ਗੁਰਚਰਨ ਰਾਮਪੁਰੀ : ਪੁਰਖ਼ਲੂਸ ਦੋਸਤ, ਵਧੀਆ ਕਵੀ  - ਗੁਰਬਚਨ ਸਿੰਘ ਭੁੱਲਰ

ਦੇਸੋਂ ਤੂੰ ਪਰਦੇਸੀ ਹੋਇਆ, ਉਥੋਂ ਹੋ ਤੁਰਿਆ ਬਿਨਦੇਸੀ!
ਚਿੱਠੀ-ਪੱਤਰ  ਲਿਖਣਾ ਹੋਊ, ਦੱਸ  ਕੇ  ਜਾ ਸਿਰਨਾਵਾਂ!

ਵਧੀਆ ਕਵੀ, ਵਧੀਆ ਮਨੁੱਖ ਤੇ ਯਾਰਾਂ ਦੇ ਯਾਰ ਗੁਰਚਰਨ ਰਾਮਪੁਰੀ ਦੇ ਵਿਛੋੜੇ ਦੀ ਖ਼ਬਰ ਵਿਚ, ਉਹਦੀ ਪੱਕੀ ਆਯੂ ਅਤੇ ਲੰਮੀ ਬਿਮਾਰੀ ਬਾਰੇ ਸਚੇਤ ਹੋਣ ਸਦਕਾ, ਭਾਵੇਂ ਓਨੀ ਅਚਾਨਕਤਾ ਨਹੀਂ ਸੀ, ਫੇਰ ਵੀ ਇਹ ਤਕੜੇ ਧੱਕੇ ਵਾਂਗ ਲੱਗੀ। ਬਹੁਤ ਸਾਲ ਪਹਿਲਾਂ ਉਹ ਦੇਸੋਂ ਪਰਦੇਸ ਚਲਿਆ ਗਿਆ ਤਾਂ ਕੁਦਰਤੀ ਸੀ ਕਿ ਅਗਲੀ, ਕਲਪਿਤ ਪਰਲੋਕ ਦੀ ਯਾਤਰਾ ਉੱਤੇ ਉੱਥੋਂ ਹੀ ਤੁਰਦਾ। ਪਰਦੇਸੀ ਹੋ ਗਏ ਮਿੱਤਰਾਂ ਬਾਰੇ ਦੂਹਰਾ ਦੁਖਾਂਤ ਝੱਲਣਾ ਪੈਂਦਾ ਹੈ। ਨਾ ਅਸੀਂ ਉਨ੍ਹਾਂ ਦੇ ਸੱਥਰਾਂ ਉੱਤੇ, ਉੱਥੇ ਜਿਹੋ ਜਿਹੇ ਵੀ ਅਣਵਿਛਿਆਂ ਵਰਗੇ ਵਿਛਦੇ ਹੋਣਗੇ, ਬੈਠਣ ਜਾ ਸਕਦੇ ਹਾਂ ਤੇ ਨਾ ਉਹ ਹੀ ਇਧਰਲੇ ਮਿੱਤਰਾਂ ਦੇ ਸੱਥਰ ਉੱਤੇ ਬੈਠਣ ਆ ਸਕਦੇ ਹਨ। ਨੇੜਤਾ ਦੀ ਸੰਭਾਵਨਾ ਨੂੰ ਦਿਨੋ-ਦਿਨ ਸੁਕੇੜ ਕੇ ਦੂਰੋਂ ਅਨੇਕ-ਭਾਂਤੀ ਸੰਪਰਕ ਜੋੜਨ ਵਾਲ਼ੇ ਇਸ ਤਕਨੀਕੀ ਜੁੱਗ ਵਿਚ ਪਰਦੇਸੀ ਸੱਥਰ ਤੱਕ ਹੰਝੂ ਵੀ ਦੂਰੋਂ ਹੀ ਭੇਜਣੇ ਪੈਂਦੇ ਹਨ!
ਗੁਰਚਰਨ ਸੀ ਤਾਂ ਮੈਥੋਂ ਕੁੱਲ ਅੱਠ ਸਾਲ ਵੱਡਾ, ਪਰ ਜਦੋਂ ਮੈਂ ਅਜੇ ਆਪਣੇ ਅੰਦਰ ਕਲਮ ਫੜਨ ਦਾ ਭਰੋਸਾ ਵੀ ਪੈਦਾ ਨਹੀਂ ਸੀ ਕਰ ਸਕਿਆ, ਉਹ ਲਿਖਣ ਹੀ ਨਹੀਂ ਸੀ ਲੱਗ ਪਿਆ, ਉਹਦੇ ਲਿਖੇ ਦੀ ਚੰਗੀ ਚਰਚਾ ਵੀ ਹੋਣ ਲੱਗ ਪਈ ਸੀ। ਦੂਜੀ ਸੰਸਾਰ ਜੰਗ ਦੇ ਬਣਾਏ ਖੰਡਰ ਅਜੇ ਧੁਖ ਹੀ ਰਹੇ ਸਨ ਕਿ ਸਾਮਰਾਜੀ ਤਾਕਤਾਂ ਨੇ ਤੀਜੀ ਸੰਸਾਰ ਜੰਗ ਦੀ ਤਿਆਰੀ ਵਿੱਢ ਦਿੱਤੀ। ਇਹਦੇ ਮੁਕਾਬਲੇ ਲਈ ਦੁਨੀਆ ਭਰ ਵਿਚ ਰੋਹ-ਭਰੀ ਅਮਨ ਲਹਿਰ ਉੱਠ ਖਲੋਤੀ। ਲੇਖਕ, ਰੰਗਕਰਮੀ ਤੇ ਗਾਇਕ ਇਹਦੀ ਵੱਡੀ ਧਿਰ ਬਣੇ ਜਿਨ੍ਹਾਂ ਨੂੰ ਭਾਰਤ ਵਿਚ ਮੰਚ ਇਪਟਾ ਦੇ ਰੂਪ ਵਿਚ ਹਾਸਲ ਹੋਇਆ। ਗੁਰਚਰਨ ਦੀ ਕਲਮ ਦਾ ਵਿਕਾਸ ਤਾਂ ਜਿਵੇਂ ਪੰਜਾਬ ਦੀ ਇਸ ਸਾਹਿਤਕ-ਸਭਿਆਚਾਰਕ ਲਹਿਰ ਦੇ ਅੰਗ ਵਜੋਂ ਹੀ ਹੋਇਆ। ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ, ਗੁਰਚਰਨ ਰਾਮਪੁਰੀ, ਜੁਗਿੰਦਰ ਬਾਹਰਲਾ, ਸੁਰਜੀਤ ਰਾਮਪੁਰੀ, ਸੁਰਿੰਦਰ ਕੌਰ, ਪ੍ਰੋ. ਨਿਰੰਜਨ ਸਿੰਘ, ਅਮਰਜੀਤ ਗੁਰਦਾਸਪੁਰੀ, ਗੁਰਚਰਨ ਬੋਪਾਰਾਇ, ਸਵਰਨ ਸਿੰਘ ਤੇ ਹੋਰ ਅਨੇਕ ਲੇਖਕ, ਰੰਗਕਰਮੀ ਤੇ ਗਾਇਕ ਕਵਿਤਾਵਾਂ, ਨਾਟਕ, ਉਪੇਰੇ ਤੇ ਗੀਤ ਲੈ ਨਗਰ-ਨਗਰ ਡਗਰ-ਡਗਰ ਫਿਰ ਕੇ ਪੰਜਾਬੀਆਂ ਤੱਕ ਅਮਨ ਦਾ ਸੁਨੇਹਾ ਪਹੁੰਚਦਾ ਕਰ ਰਹੇ ਸਨ। ਕਿਸੇ ਸੇਵਾਫਲ ਦੀ ਆਸ ਜਾਂ ਇੱਛਾ ਨਹੀਂ, ਉਸ ਜ਼ਮਾਨੇ ਦੀਆਂ ਸਫ਼ਰ-ਸਹੂਲਤਾਂ, ਕਈ ਵਾਰ ਕਿਰਾਇਆ ਵੀ ਪੱਲਿਉਂ ਖਰਚਣਾ ਤੇ ਕਿਰਤੀ-ਕਾਮਿਆਂ ਦੇ ਘਰਾਂ ਦੀ ਰੁੱਖੀ-ਮਿੱਸੀ ਰੋਟੀ! ਇਸੇ ਕਰਕੇ ਤਾਂ ਇਹ ਤੇ ਹੋਰ ਅਜਿਹੇ ਨਾਂ ਪੰਜਾਬ ਦੇ ਲੋਕ-ਹਿਤੈਸ਼ੀ ਸਾਹਿਤਕ-ਸਭਿਆਚਾਰਕ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੇ ਹੋਏ ਮਿਲਦੇ ਹਨ।
