ਸੰਘਣੇ ਹੁੰਦੇ ਪ੍ਰਮਾਣੂ ਬੱਦਲਾਂ ਦਾ ਵਧਦਾ ਖ਼ਤਰਾ - ਡਾ. ਅਰੁਣ ਮਿੱਤਰਾ

ਵਿਸ਼ਵ ਸਿਹਤ ਸੰਗਠਨ (ਵਰਲਡ ਹੈਲਥ ਆਰਗੇਨਾਈਜ਼ੇਸ਼ਨ- WHO) ਨੇ ਪ੍ਰਮਾਣੂ ਕਿਰਨਾਂ ਨਾਲ ਜੁੜੀ ਰੇਡੀਓਲੌਜੀਕਲ ਅਤੇ ਨਿਊਕਲੀਅਰ ਐਮਰਜੈਂਸੀ ਦੇ ਸਰੀਰ ’ਤੇ ਪੈਣ ਵਾਲੇ ਪ੍ਰਭਾਵਾਂ ਦੇ ਇਲਾਜ ਲਈ ਕੁਝ ਸਿਫ਼ਾਰਿਸ਼ਾਂ ਕੀਤੀਆਂ ਹਨ ਤੇ ਇਸ ਲਈ ਲੋੜੀਂਦੀਆਂ ਦਵਾਈਆਂ ਦੀ ਸੂਚੀ ਵਿਚ ਵਾਧਾ ਕੀਤਾ ਹੈ। ਦਵਾਈਆਂ ਦੀ ਅਜਿਹੀ ਸੂਚੀ ਵਿਚ ਵਾਧਾ ਪਹਿਲਾਂ 2007 ਵਿੱਚ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ ਦੇ ਜਨਤਕ ਸਿਹਤ ਅਤੇ ਵਾਤਾਵਰਣ ਵਿਭਾਗ ਦੀ ਡਾਇਰੈਕਟਰ ਮਾਰੀਆ ਨੀਰਾ ਨੇ ਵਿਸ਼ਵ ਨੂੰ ਪ੍ਰਮਾਣੂ ਕਿਰਨਾਂ ਦੇ ਸੰਪਰਕ ਵਿੱਚ ਆਉਣ ਦੇ ਮਾਮਲੇ ਵਿੱਚ ਕਈ ਸਿਹਤ ਸੰਕਟਾਂ ਬਾਰੇ ਯਾਦ ਦਿਵਾਇਆ ਹੈ। ਨਵੀਂ ਸੂਚੀ ਵਿੱਚ ਅਜਿਹੀਆਂ ਦਵਾਈਆਂ ਦੀ ਗਿਣਤੀ ਹੈ ਜੋ ਪ੍ਰਮਾਣੂ ਜੰਗ ਤੋਂ ਵੱਡੇ ਪੱਧਰ ’ਤੇ ਨਿਕਲੀਆਂ ਕਿਰਨਾਂ ਦੇ ਪ੍ਰਭਾਵ, ਪ੍ਰਮਾਣੂ ਬਿਜਲੀ ਪਲਾਂਟਾਂ ਤੋਂ ਹੋਣ ਵਾਲੇ ਨੁਕਸਾਨ ਅਤੇ ਪ੍ਰਮਾਣੂ ਕਿਰਨਾਂ ਦੇ ਹੋਰ ਕਈ ਹੇਠਲੇ ਪੱਧਰ ਦੇ ਪ੍ਰਭਾਵਾਂ ਸਬੰਧੀ ਉਪਯੋਗੀ ਹੋ ਸਕਦੀਆਂ ਹਨ। ਪ੍ਰਮਾਣੂ ਕਿਰਨਾਂ ਕਾਰਨ ਸਭ ਤੋਂ ਵੱਧ ਪ੍ਰਭਾਵ ਥਾਇਰਾਇਡ ਨਾਮ ਦੀ ਗ੍ਰੰਥੀ ’ਤੇ ਪੈਂਦਾ ਹੈ। ਇਸ ਨੂੰ ਘਟਾਉਣ ਲਈ ਸੁਝਾਈਆਂ ਦਵਾਈਆਂ ਵਿੱਚ ਸਥਿਰ ਆਇਓਡੀਨ ਮਹੱਤਵਪੂਰਨ ਹੈ; ਦਸਤ, ਉਲਟੀਆਂ, ਸਰੀਰਕ ਸੱਟਾਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਵੀ ਬਿਨਾਂ ਦੇਰੀ ਦੇ ਵਰਤਣ ਲਈ ਉਪਲਬਧ ਕਰਵਾਉਣ ਦੀ ਸਲਾਹ ਨਾਲ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕਿਰਨਾਂ ਕਾਰਨ ਡੀ.ਐੱਨ.ਏ. ਨੂੰ ਨੁਕਸਾਨ ਹੁੰਦਾ ਹੈ ਜੋ ਕਿ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਸੰਭਾਵੀ ਘਾਤਕ ਪ੍ਰਭਾਵ ਹਨ। ਸਕੂਲ ਆਫ ਟ੍ਰੋਪੀਕਲ ਮੈਡੀਸਨ ਕੋਲਕਾਤਾ ਦੇ ਡਾਕਟਰ ਨਿਰੰਜਨ ਭੱਟਾਚਾਰੀਆ ਅਜਿਹੇ ਸੰਕਟਕਾਲ ਵਿੱਚ ਗਰਭ ਨਾਲ ਜੁੜੇ ਨਾੜੂ ਤੋਂ ਲਏ ਗਏ ਖ਼ੂਨ ਦੀ ਵਰਤੋਂ ਦੀ ਵਕਾਲਤ ਕਰ ਰਹੇ ਹਨ।
