ਪਾਕਿਸਤਾਨ ਨਾਲ ਭਾਰਤ ਕਿੰਝ ਨਜਿੱਠੇ ? - ਮਨੋਜ ਜੋਸ਼ੀ

ਫਾਇਨੈਂਸ਼ੀਅਲ ਟਾਈਮਜ਼ ਅਖ਼ਬਾਰ ਦਾ ਕਹਿਣਾ ਹੈ ਕਿ ਪਾਕਿਸਤਾਨੀ ਅਰਥਚਾਰਾ ਢਹਿ-ਢੇਰੀ ਹੋਣ ਕੰਢੇ ਹੈ। ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਹਨ ਤੇ ਵਿਦੇਸ਼ੀ ਸਰਮਾਏ ਦੇ ਭੰਡਾਰ ਲਗਭਗ ਖਾਲੀ ਹੋ ਗਏ ਹਨ ਜਿਸ ਕਰ ਕੇ ਕਾਰੋਬਾਰ ਠੱਪ ਹੋ ਗਏ ਹਨ। ਬਚਾਓ ਲਈ ਕੌਮਾਂਤਰੀ ਮਾਲੀ ਫੰਡ (ਆਈਐੱਮਐੱਫ) ਤੋਂ ਪੈਕੇਜ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਫ਼ਲ ਨਹੀਂ ਪੈ ਰਿਹਾ ਕਿਉਂਕਿ ਪਾਕਿਸਤਾਨ ਸਰਕਾਰ ਇਸ ਗੱਲ ’ਤੇ ਜ਼ੋਰ ਦੇ ਰਹੀ ਹੈ ਕਿ ਪੀੜਤ ਪਿਛਲੀਆਂ ਗਰਮੀਆਂ ਵਿਚ ਆਏ ਭਾਰੀ ਹੜ੍ਹਾਂ ਤੋਂ ਅਜੇ ਤੱਕ ਉਭਰ ਨਹੀਂ ਸਕੇ ਜਿਸ ਕਰ ਕੇ ਸਰਫ਼ੇ ਦੇ ਤਿੱਖੇ ਕਦਮ ਲਾਗੂ ਕਰਨੇ ਔਖੇ ਹਨ। ਸਰਕਾਰ ਕੋਲ 5 ਅਰਬ ਡਾਲਰ ਤੋਂ ਘੱਟ ਵਿਦੇਸ਼ੀ ਮੁਦਰਾ ਭੰਡਾਰ ਰਹਿ ਗਏ ਹਨ ਜਿਨ੍ਹਾਂ ਨਾਲ ਮਸਾਂ ਇਕ ਮਹੀਨੇ ਦਾ ਤੇਲ-ਪਾਣੀ ਚਲਾਇਆ ਜਾ ਸਕਦਾ ਹੈ।
ਉਧਰ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਸਰਕਾਰ ਨਾਲ ਗੋਲੀਬੰਦੀ ਤੋੜਨ ਦੇ ਐਲਾਨ ਤੋਂ ਬਾਅਦ ਹਾਲੀਆ ਮਹੀਨਿਆਂ ਦੌਰਾਨ ਸਰਗਰਮੀਆਂ ਵਿਚ ਤੇਜ਼ੀ ਲੈ ਆਂਦੀ ਹੈ। ਦੇਖਿਆ ਜਾਵੇ ਤਾਂ ਪਾਕਿਸਤਾਨ ਨੇ ਅਫ਼ਗਾਨ ਤਾਲਿਬਾਨ ਨੂੰ ਹਮਾਇਤ ਦੇਣ ਦੀ ਨੀਤੀ ਅਪਣਾ ਕੇ ਟੀਟੀਪੀ ਦੇ ਰੂਪ ਵਿਚ ਖੁਦ ਇਹ ਕੰਡੇ ਬੀਜ ਲਏ ਸਨ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਹੋਣ ਨਾਲ ਟੀਟੀਪੀ ਨੂੰ ਹੁਲਾਰਾ ਮਿਲਿਆ ਅਤੇ ਅਫ਼ਗਾਨ ਤਾਲਿਬਾਨ ਨੇ ਇਸਲਾਮਾਬਾਦ ਅਤੇ ਟੀਟੀਪੀ ਵਿਚਕਾਰ ਸਾਲਸ ਬਣਨ ਤੋਂ ਮਨ੍ਹਾ ਕਰ ਦਿੱਤਾ ਸੀ।
