ਕ੍ਰਿਪਟੋਕਰੰਸੀ : ਨਿੱਜੀ ਅਤੇ ਗੁਪਤ ਮੁਦਰਾ - ਓਪੀ ਵਰਮਾ (ਪ੍ਰੋ.)

ਹੁਣ ਤੱਕ ਸਭ ਮੁਲਕਾਂ ਵਿਚ ਖਰੀਦ-ਵੇਚ ਆਪਣੇ ਮੁਲਕ ਦੀਆਂ ਮੁਦਰਾਵਾਂ ਰਾਹੀਂ ਕੀਤੀ ਜਾਂਦੀ ਸੀ ਜਿਸ ਨੂੰ ਸਾਡੇ ਮੁਲਕ ਵਿਚ ਰੁਪਿਆ, ਇੰਗਲੈਂਡ ਵਿਚ ਪੌਂਡ, ਰੂਸ ਵਿਚ ਰੂਬਲ ਅਤੇ ਅਮਰੀਕਾ ਵਿਚ ਡਾਲਰ ਕਿਹਾ ਜਾਂਦਾ ਹੈ। ਹੁਣ ਇਨ੍ਹਾਂ ਵਿਚ ਨਵੀਂ, ਨਿੱਜੀ ਅਤੇ ਗੁਪਤ ਮੁਦਰਾ ਕ੍ਰਿਪਟੋਕਰੰਸੀ ਵੀ ਸ਼ਾਮਲ ਹੋ ਚੁੱਕੀ ਹੈ ਜਿਸ ਬਾਰੇ ਸਬੰਧਿਤ ਵਿਅਕਤੀਆਂ ਤੋਂ ਬਿਨਾ ਹੋਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਆਮ ਜਨਤਾ ਨੂੰ ਅਜੇ ਇਸ ਦੇ ਵਿਧੀ-ਵਿਧਾਨ ਬਾਰੇ ਬਹੁਤਾ ਗਿਆਨ ਨਹੀਂ ਕਿ ਇਹ ਕੀ ਹੈ, ਕਿਥੋਂ ਆਈ ਹੈ ਅਤੇ ਕਿਵੇਂ ਕੰਮ ਕਰਦੀ ਹੈ? ਚੰਗੀ ਹੈ ਜਾਂ ਮਾੜੀ? ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੇ ਇਨ੍ਹੀਂ ਦਿਨੀਂ ਇਸ ਬਾਰੇ ਆਪਣੇ ਵਿਚਾਰ ਪ੍ਰਗਟਾਏ ਹਨ ਕਿ ਅਗਲਾ ਸੰਸਾਰ ਪੱਧਰੀ ਆਰਥਿਕ ਸੰਕਟ ਕ੍ਰਿਪਟੋਕਰੰਸੀ ਕਾਰਨ ਆਵੇਗਾ। ਉਨ੍ਹਾਂ ਅਨੁਸਾਰ ਤਾਂ ਇਹ ਬਹੁਤ ਖ਼ਤਰਨਾਕ ਪੱਧਰ ਤੱਕ ਪਹੁੰਚ ਚੁੱਕੀ ਹੈ। ਇਸ ਲਈ ਸਾਨੂੰ ਸਭ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ।

        ਕ੍ਰਿਪਟੋਕਰੰਸੀ ਕਿਸੇ ਟਕਸਾਲ ਵਿਚ ਨਹੀਂ ਛਪਦੀ। ਇਸ ਨੂੰ ਵੱਡੇ ਵੱਡੇ ਕੰਪਿਊਟਰਾਂ ਦੁਆਰਾ ਗੁੰਝਲਦਾਰ ਫਾਰਮੂਲਿਆਂ ਦੀ ਮਦਦ ਨਾਲ ਪੈਦਾ ਕੀਤਾ ਜਾਂਦਾ ਹੈ ਜਿਸ ਨੂੰ ‘ਮਾਈਨਿੰਗ’ ਕਹਿੰਦੇ ਹਨ। ਇਸ ਦੀ ਸੁਰੱਖਿਆ ਲਈ ‘ਗੁਪਤ ਕੋਡ’ ਹੁੰਦੇ ਹਨ ਜੋ ਇਸ ਨੂੰ ਸੁਰੱਖਿਅਤ ਰੱਖਦੇ ਹਨ ਅਤੇ ਧਾਰਕ ਦੀ ਪਛਾਣ ਵੀ ਗੁਪਤ ਰੱਖਦੇ ਹਨ। ਹਰ ਮੁਦਰਾ ਨੂੰ ‘ਬਲਾਕ’ ਦਾ ਰੂਪ ਦਿੱਤਾ ਜਾਂਦਾ ਹੈ ਜਿਸ ਨੂੰ ‘ਬਲਾਕਚੇਨ’ ਕਿਹਾ ਜਾਂਦਾ ਹੈ। ਮਾਈਨਰ ਇਸ ਦੁਆਰਾ ਅਗਲੇ-ਪਿਛਲੇ ਲੈਣ-ਦੇਣ ਦੀ ਗੁੱਥੀ ਵੀ ਸੁਲਝਾ ਲੈਂਦੇ ਹਨ। ਇਕ ਵੈੱਬਸਾਈਟ ਨੇ ਖੁਲਾਸਾ ਕੀਤਾ ਹੈ ਕਿ ਦੁਨੀਆ ਭਰ ਵਿਚ ਅਜਿਹੀਆਂ ਲਗਭਗ 13,000 ਮੁਦਰਾਵਾਂ ਚੱਲ ਰਹੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਚਰਚਾ ਬਿਟਕੁਆਇਨ ਦੀ ਹੁੰਦੀ ਹੈ। ਇਸ ਤੋਂ ਬਿਨਾ ਈਥੀਰੀਅਮ, ਬਿਨਨਾਸ, ਕਾਰਨੇਡੀ, ਟੀਥਰ, ਐਕਸਆਰਪੀ, ਡਾਈਕੁਆਇਨ, ਪੋਲਕਾਡਾਟ ਦਾ ਵੀ ਕਾਫੀ ਪ੍ਰਸਾਰ ਹੈ। ਇਸ ਦੀ ਕੀਮਤ ਵਧਣ ’ਤੇ ਇਸ ਦੀ ਮੰਗ ਵਧ ਜਾਂਦੀ ਹੈ ਅਤੇ ਦੇਖਦੇ ਹੀ ਦੇਖਦੇ ਇਸ ਦੀਆਂ ਕੀਮਤਾਂ ਧੜੱਮ ਕਰ ਕੇ ਗਿਰ ਵੀ ਜਾਂਦੀਆਂ ਹਨ,  ਭਾਵ, ਇਸ ਵਿਚ ਉਤਾਰ-ਚੜ੍ਹਾਅ ਹੁੰਦੇ ਰਹਿੰਦੇ ਹਨ।
       ਇਸ ਦੇ ਸਮਰਥਕ ਕਹਿੰਦੇ ਹਨ ਕਿ ਇਸ ਨੂੰ ਹਰ ਸਰਕਾਰੀ ਸੰਸਥਾ ਦੇ ਪ੍ਰਬੰਧਨ ਤੋਂ ਮੁਕਤ ਰੱਖਿਆ ਗਿਆ ਹੈ। ਜੋ ਵਿਅਕਤੀ ਇਸ ਦਾ ਲੈਣ-ਦੇਣ ਕਰਦੇ ਹਨ, ਉਹੀ ਇਸ ਦੀ ਤਕਨੀਕ ਤੈਅ ਕਰਦੇ ਹਨ ਅਤੇ ਇਸ ਨੂੰ ਸੁਰੱਖਿਅਤ ਰੱਖਦੇ ਹਨ। ਬਲਾਕਚੇਨ ਤਕਨੀਕ ਭਰੋਸੇਯੋਗ ਹੈ, ਇਸ ਦਾ ਡੇਟਾ ਸੁਰੱਖਿਅਤ ਹੈ, ਇਸ ਦੀ ਪੜਤਾਲ ਕੀਤੀ ਜਾ ਸਕਦੀ ਹੈ। ਇਹ ਧਨ ਦੇ ਲੈਣ-ਦੇਣ ਦਾ ਨਾ ਕੇਵਲ ਵਿਕੇਂਦਰੀਕਰਨ ਕਰਦੀ ਹੈ ਸਗੋਂ ਲੋਕਤੰਤਰੀਕਰਨ ਵੀ ਕਰਦੀ ਹੈ।
       ਇਸ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੀ ਪਛਾਣ ਨੂੰ ਬਿਨਾ ਉਜਾਗਰ ਕੀਤੇ ਇਕ ਪਲ ਵਿਚ ਹੀ ਦੁਨੀਆ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਸਕਦੀ ਹੈ, ਇਸ ਕਰ ਕੇ ਇਹ ਭਿੰਨ ਭਿੰਨ ਵਪਾਰੀਆਂ ਅਤੇ ਅਪਰਾਧੀਆਂ ਦੁਆਰਾ ਬਹੁਤ ਪਸੰਦ ਕੀਤੀ ਜਾਂਦੀ ਹੈ। ਇਸ ਦੀ ਕਾਲੇ ਧਨ ਨੂੰ ਸਫੈਦ ਬਣਾਉਣ ਵਿਚ ਵੀ ਵੱਡੇ ਪੈਮਾਨੇ ’ਤੇ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਸੰਸਥਾਈ ਢਾਂਚਾ ਹੀ ਇਸ ਤਰ੍ਹਾਂ ਦਾ ਹੈ ਕਿ ਇਸ ਅੰਦਰਲੇ ਧਾਰਕਾਂ ਕੋਲ ਇਹ ਕਾਫੀ ਮਾਤਰਾ ਵਿਚ ਜਮ੍ਹਾਂ ਹੋ ਜਾਂਦੀ ਹੈ ਜੋ ਫਿਰ ਪੂੰਜੀਵਾਦ ਅੰਦਰ ਮੌਜੂਦ ਰੁਝਾਨ- ਏਕਾਧਿਕਾਰ ਦੀ ਸਟੇਜ ਤੱਕ ਅੱਪੜ ਜਾਂਦੀ ਹੈ। ਇਹ ਬੈਂਕਾਂ ਦੁਆਰਾ ਅਰਥਚਾਰਾ ਚਲਾਉਣ ਦੀ ਵਿਧੀ ਨੂੰ ਲਾਂਭੇ ਕਰ ਕੇ ਨਵਾਂ ਪੈਂਤੜਾ ਹੈ। ਪੂੰਜੀਵਾਦ ਦਾ ਸੁਭਾਅ ਹੈ ਕਿ ਜਦ ਇਸ ਦਾ ਆਪਣੇ ਵਧਣ-ਫੁੱਲਣ ਲਈ ਇਕ ਹਥਿਆਰ ਨਾਕਾਮ ਹੋਣ ਲੱਗਦਾ ਹੈ ਤਾਂ ਇਹ ਆਪਣੇ ਬਚਾਅ ਲਈ ਨਵਾਂ ਢੰਗ ਅਖ਼ਤਿਆਰ ਕਰਨ ਵਾਸਤੇ ਉਪਰਾਲਾ ਕਰਦਾ ਹੈ। 2008 ਵਿਚ ਸੰਸਾਰ ਵਿਚ ਆਰਥਿਕ ਮੰਦਵਾੜਾ ਆਇਆ ਸੀ ਅਤੇ ਇਸ ਦਾ ਆਰੰਭ ਵੀ 2008 ਦੇ ਨੇੜੇ-ਤੇੜੇ ਹੀ ਹੋਇਆ ਹੈ। ਇਸ ਲਈ ਇਸ ਨੂੰ ਪੂੰਜੀਪਤੀ ਵਰਗ ਦੇ ਕੁਝ ਵਿਅਕਤੀਆਂ ਵੱਲੋਂ ਆਪਣੇ ਬਚਾਓ ਲਈ ਆਪਣੇ ਹੀ ਤੌਰ ’ਤੇ ਕੀਤਾ ਗਿਆ ਯਤਨ ਵੀ ਸਮਝਿਆ ਜਾ ਸਕਦਾ ਹੈ ਜਦਕਿ ਮੰਦਵਾੜੇ ਦੇ ਹੱਲ ਲਈ ਉੱਨਤ ਮੁਲਕਾਂ ਨੇ ਵਿਸ਼ਵੀਕਰਨ ਦਾ ਰਸਤਾ ਅਪਨਾਉਣ ਲਈ ਕਾਫੀ ਘੱਟ ਉੱਨਤ ਮੁਲਕਾਂ ਨੂੰ ਵੀ ਸਹਿਮਤ ਕਰ ਲਿਆ ਸੀ ਪਰ ਹੋ ਸਕਦਾ ਹੈ ਕਿ ਅਸ਼ਾਂਤ ਪੂੰਜੀਪਤੀਆਂ ਨੂੰ ਇਸ ਰਸਤੇ ਦੀ ਕਾਮਯਾਬੀ ਉਪਰ ਬਹੁਤਾ ਯਕੀਨ ਨਾ ਹੀ ਹੋਇਆ ਹੋਵੇ।
       ਹੁਣ ਬਿਟਕੁਆਇਨ ਦੀ ਕੀਮਤ ਵਧਣ ਨਾਲ ਇਸ ਨੂੰ ਖਰੀਦਣ ਵਾਲਿਆਂ ਵਿਚ ਦੌੜ ਲੱਗੀ ਹੋਈ ਹੈ। ਹਾਲਾਤ ਇਹ ਹਨ ਕਿ ਅਮਰੀਕਾ ਵਿਚ ਸਭ ਤੋਂ ਵੱਡੇ ਕ੍ਰਿਪਟੋਕਰੰਸੀ ਐਕਸਚੇਂਜ ਵਿਚ ਇਕ ‘ਕਵਾਇਬੇਸ’ ਵਿਚ ਨਵੰਬਰ 2021 ਵਿਚ ਕੇਵਲ ਇਕ ਦਿਨ ਵਿਚ ਇਕ ਲੱਖ ਖਾਤੇ ਖੁੱਲ੍ਹੇ ਸਨ। ਇਸ ਦੇ ਧਾਰਕ ਅਜਿਹੀ ਸਥਿਤੀ ਦੀ ਆਸ ਲਗਾਈ ਬੈਠੇ ਹਨ ਕਿ ਜਦ ਬਿਟਕੁਆਇਨ ਪੂਰੀ ਦੁਨੀਆ ਦੀ ਵਿੱਤੀ ਵਿਵਸਥਾ ਉਪਰ ਕਬਜ਼ਾ ਕਰ ਲਵੇਗੀ ਅਤੇ ਇਤਨੀ ਤਾਕਤਵਰ ਹੋ ਜਾਵੇਗੀ ਕਿ ਡਾਲਰ ਸਮੇਤ ਦੁਨੀਆ ਦੀਆਂ ਸਾਰੀਆਂ ਮੁਦਰਾਵਾਂ ਦਾ ਖਾਤਮਾ ਕਰ ਦੇਵੇਗੀ ਤਾਂ ਫਿਰ ਸਭ ਕੁਝ ਬਿਟਕੁਆਇਨ ਦੁਆਰਾ ਹੀ ਸੰਚਾਲਿਤ ਹੋਣ ਲੱਗ ਪਵੇਗਾ। ਇਸ ਤਰ੍ਹਾਂ ਇਹ ਲੋਕ ਪ੍ਰੰਪਰਾਗਤ ਸਰਕਾਰਾਂ ਨੂੰ ਦਰਕਿਨਾਰ ਕਰਦੇ ਹੋਏ ਅਜਿਹੀ ਵਿਕੇਂਦਰਤ ਵਿੱਤੀ ਵਿਵਸਥਾ ਸਥਾਪਤ ਹੋਣ ਦੀ ਉਮੀਦ ਕਰ ਰਹੇ ਹਨ ਜਿਸ ਦੀ ਦੇਖ-ਰੇਖ ਕਿਸੇ ਸੰਸਥਾ ਦੀ ਜਿ਼ੰਮੇਵਾਰੀ ਨਹੀਂ ਹੋਵੇਗੀ।
      ਇਹ ਗੈਰ-ਉਤਪਾਦਕ ਸੰਪਤੀ ਹੈ ਜਿਸ ਦਾ ਹਕੀਕੀ ਉਤਪਾਦਨ ਨਾਲ ਕੋਈ ਵਾਸਤਾ ਨਹੀਂ। ਇਸ ਦਾ ਵਪਾਰ ਕੇਵਲ ਇਸ ਲਈ ਹੈ ਕਿ ਇਸ ਦੀ ਮੰਗ ਹੈ। ਅਸੀਂ ਜਾਣਦੇ ਹਾਂ ਕਿ ਲੋਕ ਕਿਸੇ ਕੰਪਨੀ ਦਾ ਸ਼ੇਅਰ ਖਰੀਦਣ ਤੋਂ ਪਹਿਲਾਂ ਉਸ ਕੰਪਨੀ ਅਤੇ ਉਸ ਦੇ ਉਤਪਾਦਕਾਂ ਦਾ ਵਿਸ਼ਲੇਸ਼ਣ ਕਰਦੇ ਹਨ। ਸ਼ੇਅਰਾਂ ਦੇ ਨਿਵੇਸ਼ਕ ਮਾਹਿਰਾਂ ਦੁਆਰਾ ਕੰਪਨੀਆਂ ਦੇ ਪਿਛੋਕੜ, ਵਿਕਾਸ ਮਾਡਲਾਂ ਦਾ ਮੁਲੰਕਣ ਕਰਦੇ ਹਨ ਅਤੇ ਉਤਾਰ-ਚੜ੍ਹਾਅ ਬਾਰੇ ਤਸੱਲੀ ਕਰਨ ਤੋਂ ਬਾਅਦ ਹੀ ਨਿਵੇਸ਼ ਕਰਦੇ ਹਨ। ਸ਼ੇਅਰ-ਸਟਾਕ ਐਕਸਚੇਂਜ ਇਸ ਦਾ ਕੰਟਰੋਲ ਕਰਦੇ ਹਨ। ਭਾਰਤ ਵਿਚ ਸੇਬੀ, ਐੱਨਐੱਫਟੀ ਅਤੇ ਹੋਰ ਸੰਸਥਾਵਾਂ ਇਸ ਦੇ ਸਹੀ ਸੰਚਾਲਨ ਵਿਚ ਮਦਦ ਕਰਦੀਆਂ ਹਨ, ਤਾਂ ਹੀ ਇਹ ਵਿਧੀ ਕਿਤਨੇ ਲੰਮੇ ਸਮੇਂ ਤੋਂ ਸਾਡੀ ਮੁਦਰਕ ਨੀਤੀ ਦੇ ਮਹੱਤਵਪੂਰਨ ਅੰਸ਼ ਦੇ ਤੌਰ ’ਤੇ ਅਰਥਚਾਰੇ ਵਿਚ ਆਪਣੀ ਭੂਮਿਕਾ ਨਿਭਾਅ ਰਹੀ ਹੈ। ਇਸ ਦੇ ਸੂਚਕ ਅੰਕ ਤੋਂ ਪਤਾ ਲੱਗ ਜਾਂਦਾ ਹੈ ਕਿ ਅਰਥਚਾਰੇ ਦੀ ਸਿਹਤ ਕਿਸ ਤਰ੍ਹਾਂ ਹੈ। ਇਸ ਦਾ ਪ੍ਰਮਾਣਿਕ ਸਥਾਨ ਹੈ, ਕ੍ਰਿਪਟੋਕਰੰਸੀ ਨੂੰ ਇਹ ਸਨਮਾਨ ਪ੍ਰਾਪਤ ਨਹੀਂ ਹੈ।
