ਓਨਲਾਈਨ ਝੂਠ ਤੇਜ਼ੀ ਨਾਲ ਕਿਉਂ ਫੈਲਦੇ ਹਨ? - ਡਾ. ਹਰਸ਼ਿੰਦਰ ਕੌਰ

ਖ਼ਬਰਾਂ ਅਨੁਸਾਰ ਸੰਨ 2006 ਤੋਂ ਸੰਨ 2017 ਤੱਕ ਟਵਿੱਟਰ ਉੱਤੇ 30 ਲੱਖ ਲੋਕਾਂ ਨੇ ਇਕ ਲੱਖ ਛੱਬੀ ਹਜ਼ਾਰ ਝੂਠ ਫੈਲਾਏ। ਇਹ ਵੀ ਪਤਾ ਲੱਗਿਆ ਕਿ ਚੋਟੀ ਦੀਆਂ ਝੂਠੀਆਂ ਇਕ ਫੀਸਦੀ ਖ਼ਬਰਾਂ ਨੇ ਇਕ ਲੱਖ ਲੋਕਾਂ ਤੱਕ ਪਹੁੰਚ ਕੀਤੀ ਤੇ ਹਰ ਜਣੇ ਨੇ ਘੱਟੋ ਘੱਟ 40 ਤੋਂ 100 ਵਾਰ ਅੱਗੇ ਸ਼ੇਅਰ ਕੀਤੀ। ਦੂਜੇ ਪਾਸੇ ਸੱਚੀ ਖ਼ਬਰ ਵੱਧੋ ਵੱਧ ਇਕ ਹਜ਼ਾਰ ਲੋਕਾਂ ਨੇ ਅੱਗੋਂ ਟਵੀਟ ਕੀਤੀ। ਇਸ ਤੋਂ ਬਾਅਦ ਆਮ ਪਰ ਮਸਾਲੇਦਾਰ ਖ਼ਬਰਾਂ ਵੱਲ ਧਿਆਨ ਕੀਤਾ ਗਿਆ। ਅਜਿਹੀਆਂ ਖਬਰਾਂ 45 ਲੱਖ ਵਾਰ ਅੱਗੋਂ ਟਵੀਟ ਹੋਈਆਂ। ਇਹ ਸਾਰੀਆਂ ਖ਼ਬਰਾਂ ਵਧਾ ਚੜ੍ਹਾ ਕੇ ਸੱਚ ਨੂੰ ਵਿਗਾਾੜ ਕੇ ਜਾਂ ਨਿਰੇ ਝੂਠ ਦੇ ਆਧਾਰ ਉੱਤੇ ਸਨ।ਝੂਠੀਆਂ ਖ਼ਬਰਾਂ ਦੇ ਵੱਧ ਫੈਲਣ ਦੇ ਕਾਰਨ ਲੱਭਦਿਆਂ ਇਹ ਨੁਕਤਾ ਦਿਸਿਆ ਕਿ ਸਿਆਸਤ ਨਾਲ ਸਬੰਧਤ ਝੂਠੀਆਂ ਖ਼ਬਰਾਂ ਅੱਗ ਵਾਂਗ ਫੈਲਦੀਆਂ ਸਨ। ਦੂਜੇ ਨੰਬਰ ਉੱਤੇ ਝੂਠੇ ਅੱਤਵਾਦ ਨਾਲ ਸੰਬੰਧਤ, ਉਸ ਤੋਂ ਬਾਅਦ ਕੁਦਰਤੀ ਆਫਤਾਂ, ਫਿਰ ਸਾਇੰਸ ਵਿਚਲਾ ਝੂਠ ਤੇ ਫਿਰ ਗਲੀ ਮੁਹੱਲੇ ਜਾਂ ਵਿੱਤੀ ਸੰਕਟ ਦੀਆਂ ਝੂਠੀਆਂ ਖਬਰਾਂ।ਦਰਅਸਲ ਝੂਠੀਆਂ ਖਬਰਾਂ ਗਲਪ ਕਹਾਣੀਆਂ ਵਾਂਗ ਸਾਡਾ ਧਿਆਨ ਖਿਚਦੀਆਂ ਹਨ ਕਿਉਂਕਿ ਉਸ ਵਿਚ ਡਰ, ਪਿਆਰ, ਤਣਾਓ, ਗੁੱਸਾ, ਘਬਰਾਹਟ, ਖੁਸ਼ੀ ਆਦਿ, ਸਭ ਦਾ ਮਿਸ਼ਰਨ ਮਿਲ ਜਾਂਦਾ ਹੈ, ਜਦਕਿ ਅਸਲ ਘਟਨਾਵਾਂ ਵਿਚ ਸਭ ਕੁੱਝ ਇਕ ਵਾਰ ਨਹੀਂ ਮਿਲਦਾ। ਸਿਆਸੀ ਖਬਰਾਂ ਇਸ ਲਈ ਵੱਧ ਧਿਆਨ ਖਿੱਚਦੀਆਂ ਹਨ, ਕਿਉਂਕਿ ਉਨ੍ਹਾਂ ਵਿਚਲੇ ਪਾਤਰ ਸਾਡੇ ਤੋਂ ਕਾਫੀ ਅਗਾਂਹ ਲੰਘ ਚੁੱਕੇ ਹੁੰਦੇ ਹਨ ਤੇ ਉਨ੍ਹਾਂ ਨੂੰ ਢਾਅ ਲੱਗਦੀ ਖ਼ਬਰ ਸਾਡੇ ਅੰਦਰ ਸਕੂਨ ਪਹੁੰਚਾਉਂਦੀ ਹੈ। ਸਿਆਸੀ ਉਥਲ ਪੁਥਲ ਨਾਲ ਆਪਣੇ ਪੂੰਜੀ ਨਿਵੇਸ਼, ਨੌਕਰੀ, ਤਰੱਕੀ, ਵਪਾਰ ਆਦਿ ਦਾ ਬਹੁਤ ਕੁੱਝ ਜੁੜਿਆ ਹੋਣਾ ਵੀ ਅਜਿਹੀਆਂ ਖ਼ਬਰਾਂ ਵੱਲ ਛੇਤੀ ਧਿਆਨ ਖਿੱਚਦਾ ਹੈ। ਇਹੀ ਕਾਰਨ ਹੈ ਕਿ ਸਿਆਸੀ ਖੇਡ ਵਿਚ ਝੂਠੀਆਂ ਖ਼ਬਰਾਂ ਨਾਲ ਲੋਕਾਂ ਦਾ ਧਿਆਨ ਖਿੱਚ ਕੇ ਹੋਰ ਪਾਸੇ ਕੇਂਦ੍ਰਿਤ ਕਰਨ ਦੀ ਰੁਚੀ ਵਧਦੀ ਜਾ ਰਹੀ ਹੈ। ਇੰਝ ਅਸਲ ਮੁੱਦਿਆਂ ਤੋਂ ਪੂਰੀ ਤਰ੍ਹਾਂ ਭਟਕਾ ਕੇ ਲੋਕਾਂ ਨੂੰ ਸੌਖਿਆਂ ਗੁਮਰਾਹ ਕੀਤਾ ਜਾ ਸਕਦਾ ਹੈ।ਮਿਸਾਲ ਵਜੋਂ, ਘੱਟ ਤਨਖਾਹ ਤੇ ਦੋ ਵੇਲੇ ਦੀ ਰੋਟੀ ਨਾ ਮਿਲਣ ਤੋਂ ਦੁਖੀ ਜਨਤਾ ਨੂੰ ਅਸਲ ਨੁਕਤੇ ਤੋਂ ਭਟਕਾਉਣ ਲਈ ਕਿਸੇ ਨੇਤਾ ਦੇ ਇਸ਼ਕ ਦੇ ਚੱਕਰ ਬਾਰੇ ਖ਼ਬਰ ਪੜ੍ਹਨ ਨੂੰ ਪਰੋਸ ਦਿੱਤੀ ਜਾਵੇ ਤਾਂ ਉਹ ਇਨ੍ਹਾਂ ਸਿਆਸੀ ਉਲਝਣਾਂ ਵਿਚ ਹੀ ਫਸ ਕੇ ਰਹਿ ਜਾਂਦਾ ਹੈ।ਝੂਠੀਆਂ ਖ਼ਬਰਾਂ ਨਾਲ ਸਟੌਕ ਮਾਰਕਿਟ ਵੀ ਖ਼ਰਬਾਂ ਦਾ ਘਾਟਾ ਸਹਿਣ ਲਈ ਮਜਬੂਰ ਹੋ ਜਾਂਦੀ ਹੈ।ਹੁਣ ਤਾਂ ਇਹ ਸਭ ਵੇਖਦਿਆਂ ਝੂਠੇ ਬੰਬ ਦੀ ਖ਼ਬਰ, ਅੱਤਵਾਦੀ ਹਮਲੇ, ਪ੍ਰਧਾਨ ਮੰਤਰੀ ਦੇ ਝੂਠੇ ਐਕਸੀਡੈਂਟ ਤੋਂ ਲੈ ਕੇ ਕਿਸੇ ਮਹਾਂਮਾਰੀ ਬਾਰੇ ਭੈਅ ਫੈਲਾਉਣ ਲਈ ਝੂਠੀਆਂ ਖ਼ਬਰਾਂ ਦਾ ਅੰਬਾਰ ਲੱਗ ਚੁੱਕਿਆ ਹੈ।ਇਸ ਵਾਸਤੇ ਅਨੇਕ ਬੰਦੇ ਬਾਕਾਇਦਾ ਨੌਕਰੀ ਉਤੇ ਲਾਏ ਜਾਂਦੇ ਹਨ, ਜਿਨ੍ਹਾਂ ਦਾ ਕੰਮ ਹੀ ਝੂਠੀਆਂ ਤੇ ਮਸਾਲੇਦਾਰ ਖ਼ਬਰਾਂ ਬਣਾ ਕੇ ਫੈਲਾਉਣਾ ਹੁੰਦਾ ਹੈ।