ਏਨਾ ਬੇਵੱਸ ਕਿਉਂ ਹੋ ਗਿਆ ਹੈ ਸਾਰੀ ਉਮਰ ਵਿਰੋਧ ਦਾ ਸਾਹਮਣਾ ਕਰ ਚੁੱਕਾ ਬਾਦਲ - ਜਤਿੰਦਰ ਪਨੂੰ

ਸਿਹਤ ਕੁਝ ਜ਼ਿਆਦਾ ਵਿਗੜ ਜਾਣ ਕਾਰਨ ਪਿਛਲੇ ਦੋ ਦਿਨ ਜਦੋਂ ਹਸਪਤਾਲ ਵਿੱਚ ਰਹਿਣਾ ਪਿਆ ਤਾਂ ਹਰ ਤਰ੍ਹਾਂ ਦੀ ਸਿਆਸੀ ਅਤੇ ਪੱਤਰਕਾਰੀ ਸਰਗਰਮੀ ਨਾਲੋਂ ਸੰਪਰਕ ਬੰਦ ਕਰਨਾ ਪਿਆ ਸੀ। ਇਸ ਹਾਲਤ ਵਿੱਚ ਹੋਰ ਕੁਝ ਨਹੀਂ ਸੀ ਕਰ ਸਕਦਾ, ਪਰ ਦਿਮਾਗ ਵਿਹਲਾ ਨਹੀਂ ਸੀ ਰਹਿਣ ਵਾਲਾ, ਇਸ ਲਈ ਬੀਤੇ ਦਿਨਾਂ ਦੀਆਂ ਘਟਨਾਵਾਂ ਨੂੰ ਇੱਕ ਜਾਂ ਦੂਸਰੇ ਪੱਖੋਂ ਵਿਚਾਰਨ ਤੇ ਉਨ੍ਹਾਂ ਦੇ ਕਾਰਨ ਸਮਝਣ ਦਾ ਯਤਨ ਆਪਣੇ ਆਪ ਇਸ ਸਿਰ ਵਿੱਚ ਹੁੰਦਾ ਰਿਹਾ। ਇਸ ਦੌਰਾਨ ਬਹੁਤਾ ਧਿਆਨ ਪਿਛਲੇ ਐਤਵਾਰ ਦੀਆਂ ਕਾਂਗਰਸ ਤੇ ਅਕਾਲੀ ਦਲ ਦੀਆਂ ਰੈਲੀਆਂ ਤੇ ਕੋਟਕਪੂਰਾ-ਬਰਗਾੜੀ ਮਾਰਚ ਵਾਲੇ ਮੁੱਦੇ ਵੱਲ ਲੱਗਾ ਰਿਹਾ। ਅੱਗੋਂ ਇਸ ਧਿਆਨ ਦਾ ਵੱਡਾ ਹਿੱਸਾ ਪ੍ਰਕਾਸ਼ ਸਿੰਘ ਬਾਦਲ ਨੇ ਮੱਲੀ ਰੱਖਿਆ। ਬਜ਼ੁਰਗ ਆਗੂ ਪ੍ਰਕਾਸ਼ ਸਿੰਘ ਬਾਦਲ ਦਾ ਹਮਾਇਤੀ ਮੈਂ ਕਦੇ ਵੀ ਨਹੀਂ ਰਿਹਾ, ਪਰ ਕੁਝ ਗੱਲਾਂ ਇਹੋ ਜਿਹੀਆਂ ਚੇਤੇ ਆਈਆਂ, ਜਿਨ੍ਹਾਂ ਕਾਰਨ ਮਨ ਵਿੱਚ ਇਹ ਖਿਆਲ ਆਉਣ ਲੱਗਾ ਕਿ ਇਹ ਬੰਦਾ ਬੇਵੱਸ ਨਾ ਹੋ ਚੁੱਕਾ ਹੁੰਦਾ ਤਾਂ ਆਹ ਹਾਲਾਤ ਨਹੀਂ ਸੀ ਹੋਣੇ।
ਪਿਛਲੇ ਐਤਵਾਰ ਜਦੋਂ ਪਟਿਆਲੇ ਦੀ ਰੈਲੀ ਵਿੱਚ ਸਿਕੰਦਰ ਸਿੰਘ ਮਲੂਕਾ ਅਤੇ ਬੀਬੀ ਜਗੀਰ ਕੌਰ ਨੇ ਦੋ ਚੈਨਲਾਂ ਅਤੇ ਇੱਕ ਅਖਬਾਰ ਦਾ ਨਾਂਅ ਲੈ ਕੇ ਉਨ੍ਹਾਂ ਦੇ ਬਾਈਕਾਟ ਦਾ ਅਣਕਿਆਸਿਆ ਸੱਦਾ ਦੇ ਦਿੱਤਾ ਤਾਂ ਮੈਂ ਆਪਣੇ ਨਾਲ ਬੈਠੇ ਹੋਏ ਇੱਕ ਸੱਜਣ ਨੂੰ ਕਿਹਾ ਸੀ, ਇਹ ਨਹੀਂ ਬੋਲ ਰਹੇ, ਸੁਖਬੀਰ ਦੀ ਚਾਲ ਬੋਲਦੀ ਪਈ ਹੈ। ਉਨ੍ਹਾਂ ਨੇ ਕਾਰਨ ਪੁੱਛਿਆ ਤਾਂ ਮੈਂ ਕਿਹਾ ਸੀ ਕਿ ਸੁਖਬੀਰ ਨੇ ਇਨ੍ਹਾਂ ਦੋਵਾਂ ਤੋਂ ਇਹ ਗੱਲ ਕਹਾਈ ਹੈ ਕਿ ਜੇ ਸਟੇਜ ਉੱਤੇ ਬੈਠੇ ਬਜ਼ੁਰਗਾਂ ਵਿੱਚੋਂ ਕਿਸੇ ਨੇ ਬੁਰਾ ਮਨਾਇਆ ਤਾਂ ਮੈਂ ਜਾ ਕੇ ਸੋਧ ਲਵਾਂਗਾ, ਨਹੀਂ ਤਾਂ ਅਗਲਾ ਗੇਅਰ ਲਾ ਦੇਵਾਂਗਾ। ਹੋਇਆ ਵੀ ਇਹੋ ਹੀ। ਵੱਡੇ ਬਾਦਲ ਦੇ ਭਾਸ਼ਣ ਵਿੱਚ ਏਦਾਂ ਦੀ ਗੱਲ ਨਹੀਂ ਸੀ। ਸਾਫ ਹੈ ਕਿ ਉਹ ਸਹਿਮਤ ਨਹੀਂ, ਪਰ ਵਿਰੋਧ ਨਹੀਂ ਕਰ ਸਕਿਆ। ਇਹ ਗੱਲ ਇਸ ਲਈ ਹੈ ਕਿ ਉਹ ਪਹਿਲਾਂ ਵਾਲਾ ਬਾਦਲ ਨਹੀਂ ਰਿਹਾ, ਅੱਜ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ ਨਿਤਾਣਾਪਣ ਏਨਾ ਹੈ ਕਿ ਉਹ ਅੱਖਾਂ ਸਾਹਮਣੇ ਸਭ ਕੁਝ ਹੁੰਦਾ ਵੇਖ ਅਤੇ ਸੁਣ ਸਕਦਾ ਹੈ, ਦਖਲ ਦੇਣ ਦੀ ਸਥਿਤੀ ਵਿੱਚ ਨਹੀਂ। ਜਦੋਂ ਉਸ ਕੋਲ ਸਾਰੇ ਕੁਝ ਦੀ ਕਮਾਨ ਹੁੰਦੀ ਸੀ, ਉਹ ਵਿਰੋਧੀ ਵਿਚਾਰਾਂ ਦਾ ਸਾਹਮਣਾ ਕਰਨਾ ਜਾਣਦਾ ਸੀ ਅਤੇ ਆਪਣੇ ਢੰਗ ਨਾਲ ਕਰਦਾ ਵੀ ਹੁੰਦਾ ਸੀ, ਕਦੀ ਕਿਸੇ ਦਾ ਬਾਈਕਾਟ ਕਰਨ ਜਾਂ ਮੈਦਾਨ ਖਾਲੀ ਛੱਡਣ ਦਾ ਰਾਹ ਨਹੀਂ ਸੀ ਫੜਿਆ।
ਬਹੁਤੇ ਲੋਕਾਂ ਨੂੰ ਇਹ ਚੇਤੇ ਨਹੀਂ ਹੋਣਾ ਕਿ ਜਿਹੜੇ ਤੇਜਾ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਰਾਜਨੀਤੀ ਦੇ ਮੈਦਾਨ ਵਿੱਚ ਲਿਆਂਦਾ ਸੀ, ਪ੍ਰਕਾਸ਼ ਸਿੰਘ ਬਾਦਲ ਦੀ ਚੜ੍ਹਤ ਦੇ ਦੌਰ ਵਿੱਚ ਉਹ ਬੁਰੇ ਹਾਲਾਤ ਵਿੱਚ ਰਿਹਾ ਸੀ। ਜਦੋਂ ਉਸ ਦਾ ਦੇਹਾਂਤ ਹੋਇਆ, ਓਦੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਟੌਹੜਾ ਧੜਾ ਅਕਾਲੀ ਦਲ ਨਾਲੋਂ ਵੱਖਰਾ ਸੀ। ਭੋਗ ਪੈਣ ਦੇ ਵਕਤ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੀ ਪਤਨੀ ਵੀ ਆਏ ਤੇ ਮੱਥਾ ਟੇਕ ਕੇ ਬੈਠ ਗਏ। ਜਿਹੜਾ ਵੀ ਬੁਲਾਰਾ ਬੋਲਿਆ, ਉਹ ਟੌਹੜਾ ਧੜੇ ਦਾ ਹੋਵੇ, ਦਿੱਲੀ ਦੇ ਸਰਨਿਆਂ ਵਾਲੇ ਅਕਾਲੀ ਦਲ ਦਾ ਜਾਂ ਪੰਜਾਬ ਕਾਂਗਰਸ ਦਾ ਕੋਈ ਆਗੂ, ਹਰ ਕਿਸੇ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਰੱਜ ਕੇ ਭੰਡਣ ਉੱਤੇ ਜ਼ੋਰ ਲਾਇਆ। ਬੜੇ ਲੋਕ ਇਹ ਸੋਚ ਰਹੇ ਸਨ ਕਿ ਇਹ ਮੀਆਂ-ਬੀਵੀ ਕਿਸੇ ਵੇਲੇ ਵੀ ਉੱਠ ਕੇ ਤੁਰ ਪੈਣਗੇ। ਉਹ ਨਹੀਂ ਸੀ ਗਏ। ਕੁਝ ਲੋਕ ਇਸ ਝਾਕ ਵਿੱਚ ਬੈਠੇ ਸਨ ਕਿ ਜਦੋਂ ਇਹ ਜਾਣ ਲੱਗੇ ਤਾਂ ਅਸੀਂ ਹੂਟਿੰਗ ਕਰਾਂਗੇ, ਉਹ ਵੀ ਨਿਰਾਸ਼ ਹੋ ਗਏ। ਪ੍ਰਸ਼ਾਦ ਵਰਤਣ ਪਿੱਛੋਂ ਬਾਹਰ ਨਿਕਲਦੇ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪੱਤਰਕਾਰ ਨੇ ਛੇੜਨ ਦੀ ਭਾਸ਼ਾ ਵਿੱਚ ਪੁੱਛ ਲਿਆ: ਬਾਦਲ ਸਾਹਿਬ ਏਦਾਂ ਦੇ ਮੌਕੇ ਤੁਹਾਡੇ ਨਾਲ ਆਹ ਜੋ ਕੁਝ ਇਨ੍ਹਾਂ ਨੇ ਕੀਤਾ ਹੈ, ਇਹ ਕਰਨਾ ਨਹੀਂ ਸੀ ਚਾਹੀਦਾ! ਬਾਦਲ ਨੇ ਹੌਲੀ ਜਿਹਾ ਸਿਰਫ ਏਨਾ ਕਿਹਾ ਸੀ, 'ਉਨ੍ਹਾਂ ਦੇ ਮਨ ਵਿੱਚ ਜਿੰਨਾ ਰੋਸ ਸੀ, ਉਨ੍ਹਾਂ ਨੇ ਕੱਢ ਲਿਆ, ਮੈਨੂੰ ਕੋਈ ਗਿਲ੍ਹਾ ਨਹੀਂ।' ਏਨੇ ਸ਼ਬਦਾਂ ਨਾਲ ਉਹ ਓਥੇ ਖੜੇ ਸਾਰੇ ਪੱਤਰਕਾਰਾਂ ਨੂੰ ਇਸ ਖਬਰ ਦਾ ਮਸਾਲਾ ਦੇ ਗਿਆ: 'ਏਨੀ ਹਲੀਮੀ ਵਾਲਾ ਹੈ ਵੱਡਾ ਬਾਦਲ'।
ਸਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਦਾ ਉਹ ਵਕਤ ਵੀ ਯਾਦ ਹੈ, ਜਦੋਂ ਬਾਦਲ ਬਾਪ-ਬੇਟੇ ਦਾ ਵਾਰੰਟ ਬਣਦਾ ਪਿਆ ਸੀ ਤੇ ਕਿਸੇ ਵਕਤ ਵੀ ਗ੍ਰਿਫਤਾਰੀ ਹੋਣ ਦਾ ਡਰ ਸੀ। ਓਦੋਂ ਅਕਾਲੀ ਦਲ ਨੇ ਇੱਕ ਰੈਲੀ ਲੁਧਿਆਣੇ ਦੇ ਨੇੜੇ ਕਿਸੇ ਥਾਂ ਕੀਤੀ ਸੀ। ਆਪਣੇ ਭਾਸ਼ਣਾਂ ਵਿੱਚ ਟੋਟਕੇ ਸੁਣਾਉਣ ਦਾ ਮਾਹਰ ਬਾਦਲ ਤੋਂ ਵੱਡਾ ਨਹੀਂ ਲੱਭਦਾ। ਉਸ ਨੇ ਕਿਹਾ: 'ਮੈਨੂੰ ਇਸ ਰੈਲੀ ਵਿੱਚ ਆਉਣ ਲੱਗੇ ਨੂੰ ਪੱਤਰਕਾਰਾਂ ਨੇ ਦੱਸਿਆ ਕਿ ਸਰਕਾਰ ਤੁਹਾਡੇ ਵਾਰੰਟ ਬਣਾਈ ਜਾਂਦੀ ਹੈ।' ਉਹ ਮੇਰਾ ਪ੍ਰਤੀਕਰਮ ਪੁੱਛਦੇ ਸਨ, 'ਮੈਂ ਕਿਹਾ ਸੀ ਕਿ ਫੌਜ ਦੀ ਭਾਰਤੀ ਵਿੱਚ ਵੱਡੇ ਅਫਸਰਾਂ ਨੇ ਇੰਟਰਵਿਊ ਦੇਣ ਆਏ ਇੱਕ ਮੁੰਡੇ ਨੂੰ ਪੁੱਛਿਆ ਸੀ: 'ਤੂੰ ਜੰਗਲ ਵਿੱਚ ਜਾ ਰਿਹਾ ਹੋਵੇਂ ਤੇ ਅੱਗੋਂ ਸ਼ੇਰ ਆ ਜਾਵੇ, ਤੂੰ ਫਿਰ ਕੀ ਕਰੇਂਗਾ। ਉਸ ਮੁੰਡੇ ਨੇ ਕਿਹਾ ਸੀ: ਮੈਂ ਕੀ ਕਰਨਾ ਹੈ, ਜੋ ਕੁਝ ਕਰਨਾ ਹੋਇਆ, ਸ਼ੇਰ ਨੇ ਆਪੇ ਹੀ ਕਰ ਲੈਣਾ ਹੈ।' ਮੈਂ ਵੀ ਪੱਤਰਕਾਰਾਂ ਨੂੰ ਕਹਿ ਦਿੱਤਾ ਕਿ ਐਸ ਵੇਲੇ ਅਮਰਿੰਦਰ ਸਿੰਘ ਉਸ ਸ਼ੇਰ ਵਾਲੀ ਸਥਿਤੀ ਵਿੱਚ ਹੈ, ਉਸ ਨੇ ਜੋ ਵੀ ਕਰਨਾ ਹੋਵੇਗਾ, ਅਸੀਂ ਉਸ ਨੂੰ ਰੋਕ ਨਹੀਂ ਸਕਦੇ, ਜਦੋਂ ਲੋਕਾਂ ਵਿੱਚ ਜਾਣ ਦਾ ਮੌਕਾ ਲੱਗਾ, ਓਦੋਂ ਸਾਰਾ ਲੇਖਾ ਕਰ ਲਿਆ ਜਾਵੇਗਾ।' ਇੰਜ ਉਸ ਨੇ ਕੇਸ ਦੇ ਵਾਰੰਟਾਂ ਬਾਰੇ ਆਪਣੀ ਬੇਵੱਸੀ ਵੀ ਦੱਸ ਦਿੱਤੀ ਤੇ ਅੱਗੋਂ ਦਾ ਦਬਕਾ ਮਾਰ ਕੇ ਗੱਲ ਵੀ ਟਾਲ ਦਿੱਤੀ ਸੀ।
ਉਸ ਤੋਂ ਵੀ ਪਹਿਲਾਂ ਦਾ ਇੱਕ ਮੌਕਾ ਵਿਧਾਨ ਸਭਾ ਵਿੱਚ ਵੇਖਿਆ ਗਿਆ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰੀ ਪੰਜਾਬ ਦੀ ਕਮਾਨ ਸੰਭਾਲੀ ਸੀ। ਜਿਵੇਂ ਅਸੀਂ ਪਿਛਲੇ ਅਗਸਤ ਮਹੀਨੇ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਉੱਤੇ ਬਹਿਸ ਵੇਲੇ ਬਾਦਲ ਅਕਾਲੀ ਦਲ ਉੱਤੇ ਧੂੰਆਂਧਾਰ ਚਾਂਦਮਾਰੀ ਹੁੰਦੀ ਵੇਖੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਦੇ ਪਹਿਲੇ ਵਿਧਾਨ ਸਭਾ ਅਜਲਾਸ ਵਿੱਚ ਵੀ ਏਦਾਂ ਹੀ ਹੋਈ ਸੀ। ਗਿਣ-ਗਿਣ ਕੇ ਨੁਕਸ ਕੱਢੇ ਗਏ ਤੇ ਸਾਰਾ ਦੋਸ਼ ਪਿਛਲੀ ਸਰਕਾਰ ਦੇ ਮੁਖੀ ਵਜੋਂ ਪ੍ਰਕਾਸ਼ ਸਿੰਘ ਬਾਦਲ ਉੱਤੇ ਲਾਇਆ ਗਿਆ। ਅਕਾਲੀ ਦਲ ਦੇ ਜਿੰਨੇ ਵੱਡੇ ਜਾਂ ਛੋਟੇ ਆਗੂ ਬਹਿਸ ਵਿੱਚ ਬੋਲੇ, ਬਹੁਤ ਕੌੜੀ ਭਾਸ਼ਾ ਵਰਤਦੇ ਰਹੇ ਤੇ ਹਰ ਕੋਈ ਹੈਰਾਨ ਸੀ ਕਿ ਵੱਡੇ ਬਾਦਲ ਦੇ ਬੋਲਣ ਲਈ ਅਕਾਲੀ ਦਲ ਨੇ ਸਮਾਂ ਹੀ ਨਹੀਂ ਬਚਣ ਦਿੱਤਾ। ਅਖੀਰ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਬੋਲਣਾ ਸੀ, ਬੜੇ ਥੋੜ੍ਹੇ ਸਮੇਂ ਵਿੱਚ ਆਪਣੀ ਗੱਲ ਆਖ ਕੇ ਇਨ੍ਹਾਂ ਲਫਜ਼ਾਂ ਨਾਲ ਸਿਰੇ ਲਾ ਦਿੱਤੀ ਕਿ ਅਸੀਂ ਤਾਂ ਸਾਰਾ ਕੁਝ ਗਲਤ ਕੀਤਾ ਸੀ, ਸਾਡੀਆਂ ਗਲਤੀਆਂ ਤੋਂ ਤੁਸੀਂ ਹੀ ਸਿੱਖ ਲਵੋ, ਅੱਗੋਂ ਤੁਸੀਂ ਪੰਜਾਬ ਦਾ ਨੁਕਸਾਨ ਹੋਣ ਤੋਂ ਰੋਕ ਲਓ। ਨਾ ਕੋਈ ਸਫਾਈ ਦਿੱਤੀ ਤੇ ਨਾ ਕੋਈ ਗੁਨਾਹ ਮੰਨਿਆ, ਬਹੁਤ ਆਰਾਮ ਨਾਲ ਗੱਲ ਤਿਲਕਾ ਕੇ ਤੁਰ ਗਿਆ, ਪਰ ਉੱਠ ਕੇ ਬਾਹਰ ਨਹੀਂ ਸੀ ਗਿਆ। ਉਸ ਪਿੱਛੋਂ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਹਿਸ ਸਮੇਟਦਿਆਂ ਫਿਰ ਤਿੱਖੇ ਹਮਲੇ ਕੀਤੇ ਤਾਂ ਅਕਾਲੀ ਲੀਡਰ ਭੁੜਕਣ ਲੱਗੇ ਸਨ, ਪਰ ਵੱਡੇ ਬਾਦਲ ਨੇ ਇਹ ਕਹਿ ਕੇ ਰੋਕ ਦਿੱਤਾ ਸੀ, 'ਉਨ੍ਹਾਂ ਦਾ ਸਮਾਂ ਹੈ, ਮਨ ਦੀ ਗੱਲ ਕਹਿ ਲੈਣ ਦਿਓ।'
ਅੱਜ ਦਾ ਪ੍ਰਕਾਸ਼ ਸਿੰਘ ਬਾਦਲ ਜੇ ਪੁੱਤਰ ਤੇ ਉਸ ਦੇ ਜੋੜੀਦਾਰਾਂ ਅੱਗੇ ਬੇਵੱਸ ਨਾ ਹੋ ਜਾਂਦਾ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਵਾਲੇ ਦਿਨ ਵਿਧਾਨ ਸਭਾ ਤੋਂ ਭੱਜਣ ਦਾ ਫੈਸਲਾ ਕਦੇ ਨਾ ਕਰਨ ਦੇਂਦਾ ਅਤੇ ਓਥੇ ਬੈਠ ਕੇ ਸਾਰਾ ਕੁਝ ਸੁਣਦਾ। ਅਸੀਂ ਪੰਜਾਬ ਵਿੱਚ ਸੁਣਿਆ ਸੀ ਕਿ ਬਾਪੂ ਨੂੰ ਬਰਾਤ ਦੇ ਨਾਲ ਸੰਦੂਕ ਵਿੱਚ ਲੁਕਾ ਕੇ ਲੈ ਗਏ ਸਨ, ਉਹ ਲੋਕ ਸਿਆਣੇ ਹੋਣਗੇ, ਬਾਪੂ ਬਾਦਲ ਦੀ ਅਗਲੀ ਪੀੜ੍ਹੀ ਉਨ੍ਹਾਂ ਬਰਾਤੀਆਂ ਜਿੰਨੀ ਸਿਆਣੀ ਵੀ ਨਹੀਂ।
ਤੇ ਆਖਰੀ ਗੱਲ ਇਹ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਦੇ ਵੇਲੇ ਹੀ ਵਿਧਾਨ ਸਭਾ ਵਿੱਚ ਇੱਕ ਹੋਰ ਘਟਨਾ ਵਾਪਰ ਗਈ ਸੀ। ਬਾਦਲ ਪਿਤਾ-ਪੁੱਤਰ ਉੱਤੇ ਕੇਸ ਦਰਜ ਹੋਣ ਪਿੱਛੋਂ ਹੋ ਰਹੀ ਬਹਿਸ ਵਿੱਚ ਇੱਕ ਮੌਕੇ ਵੱਡੇ ਬਾਦਲ ਨੇ ਇੱਕ ਗੱਲ ਦਾ ਜ਼ਿਕਰ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਸਾਂ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਿੱਗ ਕੇ ਮੇਰਾ ਚੂਲਾ ਟੁੱਟ ਗਿਆ ਸੀ, ਪਰ ਮੇਰੇ ਸਕਿਓਰਟੀ ਦੇ ਮੁਖੀ ਅਫਸਰ ਨੇ ਡਾਕਟਰ ਨੂੰ ਫੋਨ ਕਰਨ ਦੀ ਥਾਂ ਪਹਿਲਾ ਫੋਨ ਅਮਰਿੰਦਰ ਸਿੰਘ ਜੀ ਤੁਹਾਨੂੰ ਕੀਤਾ ਸੀ ਕਿ ਚੋਣਾਂ ਸਿਰ ਉੱਤੇ ਹਨ ਤੇ ਆਹ ਤੁਹਾਡੇ ਲਈ ਚੰਗੀ ਖਬਰ ਆ ਗਈ ਹੈ। ਇਸ ਨਾਲ ਬਹਿਸ ਦਾ ਰੁਖ ਬਾਦਲ ਦੇ ਆਪਣੇ ਖਿਲਾਫ ਮੁੜ ਸਕਦਾ ਸੀ ਕਿ ਉਸ ਨੂੰ ਕਿਵੇਂ ਪਤਾ, ਜਾਂ ਤਾਂ ਉਹ ਅਮਰਿੰਦਰ ਸਿੰਘ ਦੇ ਫੋਨ ਟੈਪ ਕਰਾਉਂਦਾ ਰਿਹਾ ਹੋਵੇਗਾ ਜਾਂ ਆਪਣੀ ਸੁਰੱਖਿਆ ਵਾਲੇ ਮੁਖੀ ਦੇ ਕਰਾਉਂਦਾ ਹੋਵੇਗਾ, ਪਰ ਉਸ ਨੇ ਇਹ ਮੌਕਾ ਹੀ ਨਹੀਂ ਆਉਣ ਦਿੱਤਾ। ਇਸ ਦੀ ਥਾਂ ਅਗਲੀ ਗੱਲ ਇਹ ਆਖ ਦਿੱਤੀ ਕਿ ਅਮਰਿੰਦਰ ਸਿੰਘ ਜੀ, ਅਫਸਰ ਕਿਸੇ ਦੇ ਸਕੇ ਨਹੀਂ ਹੋਇਆ ਕਰਦੇ, ਇਨ੍ਹਾਂ ਦੀ ਸਾਂਝ ਕੁਰਸੀ ਨਾਲ ਹੁੰਦੀ ਹੈ, ਤੁਸੀਂ ਇਨ੍ਹਾਂ ਦੇ ਕਹੇ ਉੱਤੇ ਸਰਕਾਰ ਚਲਾਓਗੇ ਤਾਂ ਸਾਡੇ ਵਾਲੀਆਂ ਗਲਤੀਆਂ ਹੀ ਕਰ ਬੈਠੋਗੇ। ਬਹਿਸ ਦਾ ਰੁਖ ਇਸ ਨਾਲ ਇਸ ਪਾਸੇ ਮੁੜ ਗਿਆ ਸੀ ਕਿ ਪੰਜਾਬ ਵਿੱਚ ਅਫਸਰਸ਼ਾਹੀ ਭਾਰੂ ਹੋਈ ਜਾ ਰਹੀ ਹੈ, ਪਰ ਆਪਣੇ ਦੌਰ ਦੀਆਂ ਬੱਜਰ ਗਲਤੀਆਂ ਅਤੇ ਲਾਏ ਗਏ ਦੋਸ਼ਾਂ ਨੂੰ ਸੁਣਨ ਤੋਂ ਭੱਜਣ ਦੀ ਥਾਂ ਬਾਦਲ ਨੇ ਸਾਹਮਣਾ ਕੀਤਾ ਸੀ।
ਅੱਜ ਦੇ ਦੌਰ ਵਿੱਚ ਵੀ ਸਿਰਫ ਇਹੋ ਨਹੀਂ ਕਿ ਵਿਧਾਨ ਸਭਾ ਵਿੱਚੋਂ ਉੱਠਣ ਦੀ ਬਾਦਲ ਨੇ ਗੱਲ ਨਹੀਂ ਸੀ ਸੋਚਣੀ, ਉਸ ਦੇ ਹੱਥ ਕਮਾਨ ਹੁੰਦੀ ਤਾਂ ਮੀਡੀਆ ਚੈਨਲਾਂ ਤੇ ਅਖਬਾਰਾਂ ਦੇ ਬਾਈਕਾਟ ਦੇ ਬਿਆਨ ਵੀ ਕਿਸੇ ਮਲੂਕੇ ਜਾਂ ਜਗੀਰ ਕੌਰ ਨੇ ਨਹੀਂ ਸੀ ਦੇ ਸਕਣੇ ਤੇ ਮੀਡੀਆ ਵਾਲਿਆਂ ਬਾਰੇ ਇਹ ਲਫਜ਼ ਕਹਿਣ ਦੀ ਤਾਂ ਕਿਸੇ ਦੀ ਹਿੰਮਤ ਵੀ ਨਹੀਂ ਸੀ ਹੋਣੀ ਕਿ 'ਚੀਰ ਕੇ ਰੱਖ ਦਿਆਂਗੇ।' ਵੱਡਾ ਬਾਦਲ ਅਜੇ ਖੁਦ ਨੂੰ ਏਨਾ ਬੁੱਢਾ ਵੀ ਨਹੀਂ ਮੰਨਦਾ ਕਿ ਸੰਨਿਆਸ ਲੈ ਕੇ ਬੈਠ ਜਾਵੇ। ਫਿਰ ਉਸ ਨੂੰ ਜ਼ਿਮੇਵਾਰੀ ਸਮਝ ਕੇ ਦਖਲ ਦੇਣਾ ਚਾਹੀਦਾ ਹੈ। ਜੋ ਗਲਤ ਹੁੰਦਾ ਦਿੱਸਦਾ ਹੈ, ਰੋਕਣ ਦਾ ਬਲ ਧਾਰਨਾ ਚਾਹੀਦਾ ਹੈ। ਏਨਾ ਵੀ ਨਹੀਂ ਕਰਨਾ ਤਾਂ ਜਿਹੜਾ ਨੁਕਸਾਨ ਹੋ ਗਿਆ, ਉਸ ਦੀ ਜ਼ਿਮੇਵਾਰੀ ਕਿਸ ਦੇ ਸਿਰ ਪਵੇਗੀ, ਸਭ ਨੂੰ ਪਤਾ ਹੈ।

14 Oct. 2018