ਡਾਕਟਰੀ ਵਿਗਿਆਨ ਕੋਲ ਪ੍ਰਮਾਣੂ ਯੁੱਧ ਦੇ ਮਨੁੱਖੀ ਸਰੀਰ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਕੋਈ ਪ੍ਰਭਾਵਸ਼ਾਲੀ ਉਪਾਅ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਨੂੰ ਪ੍ਰਮਾਣੂ ਖ਼ਤਰੇ ਬਾਰੇ ਸਾਵਧਾਨ ਕੀਤਾ ਹੈ। ਇਸ ਦੀ ਧਾਰਨਾ ਦਾ ਪ੍ਰਤੀਬਿੰਬ ਹੈ ਕਿ ਇਸ ਸਮੇਂ ਵਿਸ਼ਵ ’ਤੇ ਪ੍ਰਮਾਣੂ ਹਥਿਆਰਾਂ ਦੇ ਗੰਭੀਰ ਖ਼ਤਰੇ ਬਹੁਤ ਵਧ ਗਏ ਹਨ। ਵਿਸ਼ਵ ਸਿਹਤ ਸੰਗਠਨ ਦੀ ਸਲਾਹ ਡੂਮਸ ਡੇਅ ਘੜੀ ਦੀ ਰਿਪੋਰਟ ਨਾਲ ਮੇਲ ਖਾਂਦੀ ਹੈ ਜੋ 90 ਸਕਿੰਟ ਹੋ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ 10 ਸਕਿੰਟ ਘਟ ਗਈ ਹੈ ਜਦੋਂਕਿ ਪਿਛਲੇ ਸਾਲ ਇਹ 100 ਸਕਿੰਟ ’ਤੇ ਸੀ। ਪ੍ਰਮਾਣੂ ਵਿਗਿਆਨੀਆਂ ਦੇ ਬੁਲੇਟਿਨ ਦੇ ਮੈਂਬਰਾਂ ਮੁਤਾਬਿਕ ਡੂਮਸ ਡੇਅ ਕਲੌਕ ਇੱਕ ਪ੍ਰਤੀਕ ਹੈ ਜੋ ਮਨੁੱਖ ਵੱਲੋਂ ਬਣਾਈ ਗਈ ਵਿਸ਼ਵ ਤਬਾਹੀ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਇਹ ਵਿਚਾਰ ਦੂਜੀ ਆਲਮੀ ਜੰਗ ਤੋਂ ਬਾਅਦ ਆਇਆ ਸੀ। ਦਿਲਚਸਪ ਗੱਲ ਇਹ ਹੈ ਕਿ ਪ੍ਰਮਾਣੂ ਬੰਬ ਬਣਾਉਣ ਸਬੰਧੀ ਚਲਾਏ ਗਏ ਮੈਨਹਟਨ ਪ੍ਰੋਜੈਕਟ ਦੇ ਭੌਤਿਕ ਵਿਗਿਆਨੀ ਅਲੈਗਜ਼ੈਂਡਰ ਲੈਂਗਸਡੋਰਫ ਦੀ ਕਲਾਕਾਰ ਪਤਨੀ ਮਾਰਟਿਲ ਲੈਂਗਸਡੋਰਫ ਨੇ ਇਹ ਚਿਤਾਵਨੀ ਦੇਣ ਲਈ ਇਹ ਕਾਲਪਨਿਕ ਘੜੀ ਤਿਆਰ ਕੀਤੀ ਕਿ ਪ੍ਰਮਾਣੂ ਤਬਾਹੀ ਦੇ ਖ਼ਤਰੇ ਨੂੰ ਟਾਲਣ ਲਈ ਸਮਾਂ ਕਿੰਨਾ ਕੁ ਰਹਿ ਗਿਆ ਹੈ ਤੇ ਇਸ ਨੂੰ ਡੂਮਜ਼ ਡੇਅ ਘੜੀ ਦਾ ਨਾਮ ਦਿੱਤਾ। ਇਹ ਘੜੀ 1947 ਵਿੱਚ 7 ਮਿੰਟ ’ਤੇ ਸੀ। ਇਸ ਨੂੰ 1991 ਵਿੱਚ 17 ਮਿੰਟ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਦੋਂ ਇਹ ਸੋਚ ਸੀ ਕਿ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ ਪ੍ਰਮਾਣੂ ਖ਼ਤਰਾ ਘਟ ਗਿਆ ਹੈ। ਇਸ ਨੇ ਦੁਨੀਆ ਨੂੰ ਸੰਤੁਸ਼ਟ ਕਰ ਦਿੱਤਾ ਸੀ, ਪਰ ਪ੍ਰਮਾਣੂ ਹਥਿਆਰਾਂ ਸਮੇਤ ਹਥਿਆਰਾਂ ਦੀ ਦੌੜ ਬੇਰੋਕ ਜਾਰੀ ਰਹੀ ਅਤੇ 24 ਜਨਵਰੀ 2023 ਨੂੰ ਇਹ ਘੜੀ ਸਿਰਫ਼ 1.5 ਮਿੰਟ ’ਤੇ ਲਿਆਂਦੀ ਗਈ।
      ਇਹ ਕਹਿਣ ਦੀ ਲੋੜ ਨਹੀਂ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਤੋਂ ਪੈਦਾ ਹੋਣ ਵਾਲੇ ਹਾਲਾਤ ਨੇ ਗੰਭੀਰ ਖ਼ਤਰਾ ਖੜ੍ਹਾ ਕੀਤਾ ਹੈ। ਇਸ ਦੇ ਉਲਟ ਯੂਰਪੀਅਨ ਦੇਸ਼ਾਂ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਵੱਧ ਸਪਲਾਈ ਦੀਆਂ ਰਿਪੋਰਟਾਂ ਨਾਲ ਇਹ ਖ਼ਤਰਾ ਹੋਰ ਵੀ ਵਧ ਗਿਆ ਹੈ। ਰੂਸ ਨੇ ਯੂਕਰੇਨ ਦੇ ਸ਼ਹਿਰਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਯੂਕਰੇਨ ਦੇ ਬੁਨਿਆਦੀ ਢਾਂਚੇ ਨੂੰ ਬਹੁਤ ਨੁਕਸਾਨ ਹੋਇਆ ਹੈ। ਜੰਗ ਵਿੱਚ ਮਨੁੱਖੀ ਮੌਤਾਂ ਦੀ ਸਹੀ ਗਿਣਤੀ ਕਦੇ ਵੀ ਨਹੀਂ ਜਾਣੀ ਜਾ ਸਕਦੀ, ਪਰ ਇਹ ਸੰਭਾਵਨਾ ਹੈ ਕਿ ਬਹੁਤ ਜ਼ਿਆਦਾ ਹੋਣੀ ਹੈ ਜਿਸ ਵਿੱਚ ਰੂਸੀ ਫ਼ੌਜ ਦੇ ਕੁਝ ਫ਼ੌਜੀ ਵੀ ਸ਼ਾਮਲ ਹਨ। ਯੂਕਰੇਨ ਵਿੱਚ ਆਮ ਨਾਗਰਿਕਾਂ ਦੀਆਂ ਵੱਡੇ ਪੱਧਰ ’ਤੇ ਮੌਤਾਂ ਨੇ ਇੱਕ ਵਾਰ ਫਿਰ ਆਧੁਨਿਕ ਯੁੱਧ ਦੇ ਖ਼ਤਰਨਾਕ ਨਤੀਜੇ ਸਾਹਮਣੇ ਲਿਆਂਦੇ ਹਨ। 19 ਫਰਵਰੀ 2022 ਨੂੰ ਇੰਟਰਨੈਸ਼ਨਲ ਫਿਜ਼ੀਸ਼ੀਅਨਜ਼ ਫਾਰ ਦਿ ਪ੍ਰੀਵੈਨਸ਼ਨ ਆਫ ਨਿਊਕਲੀਅਰ ਵਾਰ (ਆਈ.ਪੀ.ਪੀ.ਐਨ.ਡਬਲਿਊ. -IPPNW) ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਟਫ਼ਟਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਪਬਲਿਕ ਹੈਲਥ ਦੇ ਐਡਜੈਕਟ ਪ੍ਰੋਫੈਸਰ ਬੈਰੀ ਐੱਸ ਲੇਵੀ ਨੇ ਰਵਾਇਤੀ ਯੁੱਧ ਦੇ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅਨੁਸਾਰ ਜੰਗ ਦੀ ਸਥਿਤੀ ਵਿੱਚ ਔਰਤਾਂ ਅਤੇ ਬੱਚਿਆਂ ਵਿੱਚ ਖ਼ਾਸ ਕਰਕੇ ਕੁਪੋਸ਼ਣ ਵਿੱਚ ਵਾਧਾ ਹੁੰਦਾ ਹੈ। ਦਸਤ, ਹੈਜ਼ਾ, ਸਾਹ ਦੀਆਂ ਬਿਮਾਰੀਆਂ, ਤਪਦਿਕ ਵਰਗੀਆਂ ਛੂਤ ਦੀਆਂ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ। ਮਾਨਸਿਕ ਵਿਕਾਰ ਜਿਵੇਂ ਡਿਪਰੈਸ਼ਨ, ਪੋਸਟ-ਟਰੌਮੈਟਿਕ ਤਣਾਅ ਵਿਕਾਰ ਅਤੇ ਖ਼ੁਦਕੁਸ਼ੀਆਂ, ਪ੍ਰਜਨਨ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਦਿਲ ਦੀਆਂ ਬਿਮਾਰੀਆਂ, ਕੈਂਸਰ, ਗੁਰਦਿਆਂ ਆਦਿ ਦੀਆਂ ਬਿਮਾਰੀਆਂ ਵਧ ਜਾਂਦੀਆਂ ਹਨ। ਯੂਕਰੇਨ ਦੀ 17 ਫ਼ੀਸਦੀ ਆਬਾਦੀ 65 ਸਾਲ ਤੋਂ ਉੱਪਰ ਹੈ। ਸੰਭਾਵਨਾ ਹੈ ਕਿ ਇਰਾਕ ਉੱਤੇ ਹਮਲੇ ਦੇ ਮੁਕਾਬਲਤਨ ਮੌਤ ਦਰ ਬਹੁਤ ਜ਼ਿਆਦਾ ਹੋਵੇਗੀ ਕਿਉਂਕਿ ਯੂਕਰੇਨ ਵਿੱਚ ਬਜ਼ੁਰਗ ਆਬਾਦੀ ਵਧੇਰੇ ਹੈ ਤੇ ਇਸ ਉਮਰ ਵਿੱਚ ਖ਼ਤਰਾ ਹਰ ਪੱਖੋਂ ਵਧੇਰੇ ਹੁੰਦਾ ਹੈ।
        ਇਹ ਮੰਦਭਾਗਾ ਹੈ ਕਿ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਸਥਿਤੀ ਵਿੱਚ ਤਬਾਹੀ ਦੀ ਖੋਜ ਅਤੇ ਚਿਤਾਵਨੀਆਂ ਦੇ ਬਾਵਜੂਦ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਚਿਤਾਵਨੀ ਨੂੰ ਅਣਗੌਲਿਆਂ ਕਰ ਰਹੇ ਹਨ। ਉਹ ਆਪਣੇ ਹਥਿਆਰਾਂ ਦੇ ਬਜਟ ਵਧਾਉਣ ਅਤੇ ਪ੍ਰਮਾਣੂ ਹਥਿਆਰ ਪ੍ਰਣਾਲੀ ਨੂੰ ਅਪਡੇਟ ਕਰਨ ਲਈ ਖਰਚੇ ਵਧਾ ਰਹੇ ਹਨ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਤਣਾਅ ਦੇ ਨਾਲ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਦੀ ਗਿਣਤੀ ਨੌਂ ਤੱਕ ਸੀਮਤ ਨਹੀਂ ਰਹਿਣੀ। ਅੱਜ ਕਈ ਦੇਸ਼ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਦੀ ਦਹਿਲੀਜ਼ ’ਤੇ ਹਨ।