ਡੈਲ ਵਿਕੇਰੀਓ ਤੇ ਬੈਸੀ ਖੋਜੀਆਂ ਨੇ ਵਿਗਿਆਨ ਅਤੇ ਕਿਸੇ ਸ਼ਖ਼ਸੀਅਤ ਨੂੰ ਢਾਅ ਲਾਉਣ ਨਾਲ ਸਬੰਧਤ ਫੈਲਾਏ ਝੂਠ ਦੀਆਂ ਕਹਾਣੀਆਂ ਨੂੰ ਘੋਖਿਆ। ਉਨ੍ਹਾਂ ਨੇ ਖੋਜੀ ਫਰਿਗੇਰੀ ਵਲੋਂ 4000 ਝੂਠੀਆਂ ਖ਼ਬਰਾਂ ਉਤੇ ਕੀਤੀ ਖੋਜ ਨੂੰ ਆਧਾਰ ਬਣਾਇਆ ਜਿਹੜੀਆਂ ਫੇਸਬੁੱਕ ਰਾਹੀਂ ਫੈਲਾਈਆਂ ਗਈਆਂ ਸਨ।ਬਦਕਿਸਮਤੀ ਨਾਲ ਮਨੁੱਖੀ ਦਿਮਾਗ਼ ਵਾਰ ਵਾਰ ਸੁਣੇ ਝੂਠ ਨੂੰ ਸੱਚ ਮੰਨਣ ਲੱਗ ਪੈਂਦਾ ਹੈ। ਇਸੇ ਨੂੰ ਆਧਾਰ ਬਣਾ ਕੇ ਅਤੇ ਕਿਸੇ ਕੋਰਟ ਕੇਸ ਵਿਚ ਫਸਣ ਤੋਂ ਬਚਣ ਲਈ-''ਸੂਤਰਾਂ ਤੋਂ ਪਤਾ ਲੱਗਿਆ ਹੈ'', ''ਸੂਹ ਮਿਲੀ ਹੈ'', ਵਰਗੀਆਂ ਸਤਰਾਂ ਨੂੰ ਝੂਠੀ ਖ਼ਬਰ ਤੋਂ ਪਹਿਲਾਂ ਜੋੜ ਲਿਆ ਜਾਂਦਾ ਹੈ। ਇੰਝ ਹੀ ਅਸਲ ਫੋਟੋ ਵਿਚ ਕੰਪਿਊਟਰ ਰਾਹੀਂ ਥੋੜਾ ਬਹੁਤ ਜੋੜ-ਤੋੜ ਕਰਕੇ ਸੋਖਿਆਂ ਹੀ ਹੋਰਨਾਂ ਨੂੰ ਭਰਮਾਇਆ ਜਾ ਸਕਦਾ ਹੈ। ਝੂਠੀ ਖ਼ਬਰ ਫੈਲਾਉਣ ਦੇ ਵੀ ਵੱਖੋ ਵੱਖ ਢੰਗ ਹੁੰਦੇ ਹਨ:-1)  ਰਿਊਮਰ ਡਿਫਿਊਜ਼ਨ : ਇਸ ਅਧੀਨ ਕਿਸੇ ਝੂਠੀ ਖ਼ਬਰ ਨੂੰ ਇਕ ਬੰਦੇ ਤੋਂ ਸ਼ੁਰੂ ਕੀਤਾ ਜਾਂਦਾ ਹੈ ਤੇ ਫਿਰ ਉਸੇ ਖ਼ਬਰ ਨੂੰ 200 ਬੰਦਿਆਂ ਵਲੋਂ 'ਰੀ-ਟਵੀਟ' ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਲੋਕ ਆਪ ਹੀ ਇਸ ਨੂੰ ਅੱਗੋਂ ਟਵੀਟ ਕਰਨ ਲੱਗ ਪੈਂਦੇ ਹਨ।2) ਰਿਊਮਰ ਕੈਸਕੇਡ :- ਇੱਕੋ ਝੂਠੀ ਕਹਾਣੀ ਨੂੰ ਥੋੜਾ ਜਿੰਨਾ ਬਦਲ ਕੇ ਕਿਸੇ ਹੋਰ ਵੱਲੋਂ ਵੱਖ ਟਵੀਟ ਕਰਵਾਇਆ ਜਾਂਦਾ ਹੈ। ਇੰਝ ਕਹਾਣੀ ਦਾ ਅਸਲ ਨੁਕਤਾ ਉਹੀ ਰੱਖਿਆ ਜਾਂਦਾ ਹੈ ਪਰ ਵਿਚ ਲਾਏ ਮਸਾਲੇ ਖੱਟੇ, ਮਿੱਠੇ ਜਾਂ ਤਿੱਖੇ ਕਰ ਦਿੱਤੇ ਜਾਂਦੇ ਹਨ। ਇਹੋ ਜਿਹੇ ਵੱਖੋ ਵੱਖ ਟਵੀਟ ਝੂਠੀ ਖ਼ਬਰ ਨੂੰ ਹੋਰ ਪਕਿਆਈ ਵਿਚ ਲੈ ਜਾਂਦੇ ਹਨ। ਫਿਰ ਅਜਿਹੇ ਵੱਖੋ ਵੱਖ ਝੂਠੇ ਟਵੀਟ ਕਾਫ਼ਲੇ ਵਾਂਗ ਅਸਰ ਵਿਖਾਉਂਦੇ ਹਨ ਤੇ ਅੱਗੋਂ ਹਰ ਵੱਖਰਾ ਟਵੀਟ 200 ਬੰਦਿਆਂ ਤੋਂ ਰੀ-ਟਵੀਟ ਕਰਵਾਇਆ ਜਾਂਦਾ ਹੈ ਜੋ ਲੱਖਾਂ ਲੋਕਾਂ ਤੱਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਦੇ ਟਵੀਟ ਨੂੰ 'ਵਾਇਰਲ' ਦਾ ਨਾਂ ਦੇ ਕੇ ਅੰਤਰਰਾਸ਼ਟਰੀ ਖ਼ਬਰ ਬਣਾ ਦਿੱਤਾ ਜਾਂਦਾ ਹੈ।ਅਜਿਹੇ ਟਵੀਟ ਕਈ ਵਾਰ ਪੁਸ਼ਤਾਂ ਤੱਕ ਉਸੇ ਝੂਠ ਨੂੰ ਅਗਾਂਹ ਤੋਰਦੇ ਸੱਚ ਵਿਚ ਤਬਦੀਲ ਹੋ ਜਾਂਦੇ ਹਨ।ਰਿਊਮਰ ਕੈਸਕੇਡ ਆਮ ਤੌਰ 'ਤੇ 1000 ਬੰਦਿਆਂ ਤੋਂ ਇਕ ਅੱਧੇ ਦਿਨ ਦੇ ਫ਼ਾਸਲੇ 'ਤੇ ਸ਼ੁਰੂ ਕਰਵਾਏ ਜਾਂਦੇ ਹਨ। ਮਿਸਾਲ ਵਜੋਂ ਕਿਸੇ ਨੂੰ 'ਪੱਪੂ' ਸਾਬਤ ਕਰਨਾ ਹੋਵੇ ਤਾਂ ਉਸ ਬਾਰੇ ਝੂਠੇ, ਮੂਰਖਤਾ ਵਾਲੇ ਨਿੱਕੇ ਨਿੱਕੇ ਟਵੀਟ ਜਾਂ ਚੁਟਕਲਿਆਂ ਤੋਂ ਸ਼ੁਰੂ ਕਰਕੇ, ਉਸ ਵੱਲੋਂ ਬੋਲੇ ਸ਼ਬਦਾਂ ਵਿਚ ਰਤਾ ਹੇਰ ਫ਼ੇਰ ਕਰਕੇ ਉਸ ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ।ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵੇਲੇ ਸਿਆਸੀ ਖ਼ਬਰਾਂ ਦਾ ਜੋੜ-ਤੋੜ ਸਿਖਰਾਂ ਉੱਤੇ  ਸੀ। ਇਸ ਦੀ ਸ਼ੁਰੂਆਤ 2013 ਤੋਂ ਹੋਈ ਤੇ ਸੰਨ 2015 ਤੱਕ ਇਹ ਕੰਮ ਪੂਰਾ ਜ਼ੋਰ ਫੜ ਗਿਆ। ਸੰਨ 2016 ਵਿਚ ਰਿਊਮਰ ਡਿਫਿਊਜ਼ਨ ਤੋਂ ਰਿਊਮਰ ਕੈਸਕੇਡ ਵੱਲ ਕੰਮ ਤੋਰ ਦਿੱਤਾ ਗਿਆ। ਉਸ ਦੌਰਾਨ ਰਿਕਾਰਡ ਤੋੜ ਕੈਸਕੇਡ ਕੀਤੇ ਗਈ, ਯਾਨੀ 45,000 ਤੋਂ ਵੀ ਵੱਧ।ਇਨ੍ਹਾਂ ਵਿਚ ਹੀ ਸਾਇੰਸ, ਵੱਡੀਆਂ ਸਖਸ਼ੀਅਤਾਂ, ਵਪਾਰ, ਅੱਤਵਾਦੀ ਸੰਗਠਨਾਂ ਆਦਿ ਬਾਰੇ ਵੀ ਅਨੇਕ ਝੂਠ ਫੈਲਾਏ ਗਏ ਤਾਂ ਜੋ ਲੋਕ ਸੱਚ ਝੂਠ ਵਿਚ ਫਰਕ ਕਰ ਹੀ ਨਾ ਸਕਣ ਤੇ ਉਲਝਦੇ ਤੁਰੀ ਜਾਣ।