਹੈ ਕਿ ਬੇਸ਼ੱਕ ਜਲਵਾਯੂ ਵਿੱਚ ਤਬਦੀਲੀਆਂ ਦੇ ਸੰਬੰਧ ਵਿੱਚ ਓਬਾਮਾ ਦੀ ਵਿਰਾਸਤ ਨੂੰ ਗਰੀਨ (ਵਾਤਾਵਰਨ ਦੀ ਹਿਮਾਇਤੀ) ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪ੍ਰੈਜ਼ੀਡੈਂਟ ਹੋਣ ਦੀ ਆਪਣੀ "ਪਹਿਲੀ ਟਰਮ ਵਿੱਚ ਓਬਾਮਾ ਦੀਆਂ ਜਲਵਾਯੂ ਨਾਲ ਸੰਬੰਧਿਤ ਨੀਤੀਆਂ ਦਾ ਜਾਰਜ ਡਬਲਿਊ ਬੁੱਸ਼ ਦੀਆਂ ਨੀਤੀਆਂ ਨਾਲੋਂ ਕੋਈ ਬਹੁਤ ਵੱਡਾ ਫਰਕ ਨਹੀਂ ਸੀ। ਦੋਹਾਂ ਨੇ ਗਰੀਨਹਾਊਸ ਗੈਸਾਂ ਨਾਲ ਸੰਬੰਧਿਤ ਕਾਨੂੰਨਾਂ ਦਾ ਵਿਰੋਧ ਕਰਨ ਲਈ ਪੂਰੇ ਜ਼ੋਰ ਨਾਲ ਲੜਾਈ ਕੀਤੀ..."    
ਬਾਰਾਕ ਓਬਾਮਾ ਦੇ ਤੇਲ ਅਤੇ ਗੈਸ ਸਨਅਤ ਵੱਲ ਦੋਸਤਾਨਾ ਰਵੱਈਏ ਬਾਰੇ ਕੁੱਝ ਹੋਰ ਤੱਥ ਪੇਸ਼ ਹਨ। ਸੰਨ 2017 ਵਿੱਚ ਛਪੀ ਆਪਣੀ ਕਿਤਾਬ, ਕਰੀਏਟਿੰਗ ਐਨ ਇਕੌਲੌਜੀਕਲ ਸੁਸਾਇਟੀ ਵਿੱਚ ਫਰੈੱਡ ਮੈਗਡੌਫ ਅਤੇ ਕਰਿਸ ਵਿਲੀਅਮਜ਼ ਲਿਖਦੇ ਹਨ ਕਿ  ਸੰਨ 2012 ਵਿੱਚ ਆਪਣੇ ਇਕ ਭਾਸ਼ਨ ਵਿੱਚ ਓਬਾਮਾ ਨੇ ਕਿਹਾ ਸੀ, "ਕਈ ਅਜਿਹੇ ਸਿਆਸਤਦਾਨ ਹਨ ਜੋ ਕਹਿੰਦੇ ਹਨ ਕਿ ਜੇ ਅਸੀਂ ਹੋਰ ਡਰਿੱਲ ਕਰਾਂਗੇ, ਤਾਂ ਗੈਸ ਦੀਆਂ ਕੀਮਤਾਂ ਇਕ ਦਮ ਹੇਠਾਂ ਆ ਜਾਣਗੀਆਂ। ਪਰ ਉਹ ਇਹ ਨਹੀਂ ਦਸਦੇ.... ਕਿ ਅਮਰੀਕਾ ਪਿਛਲੇ ਅੱਠ ਸਾਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਤੇਲ ਦਾ ਉਤਪਾਦਨ ਕਰ ਰਿਹਾ ਹੈ। ਅਸੀਂ ਤੇਲ ਅਤੇ ਗੈਸ ਲੱਭਣ ਲਈ ਨਵੇਂ ਇਲਾਕਿਆਂ ਨੂੰ ਖੋਲ੍ਹਿਆ ਹੈ। ਅਸੀਂ (ਤੇਲ ਅਤੇ ਗੈਸ) ਕੱਢਣ ਲਈ ਕੰਮ ਕਰ ਰਹੀਆਂ ਰਿੱਗਾਂ ਦੀ ਗਿਣਤੀ ਵਿੱਚ ਚਾਰ ਗੁਣਾਂ ਵਾਧਾ ਕੀਤਾ ਹੈ, ਜੋ ਕਿ ਇਕ ਰਿਕਾਰਡ ਹੈ। ਅਸੀਂ ਤੇਲ ਅਤੇ ਗੈਸ ਦੀਆਂ ਪਾਈਪਲਾਈਨਾਂ ਵਿੱਚ ਇੰਨੀ ਵੱਡੀ ਗਿਣਤੀ ਮਾਤਰਾ ਵਿੱਚ ਵਾਧਾ ਕੀਤਾ ਹੈ, ਕਿ ਉਹਨਾਂ ਨਾਲ ਸਾਰੀ ਧਰਤੀ ਨੂੰ ਵਲਿਆ ਜਾ ਸਕਦਾ ਹੈ।" ਸੰਨ 2015 ਵਿੱਚ ਜਦੋਂ ਅਮਰੀਕਾ ਵਾਤਾਵਰਨ ਦੇ ਸੰਕਟ ਦਾ ਹੱਲ ਲੱਭਣ ਲਈ ਪੈਰਿਸ ਕਲਾਈਮੇਟ ਨਾਂ ਨਾਲ ਜਾਣੀ ਜਾਂਦੀ ਗੱਲਬਾਤ ਵਿੱਚ ਹਿੱਸਾ ਲੈ ਰਿਹਾ ਸੀ, ਉਸ ਸਮੇਂ ਓਬਾਮਾ ਨੇ ਤੇਲ ਸਨਅਤ ਦੇ ਖੇਤਰ ਦੀ ਇਕ ਵੱਡੀ ਕੰਪਨੀ ਐਕਸਨ ਅਤੇ ਕੋਕ ਬ੍ਰਦਰਜ਼ ਦੀ ਹਿਮਾਇਤ ਪ੍ਰਾਪਤ ਬਿੱਲ `ਤੇ ਦਸਖਤ ਕੀਤੇ ਸਨ, ਜਿਸ  ਦਾ ਮਕਸਦ ਪਾਈਪਲਾਈਨਾਂ ਦੀ ਉਸਾਰੀ ਲਈ ਲੋੜੀਂਦੇ ਪਰਮਿੱਟ ਦੇਣ ਦੇ ਅਮਲ ਨੂੰ ਤੇਜ਼ ਕਰਨਾ ਸੀ। ਇਸ ਹੀ ਤਰ੍ਹਾਂ ਓਬਾਮਾ ਪ੍ਰਸ਼ਾਸਨ ਨੇ ਮੈਕਸੀਕੋ ਦੀ ਖਾੜੀ (ਗਲਫ ਆਫ ਮੈਕਸੀਕੋ) ਵਿੱਚ ਫਰੈਕਿੰਗ ਦੇ 1500 ਪਰਮਿਟਾਂ ਨੂੰ ਪ੍ਰਵਾਨਗੀ ਦਿੱਤੀ ਸੀ। (ਫਰੈਕਿੰਗ ਧਰਤੀ ਵਿੱਚੋਂ ਗੈਸ ਕੱਢਣ ਦਾ ਇਕ ਅਜਿਹਾ ਤਰੀਕਾ ਹੈ ਜਿਸ ਵਿੱਚ ਗੈਸ ਲਈ ਡ੍ਰਿਲਿੰਗ ਕਰਨ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਦਬਾਅ ਹੇਠ ਪਾਣੀ, ਰੇਤ ਅਤੇ ਰਸਾਇਣਕ ਪਦਾਰਥਾਂ ਦਾ ਮਿਸ਼ਰਨ ਧਰਤੀ ਹੇਠਾਂ ਘੱਲਿਆ ਜਾਂਦਾ ਹੈ ਤਾਂ ਕਿ ਪੱਥਰਾਂ ਵਿਚਕਾਰ ਫਸੀ ਗੈਸ ਨੂੰ ਅਜ਼ਾਦ ਕੀਤਾ ਜਾ ਸਕੇ। ਇਸ ਅਮਲ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਈ ਤਰ੍ਹਾਂ ਨਾਲ ਵਾਤਾਵਰਨ ਦਾ ਨੁਕਸਾਨ ਕਰਦਾ ਹੈ। ਜਿਵੇਂ ਕਿ ਇਹ ਅਮਲ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਸਕਦਾ ਹੈ, ਧਰਤੀ ਉਪਰਲੇ ਪਾਣੀ ਨੂੰ ਪ੍ਰਦੂਸ਼ਤ ਕਰ ਸਕਦਾ ਹੈ, ਅਤੇ ਪਾਣੀ ਵਿੱਚ ਰਹਿਣ ਵਾਲੇ ਜੀਵਜੰਤੂਆਂ ਲਈ ਖਤਰਾ ਬਣ ਸਕਦਾ ਹੈ)  ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇਹਨਾਂ ਪਰਮਿੱਟਾਂ ਦੀ ਪ੍ਰਵਾਨਗੀ ਤੋਂ ਕੁੱਝ ਸਾਲ ਪਹਿਲਾਂ ਸੰਨ 2010 ਵਿੱਚ ਮੈਕਸੀਕੋ ਦੀ ਖਾੜੀ (ਗਲਫ ਆਫ ਮੈਕਸੀਕੋ) ਵਿੱਚ ਬ੍ਰਿਟਿਸ਼ ਪੈਟਰੌਲੀਅਮ ਦੀ ਡੀਪਵਾਟਰ ਹੌਰਾਈਜਨ ਨਾਂ ਦੀ ਤੇਲ ਕੱਢਣ ਵਾਲੀ ਰਿੱਗ ਵਿੱਚ ਹੋਈ ਇਕ ਵਿਨਾਸ਼ਕਾਰੀ ਦੁਰਘਟਨਾ ਕਾਰਨ ਇਸ ਖਾੜੀ ਵਿੱਚ 13.4 ਕ੍ਰੋੜ (134 ਮਿਲੀਅਨ) ਗੈਲਨ ਤੇਲ ਡੁੱਲ੍ਹਿਆ ਸੀ। ਸਮੁੰਦਰ ਵਿੱਚ ਤੇਲ ਡੁੱਲ੍ਹਣ ਦੀ ਇਸ ਦੁਰਘਟਨਾ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਸਮੁੰਦਰ ਵਿੱਚ ਤੇਲ ਡੁੱਲ੍ਹਣ ਦੀ ਸਭ ਤੋਂ ਵੱਡੀ ਦੁਰਘਟਨਾ ਸਮਝਿਆ ਜਾਂਦਾ ਹੈ ਅਤੇ ਇਸ ਕਾਰਨ ਵਾਤਾਵਰਨ ਨੂੰ ਹੋਏ ਨੁਕਸਾਨ ਦੀ ਲਾਗਤ 17.2 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਸੀ। 5 ਜਨਵਰੀ 2016 ਵਿੱਚ ਬਲੂਮਬਰਗ ਦੇ ਸਾਈਟ `ਤੇ ਛਪਿਆ ਇਕ ਆਰਟੀਕਲ ਉਬਾਮਾ ਦੇ ਦੌਰ ਵਿੱਚ ਅਮਰੀਕਾ ਵਿੱਚ ਤੇਲ ਅਤੇ ਗੈਸ ਦੀ ਸਨਅਤ ਵਿੱਚ ਹੋਏ ਵਾਧੇ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ, “ਪਿਛਲੇ 7 ਸਾਲਾਂ ਦੌਰਾਨ ਯੂ ਐੱਸ ਵਿੱਚ ਤੇਲ ਦਾ ਉਤਪਾਦਨ 82 ਫੀਸਦੀ ਵਧਿਆ ਹੈ, ਜੋ ਕਿ ਤਕਰੀਬਨ ਇਕ ਰਿਕਾਰਡ ਹੈ, ਅਤੇ ਨੈਚਰੁਲ ਗੈਸ ਦੇ ਉਤਪਾਦਨ ਵਿੱਚ ਤਕਰੀਬਨ ਇਕ ਚੌਥਾਈ ਵਾਧਾ ਹੋਇਆ ਹੈ। ਸੰਘਣੇ ਪੱਥਰਾਂ ਵਿੱਚੋਂ ਗੈਸ ਕੱਢਣ ਲਈ ਵਰਤੇ ਜਾਂਦੇ ਅਮਲ ਹਾਈਡਰੌਲਿਕ ਫਰੈਕਚਰਿੰਗ ਨੂੰ ਬੰਦ ਕਰਨ ਦੀ ਥਾਂ ਓਬਾਮਾ ਨੇ ਬਾਲਣ ਦੇ ਇਸ ਸ੍ਰੋਤ (ਗੈਸ) ਨੂੰ ਭਵਿੱਖ ਦੇ ਗਰੀਨਰ (ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਉਣ ਵਾਲੇ) ਅਤੇ ਨਵਿਆਏ ਜਾ ਸਕਣ ਵਾਲੇ ਊਰਜਾ ਸ੍ਰੋਤਾਂ ਤੱਕ ਜਾਣ ਦੇ ਇਕ ਪੌਡੇ ਵਜੋਂ ਉਤਸ਼ਾਹਿਤ ਕੀਤਾ ਹੈ।ਵਾਤਾਵਰਨ ਪ੍ਰੇਮੀਆਂ ਦੇ ਇਤਰਾਜ਼ਾਂ ਦੇ ਬਾਵਜੂਦ (ਓਬਾਮਾ) ਪ੍ਰਸ਼ਾਸਨ ਨੇ ਅਰਕਟਿਕ ਸਾਗਰ ਵਿੱਚ ਤੇਲ ਕੱਢਣ ਨੂੰ ਇਜਾਜ਼ਤ ਦਿੱਤੀ ਹੈ ਅਤੇ ਪੂਰਬੀ ਤੱਟ ਨਾਲ ਲੱਗਦੇ ਅੰਧ ਮਹਾਂ ਸਾਗਰ (ਐਟਲਾਂਟਿਕ ਉਸ਼ੀਅਨ) ਦੇ ਪਾਣੀਆਂ ਵਿੱਚ ਤੇਲ ਅਤੇ ਗੈਸ ਕੱਢਣ ਦੇ ਨਵੇਂ ਉਦਮਾਂ ਲਈ ਦਰਵਾਜ਼ਾ ਖੋਲ੍ਹਿਆ ਹੈ। (ਓਬਾਮਾ) ਨੇ ਅਮਰੀਕਾ ਦੇ ਬਹੁਤੇ ਕਰੂਡ ਆਇਲ ਦੇ ਨਿਰਯਾਤ 'ਤੇ 40 ਸਾਲਾਂ ਤੋਂ ਲੱਗੇ ਬੈਨ ਨੂੰ ਖਤਮ ਕਰਨ ਲਈ ਇਕ ਹੁਕਮ `ਤੇ ਦਸਖਤ ਕੀਤੇ ਹਨ। ”   
ਇਲੈਕਸ਼ਨਾਂ ਵਿੱਚ ਉਮੀਦਵਾਰਾਂ ਨੂੰ ਸਿੱਧੇ ਪੈਸੇ ਦੇਣ ਅਤੇ ਸਰਕਾਰਾਂ ਨੂੰ ਲੌਬੀ ਕਰਨ ਵਾਲਿਆਂ ਨੂੰ ਵੱਡੀ ਮਾਤਰਾ ਵਿੱਚ ਪੈਸੇ ਦੇਣ ਤੋਂ ਇਲਾਵਾ ਦੁਨੀਆ ਦੇ ਮੁੱਠੀ ਭਰ ਅਮੀਰ ਅਤੇ ਉਹਨਾਂ ਦੀਆਂ  ਕਾਰਪੋਰੇਸ਼ਨਾਂ ਆਪਣੇ ਮੁਨਾਫਿਆਂ ਲਈ ਖਤਰਾ ਬਣਨ ਵਾਲੀ ਜਾਣਕਾਰੀ, ਵਿਚਾਰਾਂ ਅਤੇ ਤੱਥਾਂ ਦੇ ਵਿਰੋਧ ਵਿੱਚ ਰਾਇ ਪੈਦਾ ਕਰਨ, ਉਹਨਾਂ ਨੂੰ ਝੁਠਲਾਉਣ ਜਾਂ ਉਹਨਾਂ ਬਾਰੇ ਸ਼ੱਕ ਪੈਦਾ ਕਰਨ ਲਈ ਥਿੰਕ ਟੈਂਕਾਂ, ਖੋਜ ਕੇਂਦਰਾਂ, ਇਸ਼ਤਿਹਾਰਾਂ ਦੀਆਂ ਮੁਹਿੰਮਾਂ ਆਦਿ ਨੂੰ ਫੰਡ ਕਰਨ ਲਈ ਕ੍ਰੋੜਾਂ/ਅਰਬਾਂ ਡਾਲਰ ਮੁਹੱਈਆ ਕਰਦੀਆਂ ਹਨ। ਇਹਨਾਂ ਅਮੀਰਾਂ ਅਤੇ ਕਾਰਪੋਰੇਸ਼ਨਾਂ ਵੱਲੋਂ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਕੀਤੇ ਜਾਂਦੇ ਅਜਿਹੇ ਯਤਨਾਂ ਬਾਰੇ ਕੁੱਝ ਜਾਣਕਾਰੀ ਪੇਸ਼ ਹੈ। ਤੇਲ ਦੀ ਸਅਨਤ ਨਾਲ ਸੰਬੰਧਿਤ ਕਾਰਪੋਰੇਸ਼ਨ ਐਕਸਨ-ਮੋਬਿਲ 124 ਤੋਂ ਵੱਧ ਅਜਿਹੀਆਂ ਸੰਸਥਾਂਵਾਂ ਨੂੰ ਫੰਡ ਦਿੰਦੀ ਰਹੀ ਹੈ ਜੋ ਜਲਵਾਯੂ ਨਾਲ ਸੰਬੰਧਿਤ ਸਾਇੰਸ ਨੂੰ "ਜੰਕ ਸਾਇੰਸ (ਰੱਦੀ ਸਾਇੰਸ)" ਅਤੇ ਵਾਤਾਵਰਨ ਨੂੰ ਬਚਾਉਣ ਲਈ ਕੰਮ ਕਰਦੇ ਲੋਕਾਂ ਨੂੰ ਪਖੰਡੀ ਅਤੇ ਜਨੂੰਨੀਆਂ ਵਜੋਂ ਪੇਸ਼ ਕਰਦੀਆਂ ਹਨ। ਇਹਨਾਂ ਸੰਸਥਾਂਵਾਂ ਵਿੱਚੋਂ ਕੁੱਝ ਮਸ਼ਹੂਰ ਸੰਸਥਾਵਾਂ ਦੇ ਨਾਂ ਹਨ: ਹੈਰੀਟੇਜ ਫਾਊਂਡੇਸ਼ਨ, ਦੀ ਕੈਟੋ ਇੰਸਟੀਚਿਊਟ, ਹਡਸਨ ਇੰਸਟੀਚਿਊਟ, ਜੌਰਜ ਮੇਸਨਜ਼ ਲਾਅ ਐਂਡ ਇਕਨੌਮਿਕਸ ਸੈਂਟਰ, ਦੀ ਕੰਪੀਟੀਟਵ ਇੰਟਰਪ੍ਰਾਈਜ਼ ਇੰਸਟੀਚਿਊਟ, ਦੀ ਫਰੰਟੀਅਰ ਆਫ ਫ੍ਰੀਡਮ ਇੰਸਟੀਚਿਊਟ, ਦੀ ਰੀਜ਼ਨ ਫਾਊਂਡੇਸ਼ਨ, ਦੀ ਜੌਰਜ ਸੀ. ਮਾਰਸ਼ਲ ਇੰਸਟੀਚਿਊਟ ਆਦਿ।