       ਪਾਕਿਸਤਾਨ ਦੇ ਹੱਥੋਂ ਉਹ ਮੁੱਦੇ ਵੀ ਕਿਰ ਰਹੇ ਹਨ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਵਾਹ-ਵਾਸਤਾ ਨਹੀ। ਇਨ੍ਹਾਂ ’ਚੋਂ ਇਕ ਮੁੱਦਾ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਹੈ ਜੋ ਕਸ਼ਮੀਰ ਨਾਲ ਨੇੜਿਓਂ ਜੁੜਿਆ ਹੋਇਆ ਹੈ। ਮੁਲਕ ਕਦੇ ਹੜ੍ਹ ਤੇ ਕਦੇ ਸੋਕੇ ਦੀ ਮਾਰ ਹੇਠ ਆ ਜਾਂਦਾ ਹੈ ਜੋ ਸਿਆਸਤ ਕਰ ਕੇ ਨਹੀਂ ਸਗੋਂ ਜਲਵਾਯੂ ਸੰਕਟ ਕਰ ਕੇ ਹੋ ਰਿਹਾ ਹੈ। ਕਸ਼ਮੀਰ ’ਚੋਂ ਨਿਕਲਦੇ ਦਰਿਆਵਾਂ ਦੇ ਪਾਣੀਆਂ ਦਾ ਸੁਚੱਜਾ ਪ੍ਰਬੰਧ ਕਰ ਕੇ ਹੀ ਹਾਲਾਤ ਨਾਲ ਸਿੱਝਿਆ ਜਾ ਸਕਦਾ ਹੈ। ਆਲਮੀ ਤਪਸ਼ ਕਰ ਕੇ ਗਲੇਸ਼ੀਅਰ ਪਿਘਲਣ ਕਰ ਕੇ ਸਿੰਧ ਦਰਿਆਈ ਮੁਹਾਣ ਵਿਚ ਪਾਣੀ ਦਾ ਵਹਾਓ ਕਦੇ ਹੱਦ ਦਰਜਾ ਵਧ ਜਾਂਦਾ ਹੈ ਤੇ ਕਦੇ ਉੱਕਾ ਹੀ ਘਟ ਜਾਂਦਾ ਹੈ ਪਰ ਪਾਕਿਸਤਾਨ ਦੇ ਰੁਖ਼ ਵਿਚ ਬਦਲਾਓ ਲਿਆਉਣ ਤੋਂ ਇਨਕਾਰ ਕਰਨ ਕਰ ਕੇ ਹੀ ਨਵੀਂ ਦਿੱਲੀ ਨੇ ਉਸ ਨੂੰ ਨੋਟਿਸ ਭੇਜਿਆ ਹੈ ਕਿ ਉਹ ਸਿੰਧ ਜਲ ਸੰਧੀ ਦੀ ਸਮੀਖਿਆ ਕਰ ਕੇ ਇਸ ਦੀਆਂ ਮੱਦਾਂ ਵਿਚ ਤਬਦੀਲੀ ਕਰ ਰਿਹਾ ਹੈ।
       ਇਸ ਮਹੀਨੇ ਦੇ ਸ਼ੁਰੂ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਖਿਆ ਸੀ ਕਿ ਭਾਰਤ ਨਾਲ ਜੰਗਾਂ ਲੜ ਕੇ ਉਨ੍ਹਾਂ ਦੇ ਮੁਲਕ ਦੇ ਪੱਲੇ ਦੁੱਖਾਂ ਮੁਸੀਬਤਾਂ ਤੋਂ ਇਲਾਵਾ ਕੁਝ ਨਹੀਂ ਪਿਆ। ਉਂਝ, ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਦੇ ਦਫ਼ਤਰ ਦੀ ਤਰਫ਼ੋਂ ਬਿਆਨ ਆ ਗਿਆ ਕਿ ਜਦੋਂ ਤੱਕ ਭਾਰਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਸੰਵਿਧਾਨਕ ਦਰਜਾ ਬਹਾਲ ਨਹੀਂ ਕਰ ਦਿੰਦਾ, ਓਨੀ ਦੇਰ ਤੱਕ ਗੱਲਬਾਤ ਸੰਭਵ ਨਹੀਂ।