ਇਸ ਤੋਂ ਬਾਅਦ ਦੂਜਾ ਨੁਕਤਾ ਸਾਹਮਣੇ ਆਇਆ ਜਿਸ ਵਿਚ ਇੱਕੋ ਥਾਂ ਤੋਂ 'ਪੂਰਨ ਸੱਚ', 'ਅੱਧਾ ਸੱਚ', ਅੱਧਾ ਝੂਠ' ਤੇ 'ਕੋਰਾ ਝੂਠ' ਟਵੀਟ ਕਰਵਾਇਆ ਗਿਆ। ਇਹ ਵੇਖਣ ਨੂੰ ਮਿਲਿਆ ਕਿ ਇਸ ਤਰ੍ਹਾਂ ਦੇ ਰਲਗੱਡ ਟਵੀਟਾਂ ਵਿਚ ਲੋਕ ਪੂਰੀ ਤਰ੍ਹਾਂ ਉਲਝ ਜਾਂਦੇ ਹਨ ਤੇ ਕਦੇ ਵੀ ਪੂਰਾ ਝੂਠ ਫੜ ਨਹੀਂ ਸਕਦੇ। ਇਹ ਨੁਕਤਾ ਸੰਨ 2017 ਵਿਚ ਪੂਰਾ ਜ਼ੋਰ ਫੜ ਗਿਆ।ਇਸ ਤਰ੍ਹਾਂ ਦੇ ਟਵੀਟਾਂ ਵਿਚੋਂ ਵੀ ਅੱਧਾ ਝੂਠ ਤੇ ਕੋਰਾ ਝੂਠ ਅੱਗੋਂ ਵੱਧ ਟਵੀਟ ਕੀਤੇ ਗਏ ਪਰ ਲੋਕਾਂ ਵਲੋਂ 'ਨਿਰੇ ਝੂਠ' ਨੂੰ ਬਾਕੀਆਂ ਨਾਲੋਂ 19 ਗੁਣਾ ਵੱਧ ਟਵੀਟ ਕੀਤਾ ਗਿਆ ਤੇ ਘੰਟਿਆਂ ਵਿਚ ਹੀ ਇਕ ਲੱਖ ਲੋਕਾਂ ਤੱਕ ਪਹੁੰਚ ਗਿਆ। ਟੀ. ਵੀ. ਜਾਂ ਅਖ਼ਬਾਰਾਂ ਨਾਲੋਂ ਵੀ ਵੱਧ ਝੂਠੇ ਟਵੀਟ ਦੀ ਪਹੁੰਚ ਵੇਖੀ ਗਈ।ਇਸ ਦੇ ਉਲਟ ਸੱਚੀ ਖ਼ਬਰ ਛੇ ਗੁਣਾਂ ਵੱਧ ਸਮੇਂ ਬਾਅਦ ਵੀ ਸਿਰਫ 1500 ਲੋਕਾਂ ਤੱਕ ਪਹੁੰਚਦੀ ਦਿਸੀ। ਇੱਕੋ ਵੇਲੇ ਦੋ ਵੱਖੋ ਵੱਖ ਜਣਿਆਂ ਤੋਂ ਇੱਕੋ ਖ਼ਬਰ ਦੇ ਸੱਚੇ ਤੇ ਝੂਠੇ ਪਹਿਲੂ ਟਵੀਟ ਕਰਵਾਏ ਗਏ। ਕਮਾਲ ਹੀ ਹੋ ਗਈ ਜਦੋਂ ਇਹ ਖ਼ਬਰਾਂ 1:10 ਦੇ ਹਿਸਾਬ ਨਾਲ ਫੈਲੀਆਂ ਲੱਭੀਆਂ। ਯਾਨਿ ਲੋਕਾਂ ਨੇ ਝੂਠ ਨੂੰ ਵੱਧ ਸ਼ੌਂਕ ਨਾਲ ਪੜ੍ਹਿਆ ਤੇ ਅੱਗੋਂ 10 ਗੁਣਾ ਵੱਧ ਟਵੀਟ ਕਰ ਕੇ 1000 ਗੁਣਾਂ ਵੱਧ ਲੋਕਾਂ ਤੱਕ ਪਹੁੰਚਾ ਦਿੱਤਾ।