ਗੁਰਚਰਨ ਨੂੰ ਮੈਂ ਪਹਿਲਾਂ-ਪਹਿਲ ਇਨ੍ਹਾਂ ਅਮਨ-ਕਾਨਫ਼ਰੰਸਾਂ ਵਿਚ ਹੀ ਦੇਖਿਆ-ਸੁਣਿਆ। ਉਸੇ ਦੌਰ ਵਿਚ ਉਹਦੀਆਂ ਤੇ ਕੁਝ ਹੋਰ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਰੂਸ ਵਿਚ ਛਪ ਗਈਆਂ। ਉਸ ਜ਼ਮਾਨੇ ਵਿਚ ਪੰਜਾਬੀ ਅਖ਼ਬਾਰਾਂ-ਰਸਾਲਿਆਂ ਵਿਚ ਇਹ ਬੜੀ ਵੱਡੀ ਖ਼ਬਰ ਬਣੀ। ਉਨ੍ਹੀਂ ਦਿਨੀਂ, 1953 ਵਿਚ, ਜਦੋਂ ਉਹਦਾ ਨਾਂ ਪਹਿਲਾਂ ਹੀ ਲੋਕਾਂ ਤੱਕ ਪਹੁੰਚਿਆ ਹੋਇਆ ਸੀ, ਉਹਦਾ ਪਹਿਲਾ ਕਵਿਤਾ-ਸੰਗ੍ਰਹਿ 'ਕਣਕਾਂ ਦੀ ਖ਼ੁਸ਼ਬੋ' ਛਪਿਆ। ਉਹ ਉਨ੍ਹਾਂ ਸੁਭਾਗੀਆਂ ਪੁਸਤਕਾਂ ਵਿਚ ਸ਼ਾਮਲ ਹੋ ਗਿਆ ਜਿਨ੍ਹਾਂ ਦੀ ਚਰਚਾ ਆਪਣੇ ਲੇਖਕ ਦੀ ਰਚਨਾਕਾਰੀ ਦੀ ਪੁਖ਼ਤਾ ਬੁਨਿਆਦ ਬਣ ਜਾਂਦੀ ਹੈ। ਇਸ ਪੁਸਤਕ ਦੀ ਪ੍ਰਸੰਗਕਤਾ ਤੇ ਮਹੱਤਤਾ ਦੀ ਸੂਹ ਇਹਦੀਆਂ ਕਵਿਤਾਵਾਂ ਦੇ ਨਾਂਵਾਂ ਤੋਂ ਹੀ ਮਿਲ ਜਾਂਦੀ ਹੈ ਜਿਵੇਂ ਰਾਜ ਮਹਿਲ ਦਾ ਹਾਲ, ਦਿੱਲੀ, ਅਮਨ ਦਾ ਗੀਤ, ਪਿਆਰਾਂ ਦੀ ਗਲਵੱਕੜੀ, ਚਾਨਣ ਦੀ ਜੰਞ ਢੁੱਕੇ, ਸੰਘਰਸ਼, ਕਣਕਾਂ ਦੀ ਖ਼ੁਸ਼ਬੋ, ਲੋਕ-ਚੀਨ ਨੂੰ ਸਲਾਮ, ਹਾਕਮ ਕੁਰਸੀ ਬੈਠਿਆ, ਕੋਰੀਆ, ਅਸੀਂ ਜਵਾਨ ਜਗਤ ਦੇ, ਘੁੱਗੀ ਸੋਂਹਦੀ ਫ਼ਰੇਰੇ 'ਤੇ, ਪੰਜਾਬ ਸਾਡਾ, ਬਸੰਤੀ ਰੰਗ ਖਿੜਨਾ ਹੈ, ਹੋਏਗੀ ਨਾ ਲਾਮ, ਬਾਗ਼ੀਆਂ ਦਾ ਗੀਤ ਆਦਿ।
ਗੁਰਚਰਨ ਨਾਲ ਮੇਰਾ ਵਾਹ ਓਦੋਂ ਪਿਆ ਜਦੋਂ ਉਹ ਕੈਨੇਡਾ ਜਾ ਚੁੱਕਿਆ ਸੀ ਤੇ ਇਧਰ ਲੇਖਕ ਵਜੋਂ ਮੇਰੀ ਕੁਝ ਕੁਝ ਪਛਾਣ ਬਣਨ ਲੱਗ ਪਈ ਸੀ। ਛੇਤੀ ਹੀ ਇਹ ਦੁਰੇਡੀ ਪਛਾਣ ਦੋਸਤੀ ਬਣ ਨਿੱਸਰ ਪਈ। ਇਕ ਵਾਰ ਦੇਸ ਆਉਂਦਾ ਹੋਇਆ ਉਹ ਹਵਾਈ ਅੱਡੇ ਤੋਂ ਮੇਰੇ ਘਰ ਆ ਗਿਆ। ਪਹਿਲੀ ਵਾਰ ਆਇਆ ਪਰ ਚਿਰ-ਆਉਂਦਿਆਂ ਵਾਂਗ ਆਇਆ। ਮੇਰੀ ਸਾਥਣ ਦਾ ਨਾਂ ਗੁਰਚਰਨ ਸੁਣ ਕੇ ਬੋਲਿਆ, "ਲਉ, ਇਹ ਤਾਂ ਸਾਡੀ ਕੁੜੀ ਦਾ ਹੀ ਘਰ ਨਿਕਲਿਆ!''