       ਭਾਰਤ ਨੇ ਵੀ ਸ਼ਰਤਾਂ ਲਾਈਆਂ ਹਨ ਜਿਨ੍ਹਾਂ ’ਚ ਅੱਵਲ ਇਹ ਹੈ ਕਿ ਪਾਕਿਸਤਾਨ ਨੂੰ ਭਾਰਤ ਤੇ ਹਮਲੇ ਕਰਨ ਵਾਲੇ ਆਪਣੇ ਗੁੱਝੇ ਹਥਿਆਰਬੰਦ ਅਨਸਰਾਂ ਦੀ ਹਮਾਇਤ ਦੇਣੀ ਬੰਦ ਕਰਨੀ ਪਵੇਗੀ। ਜਿੰਨੀ ਦੇਰ ਤੱਕ ਜਹਾਦੀ ਫੈਕਟਰੀ ਚਲਦੀ ਰਹਿੰਦੀ ਹੈ, ਉਦੋਂ ਤੱਕ ਆਮ ਵਰਗੇ ਸਬੰਧ ਬਹਾਲ ਨਹੀਂ ਕੀਤੇ ਜਾ ਸਕਦੇ। ਪਿਛਲੇ ਦੋ ਸਾਲਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਭਾਰਤ ਤੇ ਪਾਕਿਸਤਾਨ ਆਮ ਵਰਗੇ ਸਬੰਧ ਚਾਹੁੰਦੇ ਹਨ। ਪਾਕਿਸਤਾਨ ’ਚੋਂ ਕੁਝ ਰਿਪੋਰਟਾਂ ਆਈਆਂ ਸਨ ਕਿ ਦੋਵੇਂ ਮੁਲਕਾਂ ਵਿਚਕਾਰ ਅੰਦਰਖਾਤੇ ਗੱਲਬਾਤ ਚੱਲ ਰਹੀ ਸੀ।
      ਇਸ ਤਹਿਤ 2017 ਵਿਚ ਆਈਐੱਸਆਈ ਦੇ ਸਾਬਕਾ ਉਪ ਮੁਖੀ ਮੇਜਰ ਜਨਰਲ ਸਾਹਿਬਜ਼ਾਦਾ ਇਸਫਾਂਦਯਾਰ ਪਟੌਦੀ ਅਤੇ ਭਾਰਤ ਦੇ ਸੂਹੀਆ ਅਫਸਰ ਕੁਮਾਰਨ ਵਿਚਕਾਰ ਪਹਿਲੇ ਦੌਰ ਦੀ ਗੱਲਬਾਤ ਹੋਈ ਸੀ। ਮੇਜਰ ਜਨਰਲ ਪਟੌਦੀ ਨੇ ਭਾਰਤੀ ਵਾਰਤਾਕਾਰ ਨੂੰ ਦੱਸਿਆ ਸੀ ਕਿ ਤਤਕਾਲੀ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਭਾਰਤ ਨਾਲ ਅਮਨ ਚਾਹੁੰਦੇ ਹਨ ਪਰ ਇਸ ਲਈ ਭਾਰਤ ਨੂੰ ਕਸ਼ਮੀਰ ਮੁੱਦੇ ’ਤੇ ਕੁਝ ਰਿਆਇਤਾਂ ਦੇਣੀਆਂ ਪੈਣਗੀਆਂ। ਪਾਕਿਸਤਾਨੀ ਮੀਡੀਆ ਵਿਚ ਹਾਮਿਦ ਮੀਰ ਅਤੇ ਜਾਵੇਦ ਚੌਧਰੀ ਜਿਹੇ ਉੱਘੇ ਪੱਤਰਕਾਰਾਂ ਦੇ ਲੇਖਾਂ ਵਿਚ ਖੁਲਾਸਾ ਕੀਤਾ ਗਿਆ ਸੀ ਕਿ ਗੱਲਬਾਤ ਦੀ ਲੜੀ ਤਹਿਤ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਰੈਲ 2021 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਅਤੇ ਲਾਸ ਬੇਲਾ ਸਿੰਧ ਵਿਚਲੇ ਹਿੰਗਲਾਜ ਮਾਤਾ ਮੰਦਰ ਦੇ ਦਰਸ਼ਨ ਕੀਤੇ ਸਨ ਤੇ ਸ਼ਰਧਾਲੂਆਂ ਲਈ ਮੰਦਰ ਦੇ ਦਰਸ਼ਨਾਂ ਲਈ ਬਾੜਮੇਰ ਤੇ ਲਾਸ ਬੇਲਾ ਵਿਚਕਾਰ ਲਾਂਘਾ ਦੇਣ ਬਾਰੇ ਵੀ ਗੱਲਬਾਤ ਹੋਈ ਸੀ। ਫਿਰ ਆਈਐੱਸਆਈ ਦੇ ਮੁਖੀ ਫੈਜ਼ ਹਮੀਦ ਅਤੇ ਭਾਰਤੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਿਚਕਾਰ ਖਾੜੀ ਦੇ ਇਕ ਮੁਲਕ ਅੰਦਰ ਮੁਲਾਕਾਤ ਹੋਈ ਸੀ ਜਿਸ ਵਿਚ ਵਪਾਰ ਤੇ ਕ੍ਰਿਕਟ ਸਬੰਧਾਂ ਦੀ ਬਹਾਲੀ ਬਾਰੇ ਚਰਚਾ ਕੀਤੀ ਗਈ ਤੇ ਇਹ ਕਿ ਦੋਵੇਂ ਮੁਲਕ ਕਸ਼ਮੀਰ ਮੁੱਦੇ ਨੂੰ 20 ਸਾਲ ਠੰਢੇ ਬਸਤੇ ਵਿਚ ਪਾ ਦੇਣ। ਉਂਝ, ਇਸ ਮੁੱਦੇ ’ਤੇ ਗੱਲ ਅੱਗੇ ਨਾ ਵਧ ਸਕੀ ਕਿਉਂਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਲਗਦਾ ਸੀ ਕਿ ਭਾਰਤ ਪ੍ਰਤੀ ਨਰਮਾਈ ਵਰਤਣ ਨਾਲ ਉਨ੍ਹਾਂ ਨੂੰ ਮੁਲਕ ਅੰਦਰ ਸਿਆਸੀ ਨੁਕਸਾਨ ਹੋ ਸਕਦਾ ਹੈ। ਫਿਰ ਪਿਛਲੇ ਸਾਲ ਦੇ ਅਖੀਰ ਵਿਚ ਇਮਰਾਨ ਖ਼ਾਨ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਪਰ ਇਸ ਘਟਨਾਕ੍ਰਮ ਨਾਲ ਪਾਕਿਸਤਾਨ ਦੇ ਕੁਲੀਨ ਵਰਗ ਅਤੇ ਫ਼ੌਜ ਅੰਦਰ ਵੀ ਸਪੱਸ਼ਟ ਸਫ਼ਬੰਦੀ ਪੈਦਾ ਹੋ ਗਈ।