ਸਪਸ਼ਟ ਹੋ ਗਿਆ ਕਿ ਕਿਸੇ ਦੀ ਉਮਰ ਭਰ ਦੀ ਕਮਾਈ ਸ਼ੋਹਰਤ ਨੂੰ ਪਲਾਂ ਵਿਚ ਹੀ ਢਾਹਿਆ ਜਾ ਸਕਦਾ ਹੈ। ਅਜਿਹੇ ਨੈਟਵਰਕ ਹੁਣ ਸੈਂਕੜਿਆਂ ਦੀ ਗਿਣਤੀ ਵਿਚ ਕੰਮ ਕਰ ਰਹੇ ਹਨ, ਜਿੱਥੇ ਅੱਗੋਂ ਹਜ਼ਾਰਾਂ ਲੋਕ ਇਸ ਕੰਮ ਵਿਚ ਲਾਏ ਹੋਏ ਹਨ, ਜਿਨ੍ਹਾਂ ਦਾ ਕੰਮ ਸਿਰਫ਼ ਟਵੀਟ ਨੂੰ ਅਗਾਂਹ ਤੋਰਨਾ ਹੈ ਜੋ ਕਰੋੜਾਂ ਲੋਕਾਂ ਤੱਕ ਝੱਟਪਟ ਪਹੁੰਚ ਜਾਂਦਾ ਹੈ।ਜਦੋਂ ਝੂਠ ਫੜਿਆ ਜਾਵੇ :- ਜਦੋਂ ਕਿਸੇ ਇਕ ਜਣੇ ਵਲੋਂ ਕੀਤੇ ਝੂਠੇ ਟਵੀਟ ਜਾਂ ਫੇਸਬੁੱਕ ਉੱਤੇ ਲਿਖੇ ਝੂਠ ਦੋ ਕੁ ਵਾਰ ਫੜੇ ਜਾਣ ਅਤੇ ਝੂਠੇ ਸਬਤ ਹੋ ਜਾਣ ਤਾਂ ਇਹ ਵੇਖਣ ਵਿਚ ਆਇਆ ਕਿ ਲੋਕ ਉਸ ਵਲੋਂ ਕੀਤੇ ਇਕ ਅੱਧ ਸੱਚੇ ਟਵੀਟ ਵੀ ਮੰਨਣੋਂ ਹੱਟ ਜਾਂਦੇ ਹਲ। ਇਸੇ ਲਈ ਝੂਠ ਫੈਲਾਉਣ ਵਾਲੇ ਲਗਾਤਾਰ ਕੁਝ ਸੱਚ ਤੇ ਬਾਕੀ ਸਾਰਾ ਝੂਠ ਰਲਗੱਡ ਕਰਕੇ ਅਨੇਕ ਥਾਵਾਂ ਤੋਂ ਇੱਕੋ ਵੇਲੇ ਝਮੇਲਾ ਪਾ ਕੇ ਰੱਖ ਦਿੰਦੇ ਹਨ ਕਿ ਇਕ ਆਮ ਬੰਦਾ ਇਸ ਵਿਚਲੇ ਕਿੰਨੇ ਫੀਸਦੀ ਸੱਚ ਜਾਂ ਕਿੰਨਾ ਝੂਠ, ਲੱਭ ਹੀ ਨਹੀਂ ਸਕਦਾ।ਇਕ ਥਿਊਰੀ ਦੇ ਅਨੁਸਾਰ ਅਜਿਹੇ ਝੂਠ ਸੱਚ ਦਾ ਮਿਸ਼ਰਨ ਆਮ ਤੌਰ 'ਤੇ ਲੋਕ ਰਾਇ ਤਬਦੀਲ ਕਰਨ, ਸਿਆਸੀ ਲਾਹਾ ਲੈਣ ਜਾਂ ਵਪਾਰ ਵਧਾਉਣ ਲਈ ਕੀਤਾ ਜਾ ਰਿਹਾ ਹੈ।ਮਿਸਾਲ ਵਜੋਂ ਇਹੋ ਜਿਹਾ ਇਸ਼ਤਿਹਾਰ, ''ਇਹ ਫੈਸ਼ਨ ਤਾਂ ਟਰੈਂਡਿੰਗ ਵਿਚ ਹੈ! ਤੈਨੂੰ ਪਤਾ ਹੀ ਨਹੀਂ?'' ਇਹ ਕੋਰਾ ਝੂਠ ਹੋਣ ਦੇ ਬਾਵਜੂਦ ਅਣਗਿਣਤ ਲੋਕਾਂ ਨੂੰ ਉਸ ਪਾਸੇ ਖਿੱਚੇਗਾ ਤੇ ਬਦੋਬਦੀ ਖ਼ਰੀਦਣ ਉੱਤੇ ਮਜਬੂਰ ਕਰੇਗਾ।ਇਸ ਵਿਚ ਮਨੁੱਖੀ ਮਨ ਦੇ ਦੋ ਪੱਖ ਛੋਹੇ ਗਏ। ਪਹਿਲਾ, ਇਹ ਫੈਸ਼ਨ ਅਣਗਿਣਤ ਲੋਕ ਪਹਿਲਾਂ ਹੀ ਅਪਣਾ ਚੁੱਕੇ ਹਨ ਤੇ ਮੈਨੂੰ ਪਤਾ ਹੀ ਨਹੀਂ। ਦੂਜੇ, ਕਿਤੇ ਮੈਂ ਸਭ ਤੋਂ ਵੱਖ ਪਿਛਾਂਹ ਰਹਿ ਕੇ ਮਜ਼ਾਕ ਦਾ ਪਾਤਰ ਹੀ ਨਾ ਬਣ ਜਾਵਾਂ! ਇਸ ਹੀਣ ਭਾਵਨਾ ਨੂੰ ਘਟਾਉਣ ਲਈ ਬੰਦਾ ਉਹੀ ਟਵੀਟ ਅਗਾਂਹ ਕਰ ਦਿੰਦਾ ਹੈ ਕਿ ਮੈਨੂੰ ਪਤਾ ਹੈ ਤੇ ਮੈਂ ਵੀ ਇਸ ਦਾ ਹਿੱਸਾ ਹਾਂ।ਇਕ ਖੋਜ ਅਧੀਨ ਟਵਿਟਰ ਨੇ 5 ਹਜ਼ਾਰ ਲੋਕ ਸ਼ਾਮਲ ਕੀਤੇ, ਜਿਨ੍ਹਾਂ ਵਿਚ ਸੱਚ ਝੂਠ ਲਿਖਣ ਵਾਲੇ ਸਾਰੇ ਹੀ ਬਿਨਾਂ ਕਿਸੇ ਚੋਣ ਦੇ ਜੋੜ ਲਏ ਗਏ। ਉਨ੍ਹਾਂ ਵਿੱਚੋਂ ਛਾਣਬੀਣ ਕੀਤੇ ਬਗ਼ੈਰ 25 ਹਜ਼ਾਰ ਟਵੀਟ ਕੱਢੇ ਜਿਹੜੇ ਦੋ ਮਹੀਨੇ ਪਹਿਲਾਂ ਤੋਂ ਇਨ੍ਹਾਂ ਨੇ ਵੇਖੇ ਹੋਏ ਸਨ। ਫਿਰ ਇਹ ਲੱਭਿਆ ਗਿਆ ਕਿ ਇਨ੍ਹਾਂ ਵਿਚੋਂ ਕਿੰਨੇ ਰੀ-ਟਵੀਟ ਕੀਤੇ ਗਏ। ਲਗਭਗ 200 ਤੋਂ ਵੱਧ ਵੱਖੋ ਵੱਖਰੇ ਵਿਸ਼ਿਆਂ ਉੱਤੇ ਕੀਤੇ ਗਏ ਟਵੀਟ ਸਨ ਤੇ ਵੱਖੋ ਵੱਖ ਜ਼ੁਬਾਨਾਂ ਵਿਚਲੇ ਲੋਕ ਸ਼ਾਮਲ ਕੀਤੇ ਗਏ ਸਨ।ਸਾਰੇ ਹੀ ਤੱਥਾਂ ਨੂੰ ਵੇਖਦੇ ਹੋਏ ਇਹ ਨਿਚੋੜ ਨਿਕਲਿਆ, ਜੋ ''ਨੈਸ਼ਨਲ ਰੀਸਰਚ ਕਾਊਂਸਲ ਕੈਨੇਡਾ'' ਅਨੁਸਾਰ 8 ਕਿਸਮਾਂ ਦੇ ਹਾਵ ਭਾਵ ਉਜਾਗਰ ਕਰ ਸਕਦੀਆਂ ਹਨ, ਉਹੀ ਖ਼ਬਰਾਂ ਸਭ ਤੋਂ ਵੱਧ ਰੀ-ਟਵੀਟ ਹੋ ਕੇ ਲੱਖਾਂ ਲੋਕਾਂ ਤੱਕ ਪਹੁੰਚਦੀਆਂ ਹਨ। ਇਨ੍ਹਾਂ ਵਿਚ ਗੁੱਸਾ, ਭੈਅ, ਉਮੀਦ, ਵਿਸ਼ਵਾਸ, ਹੈਰਾਨੀ, ਉਦਾਸੀ, ਖੁਸ਼ੀ ਤੇ ਨਫ਼ਰਤ ਸ਼ਾਮਲ ਸਨ।ਲਗਭਗ 32 ਹਜ਼ਾਰ ਅਜਿਹੇ ਟਵੀਟ ਜਿਹੜੇ ਇਨ੍ਹਾਂ ਅੱਠ ਕਿਸਮਾਂ ਦੇ ਹਾਵ-ਭਾਵ ਨਾਲ ਲਬਰੇਜ਼ ਸਨ, ਉਹੀ ਸਭ ਤੋਂ ਵੱਧ ਲੋਕਾਂ ਤੱਕ ਰੀ-ਟਵੀਟ ਹੋ ਕੇ ਪਹੁੰਚੇ।ਸਪਸ਼ਟ ਹੋ ਗਿਆ ਕਿ ਸੱਚੀਆਂ ਘਟਨਾਵਾਂ ਜਾਂ ਖਬਰਾਂ ਇਹ ਅੱਠ ਹਾਵ-ਭਾਵ ਉਜਾਗਰ ਨਹੀਂ ਕਰ ਸਕਦੀਆਂ ਤੇ ਇਸੇ ਲਈ ਜ਼ਿਆਦਾ ਦੇਰ ਜ਼ਹਿਨ ਵਿਚ ਨਹੀਂ ਟਿਕਦੀਆਂ।