      ਦੁਨੀਆ ਦੇ ਵੱਡੇ ਹਿੱਸੇ ਸਿਆਸੀ ਅਸਥਿਰਤਾ, ਵਧ ਰਹੇ ਆਰਥਿਕ ਸੰਕਟ ਅਤੇ ਗੁਆਂਢੀਆਂ ਨਾਲ ਤਣਾਅ ਦੇ ਨਾਲ ਨਾਲ ਅੰਦਰੂਨੀ ਸਮਾਜਿਕ ਟਕਰਾਅ ਦੇ ਵਿੱਚ ਉਲਝੇ ਹੋਏ ਹਨ। ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਸਮਰੱਥ ਸਰਕਾਰਾਂ ਸੱਤਾ ਵਿੱਚ ਰਾਸ਼ਟਰਵਾਦੀ ਬਿਰਤਾਂਤ ਅਤੇ ਜੰਗਵਾਦ ਨੂੰ ਉਤਸ਼ਾਹਤ ਕਰਦੀਆਂ ਹਨ ਜਿਸ ਕਾਰਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਸੰਭਾਵੀ ਖ਼ਤਰਾ ਵਧ ਜਾਂਦਾ ਹੈ।
       ਪ੍ਰਮਾਣੂ ਹਥਿਆਰ ਰੱਖਣ ਵਾਲੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਲਾਬਿੰਗ ਕਰਨ ਅਤੇ ਲੋਕ ਰਾਇ ਨੂੰ ਲਾਮਬੰਦ ਕਰਨ ਦੀਆਂ ਦੁਨੀਆ ਭਰ ਦੇ ਸ਼ਾਂਤੀ ਅੰਦੋਲਨ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਨਾਟੋ ਅਤੇ ਅਮਰੀਕਾ ਦੀ ਸ਼ਰ੍ਹੇਆਮ ਦਖਲਅੰਦਾਜ਼ੀ ਰੂਸ ਯੂਕਰੇਨ ਜੰਗ ਦਾ ਹੱਲ ਨਹੀਂ ਹੋਣ ਦੇ ਰਹੀ। ਵਿਡੰਬਨਾ ਇਹ ਹੈ ਕਿ ਗੁਟ ਨਿਰਲੇਪ ਅੰਦੋਲਨ ਅੱਜ ਕਿਤੇ ਨਜ਼ਰ ਨਹੀਂ ਆਉਂਦਾ। ਜੀ-20 ਵੱਖ-ਵੱਖ ਹਿੱਤਾਂ ਵਾਲੇ ਦੇਸ਼ਾਂ ਦਾ ਇੱਕ ਸਮੂਹ ਹੈ ਜਿਸ ’ਤੇ ਵਿਸ਼ਵ ਭਰ ਵਿੱਚ ਵੱਖ-ਵੱਖ ਵਿਵਾਦਾਂ ਵਿੱਚ ਖੁੱਲ੍ਹੇ ਜਾਂ ਲੁਕਵੇਂ ਰੂਪ ਵਿੱਚ ਸ਼ਾਮਲ ਮੁਲਕਾਂ ਦਾ ਦਬਦਬਾ ਹੈ। ਫ਼ੌਜੀ ਖਰਚ ਵਧਾਉਣ ਵਿੱਚ ਚੀਨ ਦੀ ਭੂਮਿਕਾ ਵੀ ਬਹੁਤ ਸ਼ੱਕੀ ਹੈ। ਫ਼ੌਜੀ ਉਦਯੋਗਿਕ ਕੰਪਲੈਕਸ ਮਨੁੱਖੀ ਜਾਨਾਂ ਦੀ ਕੀਮਤ ’ਤੇ ਭਾਰੀ ਮੁਨਾਫ਼ਾ ਕਮਾ ਰਿਹਾ ਹੈ।
       ਖ਼ਤਰਾ ਬਹੁਤ ਗੰਭੀਰ ਹੈ। ਸ਼ਾਂਤੀ ਅੰਦੋਲਨਾਂ, ਸਮਾਜ ਵਿੱਚ ਸੰਵੇਦਨਸ਼ੀਲ ਤੱਤਾਂ ਅਤੇ ਗੈਰ-ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਲਈ ਇਹ ਕੰਮ ਚੁਣੌਤੀਪੂਰਨ ਹੈ, ਹਾਲਾਂਕਿ ਅਜਿਹੇ ਸਮੇਂ ਵਿੱਚ ਹੀ ਛੇ ਸਾਲ ਪਹਿਲਾਂ ਯੂਐੱਨਓ ਵੱਲੋਂ ਪ੍ਰਮਾਣੂ ਹਥਿਆਰਾਂ ਦੀ ਮਨਾਹੀ (Treaty on the Prohibition of Nuclear Weapons- TPNW) ਦੀ ਸੰਧੀ ਪਾਸ ਕੀਤੀ ਗਈ ਹੈ ਜੋ ਕਿ ਪਰਮਾਣੂ ਹਥਿਆਰਾਂ ’ਤੇ ਰੋਕ ਲਾਉਣ ਲਈ ਇੱਕ ਸੁਨਹਿਰੀ ਮੌਕਾ ਹੈ।