'ਕਣਕਾਂ ਦੀ ਖ਼ੁਸ਼ਬੋ' ਤੋਂ ਮਗਰੋਂ ਉਹਦੇ ਛੇ ਕਵਿਤਾ-ਸੰਗ੍ਰਹਿ, ਕੌਲ-ਕਰਾਰ, ਕਿਰਨਾਂ ਦਾ ਆਲ੍ਹਣਾ, ਅੰਨ੍ਹੀ ਗਲ਼ੀ, ਕੰਚਨੀ, ਕਤਲਗਾਹ ਤੇ ਅਗਨਾਰ, ਪ੍ਰਕਾਸ਼ਿਤ ਹੋਏ। 2001 ਵਿਚ ਉਹਨੇ ਇਹ ਸਾਰੀਆਂ ਪੁਸਤਕਾਂ ਉਸੇ ਰੂਪ ਵਿਚ 'ਅੱਜ ਤੋਂ ਆਰੰਭ ਤਕ' ਨਾਂ ਹੇਠ ਇਕੋ ਜਿਲਦ ਵਿਚ ਸਾਂਭ ਦਿੱਤੀਆਂ। ਆਮ ਰਿਵਾਜ ਦੇ ਉਲਟ ਉਹਨੇ ਅੰਤਲੀ ਪੁਸਤਕ ਸ਼ੁਰੂ ਵਿਚ ਤੇ ਪਹਿਲੀ ਪੁਸਤਕ ਅੰਤ ਵਿਚ ਦਿੱਤੀ। ਉਹਦਾ ਕਹਿਣਾ ਸੀ ਕਿ ਪਾਠਕ ਮੇਰੀ ਕਵਿਤਾ ਦਾ ਵਰਤਮਾਨ ਜਾਣ ਕੇ ਇਹ ਦੇਖੇ ਕਿ ਮੈਂ ਕਿਹੜੇ ਕਿਹੜੇ ਪੰਧ ਮਾਰਨ ਵਾਸਤੇ ਕਿੱਥੋਂ ਤੁਰਿਆ ਸੀ। ਇਸ ਮਗਰੋਂ ਵੀ ਉਹਦੀ ਇਕ ਪੁਸਤਕ 'ਦੋਹਾਵਲੀ' ਆਈ ਜਿਸ ਵਿਚ, ਜਿਵੇਂ ਨਾਂ ਤੋਂ ਹੀ ਜ਼ਾਹਿਰ ਹੈ, ਉਹਦੇ ਲਿਖੇ ਹੋਏ ਦੋਹੇ ਸ਼ਾਮਲ ਹਨ।
ਸਮਾਂ ਬਦਲਦਾ ਰਿਹਾ, ਵਾਦ ਆਉਂਦੇ-ਜਾਂਦੇ ਰਹੇ, ਪਰ ਸਾਹਿਤ ਦੀ ਲੋਕ-ਹਿਤੈਸ਼ੀ ਭੂਮਿਕਾ ਦੇ ਉਹਦੇ ਨਿਸਚੇ ਵਿਚ ਕੋਈ ਫ਼ਰਕ ਨਾ ਆਇਆ। ਉਹ ਲਿਖਦਾ ਹੈ, "ਮੈਨੂੰ ਜਾਪਦਾ ਹੈ ਕਿ ਮੈਂ ਆਪਣੇ ਸਮੇਂ ਦੀ ਹੀ ਗੱਲ ਕਰਨ ਜੋਗਾ ਹਾਂ। ਰਹੱਸਵਾਦੀ ਅਧਿਆਤਮਿਕ ਗਗਨ ਮੰਡਲਾਂ ਲਈ ਮੈਂ ਕਦੇ ਆਪਣੇ ਮਨ ਵਿਚ ਧੂਹ ਪੈਂਦੀ ਮਹਿਸੂਸ ਨਹੀਂ ਕੀਤੀ। ਇਹ ਮੰਡਲ ਅਤੇ ਮੈਂ ਇਕ ਦੂਜੇ ਲਈ ਅਜਨਬੀ ਹਾਂ। ਮੈਨੂੰ ਤਾਂ ਸਾਡੀ ਦੁਨੀਆ ਅਤੇ ਇਸਦੇ ਲੋਕਾਂ ਦੀਆਂ ਸਮੱਸਿਆਵਾਂ ਵਿਚ ਹੀ ਦਿਲਚਸਪੀ ਹੈ।... ਕਲਮ ਦੀ ਸਮਰੱਥਾ ਅਤੇ ਸੀਮਾ ਭਾਵੇਂ ਪਰਤੱਖ ਹੈ ਪਰ ਅਸੀਂ ਕਲਮਕਾਰ ਸੱਚ ਦੇ ਵੇਲ਼ੇ ਸੱਚ ਸੁਣਾਏ ਬਿਨਾਂ ਆਪਣਾ ਫ਼ਰਜ਼ ਅਦਾ ਨਹੀਂ ਕਰ ਸਕਦੇ।''