ਇੰਝ ਹੀ ਕਿਸੇ ਦੀ ਸਿਫ਼ਤ-ਸਲਾਹ ਸੁਣ ਕੇ ਅਚੇਤ ਮਨ ਕਿਤੇ ਨਾ ਕਿਤੇ ਆਹਤ ਹੋ ਜਾਂਦਾ ਹੈ ਤੇ ਸ਼ਾਂਤ ਹੋਣ ਲਈ ਕਿਸੇ ਨਿਖੇਧੀ ਜਾਂ ਢਾਅ ਲਾਉਣ ਵਾਲੀ ਗੱਲ ਲੱਭਣ ਵੱਲ ਲੱਗ ਜਾਂਦਾ ਹੈ। ਜਿਉਂ ਹੀ ਕੋਈ ਨੁਕਤਾ ਲੱਭੇ ਤਾਂ ਉਸ ਵਿਚ ਮਿਰਚ-ਮਸਾਲਾ ਲਾ ਕੇ ਮਨ ਅੰਦਰਲਾ ਗ਼ੁਬਾਰ ਕੱਢ ਕੇ ਦੂਜੇ ਨੂੰ ਦਾਗ਼ੀ ਸਾਬਤ ਕਰ ਦਿੱਤਾ ਜਾਂਦਾ ਹੈ! ਫਿਰ 'ਰੀ-ਟਵੀਟ' ਜਾਂ 'ਸ਼ੇਅਰ' ਦਾ ਚੱਕਰਵਿਊ ਸ਼ੁਰੂ!ਮੈਸਾਚਿਊਸਟ ਇੰਸਟੀਚਿਊਟ ਔਫ ਟੈਕਨੌਲੋਜੀ ਤੇ ਵੈਲਸਲੇ ਕਾਲਜ ਨੇ ਰਲ ਕੇ ਅੰਗਰੇਜ਼ੀ ਵਿਚ ਕੀਤੇ 30 ਲੱਖ ਟਵੀਟਾਂ ਉਤੇ ਖੋਜ ਕੀਤੀ ਜੋ ਸੰਨ 2016 ਤੋਂ 2018 ਤੱਕ ਚੱਲੀ ਸੀ। ਉਨ੍ਹਾਂ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਕ ਫੀਸਦੀ ਸੱਚ ਨਾਲ 99 ਫੀਸਦੀ ਝੂਠ ਰਲਾ ਕੇ ਜ਼ਿਆਦਾ ਲੋਕਾਂ ਤੱਕ ਪਹੁੰਚ ਕਰਦਾ ਹੈ ਤੇ ਉਨ੍ਹਾਂ ਦੇ ਸੋਚਣ ਸਮਝਣ ਦੇ ਸੈਂਟਰ ਨੂੰ ਆਪਣੇ ਕਾਬੂ ਵਿਚ ਕਰ ਕੇ ਲੋਕ ਰਾਇ ਤਬਦੀਲ ਕਰਨ ਵਿਚ ਮਦਦ ਕਰਦਾ ਹੈ।ਹੁਣ ਆਪਾਂ ਸਾਰੇ ਵੇਖ ਰਹੇ ਹਾਂ ਕਿ ਚੁਫ਼ੇਰੇ ਕੂੜ ਹੀ ਕੂੜ ਦਾ ਪਸਾਰਾ ਹੈ। ਇਸ ਵਿਚ ਸੱਚ ਪਿਸ ਕੇ ਰਹਿ ਚੁੱਕਿਆ ਹੈ। ਝੂਠ ਦੀਆਂ ਡੂੰਘੀਆਂ ਜੜ੍ਹਾਂ ਸਮਾਜ ਨੂੰ ਖੋਖਲਾ ਕਰ ਚੁੱਕੀਆਂ ਹਨ। ਨਿੱਕੀ ਤੋਂ ਨਿੱਕੀ ਗੱਲ ਦਾ ਆਧਾਰ ਵੀ ਝੂਠ ਉਤੇ ਟਿਕਿਆ ਹੈ ਤੇ ਝੂਠ ਹੁਣ ਸੱਚ ਨੂੰ ਚੱਬਣ ਵੀ ਲੱਗ ਚੁੱਕਿਆ ਹੈ।ਸਿਰਫ਼ ਇੱਕੋ ਗੱਲ ਦਾ ਇੰਤਜ਼ਾਰ ਹੈ :-ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥(ਸ੍ਰੀ ਗੁਰੂ ਨਾਨਕ ਦੇਵ ਜੀ-ਅੰਗ 953)
ਡਾ. ਹਰਸ਼ਿੰਦਰ ਕੌਰ, ਐਮ. ਡੀ.,ਬੱਚਿਆਂ ਦੀ ਮਾਹਰ,28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783