       ਮੋਦੀ ਪਾਕਿਸਤਾਨ ਨਾਲ ਸਬੰਧ ਸੁਧਾਰਨ ਲਈ ਆਪਣੀ ਸਿਆਸੀ ਜਮ੍ਹਾਂਪੂੰਜੀ ਖਰਚ ਕਰਨ ਲਈ ਤਿਆਰ ਹਨ। ਚੇਤੇ ਕਰੋ ਕਿ 2015 ਵਿਚ ਕ੍ਰਿਸਮਸ ਦੇ ਦਿਨਾਂ ਵਿਚ ਕਿਵੇਂ ਮੋਦੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਜਨਮ ਦਿਨ ਦੀਆ ਮੁਬਾਰਕਾਂ ਦੇਣ ਲਈ ਅਚਨਚੇਤ ਲਾਹੌਰ ਪੁੱਜ ਗਏ ਸਨ ਪਰ ਹਫ਼ਤੇ ਕੁ ਬਾਅਦ ਹੀ ਪਾਕਿਸਤਾਨ ਦੀ ‘ਡੀਪ ਸਟੇਟ’ (ਪਰਦੇ ਹੇਠਲੀ ਰਿਆਸਤ) ਨੇ ਪਠਾਨਕੋਟ ਵਿਚ ਹਮਲਾ ਕਰਵਾ ਕੇ ਇਸ ਦਾ ਜਵਾਬ ਦੇ ਦਿੱਤਾ ਜਿਸ ਤੋਂ ਬਾਅਦ ਮੋਦੀ ਨੇ ਝੱਟ ਆਪਣਾ ਪੈਂਤੜਾ ਬਦਲ ਲਿਆ।
    ਇਨ੍ਹਾਂ ਛੇ ਸਾਲਾਂ ਤੋਂ ਨਵੀਂ ਦਿੱਲੀ ਨੇ ਜਿੱਥੇ ਜ਼ਾਹਰਾ ਤੌਰ ’ਤੇ ਸਖ਼ਤ ਰੁਖ਼ ਅਪਣਾ ਕੇ ਰੱਖਿਆ ਹੈ, ਉੱਥੇ ਅੰਦਰਖਾਤੇ ਗੱਲਾਂ ਬਾਤਾਂ ਵੀ ਚਲਾਈਆਂ ਜਾ ਰਹੀਆਂ ਸਨ। ਪੂਰਬੀ ਲਦਾਖ ਵਿਚ ਚੀਨੀ ਫ਼ੌਜ ਦੀ ਘੁਸਪੈਠ ਤੋਂ ਬਾਅਦ ਨਵੀਂ ਦਿੱਲੀ ਨੂੰ ਅਹਿਸਾਸ ਹੋ ਗਿਆ ਕਿ ਪਾਕਿਸਤਾਨ ਪ੍ਰਤੀ ਦੁਸ਼ਮਣੀ ਵਾਲਾ ਪੈਂਤੜਾ ਜਾਰੀ ਰੱਖਣਾ ਹੁਣ ਬਹੁਤਾ ਲਾਹੇਵੰਦ ਨਹੀਂ ਹੈ। ਕੁਝ ਬਲਾਂ ਨੂੰ ਪਾਕਿਸਤਾਨੀ ਮੋਰਚੇ ਤੋਂ ਹਟਾਉਣ ਨਾਲ ਇਹ ਸੰਕੇਤ ਮਿਲਿਆ ਕਿ ਪਾਕਿਸਤਾਨ ਨੂੰ ਹੁਣ ਵੱਡੇ ਖ਼ਤਰੇ ਦੀ ਨਜ਼ਰ ਨਾਲ ਨਹੀਂ ਦੇਖਿਆ ਜਾ ਰਿਹਾ। ਪਰਦੇ ਪਿੱਛੇ ਚੱਲ ਰਹੀ ਗੱਲਬਾਤ ਦਾ ਫੌਰੀ ਸਿੱਟਾ ਇਹ ਨਿਕਲਿਆ ਕਿ ਫਰਵਰੀ 2021 ਵਿਚ ਅਸਲ ਕੰਟਰੋਲ ਰੇਖਾ (ਐੱਲਓਸੀ) ਉਪਰ ਗੋਲੀਬੰਦੀ ਹੋ ਗਈ।
        ਬਹਰਹਾਲ, ਪਾਕਿਸਤਾਨੀ ਕੁਲੀਨ ਵਰਗ ਵਿਚ ਪਏ ਬਖੇੜੇ ਕਰ ਕੇ ਹੁਣ ਪੇਸ਼ਕਦਮੀ ਰੁਕੀ ਹੋਈ ਹੈ। ਸ਼ਾਇਦ ਇਸ ਸਾਲ ਦੇ ਅੰਤ ਤੱਕ ਆਮ ਚੋਣਾਂ ਹੋਣ ਤੋਂ ਬਾਅਦ ਮੁੱਦੇ ਸਾਫ਼ ਹੋ ਜਾਣ। ਇਸ ਬਖੇੜੇ ਕਰ ਕੇ ਪਾਕਿਸਤਾਨ ਦੀ ਸਿਆਸਤ ਵਿਚ ਫ਼ੌਜ ਦੀ ਅੰਤਿਮ ਨਿਰਣੇਕਾਰ ਵਜੋਂ ਭੂਮਿਕਾ ਵੀ ਅਸਰਅੰਦਾਜ਼ ਹੋ ਸਕਦੀ ਹੈ। ਇਮਰਾਨ ਖ਼ਾਨ ਬਹੁਤ ਜਿ਼ਆਦਾ ਲੋਕਪ੍ਰਿਆ ਹਨ ਪਰ ਉਨ੍ਹਾਂ ਦੇ ਤੌਰ-ਤਰੀਕਿਆਂ ਨੂੰ ਲੈ ਕੇ ਥੋੜ੍ਹੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਫਿਲਹਾਲ ਫ਼ੌਜ ਕਿਸੇ ਨਵੇਂ ਬਖੇੜੇ ਵਿਚ ਪੈਣ ਤੋਂ ਬਚ ਰਹੀ ਹੈ ਪਰ ਜੇ ਅਤੀਤ ਤੋਂ ਕੋਈ ਸੇਧ ਮਿਲਦੀ ਹੈ ਤਾਂ ਇਹੀ ਹੈ ਕਿ ਫ਼ੌਜ ਕਦੇ ਵੀ ਬੇਲਾਗ ਨਹੀਂ ਰਹਿ ਸਕਦੀ।
       ਕੋਈ ਪਸੰਦ ਕਰੇ ਭਾਵੇਂ ਨਾ ਕਰੇ, ਭਾਰਤ ਨੂੰ ਪਾਕਿਸਤਾਨ ਨਾਲ ਸਿੱਝਣਾ ਪੈਣਾ ਹੈ। ਪਾਕਿਸਤਾਨ ਨੇ ਕਾਰਗਿਲ ਵਿਚ ਫ਼ੌਜੀ ਦੁਸਾਹਸ ਕਰ ਕੇ ਦੇਖ ਲਿਆ ਸੀ ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਵਾਜਪਾਈ ਨੇ ਇਸਲਾਮਾਬਾਦ ਤੱਕ ਪਹੁੰਚ ਕੀਤੀ ਸੀ ਤੇ ਹੁਣ ਮੋਦੀ ਨੂੰ ਆਪਣੇ ਪੈਰ ਜ਼ਮੀਨ ’ਤੇ ਟਿਕਾ ਕੇ ਵਾਜਪਾਈ ਵਰਗੀ ਬੌਧਿਕ ਦ੍ਰਿਸ਼ਟੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ। ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਹੁਣ ਬਦਲ ਗਈਆਂ ਹਨ ਤੇ ਇਹ ਉਸ ਹੱਦ ਤੱਕ ਚੀਨ ਨਾਲ ਜਾ ਜੁੜੀਆਂ ਹਨ ਜਿਨ੍ਹਾਂ ਨੂੰ ਛੇਤੀ ਕੀਤਿਆਂ ਬਦਲਿਆ ਨਹੀਂ ਜਾ ਸਕਦਾ। ਸਾਨੂੰ ਜਨਵਰੀ 2004 ਵਿਚ ਇਸਲਾਮਾਬਾਦ ਵਿਚ ਹੋਏ ਸਾਰਕ ਸਿਖਰ ਸੰਮੇਲਨ ਤੋਂ ਤੰਦ ਫੜਨ ਦੀ ਲੋੜ ਹੈ ਜਦੋਂ ਅਸੀਂ ਦੱਖਣ ਏਸ਼ਿਆਈ ਚੌਖਟੇ ਅੰਦਰ ਪਾਕਿਸਤਾਨ ਨਾਲ ਆਪਣੇ ਸਬੰਧਾਂ ਦੀ ਨਿਸ਼ਾਨਦੇਹੀ ਕਰਨਾ ਚਾਹ ਰਹੇ ਸਾਂ।
* ਲੇਖਕ ਅਬਜ਼ਰਵਰ ਰਿਸਰਚ ਫਾਊਂਡੇਸ਼ਨ,  ਨਵੀਂ ਦਿੱਲੀ ਦੇ ਪ੍ਰਮੁੱਖ ਫੈਲੋ ਹਨ।