ਇਸ ਤਰ੍ਹਾਂ ਦੀਆਂ ਸੰਸਥਾਂਵਾਂ ਵਾਤਾਵਰਨ ਨਾਲ ਸੰਬੰਧਿਤ ਸਾਇੰਸ ਨੂੰ ਮੰਨਣ ਤੋਂ ਇਨਕਾਰ ਹੀਂ ਨਹੀਂ ਕਰਦੀਆਂ ਸਗੋਂ ਵਾਤਾਵਰਨ ਲਈ ਸੰਕਟ ਪੈਦਾ ਕਰਨ ਵਾਲੇ ਵਰਤਾਰਿਆਂ ਨੂੰ ਲੋਕਾਂ ਲਈ ਫਾਇਦੇਮੰਦ ਦਸਦੀਆਂ ਹਨ। ਓਕਬਾਜ਼ਗੀ ਯੋਹੈਨਸ ਦੀ ਕਿਤਾਬ ਦੀ ਬਾਇਓਫਿਊਲ ਡਿਸੈਪਸ਼ਨ ਵਿੱਚ ਦਿੱਤੇ ਇਕ ਹਵਾਲੇ ਅਨੁਸਾਰ, ਐਕਸਨ ਕਾਰਪੋਰੇਸ਼ਨ ਤੋਂ 6 ਲੱਖ 30 ਹਜ਼ਾਰ ਡਾਲਰ ਪ੍ਰਾਪਤ ਕਰਨ ਵਾਲੇ ਜੌਰਜ ਸੀ. ਮਾਰਸ਼ਲ ਇੰਸਟੀਚਿਊਟ ਦੇ ਦੋ ਕਰਮਚਾਰੀ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਦੇ ਫੈਲਣ ਦੇ ਫਾਇਦਿਆਂ ਬਾਰੇ ਗੱਲ ਕਰਦਿਆਂ ਕਹਿੰਦੇ ਹਨ, “ਜਿਵੇਂ ਜਿਵੇਂ ਕੋਲਾ, ਤੇਲ ਅਤੇ ਕੁਦਰਤੀ ਗੈਸ ਦੀ ਵਰਤੋਂ ਵਿਸ਼ਵ ਪੱਧਰ `ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਖਾਣਾ ਮੁਹੱਈਆ ਕਰਨ ਅਤੇ ਗਰੀਬੀ ਤੋਂ ਬਾਹਰ ਕੱਢਣ ਲਈ ਕੀਤੀ ਜਾਵੇਗੀ, ਤਿਵੇਂ ਤਿਵੇਂ ਜ਼ਿਆਦਾ ਕਾਰਬਨਡਾਇਔਕਸਾਈਡ ਵਾਯੂਮੰਡਲ ਵਿੱਚ ਛੱਡੀ ਜਾਵੇਗੀ। ਇਹ ਸਾਰੇ ਲੋਕਾਂ ਦੀ ਸਿਹਤ ਕਾਇਮ ਰੱਖਣ ਅਤੇ ਉਸ ਵਿੱਚ ਸੁਧਾਰ ਕਰਨ, ਉਮਰ ਵਧਾਉਣ, ਖੁਸ਼ਹਾਲੀ ਅਤੇ ਉਤਪਾਦਕਤਾ ਵਧਾਉਣ ਲਈ ਸਹਾਈ ਹੋਵੇਗੀ।... ਕਾਰਬਨਡਾਇਔਕਸਾਈਡ ਦੇ ਵਾਧੇ ਕਾਰਨ ਅਸੀਂ ਬੂਟਿਆਂ ਅਤੇ ਜਾਨਵਰਾਂ ਦੇ ਬਹੁਤ ਜ਼ਿਆਦਾ ਹਰੇ-ਭਰੇ ਵਾਤਾਵਰਨ ਵਿੱਚ ਰਹਿ ਰਹੇ ਹਾਂ। ਸਾਡੇ ਬੱਚੇ ਸਾਡੇ ਮੁਕਾਬਲੇ ਵੱਧ ਬੂਟਿਆਂ ਅਤੇ ਜਾਨਵਰਾਂ ਨਾਲ ਭਰਪੂਰ ਧਰਤੀ ਦਾ ਆਨੰਦ ਮਾਣਨਗੇ। ਇਹ ਸਨਅਤੀ ਇਨਕਲਾਬ ਵੱਲੋਂ ਪੇਸ਼ ਕੀਤਾ ਗਿਆ ਅਦਭੁੱਤ ਅਤੇ ਅਣਕਿਆਸਿਆ ਤੋਹਫਾ ਹੈ।”  
ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਐਕਸਨ ਕਾਰਪੋਰੇਸ਼ਨ ਨੂੰ ਆਪਣੀ ਖੁਦ ਦੀ ਖੋਜ ਤੋਂ 1980ਵਿਆਂ ਤੋਂ ਹੀ ਪਤਾ ਸੀ ਕਿ ਇਸ ਵਲੋਂ ਪੈਦਾ ਕੀਤੀਆਂ ਵਸਤਾਂ (ਤੇਲ, ਗੈਸ ਆਦਿ) ਜਲਵਾਯੂ ਵਿੱਚ ਤਬਦੀਲੀ ਲਿਆਉਣ ਦਾ ਮੁੱਖ ਕਾਰਨ ਹਨ। ਸੰਨ 1977 ਵਿੱਚ ਐਕਸਨ ਨਾਲ ਕੰਮ ਕਦੇ ਸੀਨੀਅਰ ਵਿਗਿਆਨੀ ਜੇਮਜ਼ ਐੱਫ ਬਲੈਕ ਨੇ ਐਕਸਨ ਦੀ ਮੈਨੇਜਮੈਂਟ ਨੂੰ ਦੱਸਿਆ ਸੀ ਕਿ "ਸਭ ਤੋਂ ਪਹਿਲਾਂ, ਵਿਗਿਆਨੀਆਂ ਵਿੱਚ ਇਹ ਆਮ ਸਹਿਮਤੀ ਹੈ ਕਿ ਜਿਸ ਢੰਗ ਨਾਲ ਮਨੁੱਖਤਾ ਵਿਸ਼ਵ ਦੇ ਜਲਵਾਯੂ ਨੂੰ ਪ੍ਰਭਾਵਿਤ ਕਰ ਰਹੀ ਹੈ, ਉਸ ਦਾ ਸਭ ਤੋਂ ਸੰਭਵ ਕਾਰਨ ਫੌਸਿਲ ਫਿਊਲ (ਖਣਿਜ ਪਦਾਰਥ ਤੋਂ ਪੈਦਾ ਹੋਣ ਵਾਲਾ ਬਾਲਣ-ਤੇਲ, ਗੈਸ ਆਦਿ) ਦੀ ਵਰਤੋਂ ਕਾਰਨ ਜਲਵਾਯੂ ਵਿੱਚ ਛੱਡੀ ਜਾਣ ਵਾਲੀ ਕਾਰਬਨਡਾਇਔਕਸਾਈਡ ਹੈ।" ਉਸ ਤੋਂ ਬਾਅਦ ਐਕਸਨ ਨੇ ਆਲਮੀ ਤਪਸ਼ ਬਾਰੇ ਹੋਰ ਖੋਜ ਕਰਨ ਲਈ ਇਕ ਪ੍ਰੋਗਰਾਮ ਸਥਾਪਤ ਕੀਤਾ। ਜਦੋਂ ਇਸ ਪ੍ਰੋਗਰਾਮ ਵੱਲੋਂ ਕੀਤੀ ਖੋਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਫੌਸਿਲ ਫਿਊਲ ਦੀ ਵਰਤੋਂ ਨਾਲ ਆਲਮੀ ਤਪਸ਼ ਦਾ ਵੱਧਣਾ ਸੰਭਵ ਹੈ ਤਾਂ ਐਕਸਨ ਨੇ ਇਸ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਅਤੇ ਇਸ ਖੋਜ ਦੇ ਨਤੀਜਿਆਂ ਨੂੰ ਜਨਤਕ ਕਰਨ ਦੀ ਥਾਂ ਅੰਦਰੇ ਅੰਦਰ ਦੱਬ ਲਿਆ ਅਤੇ ਜਲਵਾਯੂ ਦੀ ਤਬਦੀਲੀ ਨਾਲ ਸੰਬੰਧਿਤ ਵਿਗਿਆਨਕ ਸਚਾਈ ਬਾਰੇ ਸ਼ੱਕ ਪੈਦਾ ਕਰਨ, ਇਸ ਸਚਾਈ ਤੋਂ ਮੁਨਕਰ ਹੋਣ ਵਾਲੇ ਥਿੰਕ ਟੈਂਕਾਂ, ਵਿਗਿਆਨੀਆਂ ਅਤੇ ਸਿਆਸਤਦਾਨਾਂ ਨੂੰ ਪੈਸੇ ਦੇਣ ਲੱਗੀ। ਬਾਅਦ ਵਿੱਚ ਜਦੋਂ ਇਹ ਸਚਾਈ ਦੁਨੀਆ ਦੇ ਸਾਹਮਣੇ ਆ ਗਈ ਤਾਂ ਸੰਨ 2007 ਵਿੱਚ ਐਕਸਨ-ਮੋਬਿਲ ਕਾਰਪੋਰੇਸ਼ਨ (ਸੰਨ 1999 ਵਿੱਚ ਐਕਸਨ ਅਤੇ ਮੋਬਿਲ ਕੰਪਨੀਆਂ ਦੇ ਇਕੱਠੇ ਹੋਣ ਬਾਅਦ ਬਣੀ ਕੰਪਨੀ) ਨੇ ਵਾਅਦਾ ਕੀਤਾ ਕਿ ਅੱਗੇ ਤੋਂ ਉਹ ਜਲਵਾਯੂ ਦੀ ਤਬਦੀਲੀ ਨਾਲ ਸੰਬੰਧਿਤ ਵਿਗਿਆਨ 'ਤੇ ਸ਼ੱਕ ਕਰਨ ਵਾਲਿਆ ਨੂੰ ਪੈਸੇ ਨਹੀਂ ਦੇਵੇਗੀ। ਪਰ ਬਾਅਦ ਵਿੱਚ ਛਪੀਆਂ ਰਿਪੋਰਟਾਂ ਦਸਦੀਆਂ ਹਨ ਕਿ ਐਕਸਨ-ਮੋਬਿਲ ਨੇ ਆਪਣਾ ਇਹ ਵਾਅਦਾ ਪੂਰਾ ਨਹੀਂ ਕੀਤਾ। 2007 ਤੋਂ ਬਾਅਦ ਵੀ ਉਹ ਜਲਵਾਯੂ ਵਿੱਚ ਤਬਦੀਲੀ ਨਾਲ ਸੰਬੰਧਿਤ ਵਿਗਿਆਨ ਬਾਰੇ ਸ਼ੱਕ ਪੈਦਾ ਕਰਨ ਵਾਲਿਆਂ ਨੂੰ ਪੈਸੇ ਦਿੰਦੀ ਆ ਰਹੀ ਹੈ। ਜੁਲਾਈ 2015 ਵਿੱਚ ਗਾਰਡੀਅਨ ਵਿੱਚ ਛਪੇ ਇਕ ਆਰਟੀਕਲ ਅਨੁਸਾਰ ਇਹ ਵਾਅਦਾ ਕਰਨ ਤੋਂ ਅੱਠ ਸਾਲ ਬਾਅਦ ਐਕਸਨ ਮੋਬਿਲ ਨੇ ਜਲਵਾਯੂ ਵਿੱਚ ਤਬਦੀਲੀ ਦੀ ਵਿਗਿਆਨਕ ਸਚਾਈ ਤੋਂ ਮੁਨਕਰ ਹੋਣ ਵਾਲੇ ਅਮਰੀਕਾ ਦੀ ਕਾਂਗਰਸ ਦੇ ਮੈਂਬਰਾਂ ਅਤੇ ਲੌਬੀ ਗਰੁੱਪਾਂ ਨੂੰ 23 ਕ੍ਰੋੜ (2.3 ਮਿਲੀਅਨ) ਡਾਲਰ ਦਿੱਤੇ ਸਨ।  