        ਕ੍ਰਿਪਟੋਕਰੰਸੀ ਬਾਰੇ ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ। ਐਲਨ ਫਿਉਮਾਰ ਅਨੁਸਾਰ, ਖੁੱਲ੍ਹੀ ਮੰਡੀ ਅਤੇ ਅਰਾਜਕਤਾਵਾਦੀ ਪੂੰਜੀਵਾਦੀ ਫਲਸਫੇ ਦੇ ਹਾਮੀ ਬਿਟਕੁਆਇਨ ਵੱਲ ਆਕਰਸ਼ਿਤ ਹੋਏ ਹਨ ਕਿਉਂਕਿ ਇਹ ‘ਮੁਦਰਾ’ ਨੂੰ ਰਾਜ ਵਿਵਸਥਾ ਤੋਂ ਅਲੱਗ ਕਰਨ ਦਾ ਰਸਤਾ ਹੈ। ਨਿਮੇਲ ਡੌਡ ਦਲੀਲ ਦਿੰਦੇ ਹਨ ਕਿ ਇਹ ਮੁਦਰਾ ਨੂੰ ਸਮਾਜ ਅਤੇ ਸਰਕਾਰੀ ਬੰਧਨਾਂ ਤੋਂ ਆਜ਼ਾਦ ਕਰਵਾਉਂਦਾ ਹੈ। ਇਹ ਸਥਾਪਤੀ ਵਿਰੋਧੀ, ਵਿਵਸਥਾ ਵਿਰੋਧੀ ਅਤੇ ਰਾਜ ਵਿਰੋਧੀ ਹੈ, ਇਹ ਮਨੱਖਤਾਵਾਦੀ ਹੈ। ਡੇਵਿਡ ਗੋਲੰਬੀਆ ਕਹਿੰਦੇ ਹਨ ਕਿ ਇਸ ਨੇ ਸੱਜੇ ਪੱਖੀ ਸੋਚ ਵਿਚੋਂ ਜਨਮ ਲਿਆ ਹੈ। ਖੁੱਲ੍ਹੀ ਮੰਡੀ ਦੇ ਪੱਖੀ ਸਟੀਵ ਬਾਨਨ ਜਿਸ ਨੂੰ ਬਿਟਕੁਆਇਨ ’ਤੇ ਭਰੋਸਾ ਹੈ, ਕਹਿੰਦੇ ਹਨ ਕਿ ਇਹ ਵਿਘਟਨਕਾਰੀ ਲੋਕ ਲੁਭਾਉਣਾ ਢੰਗ ਹੈ ਜਿਸ ਨਾਲ ਇਸ ਨੂੰ ਸਰਕਾਰ ਦੇ ਕਬਜ਼ੇ ਤੋਂ ਬਾਹਰ ਕੀਤਾ ਜਾ ਸਕਦਾ ਹੈ। ਬਿਟਕੁਆਇਨ ਦੇ ਸੰਸਥਾਪਕ ਸੰਤੋਸ਼ੀ ਨਾਕਾਮੋਟੋ ਨੇ ਇਸ ਦੀ ਹਮਾਇਤ ਕੀਤੀ ਹੈ ਕਿ ਇਹ ਸਵੈ-ਅਧੀਨਤਾ ਦੇ ਸਮਰਥਨ ਦੀ ਸੋਚ ਨਾਲ ਮੇਲ ਖਾਂਦਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਪੂਰਵ ਗਵਰਨਰ ਰਘੂਰਾਮ ਰਾਜਨ ਨੇ ਇਕ ਵਾਰ ਕਿਹਾ ਸੀ ਕਿ ਇਨ੍ਹਾਂ ਜ਼ਿਆਦਾਤਰ ਮੁਦਰਾਵਾਂ ਦਾ ਮੁੱਲ ਮਹਿਜ਼ ਇਸ ਲਈ ਬਣਿਆ ਹੋਇਆ ਹੈ ਕਿ ਢੇਰ ਸਾਰੇ ਮੂਰਖ ਇਸ ਨੂੰ ਖਰੀਦਣ ਲਈ ਤਿਆਰ ਬੈਠੇ ਹਨ। ਇਨ੍ਹਾਂ ਦੋਹਾਂ ਪੱਖਾਂ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਹੁਣ ਸਾਨੂੰ ਸਭ ਨੂੰ ਆਪ ਕਰਨਾ ਪਵੇਗਾ।
       ਅੱਜ ਇਸ ਦਾ ਰੁਝਾਨ ਪੁਰਜ਼ੋਰ ਹੈ। ਪ੍ਰੈੱਸ ਵਿਚ ਇਸ ਦੇ ਰੇਟ ਛਪ ਰਹੇ ਹਨ। ਸੋਸ਼ਲ ਮੀਡੀਆ ’ਤੇ ਵੀ ਵੀਡੀਓ ਦਿੱਤੇ ਜਾ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸੰਸਾਰ ਵਿਚ ਵੱਡੀ ਸੰਖਿਆ ਵਿਚ ਲੋਕ ਇਸ ਨਾਲ ਜੁੜੇ ਹਨ। ਇਸ ਲਈ ਇਸ ਵਿਧਾ ਨੂੰ ਕਿਸੇ ਮੁਲਕ ਦੀ ਸਰਕਾਰ ਅਤੇ ਮੁਦਰਕ ਨੀਤੀ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਇਸ ਦੁਆਰਾ ਵੱਡੀ ਮਾਤਰਾ ਵਿਚ ਗੈਰ-ਉਤਪਾਦਕ ਅਤੇ ਸਮਾਨੰਤਰ ਕਿਰਿਆਵਾਂ ਕੀਤੀਆਂ ਜਾ ਰਹੀਆਂ ਹਨ ਜੋ ਬੇਸ਼ੱਕ, ਉਤਪਾਦਕ ਕਿਰਿਆਵਾਂ ਦੀ ਕਾਰਜਪ੍ਰਣਾਲੀ ਵਿਚ ਰੁਕਾਵਟ ਬਣ ਸਕਦੀਆਂ ਹਨ। ਇਸ ਨਾਲ ਮੁਦਰਾ ਦੀ ਪੂਰਤੀ ਤਾਂ ਜ਼ਰੂਰ ਵਧ ਜਾਂਦੀ ਹੈ ਪਰ ਉਤਪਾਦਨ ਨਹੀਂ ਵਧਦਾ ਜਿਸ ਨਾਲ ਮਹਿੰਗਾਈ ਦੀ ਦਰ ਵਿਚ ਵਾਧਾ ਹੋ ਜਾਂਦਾ ਹੈ। ਵਿੱਤ ਮੰਤਰਾਲੇ ਨੇ ਇਸ ਵੱਲ ਧਿਆਨ ਦਿੱਤਾ ਹੈ ਅਤੇ ਇਸ ਤੋਂ ਹੋਣ ਵਾਲੀ ਆਮਦਨ ’ਤੇ 30% ਆਮਦਨ ਕਰ ਲਗਾ ਦਿੱਤਾ ਹੈ। ਸੰਸਦ ਵਿਚ ਬਹਿਸ ਸਮੇਂ ਵਿੱਤ ਮੰਤਰੀ ਨੇ ਕਿਹਾ ਹੈ ਕਿ ਇਸ ਦਾ ਅਰਥ ਇਸ ਨੂੰ ਕਾਨੂੰਨੀ ਤੌਰ ’ਤੇ ਪ੍ਰਵਾਨ ਕਰਨਾ ਨਾ ਲਿਆ ਜਾਵੇ। ਇਹ ਆਮਦਨ ਹੋਣ ’ਤੇ ਇਸ ਨੂੰ ਆਮਦਨ ਕਰ ਤੋਂ ਮੁਕਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਨਾਲ ਇਸ ਪ੍ਰਕਿਰਿਆ ਵਿਚ ਸ਼ਾਮਲ ਵਿਅਕਤੀਆਂ ਦੀ ਸ਼ਨਾਖਤ ਵੀ ਹੁੰਦੀ ਰਹੇਗੀ। ਰਿਜ਼ਰਵ ਬੈਂਕ ਦੇ ਗਵਰਨਰ ਨੇ ਵੀ ਸਪੱਸ਼ਟ ਕੀਤਾ ਕਿ ਇਸ ਨੂੰ ਮੁਦਰਾ ਨਹੀਂ ਕਿਹਾ ਜਾ ਸਕਦਾ। ਮੁਦਰਾ ਤਾਂ ਕੇਂਦਰੀ ਬੈਂਕ ਅਤੇ ਸਰਕਾਰ ਦੁਆਰਾ ਹੀ ਜਾਰੀ ਕੀਤੀ ਜਾਂਦੀ ਹੈ। ਇਸ ਲਈ ਇਸ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ਕਾਰਜ ਲਈ ਸੰਸਾਰ ਦੇ ਸਹਿਯੋਗ ਦੀ ਜ਼ਰੂਰਤ ਪੈਣੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਸਾਰੇ ਮੁਲਕ ਆਪੋ-ਆਪਣੇ ਕਾਨੂੰਨਾਂ ਅਨੁਸਾਰ ਇਸ ’ਤੇ ਪਾਬੰਦੀ ਲਗਾਉਣ ਲਈ ਲੋੜੀਂਦੇ ਕਦਮ ਚੁੱਕਣਗੇ। ਅਸੀਂ ਵੀ ਯਕੀਨ ਕਰ ਸਕਦੇ ਹਾਂ ਕਿ ਅਜਿਹਾ ਜ਼ਰੂਰ ਹੋਵੇਗਾ ਕਿਉਂਕਿ ਹਰ ਸਰਕਾਰ ਨੂੰ ਆਪਣਾ ਆਰਥਿਕ ਢਾਂਚਾ ਬਚਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਜੋ ਇਹ ਨਹੀਂ ਨਿਭਾਅ ਸਕਦੀ, ਲੋਕ ਉਸ ਨੂੰ ਬਦਲ ਦਿੰਦੇ ਹਨ।
        ਇਸ ਦੇ ਆਰੰਭ ਹੋਣ ਦੇ ਇਕ ਹੋਰ ਪਹਿਲੂ ਨੂੰ ਵੀ ਵਿਚਾਰਨਾ ਬਣਦਾ ਹੈ ਕਿ ਹੁਣ ਕੁਝ ਪੂੰਜੀਪਤੀ ਹਸਤੀਆਂ ਪੂੰਜੀਵਾਦੀ ਵਿਵਸਥਾ ਵਿਚ ਉਹਨਾਂ ਨੂੰ ਮਿਲੇ ਅਧਿਕਾਰਾਂ ਦੇ ਹੁੰਦੇ ਹੋਏ ਵੀ ਸੰਤੁਸ਼ਟ ਨਹੀਂ। ਪੂੰਜੀਵਾਦੀ ਵਿਵਸਥਾ ਦੇ ਆਲੋਚਕ ਤਾਂ ਕਹਿ ਰਹੇ ਹਨ ਕਿ ਪੂੰਜੀ, ਉਤਪਾਦਨ ਦੇ ਬਾਕੀ ਤਿੰਨੇ ਸਾਧਨਾਂ ਤੋਂ ਵੱਧ ਅਧਿਕਾਰਾਂ ਦਾ ਆਨੰਦ ਲੈ ਰਹੀ ਹੈ ਕਿਉਂਕਿ ਇਸ ਵਿਚ ਗਤੀ ਹੈ। ਇਹ ਇਸ ਨੂੰ ਵਧਾ-ਘਟਾ ਕੇ ਵੱਧ ਮੁਨਾਫਾ ਕਮਾਉਣ ਦੇ ਸਮਰੱਥ ਹੈ। ਇਹ ਹੋਰਾਂ ਦਾ ਸ਼ੋਸ਼ਣ ਕਰਨ ਦੇ ਸਮਰੱਥ ਹੈ। ਇਹ ਸਿਆਸੀ ਮੰਚਾਂ ਵਿਚ ਘੁਸਪੈਠ ਕਰ ਕੇ ਆਪਣੇ ਹਿਤ ਵਿਚ ਫਰਮਾਨ ਜਾਰੀ ਕਰਵਾ ਸਕਦੀ ਹੈ। ਇਹ ਭੂਗੋਲਿਕ ਸੀਮਾਵਾਂ ਪਾਰ ਕਰ ਕੇ ਆਪਣੇ ਸਬੰਧ ਹੋਰ ਵਿਸ਼ਾਲ ਕਰ ਸਕਦੀ ਹੈ ਜਿਵੇਂ ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ, ਸੰਸਾਰ ਵਪਾਰ ਸੰਗਠਨ ਆਦਿ ਸਥਾਪਤ ਹੋ ਚੁੱਕੇ ਹਨ ਜਿਨ੍ਹਾਂ ਵਿਚ ਪੂੰਜੀਪਤੀਆਂ ਦਾ ਬੋਲਬਾਲਾ ਹੈ। ਇਸ ਦੇ ਮੁਕਾਬਲੇ ਕੌਮਾਂਤਰੀ ਕਿਰਤੀ ਸੰਗਠਨ (ਆਈਐੱਲਓ) ਜੋ 1919 ਤੋਂ ਕਾਰਜਸ਼ੀਲ ਹੈ, ਮਜ਼ਦੂਰਾਂ ਦੀ ਭਲਾਈ ਲਈ ਕੇਵਲ ਪ੍ਰਸਤਾਵ ਹੀ ਪਾਸ ਕਰ ਸਕਦਾ ਹੈ। ਇਸ ਦੇ ਮੈਂਬਰ ਮੁਲਕ ਇਹਨਾਂ ਨੂੰ ਲਾਗੂ ਕਰਨ ਦੇ ਪਾਬੰਦ ਨਹੀਂ। ਅਜਿਹੀ ਵਿਵਸਥਾ ਦੇ ਹੁੰਦੇ ਹੋਏ ਵੀ ਕੁਝ ਪੂੰਜੀਪਤੀਆਂ ਦੀ ਮਾਨਸਿਕਤਾ ਅਜਿਹੀ ਕਿਉਂ ਹੋ ਗਈ ਕਿ ਉਹ ਮੁਲਕਾਂ ਦੀਆਂ ਸਥਾਪਤ ਕੇਂਦਰੀ ਵਿੱਤੀ ਸੰਸਥਾਵਾਂ ਦੇ ਆਪਣੀ ਮੁਦਰਾ ਉਪਰ ਕੰਟਰੋਲ ਨੂੰ ਬਰਦਾਸ਼ਤ ਕਰਨ ਤੋਂ ਇਨਕਾਰੀ ਹੋ ਗਏ ਹਨ ਅਤੇ ਆਪਣੀ ਗੁਪਤ ਮੁਦਰਾ ਜਾਰੀ ਕਰ ਕੇ ਸਥਾਪਤੀ ਅਤੇ ਇਸ ਦੇ ਵਿੱਤੀ ਪ੍ਰਬੰਧਾਂ ਦੇ ਸਮਾਨੰਤਰ ਕਾਰਜਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਇਹ ਹਰ ਮੁਲਕ ਲਈ ਚੁਣੌਤੀ ਹਨ। ਇਹ ਉਤਪਾਦਨ ਸਬੰਧਾਂ ਨੂੰ ਤਹਿਸ-ਨਹਿਸ ਵੀ ਕਰ ਸਕਦੇ ਹਨ ਤਾਂ ਹੀ ਇਨ੍ਹਾਂ ਨੂੰ ਰਾਜਕਤਾਵਾਦੀ ਕਿਹਾ ਗਿਆ ਹੈ ਜਿਸ ਨੂੰ ਇਹ ਅਸਲੀ ਲੋਕਤੰਤਰ ਕਹਿ ਰਹੇ ਹਨ। ਹੁਣ ਯੂਨੀਵਰਸਿਟੀਆਂ ਵਿਚ ਬੈਠੇ ਖੋਜੀ ਵੱਖ ਵੱਖ ਪੱਖਾਂ ਤੋਂ ਇਸ ਬਾਰੇ ਖੋਜ ਸਾਹਮਣੇ ਲਿਆਉਣਗੇ।
       ਉਂਝ, ਇਹ ਖੇਡ ਬਹੁਤਾ ਚਿਰ ਨਹੀਂ ਚੱਲ ਸਕਣੀ। ਇਸ ਦੇ ਆਪਣੇ ਅੰਦਰ ਵੀ ਵੱਖ ਵੱਖ ਮੁਦਰਾਵਾਂ ਵਿਚਕਾਰ ਮੁਕਾਬਲਾ ਹੈ ਜੋ ਇਕ ਦੂਜੀ ਨੂੰ ਫੇਲ੍ਹ ਕਰ ਕੇ ਆਪਣੇ ਗਾਹਕ ਵਧਾਉਣ ਵਿਚ ਦਿਲਚਸਪੀ ਰੱਖਦੀਆਂ ਹਨ। ਅਜੇ ਸੰਸਾਰ ਦਾ ਸਿਆਸੀ-ਅਰਥਚਾਰਾ ਇਤਨਾ ਕਮਜ਼ੋਰ ਨਹੀਂ ਹੋਇਆ ਕਿ ਇਸ ਨੂੰ ਕੁਝ ਕੁ ਆਪ-ਮੁਹਾਰੇ ਧਨਾਢ ਅਤੇ ਅਰਾਜਕਤਾਵਾਦੀ ਆਪਣੇ ਪੂੰਜੀ-ਭੰਡਾਰ ਨੂੰ ਵਧਾਉਣ ਜਾਂ ਅਪਰਾਧੀ ਕਿਰਿਆਵਾਂ ਨੂੰ ਹੁਲਾਰਾ ਦੇਣ ਲਈ ਮਨਮਰਜ਼ੀ ਕਰ ਸਕਣ। ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਹਨ। ਆਮ ਲੋਕਾਂ ਦਾ ਵੱਡਾ ਹਿੱਸਾ ਬੇਸ਼ਕ ਧਨਹੀਣ ਹੈ ਪਰ ਬੁੱਧੀਹੀਣ ਨਹੀਂ ਜੋ ਇਸ ਨੂੰ ਸਮਝ ਨਾ ਸਕੇ। ਬਾਕੀ ਦੇ ਤਿੰਨ ਸਾਧਨ ਭੂਮੀ, ਕਿਰਤੀ, ਉੱਦਮੀ ਤੇ ਪੂੰਜੀਪਤੀਆਂ ਦਾ ਵਿਕਾਸ ਪੱਖੀ ਹਿੱਸਾ ਇਸ ਦੇ ਵਿਰੁੱਧ ਹੀ ਭੁਗਤਣਗੇ ਕਿਉਂਕਿ ਇਸ ਦੀ ਵਰਤੋਂ ਗੈਰ-ਉਤਪਾਦਕ ਕਾਰਜਾਂ ਵਿਚ ਹੀ ਕੀਤੀ ਜਾਂਦੀ ਹੈ ਜੋ ਇਨ੍ਹਾਂ ਨੂੰ ਹਰਗਿਜ਼ ਪ੍ਰਵਾਨ ਨਹੀਂ ਹੋ ਸਕਦੀ। ਇਸ ਤਰ੍ਹਾਂ ਇਹ ਇਕ ਕਿਸਮ ਦੀ ਜਮਾਤੀ ਜੰਗ ਦਾ ਰੂਪ ਬਣ ਗਈ ਹੈ।
ਲੇਖਕ ਅਰਥ ਸ਼ਾਸਤਰੀ ਹੈ।
ਸੰਪਰਕ : 94170-50510