ਉਹ ਸਾਹਿਤ ਲਈ ਸਭਾਵਾਂ ਦੀ ਅਤੇ ਸਮਾਜ ਲਈ ਸਾਹਿਤ ਦੀ ਲੋੜ ਬਾਰੇ ਮੁੱਢੋਂ ਹੀ ਚੇਤੰਨ ਸੀ। ਉਹਨੇ ਲੇਖਕ ਸਾਥੀਆਂ ਨਾਲ਼ ਮਿਲ ਕੇ 1953 ਵਿਚ ਪੰਜਾਬ ਦੀ ਪਹਿਲੀ ਸਾਹਿਤ ਸਭਾ, ਪੰਜਾਬੀ ਲਿਖਾਰੀ ਸਭਾ ਰਾਮਪੁਰ, ਕਾਇਮ ਕੀਤੀ ਜੋ ਉਸ ਸਮੇਂ ਤੋਂ ਅੱਜ ਤੱਕ ਸਭ ਤੋਂ ਸਰਗਰਮ ਸਾਹਿਤ ਸਭਾ ਮੰਨੀ ਜਾਂਦੀ ਹੈ। ਸਾਹਿਤ ਨੂੰ ਲੋਕਾਂ ਦੇ ਹੱਥਾਂ ਤੱਕ ਪੁਜਦਾ ਕਰਨ ਲਈ ਉਹਨੇ ਕੁਝ ਸਾਲ ਪਹਿਲਾਂ ਚਾਰ ਲੱਖ ਰੁਪਏ ਲਾ ਕੇ ਆਪਣੇ ਜੱਦੀ ਪਿੰਡ ਰਾਮਪੁਰ ਵਿਚ ਪਿਤਾ ਸ੍ਰ. ਮੋਹਨ ਸਿੰਘ ਦੇ ਨਾਂ ਨਾਲ਼ ਲਾਇਬਰੇਰੀ ਬਣਾਈ ਜਿਸ ਨੂੰ ਲਿਖਾਰੀ ਸਭਾ ਦੇ ਸਾਥੀ ਚਲਾ ਰਹੇ ਹਨ। ਕੈਨੇਡਾ ਪਹੁੰਚਿਆ ਤਾਂ ਉਹਨੇ ਪਹਿਲਾ ਕੰਮ ਉੱਥੋਂ ਦੇ ਪੰਜਾਬੀ ਲੇਖਕਾਂ ਨੂੰ ਸੰਗਠਿਤ ਕਰਨ ਦਾ ਕੀਤਾ। 1976 ਵਿਚ ਉਹਨੇ ਕੈਨੇਡਾ ਵਿਚ ਵਸੇ ਏਸ਼ੀਆਈ ਕਵੀਆਂ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਦਾ ਸੰਗ੍ਰਹਿ 'ਗਰੀਨ ਸਨੋਅ' ਦੇ ਨਾਂ ਹੇਠ ਛਪਵਾਇਆ।
ਉਹ ਇਧਰਲੇ ਹਾਲਾਤ ਨਾਲ਼ ਪੂਰੀ ਤਰ੍ਹਾਂ ਜੁੜਿਆ ਰਹਿਣਾ ਚਾਹੁੰਦਾ ਸੀ। ਉਹਦਾ ਫੋਨ ਮੈਨੂੰ ਕਦੀ ਵੀ ਪੰਜਾਹ-ਸੱਠ ਮਿੰਟ ਤੋਂ ਛੋਟਾ ਨਹੀਂ ਸੀ ਆਇਆ। ਸਾਹਿਤਕ ਚਰਚਾ ਮੁਕਾ ਕੇ ਅਸੀਂ ਪੰਜਾਬ ਦੀ ਸਮਾਜਕ, ਆਰਥਕ ਤੇ ਰਾਜਨੀਤਕ ਹਾਲਤ ਦੀ ਪੁਣਛਾਣ ਕਰਦੇ। ਉਹ ਇਧਰਲਾ ਚੱਕਰ ਮਾਰਦਾ ਤਾਂ ਇਕ ਥਾਂ ਟਿਕ ਕੇ ਨਹੀਂ ਸੀ ਬੈਠਦਾ। ਉਹਦੀ ਕੋਸ਼ਿਸ਼ ਲੇਖਕਾਂ, ਰਿਸ਼ਤੇਦਾਰਾਂ ਤੇ ਹੋਰ ਆਪਣਿਆਂ ਨਾਲ਼ ਵੱਧ ਤੋਂ ਵੱਧ ਮੇਲ-ਮੁਲਾਕਾਤਾਂ ਨਿਭਾਉਣ ਦੀ ਹੁੰਦੀ। ਉਹਨੇ ਆਪਣੇ ਸਭ ਤੋਂ ਪਿਆਰੇ ਦੋਸਤ ਸੰਤੋਖ ਸਿੰਘ ਧੀਰ ਕੋਲ ਪਹੁੰਚਣਾ ਹੁੰਦਾ ਤਾਂ ਧੀਰ ਜੀ ਦਾ ਫੋਨ ਆਉਂਦਾ, "ਭੁੱਲਰ, ਬੁੱਧਵਾਰ ਨੂੰ ਗੁਰਚਰਨ ਆ ਰਿਹਾ ਹੈ, ਤੂੰ ਮੰਗਲ ਨੂੰ ਹੀ ਆ ਜਾਈਂ।'' ਮੈਂ ਆਖਦਾ, ''ਧੀਰ ਜੀ, ਉਹ ਮੇਰੇ ਕੋਲ਼ੋਂ ਤਾਂ ਗਿਆ ਹੈ, ਮੈਂ ਕਾਹਦੇ ਲਈ ਆਵਾਂ!'' ਉਹ ਹੱਸਦੇ, "ਵੱਡਿਆਂ ਨਾਲ ਬਹੁਤੀ ਬਹਿਸ ਨਹੀਂ ਕਰਦੇ!'' ਤੇ ਫੋਨ ਬੰਦ ਕਰ ਦਿੰਦੇ।
ਇਕ ਦਿਨ ਮਹਿਫ਼ਲ ਸਜੀ ਤੋਂ ਧੀਰ ਜੀ ਕਹਿੰਦੇ, "ਗੁਰਚਰਨ, ਤੇਰੀ ਟਾਈ ਬਹੁਤ ਖ਼ੂਬਸੂਰਤ ਹੈ, ਕੱਲ੍ਹ ਲਾਹ ਦੇਈਂ।'' ਗੁਰਚਰਨ ਹੱਸਿਆ, "ਕੱਲ੍ਹ ਕੀਹਨੂੰ ਆਇਆ, ਹੁਣੇ ਲਾਹ ਦਿੰਦਾ ਹਾਂ। ਪਰ ਧੀਰ ਮੇਰੇ ਤਾਂ ਸਾਰੇ ਕੱਪੜੇ ਹੀ ਵਧੀਆ ਨੇ। ਮੈਨੂੰ ਜਾਂਦੇ ਨੂੰ ਬੁੱਕਲ ਮਾਰਨ ਨੂੰ ਕੋਈ ਖੇਸ ਦੇ ਦੇਈਂ।'' ਧੀਰ ਜੀ ਨੇ ਸਿਰ ਮਾਰਿਆ, "ਓ ਬਾਕੀ ਕੱਪੜੇ ਨਹੀਂ ਮੇਰੇ ਮੇਚ ਆਉਂਦੇ, ਬੱਸ ਤੂੰ ਟਾਈ ਲਾਹ ਜਾਈਂ।'' ਗੁਰਚਰਨ ਨੇ ਮੈਨੂੰ ਸ਼ਰਾਰਤੀ ਅੱਖ ਮਾਰੀ, "ਵੈਸੇ ਧੀਰ, ਮੇਰੀਆਂ ਕਵਿਤਾਵਾਂ ਵੀ ਤੇਰੀਆਂ ਕਵਿਤਾਵਾਂ ਨਾਲੋਂ ਬਹੁਤ ਖ਼ੂਬਸੂਰਤ ਨੇ!'' ਧੀਰ ਜੀ ਨੇ ਗਲਾਸ ਰੱਖਿਆ ਤੇ ਉਂਗਲ ਉੱਚੀ ਕੀਤੀ, "ਗ਼ਲਤ ਬਾਤ! ਗੁਰਚਰਨ ਰਾਮਪੁਰੀ, ਤੂੰ ਉਮਰੋਂ ਤਾਂ ਮੈਥੋਂ ਛੋਟਾ ਹੈਂ ਹੀ, ਕਵੀ ਹੋਰ ਵੀ ਬਹੁਤਾ ਛੋਟਾ ਹੈਂ!'' ਤੇ ਫੇਰ ਮੁਸਕਰਾਏ, "ਚੱਲ, ਗਲਾਸ ਚੱਕ!'' ਅਜਿਹੇ ਨਿਰਮਲ-ਚਿੱਤ ਮਨੁੱਖ! ਅਜਿਹੀਆਂ ਪੁਰਖ਼ਲੂਸ ਦੋਸਤੀਆਂ! ਖ਼ੁਸ਼ਕਿਸਮਤ ਹੁੰਦੇ ਹਨ ਮੇਰੇ ਵਰਗੇ ਉਹ ਲੋਕ ਜਿਨ੍ਹਾਂ ਨੂੰ ਅਜਿਹਾ ਸਾਥ ਮਾਣਨ ਦਾ ਅਵਸਰ ਮਿਲਦਾ ਹੈ।
ਸਰੀਰਕ ਅਹੁਰਾਂ ਨੇ ਗੁਰਚਰਨ ਨੂੰ ਕਾਫ਼ੀ ਅਗੇਤਾ ਹੀ ਘੇਰਨਾ ਸ਼ੁਰੂ ਕਰ ਦਿੱਤਾ ਸੀ। ਇਕ ਵਾਰ ਆਇਆ ਤਾਂ ਉਹਦੇ ਮੂੰਹੋਂ ਬਿੰਦੇ-ਝੱਟੇ "ਓਹੋ... ਹੋਹੋ... ਓਹੋ... ਹੋਹੋ...'' ਦਾ ਆਵਾਜ਼ਾ ਆ ਰਿਹਾ ਸੀ। ਉਹਦੀ ਇਕ ਲੱਤ ਨੂੰ ਸਿਆਟਿਕਾ ਦਰਦ ਨੇ ਮੁਸੀਬਤ ਪਾਈ ਹੋਈ ਸੀ। ਮੈਂ ਮਾਹੌਲ ਨੂੰ ਨਰਮ ਕਰਨ ਲਈ ਕਿਹਾ, "ਤੁਹਾਡੀ ਓਹੋ... ਹੋਹੋ... ਓਹੋ... ਹੋਹੋ... ਵੀ ਐਨ ਸੁਰ ਵਿਚ ਹੈ।'' ਉਹ ਹੱਸਿਆ, "ਓ ਭਾਈ, ਮੇਰਾ ਤਰੱਨਮ ਤੇ ਸੁਰਤਾਲ ਤਾਂ ਇਪਟਾ ਦੀਆਂ ਸਟੇਜਾਂ ਵੇਲ਼ੇ ਦਾ ਮੰਨਿਆ ਹੋਇਆ ਹੈ। ਮੇਰੀ ਹੂੰਗਰ ਬੇਤਾਲੀ ਕਿਵੇਂ ਹੋ ਸਕਦੀ ਹੈ।'' ਇਕ ਦਿਨ ਬੋਲਿਆ, "ਡਿੱਗ ਕੇ ਹੱਡੀ ਟੁੱਟ ਗਈ। ਹਸਪਤਾਲੋਂ ਪਾਜ ਲੁਆ ਕੇ ਲਿਆਇਆ ਹਾਂ।'' ਇਸ ਦੌਰਾਨ ਬੇਟੀ ਸੇਵਾਮੁਕਤ ਹੋ ਕੇ ਉਸ ਕੋਲ਼ ਆ ਗਈ। ਉਸ ਪਿੱਛੋਂ "ਬਥੇਰਾ ਧਿਆਨ ਰੱਖਣ ਦੇ ਬਾਵਜੂਦ'' ਉਹ ਡਿੱਗਦਾ ਰਿਹਾ ਤੇ ਹੱਡੀਆਂ ਇਕ ਇਕ ਕਰ ਕੇ ਟੁਟਦੀਆਂ ਰਹੀਆਂ। ਉਹ ਹੱਸਿਆ, "ਹੁਣ ਤਾਂ ਕੋਈ ਹੀ ਹੱਡੀ ਭਾਵੇਂ ਸਾਬਤ ਬਚੀ ਹੋਵੇ। ਹਸਪਤਾਲ ਵਾਲਿਆਂ ਨੇ ਵਾਕਰ ਦੇ ਦਿੱਤਾ ਹੈ।'' ਫੇਰ ਵਾਕਰ ਪਹੀਆ-ਕੁਰਸੀ ਵਿਚ ਬਦਲ ਗਿਆ। ਉਹ ਪਰ ਚੜ੍ਹਦੀ ਕਲਾ ਵਿਚ ਹੀ ਰਿਹਾ। ਲੰਮੇ ਫੋਨ ਕਰਦਾ, ਮੇਲ ਕਰਦਾ ਤੇ ਪੜ੍ਹਦਾ। ਮੈਨੂੰ ਆਪਣੀਆਂ ਲਿਖਤਾਂ ਯੂਨੀਕੋਡ ਵਿਚ ਭੇਜਣ ਲਈ ਆਖਦਾ, "ਓ ਭਾਈ, ਇਹ ਸਾਲ਼ੀਆਂ ਮਾਡਰਨ ਚੀਜ਼ਾਂ ਛੇਤੀ ਛੇਤੀ ਆਪਣੇ ਕਾਬੂ ਕਾਹਨੂੰ ਆਉਂਦੀਆਂ ਨੇ! ਮੈਨੂੰ ਕੰਪਿਊਟਰ ਸੂਤ-ਬਾਤ ਹੀ ਆਉਂਦੈ।''