ਵਸ਼ਿੰਗਟਨ, ਡੀ ਸੀ ਵਿੱਚ ਸਥਿਤ ਯੂਨੀਅਨ ਆਫ ਕਨਸਰਨਡ ਸਾਇੰਟਿਸਟਸ ਦੇ ਸੀਨੀਅਰ ਲੇਖਕ ਐਲੀਅਟ ਨੀਗਨ ਨੇ 27 ਅਕਤੂਬਰ 2021 ਨੂੰ ਛਪੇ ਆਪਣੇ ਇਕ ਆਰਟੀਕਲ ਵਿੱਚ ਲਿਖਿਆ ਹੈ ਕਿ ਐਕਸਨ ਮੋਬਿਲ ਜਲਵਾਯੂ ਦੀ ਸਾਇੰਸ ਤੋਂ ਮੁਨਕਰ ਹੋਣ ਵਾਲੇ ਥਿੰਕ ਟੈਂਕਾਂ ਅਤੇ ਐਡਵੋਕੇਸੀ ਗਰੁੱਪਾਂ ਨੂੰ ਪੈਸੇ ਦੇਣੇ ਜਾਰੀ ਰੱਖ ਰਹੀ ਹੈ ਅਤੇ ਸੰਨ 1998 ਤੋਂ ਲੈ ਕੇ ਹੁਣ ਤੱਕ ਇਸ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ 3.9 ਕ੍ਰੋੜ (39 ਮਿਲੀਅਨ) ਡਾਲਰ ਦਿੱਤੇ ਹਨ।  
ਐਕਸਨ-ਮੌਬਿਲ ਤੋਂ ਬਿਨਾਂ ਹੋਰ ਤੇਲ ਕੰਪਨੀਆਂ ਨੂੰ ਵੀ ਕਾਫੀ ਸਮਾਂ ਪਹਿਲਾਂ ਇਸ ਗੱਲ ਦਾ ਪਤਾ ਸੀ ਕਿ ਤੇਲ ਦੀ ਵਰਤੋਂ ਕਾਰਨ ਪੈਦਾ ਹੁੰਦੀ ਕਾਰਬਨ ਡਾਈਔਕਸਾਈਡ ਜਲਵਾਯੂ ਵਿੱਚ ਤਬਦੀਲੀਆਂ ਦਾ ਕਾਰਨ ਬਣ ਸਕਦੀ ਹੈ। ਇਸ ਬਾਰੇ ਇਨਸਾਈਡ ਕਲਾਈਮੇਟ ਨਿਊਜ਼ ਦੀ ਸਾਈਟ `ਤੇ 22 ਦਸੰਬਰ, 2015 ਨੂੰ ਨੀਨਾ ਬੈਨਰਜੀ ਦੇ ਛਪੇ ਇਕ ਆਰਟੀਕਲ ਵਿੱਚੋਂ ਕੁੱਝ ਜਾਣਕਾਰੀ ਪੇਸ਼ ਹੈ। ਸੰਨ 1979 ਅਤੇ 1983 ਵਿਚਕਾਰ ਅਮਰੀਕਨ ਪੈਟਰੋਲੀਅਮ ਇੰਸਟੀਚਿਊਟ ਅਤੇ ਹੋਰ ਕਈ ਤੇਲ ਕੰਪਨੀਆਂ ਨੇ ਰਲਕੇ ਇਕ ਟਾਸਕ ਫੋਰਸ ਬਣਾਈ ਸੀ ਜਿਸ ਦਾ ਮਕਸਦ ਜਲਵਾਯੂ ਵਿੱਚ ਤਬਦੀਲੀਆਂ ਬਾਰੇ ਖੋਜ ਕਰਨਾ ਅਤੇ ਇਸ ਖੋਜ ਨੂੰ ਇਕ ਦੂਸਰੇ ਨਾਲ ਸਾਂਝੀ ਕਰਨਾ ਸੀ। ਇਸ ਗਰੁੱਪ ਦੇ ਮੈਂਬਰਾਂ ਵਿੱਚ ਤੇਲ ਅਤੇ ਗੈਸ ਨਾਲ ਸੰਬੰਧਿਤ ਅਮਰੀਕਾ ਦੀਆਂ ਅਤੇ ਬਹੁਕੌਮੀ ਵੱਡੀਆਂ ਕੰਪਨੀਆਂ ਦੇ ਸੀਨੀਅਰ ਵਿਗਿਆਨੀ ਅਤੇ ਇੰਜਨੀਅਰ ਸ਼ਾਮਲ ਸਨ। ਇਸ ਗਰੁੱਪ ਵਿੱਚ ਸ਼ਾਮਲ ਕੁੱਝ ਕੰਪਨੀਆਂ ਦੇ ਨਾਂ ਇਸ ਪ੍ਰਕਾਰ ਹਨ: ਐਕਸਨ, ਮੋਬਿਲ, ਐਮੋਕੋ, ਫਿਲਪਸ, ਟੈਕਸਾਕੋ, ਸ਼ੈੱਲ, ਸਨੋਕੋ, ਸੋਹੀਓ, ਸਟੈਂਡਰਡ ਆਇਲ ਅਤੇ ਗਲਫ ਆਇਲ।  ਸੰਨ 1979 ਵਿੱਚ ਇਕ ਪੇਪਰ ਲੇਖਕ ਨੇ ਅਮਰੀਕਨ ਪੈਟਰੌਲੀਅਮ ਇੰਸਟੀਚਿਊਟ ਦੇ ਮੈਂਬਰਾਂ ਨੂੰ ਦੱਸਿਆ ਕਿ  ਵਾਯੂਮੰਡਲ ਵਿੱਚ ਕਾਰਬਨ ਡਾਈਔਕਸਾਈਡ ਲਗਾਤਾਰ ਵੱਧ ਰਹੀ ਹੈ ਅਤੇ ਨੇੜ ਭਵਿੱਖ ਵਿੱਚ ਇਸ ਕਾਰਨ ਜਲਵਾਯੂ ਵਿੱਚ ਤਬਦੀਲੀ ਦੇ ਅਸਰ ਦੇਖੇ ਜਾ ਸਕਣਗੇ। ਇਸ ਦੇ ਨਾਲ ਹੀ ਇਸ ਸਮੇਂ ਅਮਰੀਕਨ ਪੈਟਰੌਲੀਅਮ ਇੰਸਟੀਚਿਊਟ ਦੇ ਮੈਂਬਰ ਇਸ ਵਿਚਾਰ ਨਾਲ ਸਹਿਮਤ ਜਾਪਦੇ ਸਨ ਕਿ ਸ਼ਾਇਦ ਤੇਲ ਸਨਅਤ ਨੂੰ ਵਾਯੂਮੰਡਲ ਵਿੱਚ ਛੱਡੀ ਜਾ ਰਹੀ ਕਾਰਬਨ ਡਾਇਔਕਸਾਈਡ ਦੀ ਮਾਤਰਾ ਘਟਾਉਣ ਲਈ ਕੁੱਝ ਜ਼ਿੰਮੇਵਾਰੀ ਉਠਾਉਣੀ ਪਵੇਗੀ। ਇਸ ਜਾਣਕਾਰੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹਨਾਂ ਤੇਲ ਕੰਪਨੀਆਂ ਨੂੰ ਵੀ 1979 ਤੋਂ ਪਤਾ ਸੀ ਕਿ ਉਹਨਾਂ ਦਾ ਉਤਪਾਦ, ਤੇਲ, ਵਾਯੂਮੰਡਲ ਵਿੱਚ ਕਾਰਬਨ ਡਾਈਔਕਸਾਈਡ ਵਧਾਉਣ ਅਤੇ ਜਲਵਾਯੂ ਵਿੱਚ ਤਬਦੀਲੀਆਂ ਲਿਆਉਣ ਲਈ ਜ਼ਿੰਮੇਵਾਰ ਹੈ। ਪਰ ਕੀ ਅਮਰੀਕਨ ਪੈਟਰੌਲੀਅਮ ਇੰਸਟੀਚਿਊਟ ਨੇ ਜਲਵਾਯੂ ਵਿੱਚ ਤਬਦੀਲੀਆਂ ਦੇ ਖਤਰੇ ਨੂੰ ਘਟਾਉਣ ਲਈ ਕੋਈ ਯਤਨ ਕੀਤੇ? ਜੁਆਬ ਹੈ, ਨਹੀਂ। ਨੀਨਾ ਬੈਨਰਜੀ ਦੇ ਉਪ੍ਰੋਕਤ ਆਰਟੀਕਲ ਅਨੁਸਾਰ, 1990ਵਿਆਂ ਵਿੱਚ ਅਮਰੀਕਨ ਪੈਟਰੌਲੀਅਮ ਇੰਸਟੀਚਿਊਟ  ਗਲੋਬਲ ਕਲਾਈਮੇਟ ਕੋਆਲੀਸ਼ਨ (ਜੀ ਸੀ ਸੀ) ਦਾ ਮੈਂਬਰ ਬਣ ਗਿਆ। ਗਲੋਬਲ ਕਲਾਈਮੇਟ ਕੋਆਲੀਸ਼ਨ ਦੇ ਮੈਂਬਰਾਂ ਵਿੱਚ ਐਕਸਨ ਅਤੇ ਤੇਲ ਦੀ ਸਨਅਤ ਨਾਲ ਸੰਬੰਧਿਤ ਹੋਰ ਕੰਪਨੀਆਂ ਅਤੇ ਹੋਰ ਤੇਲ ਉਤਪਾਦਕ ਸ਼ਾਮਲ ਸਨ ਅਤੇ ਇਸ ਕੋਆਲੀਸ਼ਨ ਦਾ ਮਕਸਦ ਅੰਤਰਰਾਸ਼ਟਰੀ ਪੱਧਰ `ਤੇ ਗਰੀਨ ਹਾਊਸ ਗੈਸਾਂ (ਧਰਤੀ `ਤੇ ਗਰਮੀ ਨੂੰ ਰੋਕ ਕੇ ਰੱਖਣ ਵਾਲੀਆਂ ਗੈਸਾਂ)  ਦੀ ਮਾਤਰਾ ਨੂੰ ਘਟਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਲੀਹੋਂ ਲਾਹੁਣਾ ਸੀ। 1997 ਵਿੱਚ ਕਿਉਟੋ ਪ੍ਰੋਟੋਕਲ ਵਿੱਚ ਇਹ ਮਤਾ ਅਪਣਾਇਆ ਗਿਆ ਸੀ ਕਿ ਦੁਨੀਆ ਦੇ ਦੇਸ਼ਾਂ ਵੱਲੋਂ ਫੌਸਿਲ ਫਿਊਲ ਦੀ ਵਰਤੋਂ ਕਾਰਨ ਪੈਦਾ ਹੋਣ ਵਾਲੀਆਂ ਗੈਸਾਂ ਦੀ ਮਾਤਰਾ ਨੂੰ ਘਟਾਇਆ ਜਾਵੇ। ਇਸ ਤੋਂ ਇਕ ਸਾਲ ਬਾਅਦ ਸੰਨ 1998 ਵਿੱਚ ਅਮਰੀਕਨ ਪੈਟਰੌਲੀਅਮ ਇੰਸਟੀਚਿਊਟ ਨੇ ਅਮਰੀਕਾ ਦੇ ਲੋਕਾਂ ਅਤੇ ਕਾਨੂੰਨ ਬਣਾਉਣ ਵਾਲਿਆਂ ਨੂੰ ਇਹ ਮਨਾਉਣ ਲਈ ਇਕ ਮੁਹਿੰਮ ਚਲਾਈ ਕਿ ਜਲਵਾਯੂ ਨਾਲ ਸੰਬੰਧਿਤ ਸਾਇੰਸ ਕਾਫੀ ਕੱਚੀ ਹੈ ਅਤੇ ਇਸ ਲਈ ਅਮਰੀਕਾ ਨੂੰ ਕਿਓਟੋ ਪ੍ਰੋਟੋਕਲ ਦੀ ਸੰਧੀ ਦੀ ਪੁਸ਼ਟੀ ਨਹੀਂ ਕਰਨੀ ਚਾਹੀਦੀ। ਅਮਰੀਕਨ ਪੈਟਰੌਲੀਅਮ ਇੰਸਟੀਚਿਊਟ ਵਲੋਂ ਗਰੁੱਪ ਵਿੱਚ ਅੰਦਰੂਨੀ ਤੌਰ `ਤੇ ਵੰਡੀ ਜਾਣਕਾਰੀ ਵਿੱਚ ਕਿਹਾ ਗਿਆ "ਜਦੋਂ ਤੱਕ 'ਜਲਵਾਯੂ ਵਿੱਚ ਤਬਦੀਲੀ' ਇਕ ਨੌਨ-ਇਸ਼ੂ ਨਹੀਂ ਬਣ ਜਾਂਦਾ, ਭਾਵ ਜਦੋਂ ਤੱਕ ਕਿਓਟੋ ਪ੍ਰੋਟੋਕਲ ਦੀ ਹਾਰ ਨਹੀਂ ਹੁੰਦੀ ਅਤੇ ਜਲਵਾਯੂ ਦੀ ਤਬਦੀਲੀ ਦੇ ਖਤਰੇ ਨੂੰ ਘਟਾਉਣ ਲਈ ਕੋਈ ਵੀ ਹੋਰ ਉਦਮ ਸਾਹਮਣੇ ਨਹੀਂ ਰਹਿੰਦਾ, ਉਦੋਂ ਤੱਕ ਸਾਡੇ ਯਤਨਾਂ ਨੂੰ ਜੇਤੂ ਕਰਾਰ ਦੇਣ ਦਾ ਸਮਾਂ ਨਹੀਂ ਆਏਗਾ।"  ਅਮਰੀਕਨ ਪੈਟਰੌਲੀਅਮ  ਇੰਸਟੀਚਿਊਟ ਅਤੇ ਗਲੋਬਲ ਕਲਾਈਮੇਟ ਕੋਆਲੀਸ਼ਨ ਲਈ ਜਿੱਤ ਦਾ ਪਲ ਉਸ ਸਮੇਂ ਆ ਗਿਆ ਜਦੋਂ ਜੌਰਜ ਡਬਲਿਊ ਬੁੱਸ਼ ਨੇ ਅਮਰੀਕਾ ਨੂੰ ਕਿਓਟੋ ਐਗਰੀਮੈਂਟ ਤੋਂ ਵੱਖ ਕਰ ਲਿਆ। ਬੁੱਸ਼ ਦੇ ਇਸ ਫੈਸਲੇ ਤੋਂ ਬਾਅਦ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਇਕ ਉੱਚ ਅਧਿਕਾਰੀ ਨੇ ਗਲੋਬਲ ਕਲਾਈਮੇਟ ਕੋਆਲੀਸ਼ਨ ਦਾ ਧੰਨਵਾਦ ਕੀਤਾ, ਕਿਉਂਕਿ ਉਸ ਅਨੁਸਾਰ, ਕਿਓਟੋ ਪ੍ਰੋਟੋਕਲ ਤੋਂ ਪਿੱਛੇ ਹਟਣ ਦੇ ਬੁੱਸ਼ ਦੇ ਫੈਸਲੇ ਵਿੱਚ ਕੁੱਝ ਹੱਦ ਤੱਕ ਗਲੋਬਲ ਕਲਾਈਮੇਟ ਕੋਆਲੀਸ਼ਨ ਦੀ ਰਾਇ ਦੀ ਵੀ ਭੂਮਿਕਾ ਸੀ।  
ਜਲਵਾਯੂ ਵਿੱਚ ਤਬਦੀਲੀਆਂ ਨਾਲ ਸੰਬੰਧਿਤ ਸਾਇੰਸ ਨੂੰ ਝੁਠਲਾਉਣ, ਉਸ `ਤੇ ਸ਼ੰਕੇ ਖੜ੍ਹੇ ਕਰਨ ਅਤੇ ਉਸ ਦੇ ਮੁਕਾਬਲੇ ਝੂਠੀ ਜਾਣਕਾਰੀ ਪੈਦਾ ਕਰਨ ਦੇ ਮਕਸਦ ਨਾਲ ਥਿੰਕ ਟੈਂਕਾਂ, ਵਿਦਿਅਕ ਅਤੇ ਖੋਜ ਸੰਸਥਾਂਵਾਂ ਆਦਿ ਨੂੰ ਵੱਡੀ ਮਾਤਰਾ ਵਿੱਚ ਪੈਸੇ ਦੇਣ ਵਾਲਿਆਂ ਦੇ ਖੇਤਰ ਵਿੱਚ ਅਗਲੀ ਉਦਾਹਰਨ ਅਮਰੀਕਾ ਸਥਿੱਤ ਬਹੁਕੌਮੀ ਕਾਰਪੋਰੇਸ਼ਨ ਕੋਕ ਇੰਡਸਟਰੀਜ਼ ਦੀ ਹੈ। ਇਸ ਕਾਰਪੋਰੇਸ਼ਨ ਬਾਰੇ ਦਿੱਤੀ ਜਾ ਰਹੀ ਜਾਣਕਾਰੀ  ਓਕਬਾਜ਼ਗੀ ਦੀ ਕਿਤਾਬ ਦੀ ਬਾਇਓਫਿਊਲ ਡਿਸੈਪਸ਼ਨ ਅਤੇ ਗਰੀਨ ਪੀਸ ਵੱਲੋਂ 2010 ਵਿੱਚ ਛਪੀ ਰਿਪੋਰਟ ਕੋਕ ਇੰਡਸਟਰੀਜ਼ ਸੀਕਰੇਟਲੀ ਫੰਡਿੰਗ ਦੀ ਕਲਾਈਮੇਟ ਡਿਨਾਇਲ ਮਸ਼ੀਨ ਵਿੱਚੋਂ ਲਈ ਗਈ ਹੈ। ਕੋਕ ਇੰਡਸਟਰੀਜ਼ ਦਾ ਹੈਡਕੁਆਰਟਰ ਅਮਰੀਕਾ ਦੇ ਕੈਨਸਸ ਸੂਬੇ ਦੇ ਸ਼ਹਿਰ ਵਿਚਿਟਾ ਵਿੱਚ ਹੈ। ਮੁੱਖ ਤੌਰ `ਤੇ ਪੈਟਰੌਲੀਅਮ ਅਤੇ ਕੈਮੀਕਲ ਦੇ ਖੇਤਰ ਵਿੱਚ ਸਰਗਰਮ ਕੋਕ ਇੰਡਸਟਰੀਜ਼ 60 ਦੇ ਕਰੀਬ ਦੇਸ਼ਾਂ ਵਿੱਚ ਕਾਰੋਬਾਰ ਕਰਦੀ ਹੈ ਅਤੇ ਇਸ ਦੇ ਉਤਪਾਦਾਂ ਦੀ ਸਲਾਨਾ ਵਿਕਰੀ 115 ਅਰਬ (ਬਿਲੀਅਨ ਡਾਲਰ) ਦੇ ਕਰੀਬ ਹੈ ਅਤੇ ਇਸ ਦੇ ਇਕ ਲੱਖ ਦੇ ਕਰੀਬ ਕਰਮਚਾਰੀ ਹਨ। ਇਕੱਲੇ ਅਮਰੀਕਾ ਵਿੱਚ ਇਸ ਕੋਲ 4 ਤੇਲ ਸਾਫ ਕਰਨ ਵਾਲੀਆਂ ਰਿਫਾਈਨਰੀਆਂ, ਛੇ ਐਥਾਨੌਲ ਪੈਦਾ ਕਰਨ ਵਾਲੇ ਪਲਾਂਟ, ਇਕ ਗੈਸ ਨਾਲ ਬਿਜਲੀ ਪੈਦਾ ਕਰਨ ਵਾਲਾ ਪਲਾਂਟ, ਅਤੇ 4000 ਮੀਲ ਲੰਬੀ ਪਾਈਪ ਲਾਈਨ ਹੈ। ਸੰਨ 1990ਵਿਆਂ ਤੋਂ ਲੈ ਕੇ ਕੈਨੇਡਾ ਦੇ ਸੂਬੇ ਅਲਬਰਟਾ ਵਿਚਲੇ ਟਾਰ ਸੈਂਡਜ਼ ਦੀਆਂ ਕਈ ਲੀਜ਼ਾਂ ਇਸ ਕੋਲ ਹਨ ਅਤੇ ਇਹ ਕੈਨੇਡਾ ਤੋਂ ਅਮਰੀਕਾ ਦੇ ਸੂਬਿਆਂ ਮਿਨੀਸੋਟਾ ਅਤੇ ਵਿਸਕੌਨਸਿਨ ਤੱਕ ਕਰੂਡ ਓਇਲ ਲਿਜਾਣ ਵਾਲੀ ਕੋਕ ਪਾਈਪ ਲਾਈਨ ਕੰਪਨੀ ਦੀ ਮਾਲਕ ਹੈ।    
ਕੋਕ ਇੰਡਸਟਰੀਜ਼ ਵੱਲੋਂ ਵਾਤਾਵਰਨ ਵਿੱਚ ਪ੍ਰਦੂਸ਼ਨ ਫੈਲਾਉਣ ਅਤੇ ਵਾਤਾਵਰਨ ਦੇ ਬਚਾਅ ਲਈ ਬਣਾਏ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਇਕ ਲੰਬਾ ਰਿਕਾਰਡ ਹੈ। ਉਦਾਹਰਨ ਲਈ ਸੰਨ 2009 ਵਿੱਚ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਅਤੇ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਐਲਾਨ ਕੀਤਾ ਸੀ ਕਿ ਕੋਕ ਇੰਡਸਟਰੀਜ਼ ਦੀ ਇਕ ਮਾਤਾਹਿਤ (ਸਬਸਿਡਰੀ) ਕੰਪਨੀ ਇਨਵਿਸਟਾ ਨੂੰ ਕਈ ਸੂਬਿਆਂ ਵਿੱਚ ਵਾਤਾਵਰਨ ਦੇ ਕਾਨੂੰਨਾਂ ਦੀਆਂ ਕੀਤੀਆਂ ਉਲੰਘਣਾਵਾਂ ਕਾਰਨ 17 ਲੱਖ (1.7 ਮਿਲੀਅਨ) ਡਾਲਰ ਦੀ ਪੈਨਲਟੀ ਦੇਣੀ ਪਏਗੀ ਅਤੇ 50 ਕ੍ਰ੍ਰੋੜ (500 ਮਿਲੀਅਨ) ਡਾਲਰ ਉਹਨਾਂ ਉਲੰਘਣਾਵਾਂ ਨੂੰ ਠੀਕ ਕਰਨ ਲਈ ਖਰਚਣੇ ਪੈਣਗੇ। ਦਸੰਬਰ 2009 ਵਿੱਚ ਕੋਕ ਇੰਡਸਟਰੀਜ਼ ਦੀ ਇਕ ਪਾਈਪ ਲਾਈਨ ਵਿੱਚੋਂ ਮਿਨੀਸੋਟਾ ਸੂਬੇ ਦੇ ਸ਼ਹਿਰ ਫਿਲਬੁਰੱਕ ਵਿਖੇ 2 ਲੱਖ 10 ਹਜ਼ਾਰ ਗੈਲਨ ਕੱਚਾ ਤੇਲ (ਕਰੂਡ ਆਇਲ) ਲੀਕ ਹੋਇਆ ਸੀ ਅਤੇ ਸੰਨ 2005 ਵਿੱਚ ਇਕ ਹੋਰ ਦੁਰਘਟਨਾ ਦੌਰਾਨ ਮਿਨੀਸੋਟਾ ਵਿੱਚ ਹੀ ਲਿਟਲ ਫਾਲਜ਼ ਵਿਖੇ 1 ਲੱਖ ਗੈਲਨ ਕੱਚਾ ਤੇਲ ਲੀਕ ਹੋਇਆ ਸੀ। ਸੰਨ 2000 ਵਿੱਚ ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਤੇਲ ਲੀਕ ਹੋਣ ਦੀਆਂ 300 ਘਟਨਾਵਾਂ ਕਾਰਨ ਕੋਕ ਇੰਡਸਟਰੀਜ਼ ਨੂੰ 3 ਕ੍ਰੋੜ (30 ਮਿਲੀਅਨ) ਡਾਲਰ ਦਾ ਜੁਰਮਾਨਾ ਕੀਤਾ ਸੀ। ਤੇਲ ਲੀਕ ਹੋਣ ਦੀਆਂ ਇਹਨਾਂ ਘਟਨਾਵਾਂ ਦੌਰਾਨ  3 ਕ੍ਰੋੜ (30 ਮਿਲੀਅਨ) ਗੈਲਨ ਕੱਚਾ ਤੇਲ ਤਲਾਵਾਂ, ਝੀਲਾਂ, ਨਦੀਆਂ/ਨਾਲਿਆਂ ਅਤੇ ਸਮੁੰਦਰੀ ਤੱਟ ਨਾਲ ਲਗਦੇ ਪਾਣੀਆਂ ਵਿੱਚ ਲੀਕ ਹੋਇਆ ਸੀ।
ਵਾਤਾਵਰਨ ਵਿੱਚ ਇਸ ਤਰ੍ਹਾਂ ਦਾ ਪ੍ਰਦੂਸ਼ਣ ਫੈਲਾਉਣਾ ਕੋਕ ਇੰਡਸਟਰੀਜ਼ ਦੇ ਕਾਰੋਬਾਰ ਦਾ ਇਕ ਅਨਿੱਖੜਵਾਂ ਹਿੱਸਾ ਹੈ। ਉਹ ਇਹ ਸਭ ਕੁੱਝ ਕਰਨਾ ਤਾਂ ਹੀ ਜਾਰੀ ਰੱਖ ਸਕਦੇ ਹਨ ਜੇ ਵਾਤਾਵਰਨ ਦੇ ਬਚਾਅ ਲਈ ਬਣਾਏ ਗਏ ਕਾਨੂੰਨ ਕਮਜ਼ੋਰ ਹੋਣ ਜਾਂ ਹੋਂਦ ਵਿੱਚ ਹੀ ਨਾ ਆਉਣ। ਇਹਨਾਂ ਕਾਨੂੰਨਾਂ ਨੂੰ ਕਮਜ਼ੋਰ ਕਰਨ ਜਾਂ ਹੋਂਦ ਵਿੱਚ ਆਉਣ ਤੋਂ ਰੋਕਣ ਦੇ ਕਈ ਢੰਗਾਂ ਵਿੱਚੋਂ ਇਕ ਢੰਗ ਇਹ ਹੈ ਕਿ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਤੱਥਾਂ ਅਤੇ ਸਾਇੰਸ ਨੂੰ ਝੁਠਲਾਇਆ ਜਾਵੇ, ਉਹਨਾਂ ਦੇ ਬਰਾਬਰ ਝੂਠੇ ਤੱਥ ਅਤੇ ਜਾਣਕਾਰੀ ਖੜ੍ਹੀ ਕਰਕੇ ਉਹਨਾਂ ਬਾਰੇ ਸ਼ੱਕ ਪੈਦਾ ਕੀਤੀ ਜਾਵੇ। ਅਜਿਹਾ ਕਰਨ ਲਈ ਕੋਕ ਇੰਡਸਟਰੀਜ਼ ਬਹੁਤ ਸਾਰੇ ਅਜਿਹੇ ਥਿੰਕ ਟੈਂਕਾਂ, ਖੋਜ ਸੰਸਥਾਵਾਂ, ਅਤੇ ਵਿਦਿਅਕ ਸੰਸਥਾਂਵਾਂ ਨੂੰ ਫੰਡ ਦਿੰਦੀ ਹੈ ਜੋ ਵਾਤਾਵਰਨ ਅਤੇ ਜਲਵਾਯੂ ਵਿੱਚ ਤਬਦੀਲੀਆਂ ਨਾਲ ਸੰਬੰਧਿਤ ਸਾਇੰਸ ਵਿੱਚ ਯਕੀਨ ਨਹੀਂ ਕਰਦੇ।ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਸੰਨ 1997 ਵਿੱਚ ਵਾਤਾਵਰਨ ਦੇ ਸੰਕਟ ਬਾਰੇ ਅੰਤਰਰਾਸ਼ਟਰੀ ਪੱਧਰ `ਤੇ ਕਿਓਟੋ ਪ੍ਰੋਟੋਕਲ ਨਾਂ ਹੇਠ ਇਕ ਗੱਲਬਾਤ ਹੋਈ ਸੀ ਅਤੇ ਵਾਤਾਵਰਨ ਦੇ ਸੰਕਟ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ `ਤੇ ਚਰਚਾ ਦਾ ਕੇਂਦਰ ਬਣਿਆ ਸੀ। ਉਸ ਸਾਲ ਤੋਂ ਹੀ ਕਾਰਪੋਰੇਸ਼ਨਾਂ ਵੱਲੋਂ ਜਲਵਾਯੂ ਨਾਲ ਸੰਬੰਧਿਤ ਤਬਦੀਲੀਆਂ ਦਾ ਵਿਰੋਧ ਕਰਨ ਦਾ ਕਾਰਜ ਤਿੱਖਾ ਹੋ ਗਿਆ ਸੀ। ਉਦਾਹਰਨ ਲਈ ਸੰਨ 1997 ਤੋਂ ਲੈ ਕੇ ਸੰਨ 2008 ਤੱਕ ਕੋਕ ਇੰਡਸਟਰੀਜ਼ ਦੇ ਮਾਲਕ ਭਰਾਵਾਂ ਵੱਲੋਂ ਸਥਾਪਤ ਕੀਤੀ ਕੋਕ ਫਾਊਂਡੇਸ਼ਨ ਨੇ ਜਲਵਾਯੂ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਗਰੁੱਪਾਂ ਨੂੰ 4.8 ਕ੍ਰੋੜ (48 ਮਿਲੀਅਨ) ਡਾਲਰ ਦੇ ਫੰਡ ਦਿੱਤੇ ਸਨ। ਇਹਨਾਂ ਗਰੁੱਪਾਂ ਦਾ ਕੰਮ ਊਰਜਾ ਦੇ ਸਾਫ ਸ੍ਰੋਤਾਂ ਅਤੇ ਜਲਵਾਯੂ ਨਾਲ ਸੰਬੰਧਿਤ ਸਾਇੰਸ ਅਤੇ ਨੀਤੀਆਂ ਵਿਰੁੱਧ ਗਲਤ ਅਤੇ ਗੁਮਰਾਹ ਕਰੂ ਜਾਣਕਾਰੀ ਪੈਦਾ ਕਰਨਾ ਅਤੇ ਫੈਲਾਉਣਾ ਸੀ। ਉਦਾਹਰਨ ਲਈ ਅਮਰੀਕਾ ਦੇ ਸੂਬੇ ਵਿਰਜੀਨੀਆ ਵਿੱਚ ਸਥਿੱਤ ਜੋਰਜ ਮੇਸਨ ਯੂਨੀਵਰਸਟੀ ਨਾਲ ਸੰਬੰਧਿਤ ਮਰਕੇਟਸ ਸੈਂਟਰ ਨੂੰ ਕੋਕ ਫਾਊਂਡੇਸ਼ਨ ਵੱਲੋਂ ਸੰਨ 1997 -2008 ਵਿਚਕਾਰ  98 ਲੱਖ 74 