ਅਜਿਹੇ ਲੋਕ ਵੀ ਹੁੰਦੇ ਹਨ ਜੋ ਬੁੱਲ੍ਹਾਂ ਉੱਤੇ ਇਹ ਸ਼ਬਦ ਲੈ ਕੇ ਦੇਸੋਂ ਵਿਦਾਅ ਹੁੰਦੇ ਹਨ, "ਰਹੀਏ ਅਬ ਐਸੀ ਜਗਹ ਚਲ ਕਰ ਜਹਾਂ ਕੋਈ ਨਾ ਹੋ। ਹਮ-ਸੁਖ਼ਨ ਕੋਈ ਨਾ ਹੋ ਔਰ ਹਮ-ਜ਼ੁਬਾਂ ਕੋਈ ਨਾ ਹੋ!'' ਇਹਦੇ ਉਲਟ ਗੁਰਚਰਨ ਸੱਤ ਸਮੁੰਦਰੋਂ ਪਾਰ ਬੈਠਾ ਪੰਜਾਬ ਵੱਲ, ਰਾਮਪੁਰ ਵੱਲ ਨਜ਼ਰਾਂ ਟਿਕਾ ਕੇ ਅੰਤਲੇ ਦਮ ਤੱਕ ਹਉਕਾ ਲੈਂਦਾ ਰਿਹਾ, "ਹਮ ਤੋ ਹੈਂ ਪਰਦੇਸ ਮੇਂ, ਦੇਸ ਮੇਂ ਨਿਕਲਾ ਹੋਗਾ ਚਾਂਦ!'' ਪਰਦੇਸ ਵਿਚ ਦਹਾਕੇ ਬੀਤ ਜਾਣ ਦੇ ਬਾਵਜੂਦ ਪੰਜਾਬ ਉਹਦੇ ਨਾਲ਼ ਨਾਲ਼ ਰਿਹਾ ਤੇ ਰਾਮਪੁਰ ਉਹਦੇ ਦਿਲ ਵਿਚ ਰਿਹਾ। ਇਕ ਦਿਨ ਫੋਨ ਆਇਆ ਤਾਂ ਡਾਢਾ ਦੁਖੀ! ਮੌਕੇ ਦੀ ਪੰਜਾਬ ਸਰਕਾਰ ਨੇ ਕੰਮ ਚਲਾਉਣ ਵਾਸਤੇ ਸਰਕਾਰੀ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹਨੂੰ ਰਾਮਪੁਰ ਦੀ ਨਹਿਰੀ ਕੋਠੀ ਵਿਕਾਊ ਕੀਤੀ ਹੋਣ ਦੀ ਸੋਅ ਲੱਗ ਗਈ ਸੀ। ਉਹ ਰੋਣਹਾਕਾ ਹੋਇਆ ਪਿਆ ਸੀ, "ਯਾਰ, ਉਸ ਕੋਠੀ ਦੀ ਤਾਂ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਦੇਣ ਹੀ ਬਹੁਤ ਵੱਡੀ ਹੈ!''
      ਅਜਿਹੇ ਹਾਸਲਾਂ, ਚੇਤਿਆਂ, ਝੋਰਿਆ ਤੇ ਹੇਰਵਿਆਂ ਦੀ ਪੋਟਲੀ ਕੱਛੇ ਮਾਰ ਕੇ ਉਹ ਅਗਲੇ ਬੇਰਾਹ, ਬੇਪੜਾਅ, ਬੇਮੰਜ਼ਿਲ ਰਾਹ ਉੱਤੇ ਤੁਰ ਪਿਆ ਹੈ ਤਾਂ ਪਿੱਛੋਂ ਦਿਲ ਆਵਾਜ਼ ਦਿੰਦਾ ਹੈ, "ਦੇਸੋਂ ਤੂੰ ਪਰਦੇਸੀ ਹੋਇਆ, ਉਥੋਂ ਹੋ ਤੁਰਿਆ ਬਿਨਦੇਸੀ! ਚਿੱਠੀ-ਪੱਤਰ ਲਿਖਣਾ ਹੋਊ, ਦੱਸ ਕੇ ਜਾ ਸਿਰਨਾਵਾਂ!''

13 Oct. 2018