ਹਜ਼ਾਰ 5 ਸੌ (9.87 ਮਿਲੀਅਨ) ਡਾਲਰ ਦੇ ਫੰਡ ਪ੍ਰਾਪਤ ਹੋਏ ਸਨ। ਸੰਨ 2001 ਵਿੱਚ ਇਸ ਸੈਂਟਰ ਨੇ ਸਲਾਹ ਦਿੱਤੀ ਸੀ ਕਿ ਆਲਮੀ ਤਪਸ਼ (ਗਲੋਬਲ ਵਾਰਮਿੰਗ) "ਰਾਤ ਨੂੰ, ਸਿਆਲਾਂ ਵਿੱਚ ਅਤੇ ਧਰੁਵਾਂ 'ਤੇ ਵਾਪਰੇਗੀ ਅਤੇ ਫਾਇਦੇਮੰਦ ਹੋਵੇਗੀ"। ਸੰਨ 2009 ਵਿੱਚ ਉਹਨਾਂ ਨੇ ਇਹ ਤਾਂ ਮੰਨ ਲਿਆ ਕਿ ਆਲਮੀ ਤਪਸ਼ (ਗਲੋਬਲ ਵਾਰਮਿੰਗ) ਮਨੁੱਖੀ ਸਰਗਰਮੀਆਂ ਕਾਰਨ ਹੁੰਦੀ ਹੈ ਅਤੇ ਇਸ ਨਾਲ ਸਮੱਸਿਆ ਪੈਦਾ ਹੋ ਸਕਦੀਆਂ ਹਨ। ਪਰ ਆਪਣੀਆਂ ਸਿਫਾਰਿਸ਼ਾਂ ਵਿੱਚ ਇਹ ਕਿਹਾ ਕਿ ਇਸ ਨੂੰ ਪੈਦਾ ਕਰਨ ਵਾਲੀਆਂ ਗੈਸਾਂ ਦੇ ਫੈਲਾਅ ਨੂੰ ਘਟਾਉਣ ਲਈ ਕੁੱਝ ਵੀ ਕਰਨ ਦੀ ਲੋੜ ਨਹੀਂ ਹੈ। ਜਦੋਂ ਜੌਰਜ ਡਬਲਿਊ ਬੁੱਸ਼ ਅਮਰੀਕਾ ਦਾ ਪ੍ਰੈਜ਼ੀਡੈਟ ਬਣਿਆ ਤਾਂ ਇਸ ਸੈਂਟਰ ਨੇ ਅਮਰੀਕਾ ਦੇ ਸੋਸ਼ਲ ਸਿਕਿਉਰਟੀ ਪ੍ਰੋਗਰਾਮ ਨੂੰ ਨਿੱਜੀ ਹੱਥਾਂ ਵਿੱਚ ਦੇਣ, ਟੈਕਸਾਂ ਵਿੱਚ ਹੋਰ ਕਟੌਤੀਆ ਕਰਨ, ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੂੰ ਖਤਮ ਕਰਨ ਅਤੇ ਸਰਕਾਰ ਦੀ ਸਹਾਇਤਾ ਨਾਲ ਚਲਦੇ ਵੈਲਫੇਅਰ ਸਿਸਟਮ ਅਤੇ ਮੈਡੀਕੇਅਰ ਨੂੰ ਖਤਮ ਕਰਨ ਵਰਗੀਆਂ ਸਿਫਾਰਿਸ਼ਾਂ ਕੀਤੀਆਂ। ਬੁੱਸ਼ ਨੇ ਇਸ ਸੈਂਟਰ ਨਾਲ ਕੰਮ ਕਰਦੀ ਅਤੇ ਜਨਤਕ ਹਿਤਾਂ ਲਈ ਬਣਾਏ ਜਾਣ ਵਾਲੇ ਕਾਨੂੰਨਾਂ (ਰੈਗੂਲੇਸ਼ਨ) ਦੀ ਕੱਟੜ ਵਿਰੋਧੀ ਸੂਜ਼ਨ ਡੂਡਲੀ ਨੂੰ ਆਪਣੇ ਪ੍ਰਸ਼ਾਸਨ ਵਿੱਚ ਇਕ ਵੱਡੇ ਅਹੁਦੇ, ਆਫਿਸ ਆਫ ਮੈਨੇਜਮੈਂਟ ਐਂਡ ਬੱਜਟ ਵਿੱਚ ਐਡਮਿਨਸਟ੍ਰੇਟਰ ਆਫ ਦੀ ਆਫਿਸ ਆਫ ਇਨਫਰਮੇਸ਼ਨ ਐਂਡ ਰੈਗੂਲੇਟਰੀ ਅਫੇਅਰਜ਼, 'ਤੇ ਤੈਨਾਤ ਕੀਤਾ ਸੀ।  ਇਸ ਹੀ ਤਰ੍ਹਾਂ ਸੰਨ 1997 ਅਤੇ 2008 ਵਿੱਚਕਾਰ ਫੈਡਰਲਿਸਟ ਸੁਸਾਇਟੀ ਫਾਰ ਲਾਅ ਅਤੇ ਪਬਲਿਕ ਸਟੱਡੀਜ਼ ਨੂੰ ਕੋਕ ਫਾਊਂਡੇਸ਼ਨ ਵੱਲੋਂ 17.5 ਲੱਖ (1.75 ਮਿਲੀਅਨ) ਡਾਲਰ ਦੇ ਫੰਡ ਦਿੱਤੇ ਗਏ ਸਨ। ਇਹ ਸੁਸਾਇਟੀ ਵੀ ਆਲਮੀ ਤਪਸ਼ ਬਾਰੇ ਕੁੱਝ ਵੀ ਨਾ ਕਰਨ ਦੀ ਸਿਫਾਰਿਸ਼ ਕਰਦੀ ਹੈ। ਇਸ ਸੁਸਾਇਟੀ ਅਨੁਸਾਰ "ਆਲਮੀ ਤਪਸ਼ (ਗਲੋਬਲ ਵਾਰਮਿੰਗ) ਇਕ ਅੰਦਾਜ਼ੇ ਤੋਂ ਵੱਧ ਕੇ ਕੁੱਝ ਨਹੀਂ ਹੈ। ਇਹ ਅੰਦਾਜ਼ਾ ਉਹਨਾਂ ਵਿਗਿਆਨੀਆਂ ਵੱਲੋਂ ਲਾਇਆ ਜਾ ਰਿਹਾ ਹੈ ਜੋ ਅਜੇ ਵੀ ਇਸ ਗੱਲ `ਤੇ ਬਹਿਸ ਕਰ ਰਹੇ ਹਨ ਕਿ ਡਾਈਨੋਸੋਰਾਂ ਨਾਲ ਕੀ ਵਾਪਰਿਆ ਸੀ। ਸ਼ਾਇਦ ਸਾਨੂੰ ਉਹਨਾਂ ਲੋਕਾਂ `ਤੇ ਅੰਨਾ-ਯਕੀਨ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੀਦਾ ਹੈ ਜਿਹੜੇ ਗੱਡੀ ਦੇ ਇੰਜਨਾਂ ਜਿੱਡੇ ਜਿੱਡੇ ਕ੍ਰੋੜਾਂ ਜੀਵਾਂ ਦੇ ਖਤਮ ਹੋ ਜਾਣ ਬਾਰੇ ਨਹੀਂ ਦੱਸ ਸਕਦੇ।"
  ਇਸ ਸੁਸਾਇਟੀ ਅਨੁਸਾਰ "ਆਲਮੀ ਤਪਸ਼ (ਗਲੋਬਲ ਵਾਰਮਿੰਗ) ਇਕ ਅੰਦਾਜ਼ੇ ਤੋਂ ਵੱਧ ਕੇ ਕੁੱਝ ਨਹੀਂ ਹੈ। ਇਹ ਅੰਦਾਜ਼ਾ ਉਹਨਾਂ ਵਿਗਿਆਨੀਆਂ ਵੱਲੋਂ ਲਾਇਆ ਜਾ ਰਿਹਾ ਹੈ ਜੋ ਅਜੇ ਵੀ ਇਸ ਗੱਲ `ਤੇ ਬਹਿਸ ਕਰ ਰਹੇ ਹਨ ਕਿ ਡਾਈਨੋਸੋਰਾਂ ਨਾਲ ਕੀ ਵਾਪਰਿਆ ਸੀ। ਸ਼ਾਇਦ ਸਾਨੂੰ ਉਹਨਾਂ ਲੋਕਾਂ `ਤੇ ਅੰਨਾ-ਯਕੀਨ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੀਦਾ ਹੈ ਜਿਹੜੇ ਗੱਡੀ ਦੇ ਇੰਜਨਾਂ ਜਿੱਡੇ ਜਿੱਡੇ ਕ੍ਰੋੜਾਂ ਜੀਵਾਂ ਦੇ ਖਤਮ ਹੋ ਜਾਣ ਬਾਰੇ ਨਹੀਂ ਦੱਸ ਸਕਦੇ।" (ਗਰੀਨਪੀਸ ਸਫਾ 21)

ਕੋਕ ਫਾਊਂਡੇਸ਼ਨ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਫੰਡ ਦੇਣ ਸਮੇਂ ਇਹ ਮੰਗ ਕਰਦੀ ਹੈ ਕਿ ਫਾਊਂਡੇਸ਼ਨ ਦੀ ਮਾਇਕ ਸਹਾਇਤਾ ਨਾਲ ਹੋਂਦ ਵਿੱਚ ਆਈਆਂ ਨੌਕਰੀਆਂ 'ਤੇ ਕਿਸ ਨੂੰ ਰੱਖਣਾ ਹੈ, ਇਸ ਗੱਲ ਦਾ ਫੈਸਲਾ ਫਾਊਂਡੇਸ਼ਨ ਕਰੇਗੀ। ਇਸ ਤੋਂ ਬਿਨਾਂ ਕੋਕ ਫਾਊਂਡੇਸ਼ਨ ਸਰਕਾਰ ਵਿੱਚ ਕੰਮ ਕਰਦੀ ਅਫਸਰਸ਼ਾਹੀ ਨੂੰ ਆਪਣੀ ਵਿਚਾਰਧਾਰਾ ਤੋਂ ਪ੍ਰਭਾਵਿਤ ਕਰਨ ਲਈ ਵਕੀਲਾਂ, ਜੱਜਾਂ, ਸੈਨੇਟਰਾਂ, ਕਾਂਗਰਸ ਦੇ ਮੈਂਬਰਾਂ, ਬੁੱਧੀਜੀਵੀਆਂ ਅਤੇ ਇਸ ਤਰ੍ਹਾਂ ਦੇ ਹੋਰ ਲੋਕਾਂ ਲਈ ਕਾਨੂੰਨ, ਅਰਥਸ਼ਾਸਤਰ, ਸਿਆਸਤ ਅਤੇ ਹੋਰ ਵਿਸ਼ਿਆਂ ਬਾਰੇ ਕਾਨਫਰੰਸਾਂ, ਸੈਮੀਨਾਰਾਂ, ਆਦਿ ਦਾ ਪ੍ਰਬੰਧ ਵੀ ਕਰਦੀ ਹੈ। ਜਾਪਦਾ ਹੈ ਕਿ ਇਹਨਾਂ ਸੈਮੀਨਾਰਾਂ ਅਤੇ ਕਾਨਫਰੰਸਾਂ ਤੋਂ ਜਾਣਕਾਰੀ ਪ੍ਰਾਪਤ ਲੋਕ ਕੋਕ ਇੰਡਸਟਰੀਜ਼ ਦੀਆਂ ਵਾਤਾਵਰਨ ਵਿਰੋਧੀ ਗਤੀਵਿਧੀਆਂ ਦਾ ਸਮਰਥਨ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ। ਉਦਾਹਰਨ ਲਈ ਜਦੋਂ ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਤੇਲ ਸਾਫ ਕਰਨ ਦੀਆਂ ਰਿਫਾਈਨਰੀਆਂ ਵਿੱਚੋਂ ਪੈਦਾ ਹੋਣ ਵਾਲੀ ਓਜ਼ੋਨ ਬਾਰੇ ਕਾਨੂੰਨ ਬਣਾਉਣ ਦਾ ਯਤਨ ਕੀਤਾ ਤਾਂ ਕੋਕ ਇੰਡਸਟਰੀਜ਼ ਦੇ ਵਕੀਲ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਸਮੌਗ (ਇੰਡਸਟਰੀਆਂ ਕਾਰਨ ਪੈਦਾ ਹੋਣ ਵਾਲੇ ਧੂੰਏਂ ਅਤੇ ਪ੍ਰਦੂਸ਼ਣ ਤੋਂ ਚੜ੍ਹਨ ਵਾਲੀ ਧੁੰਦ) ਦੇ ਬਹੁਤ ਸਾਰੇ ਫਾਇਦੇ ਹਨ ਕਿਉਂਕਿ ਇਹ ਧੁੱਪ ਨੂੰ ਰੋਕਦੀ ਹੈ ਅਤੇ ਲੋਕਾਂ ਵਿੱਚ ਕੈਂਸਰ ਹੋਣ ਦੀ ਦਰ ਨੂੰ ਘਟਾਉਂਦੀ ਹੈ ਅਤੇ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਸਮੌਗ ਦੇ ਇਹਨਾਂ ਫਾਇਦਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ। ਅਦਾਲਤ ਵਿੱਚ ਜੱਜ ਨੇ ਕੋਕ ਇੰਡਸਟਰੀਜ਼ ਦੇ ਵਕੀਲ ਦੀ ਦਲੀਲ ਮੰਨ ਲਈ ਅਤੇ ਈ ਪੀ ਏ `ਤੇ ਦੋਸ਼ ਲਾਇਆ ਕਿ ਉਸ ਨੇ ਸਮੌਗ ਦੇ ਫਾਇਦਿਆਂ ਨੂੰ ਅਣਗੌਲਿਆ ਕੀਤਾ ਸੀ।  
ਹੁਣ ਤੱਕ ਵਿਚਾਰੇ ਤੱਥਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਦੁਨੀਆ ਦੇ ਮੁੱਠੀ ਭਰ ਅਮੀਰ ਅਤੇ ਉਹਨਾਂ ਦੀਆਂ ਕਾਰਪੋਰੇਸ਼ਨਾਂ ਵਾਤਾਵਰਨ ਦੇ ਸੰਕਟ ਨੂੰ ਰੋਕਣ ਲਈ ਬਣਾਏ ਜਾ ਰਹੇ ਕਾਨੂੰਨਾਂ ਅਤੇ ਨੀਤੀਆਂ ਦਾ ਵਿਰੋਧ ਕਰਨ ਲਈ ਕਿਸ ਤਰ੍ਹਾਂ ਆਪਣੀ ਦੌਲਤ ਦੀ ਵਰਤੋਂ ਕਰਦੀਆਂ ਹਨ। ਇਸ ਦੌਲਤ ਕਾਰਨ ਦੁਨੀਆ ਦੀ ਆਰਥਿਕਤਾ ਅਤੇ ਸਿਆਸਤ ਉੱਪਰ ਕਾਰਪੋਰੇਸ਼ਨਾਂ ਦੇ ਗਲਬੇ ਦੇ ਹੁੰਦੇ ਹੋਏ ਕਦੇ ਵੀ ਵਾਤਾਵਰਨ ਦੇ ਸੰਕਟ ਨਾਲ ਨਿਪਟਣ ਲਈ ਸਹੀ ਕਾਨੂੰਨ ਅਤੇ ਨੀਤੀਆਂ ਬਣਨਾ ਸੰਭਵ ਨਹੀਂ ਹੋ ਸਕਦਾ। ਫਰੈਡ ਮੈਗਡੌਫ ਅਤੇ ਜੌਹਨ ਬਲੈਮੀ ਫੌਸਟਰ ਨੇ ਆਪਣੀ ਕਿਤਾਬ ਵੱਟ ਐਵਰੀ ਇਨਵਾਇਰਮੈਂਟਲਿਸਟ ਨੀਡਜ਼ ਟੂ ਨੋਅ ਅਬਾਊਟ ਕੈਪੀਟਲਿਜ਼ਮ ਵਿੱਚ ਇਸ ਤਰ੍ਹਾਂ ਲਿਖਿਆ ਹੈ, “ਆਰਥਿਕਤਾ, ਰਿਆਸਤ, ਮੀਡੀਆ... ਉੱਪਰ ਕਾਰੋਬਾਰੀ ਹਿੱਤਾਂ ਦੀ ਸਰਦਾਰੀ ਦੇ ਮੱਦੇਨਜ਼ਰ, ਕਿਸੇ ਵੀ ਤਰ੍ਹਾਂ ਦੀ ਅਜਿਹੀ ਬੁਨਿਆਦੀ ਤਬਦੀਲੀ ਲਿਆਉਣਾ ਬਹੁਤ ਮੁਸ਼ਕਿਲ ਹੈ, ਜਿਸ ਦਾ ਵਿਰੋਧ ਕਾਰਪੋਰੇਸ਼ਨਾਂ ਕਰ ਰਹੀਆਂ ਹੋਣ। ਇਸ ਲਈ ਊਰਜਾ, ਸਿਹਤ ਸੰਭਾਲ, ਖੇਤੀਬਾੜੀ ਅਤੇ ਖੁਰਾਕ, ਇੰਡਸਟਰੀ ਅਤੇ ਵਿਦਿਆ ਦੇ ਖੇਤਰ ਵਿੱਚ ਕਾਰਗਰ (ਰੈਸ਼ਨਲ) ਅਤੇ ਵਾਤਾਵਰਨ ਦੇ ਹਿਸਾਬ ਨਾਲ ਵਧੀਆ ਨੀਤੀਆਂ ਲਿਆਉਣਾ ਤਕਰੀਬਨ ਅਸੰਭਵ ਹੋ ਜਾਂਦਾ ਹੈ। ਬੇਸ਼ੱਕ ਸੁਖਾਂਵੇਂ ਸਿਆਸੀ ਮਾਹੌਲ ਵਿੱਚ ਪੂੰਜੀਵਾਦੀ ਪ੍ਰਬੰਧ ਵਾਤਾਵਰਨ ਦੇ ਸੰਬੰਧ ਵਿੱਚ ਸੀਮਤ ਸੁਧਾਰ ਲਿਆਉਣ ਦੇ ਯੋਗ ਹੈ, ਪਰ ਜਿਵੇਂ ਕਿ ਹੋਰ ਖੇਤਰਾਂ ਵਿੱਚ ਹੁੰਦਾ ਹੈ, ਇਹਨਾਂ ਸੁਧਾਰਾਂ ਨੂੰ ਉਸ ਹੱਦ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਜਾਂਦਾ ਹੈ, ਜਿਸ ਹੱਦ `ਤੇ ਇਹ ਸਮੁੱਚੇ ਆਰਥਿਕ/ਸਮਾਜਕ ਪ੍ਰਬੰਧ ਲਈ ਖਤਰਾ ਬਣ ਸਕਦੇ ਹੋਣ। ਨਤੀਜੇ ਵੱਜੋਂ, ਸੁਧਾਰ ਸਮੱਸਿਆਵਾਂ ਦੀ ਜੜ੍ਹ ਤੱਕ ਪਹੁੰਚਣ ਤੋਂ ਨਾਕਾਮ ਰਹਿੰਦੇ ਹਨ ਅਤੇ ਵਾਤਾਵਰਨ ਦਾ ਬਦਤਰ ਹੋਣਾ ਜਾਰੀ ਰਹਿੰਦਾ ਹੈ। ਇਸ ਮੌਜੂਦਾ ਪ੍ਰਬੰਧ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਹੈ, ਜੋ ਇਸ ਨੂੰ ਖਤਰਨਾਕ ਹੱਦ `ਤੇ ਪਹੁੰਚਣ ਤੋਂ ਪਹਿਲਾਂ ਰੁਕਣ ਦੀ ਆਗਿਆ ਦਿੰਦੀ ਹੋਵੇ। ਅਜਿਹਾ ਕਰਨ ਲਈ ਸਮਾਜ ਦੀ ਹੇਠਲੀ ਪੱਧਰ ਤੋਂ ਉੱਠੀਆ ਅਜਿਹੀਆਂ ਤਾਕਤਾਂ ਦੀ ਲੋੜ ਹੈ ਜੋ ਆਪਣੀ ਸੋਚ ਅਤੇ ਅਮਲਾਂ ਵਿੱਚ ਇਸ ਪ੍ਰਬੰਧ ਦੇ ਤਰਕ ਤੋਂ ਪਾਰ ਜਾ ਸਕਦੀਆਂ ਹੋਣ। ”